ਮਾਰਚ ਮਹੀਨਾ ਸਕੂਲ ਪੜ੍ਹਦੇ ਵਿਦਿਆਰਥੀਆਂ ਲਈ ਸਾਲਾਨਾ ਪੇਪਰਾਂ ਦੇ ਨਾਲ-ਨਾਲ ਨਤੀਜੇ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਹੀ ਬੋਰਡ ਦੀਆਂ ਜਮਾਤਾਂ ਤੋਂ ਇਲਾਵਾ ਦੂਜੀਆਂ ਸਾਰੀਆਂ ਜਮਾਤਾਂ ਦਾ ਨਤੀਜਾ ਆਉਂਦਾ ਹੈ। ਇਸ ਮਹੀਨੇ ਹੀ ਪਤਾ ਲੱਗਦਾ ਹੈ ਕਿ ਕਿਸ ਵਿਦਿਆਰਥੀ ਨੇ ਸਾਲ ਭਰ ਕਿੰਨੀ ਕੁ ਮਿਹਨਤ ਕੀਤੀ ਹੈ। ਇਸ ਤਰ੍ਹਾਂ ਮਾਰਚ ਮਹੀਨਾ ਹਰ ਵਿਦਿਆਰਥੀ ਲਈ ਇਕ ਪ੍ਰਵੇਸ਼ ਦੁਆਰ ਵਾਂਗ ਹੁੰਦਾ ਹੈ, ਜਿਸ ’ਚੋਂ ਲੰਘ ਕੇ ਉਸ ਨੇ ਅਗਲੀ ਜਮਾਤ ਵਿਚ ਦਾਖ਼ਲ ਹੋਣਾ ਹੁੰਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਮ ਕਰਕੇ ਇਕੱਤੀ ਮਾਰਚ ਨੂੰ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਂਦੇ ਹਨ। ਇਸ ਕਰਕੇ ਇਸ ਦਿਨ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਅਜੀਬ ਜਿਹਾ ਡਰ, ਖਿੱਚ ਤੇ ਉਤਾਵਲਾਪਣ ਹੁੰਦਾ ਹੈ। ਉਨ੍ਹਾਂ ਅੰਦਰ ਜਿੱਥੇ ਇਸ ਦਿਨ ਪਾਸ ਹੋ ਕੇ ਅਗਲੀ ਜਮਾਤ ’ਚ ਜਾਣ ਦਾ ਚਾਅ ਹੁੰਦਾ ਹੈ, ਉੱਥੇ ਹੀ ਕਿਤੇ ਨਾ ਕਿਤੇ ਫੇਲ੍ਹ ਹੋ ਜਾਣ ਦਾ ਡਰ ਵੀ ਰਹਿੰਦਾ ਹੈ।
ਸਿੱਖਿਆ ਅਧਿਕਾਰ ਐਕਟ
ਵੇਖਣ ’ਚ ਆਇਆ ਹੈ ਕਿ ਪਿਛਲੇ ਲਗਪਗ ਡੇਢ ਦਹਾਕੇ ਤੋਂ ਵਿਦਿਆਰਥੀਆਂ ਅੰਦਰ ਇਹ ਡਰ ਤੇ ਉਤਾਵਲਾਪਣ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਉਨ੍ਹਾਂ ਅੰਦਰ ਹੁਣ ਆਪਣੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਨੂੰ ਲੈ ਕੇ ਉਹ ਖਿੱਚ ਤੇ ਚਾਅ ਨਹੀਂ ਰਿਹਾ ਹੈ, ਜੋ ਪਹਿਲਾਂ ਹੁੰਦਾ ਸੀ। ਉਨ੍ਹਾਂ ਲਈ ਨਤੀਜੇ ਵਾਲਾ ਦਿਨ ਖ਼ਾਸ ਨਾ ਹੋ ਕੇ ਹੁਣ ਆਮ ਦਿਨਾਂ ਵਰਗਾ ਹੀ ਬਣਦਾ ਜਾ ਰਿਹਾ ਹੈ ਤੇ ਉਤਸੁਕਤਾ ਸਾਲ ਦਰ ਸਾਲ ਘਟਦੀ ਹੀ ਜਾ ਰਹੀ ਹੈ। ਸਕੂਲੀ ਵਿਦਿਆਰਥੀਆਂ ਅੰਦਰ ਇਹ ਤਬਦੀਲੀ ਕਿਉਂ ਆ ਰਹੀ ਹੈ? ਜਦੋਂ ਅਸੀਂ ਇਸ ਦਾ ਕਾਰਨ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਇਸ ਪਿੱਛੇ ਇਕ ਨਹੀਂ ਸਗੋਂ ਕਈ ਕਾਰਨ ਨਜ਼ਰ ਆਉਂਦੇ ਹਨ। ਜੇ ਇਨ੍ਹਾਂ ਕਾਰਨਾਂ ਨੂੰ ਧਿਆਨ ਨਾਲ ਵੇਖੀਏ ਤਾਂ ਇਨ੍ਹਾਂ ਵਿੱਚੋਂ ਪਹਿਲਾ ਤੇ ਪ੍ਰਮੁੱਖ ਕਾਰਨ ਜੋ ਨਜ਼ਰ ਆਉਂਦਾ ਹੈ, ਉਹ ਹੈ ਸਿੱਖਿਆ ਅਧਿਕਾਰ ਐਕਟ ਦਾ ਲਾਗੂ ਹੋਣਾ। ਇਸ ਐਕਟ ਵਿਚ ਸਪਸ਼ਟ ਸ਼ਬਦਾਂ ’ਚ ਲਿਖਿਆ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਅੱਠਵੀਂ ਜਮਾਤ ਤਕ ਫੇਲ੍ਹ ਨਹੀਂ ਕੀਤਾ ਜਾ ਸਕਦਾ, ਭਾਵੇਂ ਉਹ ਸਕੂਲ ਵਿਚ ਆਉਂਦਾ, ਚਾਹੇ ਨਹੀਂ। ਇਸ ਐਕਟ ਦੀ ਇਕ ਮੱਦ ’ਚ ਸਾਫ਼ ਲਿਖਿਆ ਹੋਇਆ ਹੈ ਕਿ ਭਾਵੇਂ ਕੋਈ ਵਿਦਿਆਰਥੀ ਸਾਰਾ ਸਾਲ ਸਕੂਲ ਨਾ ਆਵੇ ਪਰ ਉਸ ਦਾ ਨਾਂ ਸਕੂਲ ਵਿੱਚੋਂ ਨਹੀਂ ਕੱਟਿਆ ਜਾ ਸਕਦਾ ਤੇ ਨਾ ਹੀ ਉਸ ਨੂੰ ਫੇਲ੍ਹ ਕੀਤਾ ਜਾ ਸਕਦਾ ਹੈ, ਯਾਨੀ ਸਕੂਲ ’ਚ ਦਾਖ਼ਲ ਹਰ ਵਿਦਿਆਰਥੀ ਨੂੰ ਅੱਠਵੀਂ ਜਮਾਤ ਤਕ ਬਿਨਾਂ ਫੇਲ੍ਹ ਕੀਤਿਆਂ ਅਗਲੀ ਜਮਾਤ ਵਿਚ ਪ੍ਰਮੋਟ ਕਰਨਾ ਲਾਜ਼ਮੀ ਹੈ। ਜਦੋਂ ਵਿਦਿਆਰਥੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਪਾਸ ਤਾਂ ਹੋ ਹੀ ਜਾਣਾ ਹੈ, ਭਾਵੇਂ ਉਹ ਸਕੂਲ ਵਿਚ ਹਾਜ਼ਰ ਹੋਵੇ, ਚਾਹੇ ਨਾ, ਕੋਈ ਫ਼ਰਕ ਨਹੀਂ ਪੈਂਦਾ ਤਾਂ ਫਿਰ ਉਹ ਸਕੂਲ ਕਿਉਂ ਆਵੇਗਾ?

ਫੱੁਲ ਲੈ ਕੇ ਜਾਂਦੇ ਸਨ ਬੱਚੇ ਸਕੂਲ
ਇੰਟਰਨੈੱਟ ਦੇ ਯੁੱਗ ’ਚ ਹੁਣ ਪਹਿਲਾਂ ਵਾਂਗ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਸਾਰੇ ਵਿਦਿਆਰਥੀਆਂ ਨੂੰ ਸਕੂਲ ’ਚ ਇਕੱਠੇ ਕਰਕੇ ਐਲਾਨੇ ਨਹੀਂ ਜਾਂਦੇ ਸਗੋਂ ਹੁਣ ਤਾਂ ਮੋਬਾਈਲ ’ਤੇ ਬਣੇ ਸਕੂਲ ਗਰੁੱਪਾਂ ਵਿਚ ਤੇ ਸਕੂਲ ਦੀ ਵੈੱਬਸਾਈਟ ’ਤੇ ਨਤੀਜੇ ਪਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਮਿੰਟਾਂ-ਸਕਿੰਟਾਂ ’ਚ ਨਤੀਜਾ ਹਰ ਵਿਦਿਆਰਥੀ ਦੇ ਕੋਲ ਘਰ ਹੀ ਪਹੁੰਚ ਜਾਂਦਾ ਹੈ। ਇਸ ਸਭ ਦੌਰਾਨ ਜਦੋਂ ਅਸੀਂ ਸਿੱਖਿਆ ਅਧਿਕਾਰ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਵਾਲੇ ਸਮੇਂ ’ਤੇ ਝਾਤ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਉਸ ਸਮੇਂ ਸਕੂਲਾਂ ’ਚ ਪੜ੍ਹਦੇ ਵਿਦਿਆਰਥੀ ਆਪਣੇ ਸਾਲਾਨਾ ਨਤੀਜੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਸਨ। ਉਨ੍ਹਾਂ ਅੰਦਰ ਆਪਣੇ ਨਤੀਜੇ ਨੂੰ ਜਾਣਨ ਦੀ ਅਜੀਬ ਜਿਹੀ ਖਿੱਚ ਤੇ ਉਤਾਵਲਾਪਣ ਹੁੰਦਾ ਸੀ।
ਨਤੀਜੇ ਵਾਲੇ ਦਿਨ ਬੱਚੇ ਸਵੇਰੇ ਹੀ ਸਕੂਲ ’ਚ ਫੁੱਲ ਲੈ ਕੇ ਆਉਂਦੇ ਤੇ ਫਿਰ ਜਦੋਂ ਉਨ੍ਹਾਂ ਨੂੰ ਆਪਣੇ ਪਾਸ ਹੋਣ ਦਾ ਪਤਾ ਲੱਗਦਾ ਤਾਂ ਉਹ ਖ਼ੁਸ਼ੀ ’ਚ ਅਧਿਆਪਕਾਂ ਉੱਪਰੋਂ ਫੁੱਲਾਂ ਦੀ ਵਰਖਾ ਕਰਦੇ ਸਨ। ਅਜੋਕੇ ਸਮੇਂ ’ਚ ਇਹ ਸਭ ਕੁਝ ਸਕੂਲਾਂ ’ਚ ਬਹੁਤ ਘੱਟ ਦਿਖਾਈ ਦਿੰਦਾ ਹੈ। ਅੱਜ ਸਕੂਲਾਂ ’ਚ ਦਿਖਾਵਾ ਤਾਂ ਬਹੁਤ ਵੱਧ ਗਿਆ ਹੈ ਪਰ ਵਿਦਿਆਰਥੀਆਂ ਅੰਦਰ ਉਹ ਭਾਵਨਾ ਤੇ ਉਤਸੁਕਤਾ ਕਿਤੇ ਵੀ ਦਿਖਾਈ ਨਹੀਂ ਦਿੰਦੀ।
ਪੜ੍ਹਾਈ ਦੇ ਬੋਝ ਥੱਲੇ ਦੱਬੇ ਵਿਦਿਆਰਥੀ
ਅੱਜ ਦੇ ਤੇਜ਼ ਰਫ਼ਤਾਰ ਤੇ ਮੁਕਾਬਲੇ ਦੇ ਯੁੱਗ ’ਚ ਵਿਦਿਆਰਥੀ ਪੜ੍ਹਾਈ ਦੇ ਬੋਝ ਥੱਲੇ ਦੱਬਦੇ ਜਾ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਅੰਦਰੋਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਹਨ। ਅੱਜ ਲੋੜ ਹੈ ਸਿੱਖਿਆ ’ਚ ਸਹਿਜਤਾ ਤੇ ਇਕਸਾਰਤਾ ਲਿਆਉਣ ਦੀ। ਇਸ ਲਈ ਸਮੇਂ ਦੀ ਸਰਕਾਰ, ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਅਨੁਕੂਲ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨ। ਇਸ ਤੋਂ ਇਲਾਵਾ ਮਾਤਾ-ਪਿਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਆਪਣੇ ਬੱਚਿਆਂ ’ਤੇ ਨਾ ਥੋਪਣ ਸਗੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਪੜ੍ਹਨ ਲਈ ਖੁੱਲ੍ਹਾ ਤੇ ਸਾਜ਼ਗਾਰ ਵਾਤਾਵਰਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬੱਚਿਆਂ ਦੇ ਚਾਵਾਂ ਤੇ ਰੀਝਾਂ ਤੋਂ ਸੱਖਣੀ ਸਿੱਖਿਆ ਕਦੇ ਵੀ ਉਨ੍ਹਾਂ ਨੂੰ ਜ਼ਿੰਦਗੀ ’ਚ ਸਫਲ ਇਨਸਾਨ ਬਣਨ ਵਿਚ ਸਹਾਈ ਨਹੀਂ ਹੋ ਸਕਦੀ।
ਸਿੱਖਿਆ ਪ੍ਰਣਾਲੀ ਦਾ ਅਸਰ
ਸਾਡੀ ਸਿੱਖਿਆ ਪ੍ਰਣਾਲੀ ਵੀ ਵਿਦਿਆਰਥੀਆਂ ਦੀ ਨਤੀਜੇ ਪ੍ਰਤੀ ਉਤਸੁਕਤਾ ਤੇ ਖਿੱਚ ਘੱਟ ਕਰਨ ਲਈ ਕੁਝ ਹੱਦ ਤਕ ਜ਼ਿੰਮੇਵਾਰ ਹੈ। ਅਸੀਂ ਵੇਖਦੇ ਹਾਂ ਕਿ ਸਾਡੀ ਸਿੱਖਿਆ ਪ੍ਰਣਾਲੀ ’ਚ ਹਰ ਸਾਲ ਹੋ ਰਹੇ ਨਵੇਂ ਪ੍ਰਯੋਗਾਂ ਨੇ ਵਿਦਿਆਰਥੀਆਂ ’ਤੇ ਅਸਰ ਪਾਇਆ ਹੈ। ਕਦੇ ਸਮੈਸਟਰ ਪ੍ਰਣਾਲੀ ਤੇ ਕਦੇ ਸਾਲਾਨਾ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਅੰਦਰ ਲੈਅ ਤੇ ਇਕਸਾਰਤਾ ਨਹੀਂ ਬਣਨ ਦੇ ਰਹੀ। ਇਸ ਤਰ੍ਹਾਂ ਹਰ ਸਾਲ ਵਿਦਿਆਰਥੀਆ ਨੂੰ ਨਵੀਂ ਪ੍ਰਣਾਲੀ ਅਨੁਸਾਰ ਪੜ੍ਹਨ ਤੇ ਪ੍ਰੀਖਿਆ ਦੇਣ ’ਚ ਦਿੱਕਤ ਪੇਸ਼ ਆਉਂਦੀ ਹੈ। ਅਜੋਕੇ ਡਿਜੀਟਲ ਯੁੱਗ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਪੇਪਰਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਬੱਚੇ
ਜਦੋਂ ਕਿਸੇ ਵਿਦਿਆਰਥੀ ਨੂੰ ਆਪਣੇ ਸਾਲਾਨਾ ਨਤੀਜੇ ਦਾ ਪਹਿਲਾਂ ਹੀ ਪਤਾ ਹੋਵੇ ਕਿ ਉਸ ਨੇ ਪਾਸ ਤਾਂ ਹਰ ਹਾਲਤ ’ਚ ਹੋ ਹੀ ਜਾਣਾ ਹੈ ਤਾਂ ਫਿਰ ਉਸ ਦਾ ਨਤੀਜੇ ਵਾਲੇ ਦਿਨ ਨੂੰ ਉਡੀਕਣ ਦਾ ਚਾਅ ਤੇ ਉਤਾਵਲਾਪਣ ਤਾਂ ਆਪਣੇ ਆਪ ਹੀ ਘਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਐਕਟ ਤਹਿਤ ਨਿੱਤ ਹੁੰਦੇ ਪੇਪਰ ਤੇ ਟੈਸਟਾਂ ਨੇ ਵਿਦਿਆਰਥੀਆਂ ਅੰਦਰ ਪੇਪਰਾਂ ਦਾ ਡਰ ਹੀ ਖ਼ਤਮ ਕਰ ਦਿੱਤਾ ਹੈ। ਹਰ ਮਹੀਨੇ ਕੋਈ ਨਾ ਕੋਈ ਆਨਲਾਈਨ ਜਾਂ ਆਫਲਾਈਨ ਪੇਪਰ ਹੋਣ ਕਰਕੇ ਹੁਣ ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਨੂੰ ਵੀ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਲਈ ਪੇਪਰ ਹੁਣ ਡਰ ਜਾਂ ਹਊਆ ਨਾ ਹੋ ਕੇ ਆਮ ਜਿਹੀ ਗੱਲ ਬਣ ਕੇ ਰਹਿ ਗਏ ਹਨ।
- ਮਨਜੀਤ ਮਾਨ
Posted By: Harjinder Sodhi