ਜਦੋਂ ਅਸੀਂ ਕੋਈ ਵੀ ਯਤਨ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ। ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ ਤਾਂ ਸਾਡੀਆਂ ਕੋਸ਼ਿਸ਼ਾਂ ਤਾਕਤਵਰ ਨਹੀਂ ਰਹਿੰਦੀਆਂ, ਕੰਮ ਕਰਨਾ ਬੋਝਲ ਲਗਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੇਵਲ ਨਿਸ਼ਾਨੇ ਬਾਰੇ ਨਾ ਸੋਚੋ ਸਗੋਂ ਮੰਜ਼ਿਲ ਤਕ ਜਾਂਦੇ ਵਕਤ ਸਫ਼ਰ ਦੀ ਲੱਜ਼ਤ ਲੈਣੀ ਸਿੱਖੋ, ਫਿਰ ਹੀ ਸਾਡੀ ਮਿਹਨਤ ਦਾ ਅਖ਼ੀਰ ਕੋਈ ਸਿੱਟਾ ਨਿਕਲਣਾ ਹੁੰਦਾ ਹੈ।

ਪੜ੍ਹਾਈ ਦਾ ਮਹੱਤਵ ਮਹਿਸੂਸ ਕਰਵਾਉਣ ਦੀ ਲੋੜ

ਜੇ ਗੱਲ ਸਿੱਖਿਆ ਦੀ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਤੇ ਫਲ ਮਿੱਠਾ ਹੁੰਦਾ ਹੈ। ਇਸ ਦਾ ਸਰਲ ਭਾਸ਼ਾ ’ਚ ਭਾਵ ਹੈ ਕਿ ਵਿੱਦਿਆ ਪ੍ਰਾਪਤੀ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸਕੂਲੀ ਪੜ੍ਹਾਈ ਕਰਦੇ ਵਕਤ ਪਾਠਕ੍ਰਮ ਦੀਆਂ ਕਿਤਾਬਾਂ ਨਾਲ ਸੰਘਰਸ਼ ਕਰ ਰਹੇ ਬੱਚਿਆਂ ਦੇ ਮਾਮਲੇ ’ਚ ਇਹ ਗੱਲ ਹੋਰ ਵੀ ਔਖੀ ਹੈ। ਬੱਚਿਆਂ ਨੂੰ ਪੜ੍ਹਾਈ ਦਾ ਮਹੱਤਵ ਮਹਿਸੂਸ ਕਰਵਾਉਣ ਦੀ ਲੋੜ ਹੁੰਦੀ ਹੈ। ਇਹ ਕੰਮ ਮਾਪਿਆਂ ਤੇ ਅਧਿਆਪਕਾਂ ਨੇ ਰਲ ਕੇ ਕਰਨਾ ਹੁੰਦਾ ਹੈ ਪਰ ਮਾਪੇ ਕੰਮਾਂ-ਕਾਰਾਂ ’ਚ ਰੱੁਝੇ ਹਨ, ਇਸ ਕਰਕੇ ਇਹ ਜ਼ਿੰਮੇਵਾਰੀ ਕੇਵਲ ਅਧਿਆਪਕ ਦੇ ਸਿਰ ’ਤੇ ਆ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਗਦਾ ਦੀਵਾ ਹੀ ਹੋਰ ਦੀਵਿਆਂ ਨੂੰ ਜਗਾ ਸਕਦਾ ਹੈ, ਬਿਲਕੁਲ ਇਸੇ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਅਧਿਆਪਕ ਦਾ ਖ਼ੁਦ ਉਤਸ਼ਾਹੀ ਹੋਣਾ ਬਹੁਤ ਜ਼ਰੂਰੀ ਹੈ।

ਗੰੁਝਲਦਾਰ ਹੰੁਦੀ ਜਾ ਰਹੀ ਹੈ ਪੜ੍ਹਾਈ

ਸਰਕਾਰਾਂ ਤੇ ਸਿੱਖਿਆ ਸ਼ਾਸਤਰੀ ਪੜ੍ਹਾਈ ਨੂੰ ਸੌਖੀ ਤੇ ਰੋਚਕ ਬਣਾਉਣ ਲਈ ਯਤਨ ਕਰ ਰਹੇ ਹਨ, ਪੜ੍ਹਾਈ ਦਿਨੋ-ਦਿਨ ਗੰੁਝਲਦਾਰ ਹੁੰਦੀ ਜਾ ਰਹੀ ਹੈ। ਬੱਚਿਆਂ ਅੰਦਰ ਗਿਆਨ ਦੀ ਭੁੱਖ ਪੈਦਾ ਕਰਨ ਲਈ ਅਧਿਆਪਕ ਨੇ ਹੀ ਮੁੱਖ ਭੂਮਿਕਾ ਨਿਭਾਉਣੀ ਹੁੰਦੀ ਹੈ। ਜਮਾਤ ਦੇ ਪਾਠਕ੍ਰਮ ਵਿੱਚੋਂ ਬੱਚੇ ਕੋਲ ਕੀ, ਕਿੰਨਾ ਤੇ ਕਿਵੇਂ ਭੇਜਣਾ ਹੈ, ਵੀ ਵਿਸ਼ਾ ਮੁਹਾਰਤ ਦੇ ਨਾਲ-ਨਾਲ ਅਧਿਆਪਕ ਦੀ ਅਸਲ ਯੋਗਤਾ ਹੈ। ਕੇਵਲ ਸ਼ਬਦਾਂ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਬੱਚੇ ਅਕਸਰ ਭੁੱਲ ਜਾਂਦੇ ਹਨ ਕਿਉਂਕਿ ਬੱਚੇ ਕਿਤਾਬਾਂ ਨੂੰ ਸਿਰਫ਼ ਬੋਝ ਮੰਨ ਕੇ ਪੜ੍ਹਦੇ ਹਨ। ਕਿਤਾਬੀ ਗਿਆਨ ਬੱਚਿਆਂ ਅੰਦਰ ਭਰਨ ਲਈ ਅਧਿਆਪਕ ਨੇ ਉਸਾਰੂ ਮਾਹੌਲ ਸਿਰਜਣਾ ਹੁੰਦਾ ਹੈ। ਬੱਚੇ ਦੇ ਦਿਮਾਗ਼ ’ਚ ਜੋ ਵਿਚਾਰ ਪੈਦਾ ਹੁੰਦਾ ਹੈ, ਉਸ ਨੂੰ ਪੋਟਿਆਂ ’ਚ ਫੜੇ ਪੈੱਨ ਰਾਹੀਂ ਲਿਖਵਾਉਣ ਲਈ ਆਲੇ-ਦੁਆਲੇ ਦੇ ਅਸਲ ਸੰਸਾਰ ਦਾ ਬਹੁਤ ਮਹੱਤਵ ਹੈ। ਪਾਠ ਪੜ੍ਹਾਉਂਦੇ ਵਕਤ ਵਿਸ਼ਾ-ਵਸਤੂ ਨਾਲ ਸਬੰਧਤ ਆਲੇ-ਦੁਆਲੇ ’ਚ ਮੌਜੂਦ ਠੋਸ ਵਸਤੂਆਂ ਨਾਲ ਬੱਚੇ ਦੀ ਜਾਣ-ਪਛਾਣ ਕਰਵਾਉਣੀ ਬਹੁਤ ਜ਼ਰੂਰੀ ਹੈ, ਅਜਿਹਾ ਹੋਣ ਨਾਲ ਉਨ੍ਹਾਂ ਅੰਦਰ ਪੜ੍ਹਾਏ ਗਏ ਕੰਮ ਦੀ ਪੱਕੀ ਮੋਹਰ ਲੱਗ ਜਾਂਦੀ ਹੈ।

ਕਰਵਾਏ ਜਾਣ ਵਿੱਦਿਅਕ ਟੂਰ

ਸਕੂਲ ਕੇਵਲ ਪੜ੍ਹਾਈ ਲਈ ਨਹੀਂ ਸਗੋਂ ਬੱਚੇ ਅੰਦਰ ਸਮਾਜ ’ਚ ਆਪਣੀ ਥਾਂ ਬਣਾਉਣ, ਸੂਝ ਪੈਦਾ ਕਰਨ ਵਾਲੀ ਸੰਸਥਾ ਹੈ। ਬੱਚਿਆਂ ਨੂੰ ਕਮਰਿਆਂ ਅੰਦਰ ਬੰਦ ਕਰ ਕੇ ਸਿਰਫ਼ ਪ੍ਰਸ਼ਨ-ਉੱਤਰਾਂ ਨੂੰ ਰਟਾ ਦੇਣਾ ਤਾਂ ਬਿਲਕੁਲ ਵੀ ਪੜ੍ਹਾਈ ਨਹੀਂ। ਸਿੱਖਿਆ ਨੇ ਬੱਚੇ ਅੰਦਰੋਂ ਉਸ ਦੇ ਕੁਦਰਤੀ ਮੂਲ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਹਾਸਿਲ ਕਰ ਕੇ ਉਹ ਸਮਾਜ ਦੀ ਕੀਮਤੀ ਪੂੰਜੀ ਬਣ ਜਾਂਦੇ ਹਨ। ਬੱਚਿਆਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਇਸ ਮਾਮਲੇ ’ਚ ਆਮ ਦੇਖਿਆ ਜਾਂਦਾ ਹੈ ਕੇ ਵਿੱਦਿਅਕ ਟੂਰ ਬਹੁਤ ਘੱਟ ਲਗਵਾਏ ਜਾਂਦੇ ਹਨ। ਜਦੋਂ ਕਦੇ ਸਾਲ ’ਚ ਇਕ-ਦੋ ਵਾਰੀ ਟੂਰ ਜਾਂਦਾ ਹੈ ਤਾਂ ਬੱਚੇ ਇਸ ਨੂੰ ਲੈ ਕੇ ਇੰਨੇ ਕੁ ਰੋਮਾਂਚਕ ਹੋਏ ਹੁੰਦੇ ਹਨ ਕਿ ਵਿੱਦਿਅਕ ਫੇਰਾ ਉਨ੍ਹਾਂ ਲਈ ਕੇਵਲ ਮਨੋਰੰਜਨ ਦਾ ਸਾਧਨ ਹੁੰਦਾ ਹੈ ਭਾਵ ਗਿਆਨ ਹਾਸਿਲ ਕਰਨ ਵਾਲਾ ਪੱਖ ਲੋਪ ਹੁੰਦਾ ਹੈ। ਇਸ ਲਈ ਜਦੋਂ ਵੀ ਸਕੂਲ ਦਾ ਟੂਰ ਜਾਣਾ ਹੋਵੇ ਤਾਂ ਉਸ ਦੀ ਪਹਿਲਾਂ ਤੋਂ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਜਿਹੜੀਆਂ ਥਾਵਾਂ ’ਤੇ ਜਾਣਾ ਹੋਵੇ, ਉਨ੍ਹਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇ, ਤਾਂ ਜੋ ਬੱਚੇ ਯਾਤਰਾ ਸਮੇਂ ਵੱਧ ਤੋਂ ਵੱਧ ਗਿਆਨ ਹਾਸਿਲ ਕਰ ਸਕਣ। ਟੂਰ ਤੋਂ ਬਾਅਦ ਬੱਚਿਆਂ ਦੇ ਅਨੁਭਵ ਲਿਖਤੀ ਰੂਪ ’ਚ ਲੈਣੇ ਬਹੁਤ ਜ਼ਰੂਰੀ ਹਨ, ਤਾਂ ਜੋ ਅਧਿਆਪਕ ਨੂੰ ਪਤਾ ਲੱਗ ਸਕੇ ਕਿ ਬੱਚਿਆਂ ਨੇ ਕੀ ਕੁਝ ਨਵਾਂ ਸਿੱਖਿਆ ਹੈ।

ਟੂਰ ਦਾ ਮਤਲਬ ਕੇਵਲ ਪਹਾੜਾਂ ਜਾਂ ਵੱਡੇ ਸ਼ਹਿਰਾਂ ’ਚ ਜਾਣਾ ਹੀ ਨਹੀਂ ਹੁੰਦਾ ਸਗੋਂ ਸਕੂਲ ਦੇ ਨੇੜੇ-ਤੇੜੇ ਦੇ ਮਹੱਤਵਪੂਰਨ ਸਥਾਨ ਬੱਚਿਆਂ ਨੂੰ ਦਿਖਾਏ ਜਾ ਸਕਦੇ ਹਨ। ਬੱਚਿਆਂ ਨੂੰ ਨਵਾਂਪਣ ਦੇਣ ਲਈ ਬਾਹਰੋਂ ਬੁਲਾਰਿਆਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਬਾਹਰਲੇ ਸਪੀਕਰ ਦਾ ਭਾਸ਼ਣ ਸੁਣ ਕੇ ਬੱਚੇ ਕਿਤਾਬਾਂ ’ਚ ਪੜ੍ਹੇ ਜਾਣ ਵਾਲੇ ਤੱਥਾਂ ਦੀ ਨਵੀਂ ਵਿਆਖਿਆ ਹਾਸਿਲ ਕਰਦੇ ਹਨ। ਬੱਚਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਬਾਹਰਲਾ ਸੰਸਾਰ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਤੇ ਕਿਤਾਬਾਂ ਪੜ੍ਹਨਾ ਵੀ ਤਜਰਬਾ ਹਾਸਲ ਕਰਨਾ ਹੈ।

ਬੱਚਿਆਂ ਨਾਲ ਕਰੋ ਸਵਾਲ

ਅਧਿਆਪਕ ਨੂੰ ਸਿੱਧਾ ਪਾਠ ਪੜ੍ਹਾਉਣ ਦੀ ਬਜਾਇ ਬੱਚਿਆਂ ਨਾਲ ਕਰਵਾਏ ਜਾਣ ਵਾਲੇ ਵਿਸ਼ੇ ਨਾਲ ਸਬੰਧਤ ਸਰਲ ਗੱਲਾਂ ਤੇ ਸਵਾਲ ਕਰਨੇ ਚਾਹੀਦੇ ਹਨ। ਮੰਨ ਲਵੋ ਜੇ ਅਧਿਆਪਕ ਰੁੱਤਾਂ ਬਾਰੇ ਪੜ੍ਹਾ ਰਿਹਾ ਹੈ ਤਾਂ ਬੱਚਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀ ਰੁੱਤ ਵਧੀਆ ਲਗਦੀ ਹੈ, ਕਿਉਂ ਵਧੀਆ ਲਗਦੀ ਹੈ? ਇਸ ਰੁੱਤ ਦਾ ਕੋਈ ਅਨੁਭਵ ਸਾਂਝਾ ਕਰੋ, ਆਦਿ ਪ੍ਰਸ਼ਨਾਂ ਨਾਲ ਜਮਾਤ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ ਹੈ। ਜਦੋਂ ਬੱਚਾ ਕਲਾਸ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਕਲਾਸ ਆਪਣਾ ਪਰਿਵਾਰ ਲੱਗਣ ਲੱਗ ਜਾਂਦੀ ਹੈ ਤੇ ਆਪਣੀ ਗੱਲ ਬਾਹਰ ਕੱਢਣੀ ਉਸ ਦੀ ਸਹਿਜ ਹੋ ਜਾਂਦੀ ਹੈ। ਅਜਿਹੇ ਮਾਹੌਲ ’ਚ ਬੱਚਾ ਅਧਿਆਪਕ ਵੱਲੋਂ ਸਾਂਝੇ ਕੀਤੇ ਗੁੰਝਲਦਾਰ ਤੱਥਾਂ ਨੂੰ ਵੀ ਸਹਿਜੇ ਹੀ ਯਾਦ ਕਰ ਲੈਂਦਾ ਹੈ।

ਉਤਸ਼ਾਹ ਭਰਨਾ ਜ਼ਰੂਰੀ

ਅਧਿਆਪਕ ਕੋਲ ਹੋਰ ਅਨੇਕਾਂ ਅਜਿਹੀਆਂ ਜੁਗਤਾਂ ਹਨ, ਜਿਨ੍ਹਾਂ ਨਾਲ ਬੱਚੇ ਦਾ ਜਮਾਤ ਦੇ ਕਮਰੇ ਨਾਲ ਸਨੇਹ ਪੈਦਾ ਕੀਤਾ ਜਾ ਸਕਦਾ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ, ਬਾਤਾਂ, ਬੁਝਾਰਤਾਂ, ਚਿੱਤਰਕਾਰੀ ਕਿਰਤਾਂ ਨੂੰ ਅਖ਼ਬਾਰ ’ਚ ਛਪਵਾ ਦੇਣ ਨਾਲ ਬੱਚਿਆਂ ਅੰਦਰ ਕਮਾਲ ਦਾ ਉਤਸ਼ਾਹ ਪੈਦਾ ਹੁੰਦਾ ਹੈ। ਕਲਾਸ ’ਚ ਬੱਚਿਆਂ ਦੇ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਸਕੂਲ ਵਿਖੇ ਹਾਊਸ ਵਾਈਜ਼ ਕੁਇਜ਼ ਕਰਵਾਇਆ ਜਾ ਸਕਦਾ ਹੈ। ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕਰਨ ਨਾਲ ਉਨ੍ਹਾਂ ਅੰਦਰ ਹੋਰ ਵਧੀਆ ਕਰਨ ਤੇ ਅੱਗੇ ਵਧਣ ਦੀ ਚਾਹਤ ਪੈਦਾ ਹੋ ਜਾਂਦੀ ਹੈ। ਬੱਚਿਆਂ ਨੂੰ ਟੀਚੇ ਦੇਣੇ ਹੀ ਕਾਫ਼ੀ ਨਹੀਂ ਸਗੋਂ ਉਨ੍ਹਾਂ ਨੂੰ ਪੂਰੇ ਕਰਨ ਲਈ ਉਨ੍ਹਾਂ ਅੰਦਰ ਉਤਸ਼ਾਹ ਭਰਨਾ ਜ਼ਿਆਦਾ ਜ਼ਰੂਰੀ ਹੈ। ਬਦਲ ਰਹੇ ਸੰਸਾਰ ’ਚ ਬੱਚਿਆਂ ਦੀਆਂ ਸਿੱਖਣ ਤਰਜੀਹਾਂ ਵੀ ਬਦਲ ਚੁੱਕੀਆਂ ਹਨ। ਬੱਚਿਆਂ ਨੂੰ ਤਣਾਅ-ਮੁਕਤ ਰੱਖਣ ਲਈ ਸਿਰਫ਼ ਕਿਤਾਬਾਂ ਰਾਹੀਂ ਸਿਖਾਉਣ ਦੀ ਰਵਾਇਤ ’ਚ ਸੋਧ ਕਰ ਕੇ ਨਵੀਆਂ ਸਿੱਖਣ ਸਿਖਾਉਣ ਦੀਆਂ ਵਿਧੀਆਂ ਦਾ ਵਿਕਾਸ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਤਕਨੀਕ ਨਹੀਂ ਅਧਿਆਪਕ ਦਾ ਬਦਲ

ਅਧਿਆਪਕ ਉਹ ਜੁਗਨੂੰ ਹੈ, ਜਿਸ ਦੀ ਚਮਕ ਵੇਖ ਕੇ ਬੱਚਿਆਂ ਅੰਦਰ ਨਵੀਂ ਊਰਜਾ ਭਰ ਜਾਂਦੀ ਹੈ। ਅਧਿਆਪਕ ਦੀ ਪ੍ਰੇਰਨਾ ਨਾਲ ਬੱਚੇ ਪੜ੍ਹਨ ਤੇ ਨਵਾਂ ਸਿੱਖਣ ਲਈ ਤਿਆਰ ਹੋ ਜਾਂਦੇ ਹਨ, ਭਾਵੇਂ ਅੱਜ ਤਕਨੀਕ ਦਾ ਦੌਰ ਹੈ। ਬੱਚੇ ਡਿਜੀਟਲ ਕਿਤਾਬਾਂ ਤੇ ਕਿਰਿਆਵਾਂ ਰਾਹੀਂ ਬੜਾ ਕੁਝ ਸਿੱਖ ਰਹੇ ਹਨ ਪਰ ਤਕਨੀਕ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਬਣ ਸਕਦੀ। ਬੱਚੇ ਨੂੰ ਪੜ੍ਹਨ ਲਈ ਤਿਆਰ ਕਰਨ ਦਾ ਕੰਮ ਅਧਿਆਪਕ ਹੀ ਕਰ ਸਕਦਾ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ। ਬੱਚੇ ਉਨ੍ਹਾਂ ਰਾਹੀਂ ਖ਼ੁਦ ਨੂੰ ਵੱਡਾ ਹੋਇਆ ਦੇਖਦੇ ਹਨ। ਅਧਿਆਪਕ ਬੱਚਿਆਂ ਰਾਹੀਂ ਆਪਣੀਆਂ ਰਹਿ ਗਈਆਂ ਕਮੀਆਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਇਸ ਸਾਰੀ ਪ੍ਰਕਿਰਿਆ ਦੀ ਬੁਨਿਆਦ ਵਿੱਦਿਆ ਪ੍ਰਾਪਤੀ ਹੈ। ਹਰ ਸਾਲ ਬੱਚੇ ਅਗਲੀਆਂ ਕਲਾਸਾਂ ’ਚ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਨਵੀਆਂ ਕਿਤਾਬਾਂ ਨਾਲ ਵਾਹ ਪੈਂਦਾ ਹੈ, ਜੋ ਬੱਚਿਆਂ ਨੂੰ ਬੜੀਆਂ ਔਖੀਆਂ ਲਗਦੀਆਂ ਹਨ।

ਵਿਸ਼ੇਸ਼ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ

ਕਈ ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਇੰਨਾ ਕਮਾਲ ਦਾ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਹਰ ਵਾਰ ਕਲਾਸ ਖ਼ਤਮ ਕਰਨ ’ਤੇ ਬੱਚੇ ਤਾੜੀਆਂ ਮਾਰਦੇ ਹਨ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲ ਨਿੱਜੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਆਮ ਤੌਰ ’ਤੇ ਕਿਤਾਬਾਂ ਬੱਚਿਆਂ ਲਈ ਅਕਾਊ ਹੁੰਦੀਆਂ ਹਨ, ਇਸੇ ਕਰਕੇ ਬੱਚੇ ਕਿਤਾਬਾਂ ਰਾਹੀਂ ਹਾਸਿਲ ਕੀਤਾ ਗਿਆਨ ਥੋੜ੍ਹੇ ਸਮੇਂ ਬਾਅਦ ਭੁੱਲ ਜਾਂਦੇ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਦਿ੍ਰਸ਼ਾਂ ਨਾਲ ਜੋੜਿਆ ਜਾਵੇ। ਇਸ ਲਈ ਫਲੈਸ਼ ਕਾਰਡਾਂ, ਤਸਵੀਰਾਂ ਤੇ ਰੰਗਾਂ ਦਾ ਸਹਾਰਾ ਲਿਆ ਜਾ ਸਕਦਾ ਹੈ।

- ਰਾਜਿੰਦਰ ਰਾਣੀ

Posted By: Harjinder Sodhi