ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੱੁਕਵੀਂ ਅਗਵਾਈ ਛੁੱਟੀਆਂ ਦੇ ਦਿਨਾਂ ’ਚ ਹੀ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ, ਬੈੱਡ ਆਦਿ ਨੂੰ ਸਾਫ਼ ਕਰਨਾ ਕੋਈ ਔਖਾ ਨਹੀਂ ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ-ਘੱਟ ਛੁੱਟੀ ਵਾਲੇ ਦਿਨ ਇਨ੍ਹਾਂ ਚੀਜ਼ਾਂ ਦੀ ਸਫ਼ਾਈ ਜ਼ਰੂਰ ਕਰਨ। ਉਹ ਆਪਣਾ ਮੰਜਾ-ਬਿਸਤਰਾ ਆਪ ਵਿਛਾਉਣ ਅਤੇ ਸਵੇਰੇ ਉੱਠਣ ’ਤੇ ਉਸ ਨੂੰ ਖ਼ੁਦ ਇਕੱਠਾ ਕਰਨ ਤੇ ਠੀਕ ਕਰਨ। ਚਾਦਰਾਂ ਨੂੰ ਸਲੀਕੇ ਨਾਲ ਵਿਛਾਉਣ ਜਾਂ ਉਨ੍ਹਾਂ ਨੂੰ ਤਹਿ ਕਰਨ ਅਤੇ ਠੀਕ ਥਾਂ ’ਤੇ ਰੱਖਣ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ-ਵੱਖ ਥਾਵਾਂ ’ਤੇ ਰੱਖਣ।

ਕੰਮ ਕਰਨ ਦੀ ਜਾਚ

ਕਈ ਘਰਾਂ ’ਚ ਇਹ ਵੀ ਮੰਨਿਆ ਜਾਂਦਾ ਹੈ ਕਿ ਕੁਝ ਕੰਮ ਕੁੜੀਆਂ ਦੇ ਕਰਨ ਵਾਲੇ ਹਨ ਅਤੇ ਕੁਝ ਮੁੰਡਿਆਂ ਦੇ। ਕਿਸੇ-ਕਿਸੇ ਪਰਿਵਾਰ ’ਚ ਇਕਲੌਤੇ ਮੁੰਡੇ-ਕੁੜੀ ਨੂੰ ਘਰ ਦੇ ਕੰਮਾਂ ਤੋਂ ਦੂਰ ਰੱਖਿਆ ਜਾਂਦਾ ਹੈ, ਮਾਪੇ ਵੀ ਕੰਮ ਨਹੀਂ ਕਰਦੇ, ਨੌਕਰ ਜਾਂ ਨੌਕਰਾਣੀ ਵੱਲੋਂ ਇਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਹ ਸਥਿਤੀ ਵੀ ਬਹੁਤ ਮਾੜੀ ਹੈ ਕਿਉਂਕਿ ਬਿਨਾਂ ਹੱਥ-ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜੋ ਅਸੀਂ ਖ਼ੁਦ ਸਹੇੜੀਆਂ ਹੁੰਦੀਆਂ ਹਨ। ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ, ਸਾਫ਼-ਸਫ਼ਾਈ, ਭਾਂਡੇ ਧੋਣ ਜਾਂ ਨਿੱਕੇ-ਮੋਟੇ ਕੱਪੜੇ ਧੋਣ ਦੇ ਕੰਮਾਂ ’ਚ ਨਹੀਂ ਲਾਇਆ ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਸਿਖਾਉਣੀ ਚਾਹੀਦੀ ਹੈ, ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।

ਮਾਪੇ ਆਪਣੀ ਦੇਖ-ਰੇਖ ’ਚ ਸਿਖਾਉਣ ਕੰਮ

ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਿਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ਼/ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ-ਕਾਪੀਆਂ ਨੂੰ ਕੱਢ ਕੇ ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ-ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜੁਮੈਟਰੀ ਬਾਕਸ ਵਿਚਲਾ ਸਾਮਾਨ ਸਾਫ਼ ਕਰ ਕੇ ਰੱਖਣਾ, ਕਿਤਾਬਾਂ, ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਾਮਾਨ ਰੱਖਣਾ, ਜੁੱਤੀਆਂ ਨੂੰ ਸ਼ੂਜ਼ ਰੈਕ ਵਿਚ ਰੱਖਣਾ ਆਦਿ ਕਿੰਨੇ ਹੀ ਨਿੱਕੇ-ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖ-ਰੇਖ ਹੇਠ ਸਿਖਾ ਸਕਦੇ ਹਨ। ਅਜਿਹੀਆਂ ਗੱਲਾਂ ਬਾਰੇ ਬੱਚਿਆਂ ਨੂੰ ਨਾਲ ਲਿਜਾ ਕੇ ਅਤੇ ਘਰ ਵਿਚ ਵੀ ਸਮੇਂ-ਸਮੇਂ ਜਾਣਕਾਰੀ ਦਿਓ। ਕੰਮ ਕਰਨ ਦੀ ਸਿੱਖਿਆ ਅਸੀਂ ਕੇਵਲ ਕੁੜੀਆਂ ਨੂੰ ਹੀ ਨਹੀਂ ਦੇਣੀ ਸਗੋਂ ਇਹ ਮੁੰਡਿਆਂ ਲਈ ਵੀ ਓਨੀ ਹੀ ਜ਼ਰੂਰੀ ਹੈ। ਬੱਚਿਆਂ ਨੂੰ ਕੰਮ ਕਰਨ ਲਈ ਕਦੇ ਵੀ ਝਿੜਕ ਕੇ ਜਾਂ ਗੁੱਸੇ ਨਾਲ ਨਾ ਕਹੋ ਸਗੋਂ ਪਿਆਰ ਨਾਲ ਬੋਲੋ। ਜੇ ਉਹ ਕੋਈ ਵੀ ਨਿੱਕਾ-ਮੋਟਾ ਕੰਮ ਕਰਦੇ ਹਨ ਤਾਂ ਹਮੇਸ਼ਾ ਸ਼ਾਬਾਸ਼ ਦਿਉ, ਉਤਸ਼ਾਹ ਵਧਾਓ। ਇਸ ਨਾਲ ਉਨ੍ਹਾਂ ਅੰਦਰ ਕੰਮ ਦਾ ਸ਼ੌਕ ਪੈਦਾ ਹੋਵੇਗਾ।

ਕੰਮ ਕਰਨ ਦਾ ਪਵੇਗਾ ਸ਼ੌਕ

ਘਰ ’ਚ ਬਹੁਤ ਸਾਰੇ ਕੰਮ ਹੁੰਦੇ ਹਨ। ਘਰ ਦੇ ਕੰਮਾਂ ’ਚ ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ, ਚਾਹੇ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ਼ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ’ਚ ਮੁੰਡੇ-ਕੁੜੀ ਦੋਵਾਂ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ’ਚ ਦੋਵੇਂ ਜਾਂ ਕੋਈ ਇਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ’ਤੇ ਹੀ ਪੈਂਦਾ ਹੈ। ਮਾਤਾ-ਪਿਤਾ ਦੋਵਾਂ ਨੂੰ ਹੀ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ-ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿਚ ਇਸ ਪ੍ਰਤੀ ਸ਼ੌਕ ਤੇ ਲਗਨ ਵੀ ਪੈਦਾ ਹੋਵੇਗੀ।

- ਰਾਜਿੰਦਰ ਰਾਣੀ

Posted By: Harjinder Sodhi