ਆਧੁਨਿਕ ਸਰਕਾਰੀ ਸਕੂਲੀ ਸਿੱਖਿਆ ’ਚ ਹੋ ਰਹੇ ਤਜਰਬਿਆਂ ਨਾਲ ਸਿੱਖਣ ਪ੍ਰਣਾਲੀ ’ਤੇ ਪੈ ਰਹੇ ਪ੍ਰਭਾਵ ਸਾਫ਼ ਦਿਖਾਈ ਦੇ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ’ਚ ਲੋੜੀਂਦੀਆਂ ਤਬਦੀਲੀਆਂ ਲਿਆਉਣੀਆਂ ਨਾ ਸਿਰਫ਼ ਸਮੇਂ ਦੀ ਮੰਗ ਹੈ ਸਗੋਂ ਇਸ ਨਾਲ ਨਵੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਤੱਥਾਂ ਤੋਂ ਜਾਣੂ ਕਰਵਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ।

ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਕਾਫ਼ੀ ਹੱਦ ਤਕ ਬਦਲ ਗਈ ਹੈ। ਬਹੁਗਿਣਤੀ ਸਰਕਾਰੀ ਸਕੂਲ ਸਮਾਰਟ ਸਕੂਲਾਂ ਦੀ ਕਤਾਰ ’ਚ ਖੜ੍ਹੇ ਹੋ ਗਏ ਹਨ। ਸਰਕਾਰੀ ਸਕੂਲਾਂ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੀ ਹੈ। ਸਿੱਟੇ ਵਜੋਂ ਸਰਕਾਰੀ ਸਕੂਲਾਂ ਅੰਦਰ ਵੜਦਿਆਂ ਹੀ ਨਿੱਘਾ ਪ੍ਰਭਾਵ ਬੱਚਿਆਂ ਤੇ ਮਹਿਮਾਨਾਂ ਦੇ ਮਨਾਂ ’ਤੇ ਸਹਿਜੇ ਹੀ ਆਪਣੀ ਛਾਪ ਛੱਡਦਾ ਹੈ। ਰੰਗ-ਬਰੰਗੀਆਂ ਕੰਧਾਂ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਤੇ ਖ਼ੁਸ਼ਆਮਦੀਦ ਕਹਿੰਦੀਆਂ ਹਨ ਤੇ ਬੱਚੇ ਖ਼ੁਸ਼ੀ-ਖ਼ੁਸ਼ੀ ਸਕੂਲ ਜਾ ਕੇ ਆਪਣੇ ਗਿਆਨ ’ਚ ਵਾਧਾ ਕਰਨਾ ਚਾਹੰੁਦੇ ਹਨ। ਕੰਧਾਂ ’ਤੇ ਉਕਰੀਆਂ ਗਿਆਨ ਵਧਾਉਣ ਵਾਲੀਆਂ ਗੱਲਾਂ ਸਹਿਜ-ਸੁਭਾਅ ਬੱਚਿਆਂ ਨੂੰ ਔਖੇ ਵਿਸ਼ਾ-ਵਸਤੂ ਨੂੰ ਯਾਦ ਰੱਖਣ ’ਚ ਸਹਾਇਕ ਹੋ ਨਿੱਬੜਦੀਆਂ ਹਨ ਪਰ ਇਸ ਸਭ ਕੁਝ ਲਈ ਅਧਿਆਪਕਾਂ ਨੂੰ ਅਧਿਆਪਨ ਕਾਰਜ ਤੋਂ ਹਟ ਕੇ ਜੋ ਕੋਸ਼ਿਸ਼ਾਂ ਤੇ ਫੰਡ ਇਕੱਠੇ ਕਰਨ ਤੇ ਕਾਰਜ ਨੇਪਰੇ ਚਾੜ੍ਹਨੇ ਪਏ, ਉਨ੍ਹਾਂ ਲਈ ਅਧਿਆਪਕ ਵਧਾਈ ਦੇ ਪਾਤਰ ਹਨ।

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਗਰਾਮ

ਸਿੱਖਿਆ ਵਿਭਾਗ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਨਾਂ ਨਾਲ ਚਲਾਇਆ ਜਾ ਰਿਹਾ ਪ੍ਰੋਗਰਾਮ ਬੱਚਿਆਂ ਨੂੰ ਕਿਰਿਆਵਾਂ ਆਧਾਰਿਤ ਸਿੱਖਿਆ ਦੇਣ ਵਾਲਾ ਹੈ, ਜੋ ਸਕੂਲਾਂ ’ਚ ਕਾਮਯਾਬੀ ਨਾਲ ਚੱਲ ਰਿਹਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਰਿਆਵਾਂ ਦੀ ਬਹੁਤਾਤ ਕਾਰਨ ਕਿਤੇ ਨਾ ਕਿਤੇ ਬੱਚਿਆਂ ਦੀ ਵਿਸ਼ਾ-ਦੁਹਰਾਈ ਜ਼ਰੂਰ ਪ੍ਰਭਾਵਿਤ ਹੰੁਦੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਸ ਕੰਮ ਨੂੰ ਸਿੱਖਣ ਲਈ ਇਕ ਤੋਂ ਵੱਧ ਗਿਆਨ ਇੰਦਰੀਆਂ ਦੀ ਵਰਤੋਂ ਕੀਤੀ ਜਾਵੇ, ਉਹ ਕੰਮ ਵਿਦਿਆਰਥੀ ਜਲਦੀ ਸਿੱਖਦੇ ਹਨ ਤੇ ਉਹ ਲੰਬੇ ਸਮੇਂ ਤਕ ਦਿਮਾਗ਼ ’ਚ ਰੱਖਦੇ ਹਨ ਪਰ ਭਾਰਤੀ ਪ੍ਰੀਖਿਆ ਪ੍ਰਣਾਲੀ ਇਸ ਗੱਲ ’ਤੇ ਜ਼ਿਆਦਾ ਜ਼ੋਰ ਦਿੰਦੀ ਹੈ ਕਿ ਵਿਦਿਆਰਥੀਆਂ ਨੇ ਜੋ ਵੀ ਸਿੱਖਿਆ ਹੈ, ਉਹ ਉਸ ਨੂੰ ਸਹੀ ਸ਼ਬਦਾਂ ਦੀ ਚੋਣ ਨਾਲ ਪ੍ਰੀਖਿਆ ’ਚ ਪ੍ਰਗਟਾਅ ਸਕਦੇ ਹਨ ਜਾਂ ਨਹੀਂ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਹਰ ਵਿਸ਼ਾ-ਵਸਤੂ ਨਾ ਸਿਰਫ਼ ਕਿਰਿਆ ਰਾਹੀਂ ਸਮਝਾਇਆ ਜਾਵੇ ਪਰ ਉਸ ਨੂੰ ਲਿਖਤੀ ਰੂਪ ’ਚ ਪ੍ਰਗਟਾਉਣਾ ਵੀ ਸਿਖਾਇਆ ਜਾਵੇ ਤੇ ਉਸ ਤੋਂ ਬਾਅਦ ਦੁਹਰਾਇਆ ਵੀ ਜਾਵੇ। ਕਿਰਿਆ ਆਧਾਰਿਤ ਪਾਠਕ੍ਰਮ ਅਨੁਸਾਰ ਇਸ ਦੀ ਦੁਹਰਾਈ ਲਈ ਮਿਲਦਾ ਘੱਟ ਸਮਾਂ ਬੱਚਿਆਂ ਦੇ ਮੁਲਾਂਕਣ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ ਤੇ ਉਹ ਵਿਸ਼ਾ-ਵਸਤੂ ਦੀ ਜਾਣਕਾਰੀ ਹੰੁਦਿਆਂ ਵੀ ਕਈ ਵਾਰ ਉਸ ਨੂੰ ਪ੍ਰਗਟਾਉਣ ਤੋਂ ਅਸਮਰੱਥ ਰਹਿੰਦੇ ਹਨ। ਇਸ ਲਈ ਕਿਰਿਆਵਾਂ ਦੇ ਨਾਲ-ਨਾਲ ਦੁਹਰਾਈ ਲਈ ਸਮਾਂਬੱਧ ਰਹਿਣਾ ਵੀ ਅਧਿਆਪਕਾਂ ਵੱਲੋਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਹੁਨਰ ਲੱਭਣ ’ਚ ਆਸਾਨੀ

ਵੱਖ-ਵੱਖ ਸਮੇਂ ’ਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮੁਕਾਬਲੇ ਸਕੂਲਾਂ ’ਚ ਕਰਵਾਏ ਜਾਂਦੇ ਹਨ। ਆਧੁਨਿਕ ਸਮਾਜ ’ਚ ਫੈਲੀਆਂ ਸਮਾਜਿਕ ਬੁਰਾਈਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਚਿਆਂ ਦੀ ਸ਼ਮੂਲੀਅਤ ਨਾਲ ਰੈਲੀਆਂ ਕਰਵਾਈਆਂ ਜਾਂਦੀਆਂ ਹਨ। ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਤਹਿਸੀਲ ਪੱਧਰ, ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਲਿਜਾਇਆ ਜਾਂਦਾ ਹੈ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ। ਇਨ੍ਹਾਂ ਸਹਿ-ਵਿੱਦਿਅਕ ਮੁਕਾਬਲਿਆਂ ਦਾ ਵਿਦਿਆਰਥੀ ਜੀਵਨ ’ਚ ਬਹੁਤ ਮਹੱਤਵ ਹੈ ਤੇ ਇਸ ਨਾਲ ਬੱਚੇ ਦੀ ਖ਼ਾਸ ਵਿਅਕਤੀਗਤ ਪ੍ਰਤਿਭਾ ਨੂੰ ਲੱਭਣ ਤੇ ਤਰਾਸ਼ਣ ’ਚ ਅਧਿਆਪਕ ਨੂੰ ਆਸਾਨੀ ਹੋ ਜਾਂਦੀ ਹੈ।

ਪਿਛਲੇ ਕੁਝ ਸਾਲਾਂ ਤੋਂ ਸਾਰੇ ਸਕੂਲਾਂ ’ਚ ਇਨ੍ਹਾਂ ਗਤੀਵਿਧੀਆਂ ਲਈ ਸਾਲਾਨਾ ਸਮਾਰੋਹ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਬੱਚੇ ਦੀ ਸ਼ਖ਼ਸੀਅਤ ਉਸਾਰੀ ’ਚ ਵੱਡਮੱੁਡਾ ਯੋਗਦਾਨ ਪਾਉਂਦੇ ਹਨ। ਬਹੁਤੇ ਸਕੂਲ ਇਸੇ ਦਿਨ ਬੱਚਿਆਂ ਦੀਆਂ ਰਚਨਾਵਾਂ ਨਾਲ ਸਜੀ ਆਪਣੇ ਸਾਲਾਨਾ ਸਕੂਲ ਮੈਗਜ਼ੀਨ ਦੀ ਘੰੁਡ ਚੁਕਾਈ ਕਰਦੇ ਹਨ। ਇਸ ਸਭ ਦਾ ਬੱਚੇ ਦੇ ਸਵੈ-ਵਿਸ਼ਵਾਸ ਦੀ ਉਸਾਰੀ ’ਚ ਖ਼ਾਸ ਮਹੱਤਵ ਹੈ।

ਇਹ ਤਜਰਬੇ ਬੱਚੇ ਦੇ ਸਰਬਪੱਖੀ ਵਿਕਾਸ ’ਚ ਸਚਮੱੁਚ ਹਾਂ-ਪੱਖੀ ਤਜਰਬੇ ਨਿਭਾਉਂਦੇ ਹਨ ਪਰ ਕਈ ਵਾਰ ਬਹੁਤ ਜਲਦੀ ਕੀਤੀਆਂ ਤਬਦੀਲੀਆਂ, ਜਿਨ੍ਹਾਂ ਲਈ ਤਿਆਰੀ ਕਰਨੀ ਸੰਭਵ ਨਹੀਂ ਹੰੁਦੀ ਤੇ ਇਸ ਦੇ ਅਸਲ ਮੰਤਵ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਇਸ ਲਈ ਭਾਵੇਂ ਸਾਲਾਨਾ ਸਮਾਰੋਹ ਲਈ ਹਦਾਇਤਾਂ ਹੋਣ ਜਾਂ ਮੁਲਾਂਕਣ ਪ੍ਰਣਾਲੀ ਲਈ ਸਾਲ ਦੇ ਮੱੁਢ ’ਚ ਹੀ ਸਭ ਕੁਝ ਉਲੀਕਿਆ ਜਾਣਾ ਚਾਹੀਦਾ ਹੈ ਤਾਂ ਜੋ ਅਧਿਆਪਕ ਤੇ ਬੱਚੇ ਸਹਿਜ ਨਾਲ ਉਨ੍ਹਾਂ ਲਈ ਤਿਆਰ ਰਹਿਣ।

ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਨਵੀਆਂ ਤਕਨੀਕਾਂ ਰਾਹੀਂ ਬਿਹਤਰ ਪੜ੍ਹਾਈ ਤੇ ਸਰਬਪੱਖੀ ਵਿਕਾਸ ਲਈ ਤਜਰਬੇ ਤੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਬਸ਼ਰਤੇ ਕਿ ਇਨ੍ਹਾਂ ਤਜਰਬਿਆਂ ਦਾ ਬੱਚਿਆਂ ਨੂੰ ਆਪਣੀ ਪੜ੍ਹਾਈ ’ਤੇ ਬੋਝ ਮਹਿਸੂਸ ਨਾ ਹੋਵੇ।

ਬਿਹਤਰੀਨ ਕੋਸ਼ਿਸ਼ ਈ-ਕੰਟੈਂਟ

ਸਕੂਲਾਂ ’ਚ ਪੜ੍ਹਾਈ ਨੂੰ ਆਕਰਸ਼ਕ ਤੇ ਸਮੇਂ ਦਾ ਹਾਣੀ ਬਣਾਉਣ ਲਈ ਸਿੱਖਿਆ ਵਿਭਾਗ ਦੀ ਬਿਹਤਰੀਨ ਕੋਸ਼ਿਸ਼ ਈ-ਕੰਟੈਂਟ ਹੈ। ਈ-ਕੰਟੈਂਟ ’ਚ ਦਸਵੀਂ ਪੱਧਰ ਤਕ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿਚਲੇ ਸਾਰੇ ਪਾਠਾਂ ਦੀਆਂ ਵੀਡੀਓ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਣਾਈਆਂ ਗਈਆਂ ਹਨ ਤੇ ਇਨ੍ਹਾਂ ਦਾ ਲਿੰਕ ਸਾਰੇ ਸਕੂਲਾਂ ਨੂੰ ਭੇਜਿਆ ਗਿਆ ਹੈ, ਜਿਸ ਰਾਹੀਂ ਅਧਿਆਪਕ ਰੋਚਕ ਢੰਗ ਨਾਲ ਵਰਣਿਤ ਵਿਸ਼ਾ-ਵਸਤੂ ਬੱਚਿਆਂ ਨੂੰ ਸਕੂਲ ਪ੍ਰਬੰਧਾਂ ਦੇ ਆਧਾਰ ’ਤੇ ਕੰਪਿਊਟਰ, ਪ੍ਰਾਜੈਕਟਰ ਜਾਂ ਟੀਵੀ ’ਤੇ ਦਿਖਾ ਕੇ ਸਮਝਾ ਸਕਦਾ ਹੈ ਤੇ ਇਸ ਨਾਲ ਅਧਿਆਪਕ ਦਾ ਕੰਮ ਵੀ ਸੌਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਲਈ ਵੀ ਮੁਸ਼ਕਲ ਵਿਸ਼ੇ ਸਮਝਣੇ ਸੌਖੇ ਹੋ ਗਏ ਹਨ।

ਵਿਸ਼ਾ ਮੇਲੇ ਬਣੇ ਖਿੱਚ ਦਾ ਕੇਂਦਰ

ਅੱਪਰ ਪ੍ਰਾਇਮਰੀ ਤੇ ਹਾਈ ਸਕੂਲਾਂ ’ਚ ਵੱਖ-ਵੱਖ ਵਿਸ਼ਿਆਂ ਦੇ ਮੇਲੇ ਵੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣ ਚੱੁਕੇ ਹਨ। ਪੜ੍ਹਾਈ ’ਚ ਪੱਛੜੇ ਹੋਏ ਵਿਦਿਆਰਥੀ ਇਨ੍ਹਾਂ ਮੇਲਿਆਂ ਵਿਚਲੀਆਂ ਕਿਰਿਆਵਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਸ ਵਿਸ਼ੇ ਦਾ ਮੇਲਾ ਸਕੂਲ ’ਚ ਲੱਗਣਾ ਹੰੁਦਾ ਹੈ, ਬੱਚੇ ਇਕ ਹਫ਼ਤਾ ਸਿਰਫ਼ ਉਸੇ ਵਿਸ਼ੇ ਵੱਲ ਕੇਂਦਰਿਤ ਰਹਿੰਦੇ ਹਨ ਤਾਂ ਜੋ ਮੇਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਜਾ ਸਕੇ। ਇਸੇ ਵਜ੍ਹਾ ਨਾਲ ਬੱਚੇ ਤੇ ਅਧਿਆਪਕ ਬਾਕੀ ਵਿਸ਼ਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੰਦੇ। ਇਸੇ ਕਾਰਨ ਬੱਚੇ ਬਾਕੀ ਵਿਸ਼ਿਆਂ ਦਾ ਕਰਵਾਇਆ ਕੰਮ ਦੁਹਰਾਉਣ ਨੂੰ ਤਰਜੀਹ ਨਹੀਂ ਦਿੰਦੇ, ਜਿਸ ਕਾਰਨ ਉਹ ਬਾਲ ਮਨਾਂ ਤੋਂ ਵਿਸਰ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਮੇਲਿਆਂ ਨੂੰ ਬੱਚਿਆਂ ਦੀ ਹਰ ਵਿਸ਼ੇ ’ਚ ਚੰਗੀ ਕਾਰਗੁਜ਼ਾਰੀ ਲਈ ਅਲੱਗ-ਅਲੱਗ ਕਰਵਾਉਣ ਦੀ ਬਜਾਏ ਇੱਕੋ ਵਾਰ ਸਾਂਝਾ ਕਰਵਾ ਲਿਆ ਜਾਣਾ ਚਾਹੀਦਾ ਹੈ। ਜਿਸ ’ਚੋਂ ਬੱਚੇ ਆਪੋ-ਆਣੀ ਵਿਸ਼ਾ-ਰੁਚੀ ਅਨੁਸਾਰ ਅਧਿਆਪਕਾਂ ਤੋਂ ਸਹਾਇਤਾ ਲੈ ਕੇ ਆਪਣਾ ਪ੍ਰਾਜੈਕਟ ਬਣਾਉਣ ਤੇ ਉਨ੍ਹਾਂ ਬਾਰੇ ਬਾਕੀਆਂ ਨੂੰ ਸਮਝਾਉਂਦਿਆਂ ਆਪਣੀ ਸਿੱਖਿਆ ’ਚ ਵਾਧਾ ਕਰਨ।

- ਤਰਵਿੰਦਰ ਕੌਰ

Posted By: Harjinder Sodhi