ਭਾਰਤੀ ਸ਼ਾਸਨ ਪ੍ਰਣਾਲੀ ’ਚ ਰਾਸ਼ਟਰਪਤੀ ਨੂੰ ਦੇਸ਼ ਦਾ ਮੁਖੀ ਹੋਣ ਦੇ ਨਾਲ-ਨਾਲ ਮੁਲਕ ਦੀਆਂ ਤਿੰਨੇ ਸੈਨਾਵਾਂ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀ (ਕਮਾਂਡਰ-ਇਨ-ਚੀਫ) ਹੋਣ ਦਾ ਵੀ ਮਾਣ ਹਾਸਿਲ ਹੈ। ਰਾਸ਼ਟਰਪਤੀ ਨੂੰ ਭਾਰਤ ਦਾ ਪਹਿਲਾ ਨਾਗਰਿਕ ਵੀ ਕਿਹਾ ਜਾਂਦਾ ਹੈ। 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਸੰਵਿਧਾਨਕ ਉਪਬੰਧਾਂ ਅਨੁਸਾਰ ਰਾਸ਼ਟਰਪਤੀ ਨੂੰ ਮੁਲਕ ਦਾ ਮੁਖੀਆ ਐਲਾਨਿਆ ਗਿਆ।

15ਵੇਂ ਰਾਸ਼ਟਰਪਤੀ ਬਣਨ ਦਾ ਹਾਸਿਲ ਹੋਇਆ ਮਾਣ

15ਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ 2022 ਨੂੰ ਸੰਸਦ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਵੋਟਾਂ ਪਾਈਆਂ ਗਈਆਂ। ਪਈਆਂ ਵੋਟਾਂ ਦੀ 21 ਜੁਲਾਈ ਨੂੰ ਹੋਈ ਗਿਣਤੀ ਦੌਰਾਨ ਦ੍ਰੌਪਦੀ ਮੁਰਮੂ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਹੋਇਆ ਹੈ। ਮੌਜੂਦਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ 2022 ਨੂੰ ਅੱਧੀ ਰਾਤ ਨੂੰ ਖ਼ਤਮ ਹੋਣ ਉਪਰੰਤ ਦ੍ਰੌਪਦੀ ਮੁਰਮੂ 25 ਜੁਲਾਈ 2022 ਨੂੰ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ’ਤੇ ਬਿਰਾਜਮਾਨ ਹੋਣਗੇ।

ਮਾਣਮੱਤੇ ਅਹੁਦੇ ਤਕ ਪਹੁੰਚਣ ਦਾ ਸਫ਼ਰ

ਦ੍ਰੌਪਦੀ ਮੁਰਮੂ ਦਾ ਇਸ ਮਾਣਮੱਤੇ ਅਹੁਦੇ ਤਕ ਪਹੁੰਚਣ ਦਾ ਸਫ਼ਰ ਬੜਾ ਹੀ ਪ੍ਰੇਰਨਾਦਾਇਕ ਹੈ। ਉਨ੍ਹਾਂ ਦਾ ਜਨਮ ਓਡੀਸ਼ਾ ਸੂਬੇ ਦੇ ਪਿੰਡ ’ਚ ਆਦਿ ਵਾਸੀ ਸੰਥਾਲ ਕਬੀਲੇ ਵਿਚ 20 ਜੂਨ 1958 ਨੂੰ ਹੋਇਆ। ਉਨ੍ਹਾਂ ਦਾ ਵਿਆਹ ਸ਼ਿਆਮ ਚਰਨ ਮੁਰਮੂ ਨਾਲ ਹੋਇਆ। ਉਨ੍ਹਾਂ ਨੇ ਸਕੂਲ ਅਧਿਆਪਕ ਤੇ ਸਹਾਇਕ ਪ੍ਰੋਫੈਸਰ ਵਜੋਂ ਅਧਿਆਪਨ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਓਡੀਸ਼ਾ ਸਰਕਾਰ ਦੇ ਸਿੰਚਾਈ ਵਿਭਾਗ ’ਚ ਬਤੌਰ ਜੂਨੀਅਰ ਸਹਾਇਕ ਵੀ ਕੰਮ ਕੀਤਾ। ਪਿਤਾ ਤੇ ਦਾਦਾ ਜੀ ਵੱਲੋਂ ਪਿੰਡ ਦੀ ਸਰਪੰਚੀ ਬਦੌਲਤ ਵਿਰਸੇ ’ਚ ਮਿਲੀ ਰਾਜਨੀਤਕ ਗੁੜਤੀ ਉਨ੍ਹਾਂ ਨੂੰ ਰਾਜਸੀ ਖੇਤਰ ਵੱਲ ਖਿੱਚ ਲਿਆਈ। ਦ੍ਰੌਪਦੀ ਮੁਰਮੂ ਨੇ 1997 ’ਚ ਭਾਰਤੀ ਜਨਤਾ ਪਾਰਟੀ ਵਿਚ ਰਾਜਸੀ ਸਫ਼ਰ ਦੀ ਸ਼ੁਰੂਆਤ ਕੀਤੀ ਕਿ ਦੇਸ਼ ਦੇ ਸਰਵਉੱਚ ਅਹੁਦੇ ’ਤੇ ਬਿਰਾਜਮਾਨ ਹੋਣ ਵਿਚ ਸਫਲ ਹੋਏ ਹਨ। ਰਾਜਸੀ ਸਫ਼ਰ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨਗਰ ਕੌਂਸਲ ਰਾਇਰੰਗਪੁਰ ਦੇ ਕੌਂਸਲਰ ਵਜੋਂ ਚੋਣ ਜਿੱਤੀ ਅਤੇ ਨਗਰ ਕੌਂਸਲ ਦੇ ਚੇਅਰਪਰਸਨ ਬਣੇ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਦਿ ਵਾਸੀ ਕਬੀਲੇ ਵਿੰਗ ਦੇ ਕੌਮੀ ਉਪ-ਪ੍ਰਧਾਨ ਵਜੋਂ ਵੀ ਰਾਜਸੀ ਸੇਵਾਵਾਂ ਨਿਭਾਈਆਂ। ਓਡੀਸ਼ਾ ਦੀ ਭਾਰਤੀ ਜਨਤਾ ਪਾਰਟੀ ਅਤੇ ਬੀਜੂ ਜਨਤਾ ਦਲ ਸਰਕਾਰ ’ਚ ਸ੍ਰੀਮਤੀ ਦ੍ਰੌਪਦੀ ਮੰਤਰੀ ਵੀ ਰਹੇ। ਉਨ੍ਹਾਂ ਨੂੰ ਬਤੌਰ ਵਿਧਾਇਕ ਸ਼ਾਨਦਾਰ ਸੇਵਾਵਾਂ ਬਦਲੇ ਓਡੀਸ਼ਾ ਸਰਕਾਰ ਵੱਲੋਂ 2007 ’ਚ ਉੱਤਮ ਵਿਧਾਇਕ ਵਜੋਂ ਨੀਲਕੰਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਗ਼ਰੀਬ ਸਮਾਜ ਦੀਆਂ ਮੁਸ਼ਕਲਾਂ ਨੂੰ ਸਮਝਣਾ

ਰਾਜਸੀ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਫ਼ਰਜ਼ਾਂ ਪ੍ਰਤੀ ਤਨਦੇਹੀ ਦੇ ਚੱਲਦਿਆਂ ਰਾਜਸੀ ਸਫ਼ਰ ਦੌਰਾਨ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਮਾਣਮੱਤੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆ। ਮਈ 2015 ’ਚ ਉਹ ਝਾਰਖੰਡ ਸੂਬੇ ਦੇ ਗਵਰਨਰ ਬਣੇ, ਜਿੱਥੇ ਉਨ੍ਹਾਂ ਨੂੰ ਝਾਰਖੰਡ ਸੂਬੇ ਦੇ ਪਹਿਲੇ ਔਰਤ ਗਵਰਨਰ ਬਣਨ ਦਾ ਮਾਣ ਹਾਸਿਲ ਹੋਇਆ, ਉੱਥੇ ਹੀ ਉਹ ਓਡੀਸ਼ਾ ਸੂਬੇ ’ਚੋਂ ਆਦਿ ਵਾਸੀ ਕਬੀਲੇ ਦੀ ਪਹਿਲੀ ਔਰਤ ਗਵਰਨਰ ਵੀ ਸਨ।

ਆਦਿ ਵਾਸੀ ਕਬੀਲੇ ਨਾਲ ਸਬੰਧਿਤ ਹੋਣ ਕਾਰਨ ਉਹ ਗ਼ਰੀਬ ਤੇ ਮੱਧ ਵਰਗੀ ਸਮਾਜ ਦੀਆਂ ਸਮੱਸਿਆਵਾਂ ਨੂੰ ਬਾਖ਼ੂਬੀ ਸਮਝਣ ਤੇ ਉਨ੍ਹਾਂ ਦੀ ਭਲਾਈ ਹਿੱਤ ਯੋਜਨਾਵਾਂ ਉਲੀਕਣ ਦੇ ਭਲੀਭਾਂਤ ਸਮਰੱਥ ਹੋਣਗੇ। ਰਾਜਸੀ ਖੇਤਰ ਪ੍ਰਤੀ ਦਿਆਨਤਦਾਰੀ ਤੇ ਸਮਾਜ ਸੇਵਾ ਪ੍ਰਤੀ ਸਮਰਪਿਤ ਭਾਵਨਾ ਭਰਪੂਰ ਰਾਜਸੀ ਸਫ਼ਰ ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਿਆ।

18 ਜੁਲਾਈ 2022 ਨੂੰ ਦੇਸ਼ ਭਰ ਦੇ ਤਕਰੀਬਨ 4800 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਰਾਸ਼ਟਰਪਤੀ ਦੀ ਚੋਣ

ਲਈ ਪਾਈਆਂ ਵੋਟਾਂ ਦੌਰਾਨ ਆਪਣੇ ਵਿਰੋਧੀ ਜਸਵੰਤ ਸਿਨ੍ਹਾ ਨੂੰ ਬਹੁਤ ਵੱਡੇ ਫ਼ਰਕ ਨਾਲ ਹਰਾ ਕੇ ਚੋਣ ਮੁਕਾਬਲੇ ’ਚ ਵੱਡੀ ਜਿੱਤ ਪ੍ਰਾਪਤ ਕਰਦਿਆਂ ਉਨ੍ਹਾਂ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਹੋਇਆ ਹੈ।

ਸ੍ਰੀਮਤੀ ਦ੍ਰੌਪਦੀ ਮੁਰਮੂ ਦਾ ਇਸ ਮਾਣਮੱਤੇ ਅਹੁਦੇ ’ਤੇ ਬਿਰਾਜਮਾਨ ਹੋਣਾ ਔਰਤ ਅਤੇ ਗ਼ਰੀਬ ਵਰਗਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਉਹ 25 ਜੁਲਾਈ ਨੂੰ ਭਾਰਤ ਦੀ ਉੱਚ ਅਦਾਲਤ ਦੇ ਮੁੱਖ ਜੱਜ ਦੀ ਹਾਜ਼ਰੀ ਵਿਚ ਅਹੁਦੇ ਦੀ ਸਹੁੰ ਚੁੱਕ ਕੇ ਬਤੌਰ ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲਣਗੇ।

ਨਾਂ ’ਤੇ ਬੋਲਦੇ ਰਿਕਾਰਡ

ਸ੍ਰੀਮਤੀ ਦ੍ਰੌਪਦੀ ਮੁਰਮੂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਦੇਸ਼ ਦੇ ਪਹਿਲੇ ਆਦਿ ਵਾਸੀ ਮਹਿਲਾ ਰਾਸ਼ਟਰਪਤੀ ਹਨ। ਇਸ ਦੇ ਨਾਲ ਹੀ ਉਹ ਝਾਰਖੰਡ ਦੇ ਪਹਿਲੇ ਮਹਿਲਾ ਰਾਜਪਾਲ ਹੋਣ ਦੇ ਨਾਲ-ਨਾਲ ਸਭ ਤੋਂ ਲੰਬਾ ਸਮਾਂ 6 ਸਾਲ 1 ਮਹੀਨਾ ਅਤੇ 18 ਦਿਨਾਂ ਲਈ ਝਾਰਖੰਡ ਦੇ ਰਾਜਪਾਲ ਦੇ ਅਹੁਦੇ ’ਤੇ ਰਹੇ ਹਨ। ਉਨ੍ਹਾਂ ’ਤੇ ਸਮੁੱਚੇ ਦੇਸ਼ ਨੂੰ ਮਾਣ ਹੈ।

ਕਿਵੇਂ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੀ ਚੋਣ?

ਸੰਵਿਧਾਨਕ ਵਿਵਸਥਾ ਅਨੁਸਾਰ ਮੁਲਕ ਦਾ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਲੈ ਕੇ 5 ਵਰ੍ਹਿਆਂ ਦੇ ਸਮੇਂ ਤਕ ਆਪਣੇ ਅਹੁਦੇ ’ਤੇ ਰਹਿ ਸਕਦਾ ਹੈ। ਹਰ ਪੰਜ ਵਰ੍ਹਿਆਂ ਬਾਅਦ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ, ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿਧਾਇਕਾਂ ਵੱਲੋਂ ਵੋਟਾਂ ਪਾ ਕੇ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi