ਸਮਾਜ ’ਚ ਰਹਿੰਦਿਆਂ ਕਈ ਵਾਰ ਨਿੱਕੀਆਂ- ਨਿੱਕੀਆਂ ਗ਼ਲਤੀਆਂ ਏਨੀਆਂ ਵੱਡੀਆਂ ਬਣ ਜਾਂਦੀਆਂ ਹਨ ਫਿਰ ਇਨ੍ਹਾਂ ਨੂੰ ਸੁਧਾਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਇਕ ਨਿੱਕੀ ਜਿਹੀ ਗ਼ਲਤੀ ਜਦੋਂ ਇਕ ਆਦਤ ਬਣ ਜਾਂਦੀ ਹੈ ਤਾਂ ਬੰਦੇ ਨੂੰ ਜ਼ਿੰਦਗੀ ਦੇ ਅਜਿਹੇ ਮੋੜ ਉਪਰ ਲਿਆ ਖੜ੍ਹਾ ਕਰ ਦਿੰਦੀ ਹੈ ਜਿੱਥੇ ਸਾਰੇ ਦਾ ਸਾਰਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦਾ ਹੈ।

ਸਮਾਜ ’ਚ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕਈ ਮਾਵਾਂ ਚਾਵਾਂ ਲਾਡਾਂ ਨਾਲ ਆਪਣੇ ਬੱਚੇ ਦੇ ਲਿੰਗ ਵਿਰੋਧੀ ਕੱਪੜੇ ਪਾਉਂਦੀਆਂ ਹਨ। ਇਹ ਜ਼ਿਆਦਾਤਰ ਉਸ ਘਰ ਵਿਚ ਹੁੰਦਾ ਹੈ ਜਿਸ ਘਰ ਵਿਚ ਦੋ ਮੁੰਡੇ ਹੀ ਹੋਣ। ਮਾਂ ਆਪਣੇ ਇਕ ਮੁੰਡੇ ਦੇ ਕੁੜੀਆਂ ਵਾਲੇ ਕੱਪੜੇ ਪਾਉਣੇ ਅਤੇ ਸਿਰ ਦੇ ਵਾਲ ਵੀ ਕੁੜੀਆਂ ਵਾਂਗੂੰ ਗੁੱਤਾਂ ਕਰਦੀ ਹੈ। ਕਈ ਮਾਵਾਂ ਤਾਂ ਪਿਆਰ ਪਿਆਰ ਵਿਚ ਕੁੜੀਆਂ ਵਾਲਾ ਪਹਿਰਾਵਾ ਪਾ ਕੇ ਬੱਚੇ ਨਾਲ ਕੁੜੀਆਂ ਵਾਂਗੂੰ ਗੱਲਾਂ ਵੀ ਕਰਨ ਲੱਗ ਪੈਂਦੀਆਂ ਹਨ। ਇਹ ਸਿਰਫ਼ ਲਾਡਾਂ ਚਾਵਾਂ ਤਕ ਹੀ ਸੀਮਤ ਹੁੰਦਾ ਹੈ ਪਰ ਇਹ ਗੱਲ ਉਦੋਂ ਤਾਂ ਮਾਪਿਆਂ ਨੂੰ ਬਿਲਕੁਲ ਸਾਧਾਰਨ ਲੱਗਦੀ ਹੈ ਪਰ ਇਸ ਗੱਲ ਦਾ ਉਸ ਬੱਚੇ ਦੀ ਮਾਨਸਿਕਤਾ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ।

ਮਾਵਾਂ ਵੱਲੋਂ ਚਾਵਾਂ ਲਾਡਾਂ ਨਾਲ ਪਹਿਨਾਏ ਪਹਿਰਾਵੇ ਕਾਰਨ ਉਸ ਮੁੰਡੇ ਦਾ ਬਚਪਨ ਆਪਣੇ ਹਾਣ ਦੀਆਂ ਕੁੜੀਆਂ ਨਾਲ ਖੇਡ ਕੇ ਬਤੀਤ ਕਰਨ ਨੂੰ ਆਪਾਂ ਇਕ ਮਾਮੂਲੀ ਗੱਲ ਸਮਝਣ ਦੀ ਭੁੱਲ ਕਰ ਬੈਠਦੇ ਹਾਂ। ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜਿਹੜੇ ਕੁੜੀਆਂ ਵਾਲੀਆਂ ਖੇਡਾਂ ਬਚਪਨ ਤੋਂ ਅੱਗੇ ਵੀ ਜਾਰੀ ਰੱਖਦੇ ਹਨ। ਇਹ ਬੱਚੇ ਆਪਣੀ ਆਮ ਬੋਲ ਚਾਲ ਵਿਚ ਗੱਲ ਕਰਨ ਦਾ ਢੰਗ ਵੀ ਕੁੜੀਆਂ ਵਾਲਾ ਹੀ ਵਰਤਦੇ ਹਨ। ਇੱਥੋਂ ਤਕ ਕਿ ਘਰ ਵਿਚ ਆਪਣੀ ਮਾਤਾ ਨਾਲ ਕੰਮ ਵੀ ਕੁੜੀਆਂ ਵਾਲੇ ਹੀ ਜਿਵੇਂ ਕੱਪੜੇ ਧੋਣੇ, ਭਾਂਡੇ ਮਾਂਜਣੇ, ਰੋਟੀਆਂ ਪਕਾਉਣੀਆਂ, ਕੱਪੜੇ ਸਿਲਾਈ ਕਰਨੇ ਆਦਿ ਕੁੜੀਆਂ ਵਾਲੇ ਹੀ ਕਰਦੇ ਹਨ। ਅਜਿਹੇ ਬੱਚੇ ਨੂੰ ਮੁੰਡਾ ਹੋ ਕੇ ਵੀ ਮੁੰਡਿਆਂ ਦੀ ਸੰਗਤ ਬਿਲਕੁਲ ਚੰਗੀ ਨਹੀਂ ਲੱਗਦੀ। ਅਜਿਹਾ ਬੱਚਾ ਜਾਂ ਤਾਂ ਉਹ ਕੁੜੀਆਂ ਨਾਲ ਆਪਣੀ ਦੋਸਤੀ ਕਰਦਾ ਹੈ ਜਾਂ ਫਿਰ ਆਪਣੇ ਵਰਗਾ ਕੋਈ ਹੋਰ ਸਾਥੀ ਜਿਸ ਨਾਲ ਉਸ ਦਾ ਸੁਭਾਅ ਮਿਲਦਾ ਹੋਵੇ ਉਸ ਨਾਲ ਦੋਸਤੀ ਕਰੇਗਾ। ਇਸ ਤਰ੍ਹਾਂ ਬੱਚੇ ਦੀ ਮਾਨਸਿਕਤਾ ਵਿੱਚੋਂ ਬਚਪਨਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਬੱਚੇ ਨੂੰ ਸਮਾਜ ’ਚ ਰਹਿੰਦਿਆਂ ਅਨੇਕਾਂ ਵਾਰ ਮਖੌਲ ਦਾ ਪਾਤਰ ਵੀ ਬਣਨਾ ਪੈਂਦਾ ਹੈ। ਸਕੂਲ ਦੇ ਕਈ ਸ਼ਰਾਰਤੀ ਕਿਸਮ ਦੇ ਵਿਦਿਆਰਥੀ ਇਸ ਤਰ੍ਹਾਂ ਦੇ ਮੁੰਡੇ ਦਾ ਨਾਂ ਕੁੜੀਆਂ ਦੇ ਨਾਮ ਨਾਲ ਵੀ ਰੱਖ ਲੈਂਦੇ ਹਨ। ਕੋਈ ਵੀ ਇਨਸਾਨ ਜਨਮ ਸਮੇਂ ਤੋਂ ਮਾੜੇ ਚੰਗੇ ਕੰਮ ਕਰਨੇ ਆਪਣੇ ਨਾਲ ਨਹੀਂ ਲੈ ਕੇ ਆਉਂਦਾ। ਬਹੁਤੀ ਵਾਰ ਸਾਡਾ ਸਮਾਜ ਬੰਦੇ ਨੂੰ ਗ਼ਲਤ ਕੰਮ ਕਰਨ ਲਈ ਮਜਬੂਰ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਨਰਕ ਭਰੀ ਬਣਾਉਣ ’ਚ ਸਾਡਾ ਸਮਾਜ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਮੇਰੇ ਵੱਲੋਂ ਇਸ ਕਿਸਮ ਦੇ ਕਈ ਮੁੰਡਿਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਕੌੜੇ ਸੱਚ ਮੈਨੂੰ ਦੱਸੇ। ਇਸ ਬਿਮਾਰੀ ਦੇ ਸ਼ਿਕਾਰ ਹੋਏ ਬੱਚਿਆਂ ਜੋ ਮੈਨੂੰ ਦੱਸਿਆ ਉਹ ਇਕ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ। ਬਹੁਤੇ ਬੱਚਿਆਂ ਨੇ ਆਪਣੀ ਜ਼ਿੰਦਗੀ ਦੀ ਬਰਬਾਦੀ ਦਾ ਕਾਰਨ ਨੇੜੇ ਦੇ ਵੱਡੀ ਉਮਰ ਦੇ ਗਵਾਂਢੀਆਂ ਨੂੰ ਦੱਸਿਆ, ਕਈ ਮੁੰਡਿਆਂ ਨੇ ਆਪਣੇ ਪਾਪਾ ਦੇ ਦੋਸਤ ਨੂੰ ਅਤੇ ਕਈਆਂ ਨੇ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਵੀ ਆਪਣੀ ਜ਼ਿੰਦਗੀ ਨਰਕ ਭਰੀ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ। ਇਕ ਹੋਰ ਬਹੁਤ ਹੀ ਅਮੀਰ ਘਰ ਦੇ ਮੁੰਡੇ ਨੇ ਆਪਣੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੋਹਾਂ ਦੀ ਇਕ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ। ਇਸ ਐਕਸੀਡੈਂਟ ’ਚ ਮੈਂ ਇਕ ਨਿਭਾਗਾ ਬਚਿਆ। ਉਸ ਦਾ ਪਾਲਣ ਪੋਸ਼ਣ ਉਸ ਦੇ ਤਾਏ-ਤਾਈ ਵੱਲੋਂ ਕੀਤਾ ਗਿਆ।

ਬਚਪਨ ਵਿਚ ਤਾਂ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਕਿ ਸਭ ਕੁਝ ਕੀ ਹੋ ਰਿਹਾ ਹੈ। ਉਸ ਦੀ ਤਾਈ ਹਮੇਸ਼ਾ ਉਸ ਨੂੰ ਆਪਣੇ ਨਾਲ ਘਰ ਦੇ ਕੰਮ ਜਿਵੇਂ ਸਫ਼ਾਈ ਕਰਨ, ਕੱਪੜੇ ਧੋਣ, ਰਸੋਈ ਦੇ ਕੰਮ ’ਚ ਸਾਰਾ ਦਿਨ ਆਪਣੇ ਨਾਲ ਲਾਈ ਰੱਖਦੀ। ਆਪਣੇ ਬੱਚਿਆਂ ਤੋਂ ਚੋਰੀ ਮੇਰੇ ਕੋਲ ਸੱਚੀਂ ਬਣਨ ਲਈ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਅਤੇ ਉਸ ਦੀਆਂ ਹਰ ਸਮੇਂ ਸਿਫ਼ਤਾਂ ਕਰਦੀ ਰਹਿੰਦੀ। ਉਸ ਨਾਲ ਉਸ ਦੀ ਤਾਈ ਹਮੇਸ਼ਾ ਕੁੜੀਆਂ ਵਾਂਗੂੰ ਗੱਲਾਂ ਕਰਦੀ ਰਹਿੰਦੀ ਅਤੇ ਹਰ ਸਮੇਂ ਉਸ ਨਾਲ ਸਹੇਲੀਆਂ ਵਾਂਗੂੰ ਵਰਤਾਅ ਕਰਦੀ। ਉਸ ਦੀ ਕਲਾਸ ਦੇ ਬਹੁਤੇ ਮੁੰਡੇ ਉਸ ਨੂੰ ਕੁੜੀ-ਕੁੜੀ ਕਹਿ ਕੇ ਅਕਸਰ ਛੇੜਦੇ ਰਹਿੰਦੇ। ਉਸ ਮੁੰਡੇ ਨੇ ਦੱਸਿਆ ਕਿ ਮੇਰਾ ਇਹ ਗੱਲਾਂ ਸੁਣ ਕੇ ਪੜ੍ਹਾਈ ਵਿਚ ਬਿਲਕੁਲ ਵੀ ਮਨ ਨਹੀਂ ਸੀ ਲੱਗਦਾ। ਇਸੇ ਕਾਰਨ ਉਹ ਸਕੂਲ ਵਿੱਚੋਂ ਗ਼ੈਰਹਾਜ਼ਰ ਰਹਿਣ ਲੱਗਾ ਅਤੇ ਸਕੂਲ ਤੋਂ ਬਾਹਰ ਪਾਰਕ ਵਿਚ ਸਕੂਲ ਦਾ ਟਾਇਮ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਨਾਲ ਉਸ ਦੀ ਦੋਸਤੀ ਲੋਫ਼ਰ ਕਿਸਮ ਦੇ ਮੁੰਡਿਆਂ ਨਾਲ ਹੋ ਗਈ। ਫਿਰ ਉਸ ਨੇ ਹੌਲੀ-ਹੌਲੀ ਰਾਤਾਂ ਵੀ ਘਰ ਤੋਂ ਬਾਹਰ ਗੁਜ਼ਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂ-ਸ਼ੁਰੂ ’ਚ ਤਾਂ ਉਸ ਦੇ ਤਾਏ ਨੇ ਉਸ ਦਾ ਫ਼ਿਕਰ ਕੀਤਾ। ਬਾਅਦ ’ਚ ਕਦੇ ਵੀ ਉਸ ਬਾਰੇ ਨਹੀਂ ਸੋਚਿਆ। ਉਸ ਨੇ ਕਿਹਾ ਅੱਜ ਉਸ ਨੂੰ ਯਾਦ ਵੀ ਨਹੀਂ ਹੈ ਕਿ ਕਿੰਨੇ ਕੁ ਵਰ੍ਹੇ ਬੀਤ ਗਏ ਉਸ ਨੂੰ ਘਰੇ ਗਏ ਨੂੰ। ਮੇਰੇ ਉਸੇ ਤਾਏ ਦੇ ਲੜਕੇ ਅੱਜ ਮੇਰੇ ਵਾਲੇ ਘਰ ਅਤੇ ਮੇਰੀਆਂ ਫੈਕਟਰੀਆਂ ਦੇ ਖ਼ੁਦ ਆਪ ਮਾਲਕ ਬਣੇ ਹੋਏ ਹਨ।

ਉਸ ਨੇ ਭਰੇ ਮਨ ਨਾਲ ਇਕ ਹੌਕਾ ਜਿਹਾ ਲੈ ਕੇ ਕਿਹਾ ਉਸ ਦੀ ਤਾਈ ਵੱਲੋਂ ਮੇਰੀ ਸਾਰੀ ਪ੍ਰਾਪਰਟੀ ਹੜੱਪਣ ਲਈ ਇਹ ਸਭ ਕੁਝ ਕੀਤਾ ਗਿਆ। ਮੈਨੂੰ ਇਸ ਗੱਲ ਦੀ ਸਮਝ ਉਦੋਂ ਲੱਗੀ ਜਦੋਂ ਉਹ ਆਪਣੀ ਬਰਬਾਦ ਹੋਈ ਜ਼ਿੰਦਗੀ ਇਕ ਮਹੰਤ ਦੇ ਡੇਰੇ ਵਿਚ ਸ਼ਰਨ ਲੈ ਕੇ ਬਤੀਤ ਕਰਨ ਲੱਗਾ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੇ ਘਰ ਗਏ ਨੂੰ ਪਤਾ ਹੀ ਨਹਂੀਂ ਕਿੰਨੇ ਕੁ ਵਰੇ ਹੋ ਗਏ ਹਨ। ਇਸ ਕਿਸਮ ਦੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਦੇ ਸਮੇਂ ਵਿਚ ਕੁੜੀਆਂ ਨਾਲੋਂ ਮੁੰਡਿਆਂ ਦੀ ਰਾਖੀ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ ਤੋਂ ਬਚਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਬੱਚਿਆਂ ਦੇ ਮਾਤਾ ਪਿਤਾ ਨੂੰ ਅੱਜ ਦੇ ਦੌਰ ’ਚ ਕਰਨਾ ਪੈ ਰਿਹਾ ਹੈ। ਪੁਰਾਣੇ ਸਮਿਆਂ ’ਚ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਵਧਾਈ ਲੈਣ ਆਏ ਹਿਜੜੇ ਆਪਣੇ ਲਿੰਗ ਨਾਲ ਸਬੰਧਤ ਵਿਅਕਤੀ ਨੂੰ ਆਪਣੇ ਨਾਲ ਲੈ ਜਾਂਦੇ ਸਨ ਪਰ ਅੱਜ ਕੱਲ੍ਹ ਤਾਂ ਅਖ਼ਬਾਰਾਂ ਟੈਲੀਵਿਜ਼ਨ ਉੱਪਰ ਕਿਸੇ ਵਿਅਕਤੀ ਦਾ ਜ਼ਬਰਦਸਤੀ ਅਪਰੇਸ਼ਨ ਕਰਾ ਕੇ ਹਿਜੜਾ ਬਣਾਉਣ ਵਰਗੀਆਂ ਘਟਨਾਵਾਂ ਸੁਣਨ ਨੂੰ ਮਿਲ ਜਾਂਦੀਆਂ ਹਨ। ਇਸ ਕਰਕੇ ਅੱਜ ਦੇ ਦੌਰ ’ਚ ਬੱਚਿਆਂ ਨੂੰ ਲਿੰਗ ਵਿਰੋਧੀ ਕੰਮਾਂ ’ਚ ਰੁਝਾ ਕੇ ਉਨ੍ਹਾਂ ਦੀ ਰੁਚੀ ਨਹੀਂ ਬਦਲ ਦੇਣੀ ਚਾਹੀਦੀ। ਆਪਣੇ ਬੱਚੇ ਨੂੰ ਸਕੂਲ ਦੇ ਅਧਿਆਪਕਾਂ ਅਤੇ ਵਡੇਰੀ ਉਮਰ ਦੇ ਵਿਅਕਤੀਆਂ ਵੱਲੋਂ ਉਸ ਦੇ ਸਰੀਰਕ ਅੰਗਾਂ ਨੂੰ ਸਹੀ ਭਾਵਨਾ ਨਾਲ ਅਤੇ ਗ਼ਲਤ ਭਾਵਨਾ ਨਾਲ ਛੂਹਣ ਬਾਰੇ ਬੇਝਿਜਕ ਦੱਸਣਾ ਚਾਹੀਦਾ ਹੈ। ਆਪਣੇ ਬੱਚੇ ਉੱਪਰ ਹਮੇਸ਼ਾ ਨਿਗਰਾਨੀ ਰੱਖੋ ਪਾਬੰਦੀ ਨਾ ਲਗਾਓ।

- ਸੁਖਵਿੰਦਰ ਸਿੰਘ ਭਾਦਲਾ

Posted By: Harjinder Sodhi