ਬੱਚੇ ਦਾ ਵਿਕਾਸ ਇਕ ਨਿਰੰਤਰ ਪ੍ਰਕਿਰਿਆ ਹੈ, ਜੋ ਉਸ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜ਼ਿੰਦਗੀ ਦੇ ਪਹਿਲੇ ਕੁਝ ਸਾਲ ਬੱਚਾ ਆਪਣੇ ਪਰਿਵਾਰ ਦੇ ਮੈਂਬਰਾਂ ’ਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। ਪਰਿਵਾਰ ਦਾ ਬੱਚੇ ਦੀ ਜ਼ਿੰਦਗੀ ’ਚ ਅਹਿਮ ਯੋਗਦਾਨ ਹੁੰਦਾ ਹੈ। ਭਾਰਤੀ ਸੱਭਿਆਚਾਰ ਵਿਚ ਪਹਿਲਾਂ ਸਾਂਝੇ ਪਰਿਵਾਰ ਹੰੁਦੇ ਸਨ ਪਰ ਅੱਜ-ਕੱਲ ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰ ਨੇ ਲੈ ਲਈ ਹੈ। ਜਿੰਨਾ ਜ਼ਿਆਦਾ ਅਸੀਂ ਆਪਣੇ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਓਨਾ ਜ਼ਿਆਦਾ ਬੱਚਿਆਂ ਦੇ ਪਾਲਣ-ਪੋਸ਼ਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪਰਿਵਾਰ ਬੱਚਿਆਂ ਵਿਚ ਪਹਿਲਾਂ ਵਾਲੀਆਂ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ’ਚ ਅਸਫਲ ਹੋ ਰਹੇ ਹਨ।

ਜੇ ਸੌਖੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਛੋਟੀ ਇਕਾਈ ਹੰੁਦਾ ਹੈ, ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਬੱਚੇ ਦੇ ਸਮਾਜਿਕ, ਮਾਨਸਿਕ ਤੇ ਸੱਭਿਆਚਾਰਕ ਵਿਕਾਸ ਲਈ ਜ਼ਿੰਮੇਵਾਰ ਹੰੁਦਾ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਚਾਰਲਸ ਕੂਲੇ ਅਨੁਸਾਰ ਪਰਿਵਾਰ ਇਕ ਅਜਿਹਾ ਮੌਲਿਕ ਸਮੂਹ ਹੈ, ਜਿਸ ਨਾਲ ਬੱਚੇ ਦੇ ਸਮਾਜਿਕ ਜੀਵਨ ਤੇ ਆਦਰਸ਼ਾਂ ਦਾ ਨਿਰਮਾਣ ਹੰੁਦਾ ਹੈ। ਪਰਿਵਾਰ ਸ਼ਬਦ ਪਰਿ ਤੇ ਵਾਰ ਤੋਂ ਬਣਿਆ ਹੈ। ਪਰਿ ਦਾ ਅਰਥ ਹੈ ਚਾਰੇ ਪਾਸੇ ਤੇ ਵਾਰ ਭਾਵ ਦਿਨ, ਰੋਸ਼ਨੀ ਆਦਿ। ਪਰਿਵਾਰ, ਜੋ ਆਪਣੇ ਸੱਭਿਆਚਾਰ, ਵਧੀਆ ਵਿਚਾਰਾਂ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਚਾਰੇ ਪਾਸੇ ਫੈਲਾਉਂਦਾ ਹੈ। ਆਓ ਜਾਣਦੇ ਹਾਂ ਇਕ ਪਰਿਵਾਰ ਬੱਚੇ ਦੇ ਸਰਬਪੱਖੀ ਵਿਕਾਸ ’ਚ ਕਿਸ ਤਰ੍ਹਾਂ ਸਹਾਈ ਹੁੰਦਾ ਹੈ।

ਬੌਧਿਕ ਵਿਕਾਸ

ਬੱਚਾ ਬਚਪਨ ਤੋਂ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਕੋਲੋਂ ਵੱਖ-ਵੱਖ ਪ੍ਰਸ਼ਨ ਪੁੱਛਦਾ ਹੈ। ਜੀਵਨ ਦੇ ਪਹਿਲੇ ਕੁਝ ਸਾਲਾਂ ਦੌਰਾਨ ਉਸ ਦਾ ਦਿਮਾਗ਼ ਵੱਧਦਾ ਹੈ ਅਤੇ ਉਸ ਵਿਚ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਜਾਣਨ ਦੀ ਉਤਸੁਕਤਾ ਵੀ ਵੱਧਦੀ ਹੈ। ਇਸ ਲਈ ਉਸ ਦੇ ਬੌਧਿਕ ਵਿਕਾਸ ’ਚ ਸਭ ਤੋਂ ਵੱਧ ਯੋਗਦਾਨ ਪਰਿਵਾਰ ਦਾ ਹੁੰਦਾ ਹੈ।

ਮਨੋਵਿਗਿਆਨਕ ਵਿਕਾਸ

ਬੱਚਾ ਮਾਨਸਿਕ ਰੂਪ ’ਚ ਆਪਣੇ ਮਾਤਾ-ਪਿਤਾ, ਭੈਣ-ਭਰਾ ਅਤੇ ਦਾਦਾ-ਦਾਦੀ ਨਾਲ ਜੁੜਿਆ ਹੁੰਦਾ ਹੈ। ਘਰ ਦੇ ਵਾਤਾਵਰਨ ਦਾ ਉਸ ਦੇ ਮਨ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪਰਿਵਾਰ ’ਚ ਰਹਿੰਦਿਆਂ ਬੱਚਾ ਇਕਾਗਰ ਹੋਣ, ਕਿਸੇ ਚੀਜ਼ ਨੂੰ ਯਾਦ ਰੱਖਣ, ਹਾਲਾਤ ਅਨੁਸਾਰ ਖ਼ੁਦ ਨੂੰ ਢਾਲਣ, ਆਤਮ-ਵਿਸ਼ਵਾਸ ਨਾਲ ਕੰਮ ਕਰਨਾ, ਸਵੈ-ਮਾਣ ਦੀ ਭਾਵਨਾ ਆਦਿ ਸਿੱਖਦਾ ਹੈ ਜੋ ਜੀਵਨ ਭਰ ਉਸ ਦੇ ਕੰਮ ਆਉਂਦੀ ਹੈ।

ਸਮਾਜਿਕ ਭਾਵਨਾ ਦਾ ਵਿਕਾਸ

ਪਰਿਵਾਰ ਬੱਚੇ ਦੀਆਂ ਸਮਾਜਿਕ ਭਾਵਨਾਵਾਂ ਨੂੰ ਬਿਹਤਰ ਬਣਾਉਣ ’ਚ ਸਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਪਰਿਵਾਰ ’ਚ ਰਹਿ ਕੇ ਬੱਚਾ ਗੁਆਂਢੀਆਂ ਨਾਲ ਮੇਲ-ਮਿਲਾਪ ਰੱਖਣਾ, ਦੋਸਤ ਬਣਾਉਣ ਅਤੇ ਦੋਸਤੀ ਲਈ ਕੁਰਬਾਨੀਆਂ ਕਰਨਾ, ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ, ਵਧੀਆ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨਾ ਆਦਿ ਸਿੱਖਦਾ ਹੈ।

ਸਰੀਰਕ ਵਿਕਾਸ

ਸਭ ਤੋਂ ਪਹਿਲਾਂ ਬੱਚੇ ਦਾ ਸਰੀਰਕ ਵਿਕਾਸ ਪਰਿਵਾਰ ’ਚ ਸੰਭਵ ਹੁੰਦਾ ਹੈ। ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿਚ ਬੱਚਾ ਚੱਲਣਾ, ਦੌੜਨਾ, ਬੋਲਣਾ ਆਦਿ ਸਿੱਖਦਾ ਹੈ। ਮਾਂ-ਬਾਪ ਦੀ ਦੇਖ-ਰੇਖ ’ਚ ਵਧੀਆ ਖਾਣ-ਪਾਣ ਦੀਆਂ ਆਦਤਾਂ ਅਪਣਾ ਕੇ ਬੱਚੇ ਦਾ ਵਿਕਾਸ ਹੁੰਦਾ ਹੈ।

ਸੱਭਿਆਚਾਰਕ ਪ੍ਰਭਾਵ

ਵੱਖ-ਵੱਖ ਸਮਾਜਾਂ ’ਚ ਵੱਖ-ਵੱਖ ਸੰਸਕਿ੍ਰਤੀਆਂ ਦੀ ਹੋਂਦ ਹੁੰਦੀ ਹੈ। ਬੱਚੇ ਨੂੰ ਆਪਣੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦੀ ਜਾਣਕਾਰੀ ਪਰਿਵਾਰ ਤੋਂ ਹੀ ਮਿਲਦੀ ਹੈ। ਪਰਿਵਾਰ ’ਚ ਰਹਿ ਕੇ ਬੱਚਾ ਸਾਰੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਦੇਸ਼, ਸੱਭਿਆਚਾਰ ਨਾਲ ਆਪਣੇ ਪਰਿਵਾਰ ਰਾਹੀਂ ਹੀ ਜੁੜਦਾ ਹੈ।

ਪਰਿਵਾਰ ਤੋਂ ਬਿਨਾਂ ਬੱਚੇ ਦੀ ਹੋਂਦ ਨਹੀਂ ਹੈ। ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਕ ਪਰਿਵਾਰ ’ਤੇ ਹੀ ਹੁੰਦੀ ਹੈ। ਜੇ ਇਕ ਚੰਗੇ ਪਰਿਵਾਰ ਵਿਚ ਬੱਚੇ ਦਾ ਪਾਲਣ-ਪੋਸ਼ਣ ਹੁੰਦਾ ਹੈ ਤਾਂ ਉਹ ਆਪਣੇ ਪਰਿਵਾਰ, ਸਮਾਜ, ਦੇਸ਼ ਅਤੇ ਵਿਸ਼ਵ ਲਈ ਇਕ ਵਿਲੱਖਣ ਸ਼ਖ਼ਸੀਅਤ ਦੇ ਰੂਪ ’ਚ ਉੱਭਰਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਜਾਣਕਾਰੀ ਅਤੇ ਉਨ੍ਹਾਂ ਦਾ ਪਾਲਣਾ ਕਰਨਾ ਪਰਿਵਾਰ ਦੀ ਹੋਂਦ ਵਿਚ ਹੀ ਸੰਭਵ ਹੈ। ਪਰਿਵਾਰ ਬੱਚੇ ਨੂੰ ਵਧੀਆ ਇਨਸਾਨ ਬਣਾਉਂਦਾ ਹੈ। ਇਸ ਲਈ ਬੱਚੇ ਦੀ ਸ਼ਖ਼ਸੀਅਤ ’ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ, ਜਿੱਥੇ ਉਹ ਆਪਣੀ ਸਾਰੀ ਉਮਰ ਗੁਜ਼ਾਰਦਾ ਹੈ।

ਭਾਵਨਾਤਮਕ ਵਿਕਾਸ

ਬੱਚਾ ਬਚਪਨ ਤੋਂ ਹੀ ਆਪਣੇ ਮਾਂ-ਬਾਪ ਅਤੇ ਭੈਣ-ਭਰਾ ਨਾਲ ਭਾਵਨਾਤਮਕ ਰੂਪ ਵਿਚ ਜੁੜਿਆ ਹੁੰਦਾ ਹੈ। ਜਦੋਂ ਉਹ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਇਹ ਝੁਕਾਅ ਖਿਡੌਣਿਆਂ ਅਤੇ ਚੀਜ਼ਾਂ ਵੱਲ ਹੋ ਜਾਂਦਾ ਹੈ। ਹੌਲੀ-ਹੌਲੀ ਉਹ ਆਪਣੀਆਂ ਭਾਵਨਾਵਾਂ ਨੂੰ ਨਿਯੰਤਿ੍ਰਤ ਕਰਨਾ ਸਿੱਖਦਾ ਹੈ। ਫਿਰ ਉਹ ਆਪਣੀਆਂ ਚੀਜ਼ਾਂ ਨੂੰ ਆਪਣੇ ਭੈਣ-ਭਰਾ ਅਤੇ ਦੋਸਤਾਂ ਨਾਲ ਵੰਡਣਾ ਸਿੱਖਦਾ ਹੈ। ਪਰਿਵਾਰ ’ਚ ਹੀ ਉਹ ਵੱਖ-ਵੱਖ ਭਾਵਨਾਵਾਂ ਜਿਵੇਂ ਪਿਆਰ, ਗੁੱਸਾ, ਸਹਿਯੋਗ, ਅਨੁਸਾਸ਼ਨ ਆਦਿ ਸਿੱਖਦਾ ਹੈ।

- ਪੂਜਾ ਸ਼ਰਮਾ

Posted By: Harjinder Sodhi