ਸਾਹਿਤ ਸਾ+ਹਿਤ ਦੋ ਸ਼ਬਦਾਂ ਦਾ ਸੁਮੇਲ ਹੈ। ਉਹ ਰਚਨਾ ਜੋ ਸਾਰਿਆਂ ਦੇ ਹਿੱਤ ਨੂੰ ਧਿਆਨ ’ਚ ਰੱਖ ਕੇ ਰਚੀ ਜਾਵੇ, ਉਹੀ ਅਸਲ ਸਾਹਿਤ ਅਖਵਾਉਂਦਾ ਹੈ। ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਹਨ ਗਦ ਤੇ ਪਦ। ਗਦ ਅਧੀਨ ਸਾਡਾ ਵਾਰਤਕ ਸਾਹਿਤ ਹੁੰਦਾ ਹੈ ਤੇ ਪਦ ਅਧੀਨ ਕਵਿਤਾ, ਗਜ਼ਲ, ਰੁਬਾਈ ਆਦਿ ਸ਼ਾਮਲ ਹਨ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ ਸੱਤਿਅਮ, ਸ਼ਿਵਮ, ਸੁੰਦਰਮ ਕਿਹਾ ਗਿਆ ਹੈ। ਸੱਤਿਅਮ ਦਾ ਅਰਥ ਹੈ ਸੱਚ।

ਸ਼ਿਵਮ ਦਾ ਅਰਥ ਹੈ ਕਲਿਆਣਕਾਰੀ ਤੇ ਸੁੰਦਰਮ ਦਾ ਅਰਥ ਹੈ ਸੁੰਦਰ ਤੇ ਸੁਹਜਮਈ। ਬਾਲ ਸਾਹਿਤ ਬਾਲਾਂ ਲਈ ਰਚਿਆ ਜਾਣ ਵਾਲਾ ਸਾਹਿਤ ਹੈ। ਬਾਲ ਸਾਹਿਤ ਦੀ ਰਚਨਾ ਬਾਲਾਂ ਨੂੰ ਹੀ ਧੁਰਾ ਮੰਨ ਕੇ ਕੀਤੀ ਜਾਂਦੀ ਹੈ। ਬਾਲ ਸਾਹਿਤ ਮੁੱਢ ਤੋਂ ਹੀ ਮੌਖਿਕ ਰੂਪ ’ਚ ਚੱਲਦਾ ਰਿਹਾ ਹੈ। ਛਾਪਾਖ਼ਾਨਾ ਆਉਣ ਤੋਂ ਬਾਅਦ ਇਹ ਲਿਖਤੀ ਰੂਪ ’ਚ ਸਾਹਮਣੇ ਆਇਆ ਹੈ।

ਕੀ ਹੰੁਦੀ ਹੈ ਸਾਹਿਤਕ ਰੁਚੀ

ਰੁਚੀ ਦਾ ਅਰਥ ਹੈ ਕਿਸੇ ਚੀਜ਼ ਪ੍ਰਤੀ ਦਿਲਚਸਪੀ ਰੱਖਣਾ। ਹਰ ਇਨਸਾਨ ਦੀਆਂ ਵੱਖਰੀਆਂ-ਵੱਖਰੀਆਂ ਰੁਚੀਆਂ ਹੁੰਦੀਆਂ ਹਨ। ਜੋ ਵਿਅਕਤੀ ਸਾਹਿਤ ਪੜ੍ਹਨ-ਲਿਖਣ ਜਾਂ ਸੁਣਨ ਪ੍ਰਤੀ ਮੋਹ-ਪਿਆਰ ਰੱਖਦਾ ਹੈ, ਇਹ ਉਸ ਦੀ ਸਾਹਿਤਕ ਰੁਚੀ ਅਖਵਾਉਂਦੀ ਹੈ। ਇਹ ਤਿੰਨ ਤਰ੍ਹਾਂ ਦੀਆਂ ਰੁਚੀਆਂ ’ਚੋਂ ਕੋਈ ਇਕ ਵੀ ਹੋ ਸਕਦੀ ਹੈ, ਦੋ ਵੀ ਹੋ ਸਕਦੀਆਂ ਹਨ ਤੇ ਤਿੰਨੋਂ ਵੀ ਹੋ ਸਕਦੀਆਂ ਹਨ।

ਸੋਸ਼ਲ ਮੀਡੀਆ ਨੇ ਬੱਚਿਆਂ ਨੂੰ ਕੀਤਾ ਕਿਤਾਬਾਂ ਤੋਂ ਦੂਰ

ਅਜੋਕੇ ਸਮੇਂ ’ਚ ਸਾਹਿਤਕ ਰੁਚੀਆਂ ਦੀ ਸਥਿਤੀ ਬਹੁਤੀ ਸੰਤੋਖਜਨਕ ਨਹੀਂ ਹੈ। ਸੋਸ਼ਲ ਮੀਡੀਆ ਦੇ ਪਸਾਰ ਨੇ ਬੱਚਿਆਂ ਨੂੰ ਤਾਂ ਕਿਤਾਬਾਂ ਤੋਂ ਦੂਰ ਕੀਤਾ ਹੀ ਹੈ ਸਗੋਂ ਬੱਚਿਆਂ ਨੇ ਆਪਣੇ ਆਪ ਨੂੰ ਵੀ ਸਵੈ-ਕੇਂਦਰਿਤ ਕਰ ਲਿਆ ਹੈ। ਬੱਚੇ ਤਾਂ ਬੱਚੇ ਸਗੋਂ ਬਾਲਗ ਵੀ ਇਸ ਦੀ ਲਪੇਟ ’ਚ ਆ ਰਹੇ ਹਨ ਤੇ ਪਾਠਕਾਂ ਦੀ ਗਿਣਤੀ ਘਟ ਰਹੀ ਹੈ।

ਸੂਝ ਵਿਕਸਤ ਕਰਨ ਵਾਲੇ ਹੋਣ ਵਿਸ਼ੇ

ਬਾਲਾਂ ਸਬੰਧੀ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪ੍ਰਸਿੱਧ ਮਨੋਵਿਗਿਆਨੀ ਫਰਾਇਡ ਅਨੁਸਾਰ ਬੱਚੇ ਦੇ ਮੁੱਢਲੇ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ, ਜਿਸ ਦੇ ਅਧਾਰ ’ਤੇ ਉਸ ਦੀ ਪੂਰੀ ਜ਼ਿੰਦਗੀ ਨਿਰਭਰ ਕਰਦੀ ਹੈ। ਬਾਲ ਸਾਹਿਤ ਦੇ ਵਿਸ਼ੇ ਸੂਝ ਨੂੰ ਵਿਕਸਤ ਕਰਨ ਵਾਲੇ ਹੋਣੇ ਚਾਹੀਦੇ ਹਨ। ਕਲਪਨਾ ਸ਼ਕਤੀ ਨੂੰ ਪ੍ਰਚੰਡ ਕਰਨ ਵਾਲੇ ਹੋਣੇ ਚਾਹੀਦੇ ਹਨ। ਅਜਿਹੇ ਵਿਸ਼ੇ ਚੁਣਨੇ ਚਾਹੀਦੇ ਹਨ, ਜਿਸ ਨਾਲ ਉਸ ਦਾ ਸਰਵਪੱਖੀ ਵਿਕਾਸ ਹੋ ਸਕੇ।

ਨਾ ਵਰਤੀ ਜਾਵੇ ਔਖੀ ਸ਼ਬਦਾਵਲੀ

ਲੇਖਕ ਦੀ ਮਨੋਦਸ਼ਾ ਬਾਲਕਾਂ ਦੀ ਮਨੋਦਸ਼ਾ ਦੇ ਹਾਣ ਦੀ ਹੋਣੀ ਚਾਹੀਦੀ ਹੈ। ਲੇਖਕ ਆਪਣੀਆਂ ਰਚਨਾਵਾਂ ’ਚ ਔਖੀ ਸ਼ਬਦਾਵਲੀ ਨਾ ਵਰਤੇ। ਇਹ ਨਾ ਹੋਵੇ ਕਿ ਲੇਖਕਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਉਨ੍ਹਾਂ ਦੇ ਸਿਰ ਉਪਰੋਂ ਲੰਘ ਜਾਣ। ਜੇ ਔਖੇ ਸ਼ਬਦ ਵਰਤੇ ਜਾਣਗੇ ਤਾਂ ਬੱਚੇ ਦੀ ਸਮਝ ਨਹੀਂ ਪੈਣਗੇ ਤੇ ਉਨ੍ਹਾਂ ਦਾ ਮੋਹ ਕਿਤਾਬਾਂ ਨਾਲ ਨਹੀਂ ਪਵੇਗਾ।

ਵਿੱਦਿਅਕ ਸੰਸਥਾਵਾਂ ਤੇ ਅਧਿਆਪਕਾਂ ਦੀ ਭੂਮਿਕਾ

ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਵਿਭਾਗ ਨੇ ਵੱਡਾ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੋਂ ਸੈਕੰਡਰੀ ਸਕੂਲ ਪੱਧਰ ਤਕ ਲਾਇਬ੍ਰੇਰੀ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਕਿਤਾਬਾਂ ਨਾਲ ਜੁੜ ਸਕਣ ਤੇ ਸਾਹਿਤਕ ਰੁਚੀਆਂ ਪੈਦਾ ਹੋ ਸਕਣ। ਜਿੱਥੋਂ ਤਕ ਅਧਿਆਪਕਾਂ ਦੀ ਭੂਮਿਕਾ ਹੈ, ਉਸ ਦਾ ਪ੍ਰਭਾਵ ਵਿਦਿਆਰਥੀ ਵੱਧ ਕਬੂਲਦੇ ਹਨ। ਜੇ ਅਧਿਆਪਕ ਵੀ ਲੇਖਕ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਕ ਅਧਿਆਪਕ ਬਾਲ ਲੇਖਕ ਵੀ ਪੈਦਾ ਕਰ ਸਕਦਾ ਹੈ। ਸਕੂਲ ’ਚ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਸਕਦੀਆਂ ਹਨ। ਕਿਸੇ ਨਾ ਕਿਸੇ ਲੇਖਕ ਨੂੰ ਬੱਚਿਆਂ ਦੇ ਰੂਬਰੂ ਵੀ ਕਰਵਾਉਣਾ ਚਾਹੀਦਾ ਹੈ। ਸਾਹਿਤਕ ਰੁਚੀ ਦੀ ਕੋਈ ਉਮਰ ਨਹੀਂ ਹੁੰਦੀ।

ਮਾਪਿਆਂ ਦੀ ਜ਼ਿੰਮੇਵਾਰੀ

ਜੇ ਮਾਪੇ ਖ਼ੁਦ ਸਾਹਿਤਕ ਰੁਚੀ ਨਹੀਂ ਰੱਖਦੇ ਤਾਂ ਬੱਚੇ ਨੂੰ ਸਾਹਿਤ ਨਾਲ ਕਿਵੇਂ ਜੋੜ ਸਕਦੇ ਹਨ। ਸਾਡੇ ਘਰਾਂ ’ਚ ਸਕੂਲੀ ਕਿਤਾਬਾਂ ਤੋਂ ਇਲਾਵਾ ਕੋਈ ਹੋਰ ਕਿਤਾਬੀ ਕੋਨਾ ਨਹੀਂ ਹੁੰਦਾ, ਜਿੱਥੇ ਸਿਲੇਬਸ ਤੋਂ ਬਾਹਰੀ ਕਿਤਾਬਾਂ ਸ਼ਾਮਲ ਹੋਣ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਘਰ ’ਚ ਮਿੰਨੀ ਲਾਇਬ੍ਰੇਰੀ ਸਥਾਪਤ ਕਰਨ। ਪੁਸਤਕ ਮੇਲੇ ’ਚ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੀਆਂ ਪਸੰਦ ਦੀਆਂ ਕਿਤਾਬਾਂ ਖ਼ਰੀਦ ਕੇ ਦੇਣ।

ਪ੍ਰੋਗਰਾਮਾਂ ’ਚ ਬੱਚਿਆਂ ਦੀ ਸ਼ਮੂਲੀਅਤ

ਪਹਿਲਾਂ ਸਕੂਲਾਂ ’ਚ ਬਾਲ ਸਭਾਵਾਂ ਲੱਗਦੀਆਂ ਸਨ। ਬੱਚੇ ਆਪਣੀਆਂ ਛੋਟੀਆਂ-ਛੋਟੀਆਂ ਰਚਨਾਵਾਂ ਪੇਸ਼ ਕਰਦੇ ਸਨ ਪਰ ਹੁਣ ਇਹ ਰਿਵਾਜ ਵੀ ਖ਼ਤਮ ਹੋ ਰਿਹਾ ਹੈ। ਕਈ ਵਾਰ ਵਿਦਿਆਰਥੀ ਕੁਝ ਅਜਿਹੀ ਪੇਸ਼ਕਾਰੀ ਕਰਦੇ ਹਨ, ਜਿਸ ਨੂੰ ਸੁਣ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਮਿਕ ਸਮਾਗਮਾਂ ’ਚ ਬੱਚੇ ਸ਼ਬਦ-ਕੀਰਤਨ ਵੀ ਵਧੀਆ ਢੰਗ ਨਾਲ ਕਰਦੇ ਹਨ। ਕਵੀਸ਼ਰੀ ਗਾਉਂਦੇ ਵੀ ਵੇਖੇ ਜਾ ਸਕਦੇ ਹਨ। ਕਿਸਾਨੀ ਸੰਘਰਸ਼ ’ਚ ਵੀ ਕਿਤੇ ਨਾ ਕਿਤੇ ਬੱਚਿਆਂ ਵੱਲੋਂ ਕਵਿਤਾ ਪੇਸ਼ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ’ਚ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਸਮੇਂ ਛੋਟੀਆਂ ਬੱਚੀਆਂ ਸਿੱਖਿਆ ਬੋਲਦੀਆਂ ਸਨ ਪਰ ਇਹ ਰਿਵਾਜ ਵੀ ਬਿਲਕੁਲ ਖ਼ਤਮ ਹੋ ਚੁੱਕਿਆ ਹੈ। ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ, ਉਹ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੀਆਂ ਹਨ। ਉਹ ਸਾਨੂੰ ਚੰਗੇ ਮਾਪਿਆਂ ਵਾਂਗ ਸਿੱਖਿਆ ਦੇਣ ਦਾ ਕੰਮ ਕਰਦੀਆਂ ਹਨ। ਸੋ ਬਾਲਕਾਂ ਤੇ ਬਾਲਗਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ।

ਲੇਖਕਾਂ ਦੀ ਜ਼ਿੰਮੇਵਾਰੀ

ਲੇਖਕਾਂ ਦੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਲੇਖਕ ਬਾਲ ਸਾਹਿਤ ਦੀ ਰਚਨਾ ਵੀ ਵੱਧ ਤੋਂ ਵੱਧ ਕਰਨ, ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕਣ। ਸਾਹਿਤਕਾਰ ਬੌਧਿਕ ਸੋਚ ਵਾਲੇ ਵਿਸ਼ੇ ਦੀ ਚੋਣ ਕਰਨ। ਜਿੰਨ, ਭੂਤ, ਪਰੀਆਂ, ਰਾਖ਼ਸ਼ਾਂ ਆਦਿ ਪਾਤਰਾਂ ਨੂੰ ਤਿਲਾਂਜਲੀ ਦੇਣੀ ਚਾਹੀਦੀ ਹੈ। ਇਨ੍ਹਾਂ ਵਲਗਣਾਂ ਨੂੰ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

ਬਾਲ ਸਾਹਿਤ ਰਚਣ ਦੀ ਸਥਿਤੀ

ਬਾਲ ਸਾਹਿਤ ਹਾਲੇ ਉਸ ਪੱਧਰ ’ਤੇ ਨਹੀਂ ਰਚਿਆ ਜਾ ਰਿਹਾ, ਜਿਸ ਪੱਧਰ ਤਕ ਲਿਖਿਆ ਜਾਣਾ ਚਾਹੀਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਰਚਿਆ ਜਾ ਰਿਹਾ ਹੈ, ਜੋ ਹਾਲੇ ਤਕ ਸ਼ੁੱਭ ਸੰਕੇਤ ਹੈ। ਜੇ ਬਾਲ ਸਾਹਿਤ ਲੇਖਕਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਗਿਣਵੇਂ-ਚੁਣਵੇਂ ਨਾਂ ਸਾਹਮਣੇ ਆਉਂਦੇ ਹਨ, ਜਿਵੇਂ ਡਾ. ਦਰਸ਼ਨ ਸਿੰਘ ਆਸ਼ਟ, ਮੋਹਨ ਸਿੰਘ ਦਾਊਂ, ਸਤਪਾਲ ਭੀਖੀ, ਬਲਜਿੰਦਰ ਮਾਨ ਆਦਿ। ਬਾਲ ਸਾਹਿਤ ਦੀ ਸਿਰਜਣਾ ਕਰਨੀ ਔਖਾ ਕੰਮ ਹੈ। ਇਸ ਦੀ ਰਚਨਾ ਕਰਨ ਲਈ ਸਾਨੂੰ ਬੱਚੇ ਦੇ ਪੱਧਰ ’ਤੇ ਆ ਕੇ ਉਸ ਦੇ ਹਾਣੀ ਬਣਨਾ ਪੈਂਦਾ ਹੈ। ਉਨ੍ਹਾਂ ਦੇ ਪੱਧਰ ਦੀ ਬੋਲੀ ਤੇ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ।

- ਹੀਰਾ ਸਿੰਘ ਤੂਤ

Posted By: Harjinder Sodhi