ਸਾਲਾਨਾ ਪ੍ਰੀਖਿਆਵਾਂ 'ਚ ਹੁਣ ਸਿਰਫ਼ ਤਿੰਨ ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ। ਅਪ੍ਰੈਲ ਤੋਂ ਨਵੰਬਰ ਤਕ ਸਾਰੀਆਂ ਕਲਾਸਾਂ ਦੇ ਅਧਿਆਪਕਾਂ ਨੇ ਪਾਠਕ੍ਰਮ ਖ਼ਤਮ ਕਰ ਕੇ ਦੁਹਰਾਈ ਤੇ ਕਲਾਸ ਟੈਸਟ ਸ਼ੁਰੂ ਕਰ ਦਿੱਤੇ ਹਨ। ਅਧਿਆਪਕ ਤੇ ਮਾਪੇ ਤੁਹਾਨੂੰ ਬੋਰਡ ਪ੍ਰੀਖਿਆਵਾਂ 'ਚੋਂ ਚੰਗੇ ਅੰਕਾਂ ਨਾਲ ਪਾਸ ਦੇਖਣ ਲਈ ਹੁਣ ਤੋਂ ਪੱਬਾਂ ਭਾਰ ਹੋਏ ਹਨ। ਇਹ ਤਦ ਹੀ ਸੰਭਵ ਹੋ ਸਕਦਾ ਹੈ, ਜੇ ਤੁਸੀਂ ਹੁਣ ਤੋਂ ਹੀ ਮਨ ਲਗਾ ਕੇ ਪੜ੍ਹਾਈ ਕਰਨ ਵੱਲ ਪੂਰਾ ਧਿਆਨ ਦੇਵੋਗੇ। ਦਰਅਸਲ ਇਹੀ ਸਮਾਂ ਤੁਹਾਡੇ ਲਈ ਨਿੱਠ ਕੇ ਪੜ੍ਹਨ ਦਾ ਢੁੱਕਵਾਂ ਤੇ ਬੇਸ਼ਕੀਮਤੀ ਹੈ। ਇਸ ਸਮੇਂ ਜੇ ਤੁਸੀਂ ਜ਼ਰਾ ਵੀ ਅਵੇਸਲੇ ਜਾਂ ਪੜ੍ਹਾਈ 'ਚ ਸੁਸਤ ਹੋ ਕੇ ਬੈਠ ਗਏ ਤਾਂ ਪੜ੍ਹਾਈ ਦੇ ਨੁਕਸਾਨ ਦੇ ਨਾਲ-ਨਾਲ ਤੁਹਾਡੀ ਅੰਕਾਂ ਦੀ ਪ੍ਰਤੀਸ਼ਤ 'ਚ ਗਿਰਾਵਟ ਤੇ ਮੈਰਿਟ 'ਚ ਆਉਣ ਲਈ ਲੋੜੀਂਦੇ ਅੰਕਾਂ 'ਚ ਵੀ ਕਮੀ ਹੋ ਸਕਦੀ ਹੈ। ਇਸ ਲਈ ਹੁਣ ਤੋਂ ਹੀ ਸਖ਼ਤ ਮਿਹਨਤ ਕਰ ਕੇ ਸਾਲਾਨਾ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਪ੍ਰਾਪਤ ਕਰਨ ਦਾ ਪੱਕਾ ਨਿਸ਼ਚਾ ਕਰਨਾ ਪਵੇਗਾ।

ਸਫਲਤਾ ਦਾ ਸਾਧਨ ਮਿਹਨਤ

ਸਫਲਤਾ ਕੇਵਲ ਮਿਹਨਤ ਮੰਗਦੀ ਹੈ। ਸਫਲਤਾ ਉੱਦਮ, ਹਿੰਮਤ ਤੇ ਹੌਸਲੇ 'ਚੋਂ ਪੁੰਗਰਦੀ ਹੈ। ਇਸ ਮਿਹਨਤ ਦੇ ਕ੍ਰਿਸ਼ਮੇ ਨਾਲ ਤੁਸੀਂ ਮੈਰਿਟ 'ਚ ਆਉਣ ਦਾ ਸੁਪਨਾ ਸੌਖਿਆਂ ਪੂਰਾ ਕਰ ਸਕਦੇ ਹੋ। ਤੁਹਾਨੂੰ ਪਾਸ ਹੋਣ ਤੇ ਮੈਰਿਟ 'ਚ ਆਉਣ ਦਾ ਸੁਪਨਾ ਸਾਕਾਰ ਕਰਨ ਲਈ ਵੱਖ-ਵੱਖ ਵਿਸ਼ਿਆਂ ਲਈ ਸਹੀ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ। ਸਕੂਲ ਸਮੇਂ ਦੀ ਪੜ੍ਹਾਈ ਤੋਂ ਇਲਾਵਾ ਤੁਸੀਂ ਜਿਨ੍ਹਾਂ ਵਿਸ਼ਿਆਂ 'ਚੋਂ ਕਮਜ਼ੋਰ ਹੋ, ਉਨ੍ਹਾਂ ਦੀ ਚੋਣ ਕਰ ਕੇ ਸਮਾਂ ਸਾਰਣੀ 'ਚ ਵੱਧ ਸਮਾਂ ਦੇਣਾ ਚਾਹੀਦਾ ਹੈ। ਦੂਸਰਾ ਅਜਿਹੇ ਵਿਸ਼ਿਆਂ ਦੇ ਹਰ ਤਰ੍ਹਾਂ ਦੇ ਪ੍ਰਸ਼ਨ-ਉੱਤਰਾਂ ਬਾਰੇ ਆਪਣੇ ਵਿਸ਼ਾ ਅਧਿਆਪਕਾਂ ਪਾਸੋਂ ਬੇਝਿਜਕ ਹੋ ਕੇ ਪੁੱਛੋ।

ਪੜ੍ਹਨ ਲਈ ਢੁੱਕਵਾਂ ਸਮਾਂ

ਪੜ੍ਹਨ ਲਈ ਹਰ ਸਮਾਂ ਢੁੱਕਵਾਂ ਹੈ ਪਰ ਜੇ ਤੜਕੇ ਉੱਠ ਕੇ ਪੜ੍ਹਨ ਨੂੰ ਤਰਜੀਹ ਦਿੱਤੀ ਜਾਵੇ ਤਾਂ ਸ਼ਾਨਦਾਰ ਅੰਕਾਂ ਨਾਲ ਨਤੀਜਾ ਵੀ ਮੈਰਿਟ ਵਾਲਾ ਆ ਸਕਦਾ ਹੈ। ਪੇਪਰਾਂ ਦੀ ਤਿਆਰੀ ਕਰਨ ਦਾ ਲਾਭਕਾਰੀ ਢੰਗ ਹੈ ਔਖੇ ਪ੍ਰਸ਼ਨਾਂ ਦੇ ਉੱਤਰ ਕਾਪੀ 'ਤੇ ਦੁਬਾਰਾ ਲਿਖ-ਲਿਖ ਕੇ ਦੇਖਣਾ। ਇਸ ਨਾਲ ਪ੍ਰੀਖਿਆ ਦੀ ਚਿੰਤਾ ਨਹੀਂ ਰਹੇਗੀ ਤੇ ਆਤਮ-ਵਿਸਵਾਸ਼ ਵੀ ਵਧੇਗਾ। ਜ਼ਿਆਦਾ ਅੰਕਾਂ ਵਾਲੇ ਵੱਡੇ ਜਾਂ ਪ੍ਰਸਤਾਵ ਰੂਪੀ ਪ੍ਰਸ਼ਨਾਂ ਦੀ ਤਿਆਰੀ ਲਈ ਪੁਆਇੰਟ ਵਿਧੀ ਰਾਹੀਂ ਸਾਰੇ ਉੱਤਰਾਂ ਦੀ ਪੁਆਇੰਟਾਂ 'ਚ ਸੰਖੇਪ ਤਰਤੀਬ ਦੇ ਕੇ ਔਖੇ ਅਤੇ ਵੱਡੇ ਪ੍ਰਸ਼ਨ ਯਾਦ ਕੀਤੇ ਜਾ ਸਕਦੇ ਹਨ। ਇਕ-ਇਕ ਅੰਕ ਦੇ ਵਸਤੂ-ਨਿਸ਼ਠ ਪ੍ਰਸ਼ਨਾਂ ਦੇ ਉੱਤਰ ਯਾਦ ਕਰਨ ਲਈ ਪਾਠਾਂ 'ਤੇ ਆਧਾਰਤ ਢੁੱਕਵੇਂ ਤੇ ਮਹੱਤਵਪੂਰਨ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਤੇ ਉੱਤਰਾਂ ਦੀਆਂ ਚਾਰ-ਚਾਰ ਔਪਸ਼ਨਜ਼ ਦੇ ਕੇ ਖ਼ੁਦ ਲਿਖੋ। ਇਸ ਨਾਲ ਬੋਰਡ ਦੇ ਪ੍ਰਸ਼ਨ-ਪੱਤਰ ਦਾ ਨਮੂਨਾ ਸਮਝਣ ਦੇ ਨਾਲ ਇਕ-ਇਕ ਅੰਕਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਵੀ ਆਸਾਨੀ ਨਾਲ ਯਾਦ ਹੋ ਜਾਣਗੇ। ਸਿਆਣੇ ਆਖ਼ਦੇ ਹਨ, 'ਬੂੰਦ-ਬੂੰਦ ਨਾਲ ਘੜਾ ਭਰਦਾ ਹੈ', ਇਸ ਲਈ ਇਕ-ਇਕ, ਅੱਧੇ-ਅੱਧੇ ਨੰਬਰ ਦੇ ਫ਼ਰਕ ਨਾਲ ਹੀ ਪਾਸ-ਫੇਲ੍ਹ, ਫਸਟ-ਸੈਕਿੰਡ ਇੱਥੋਂ ਤਕ ਕਿ ਮੈਰਿਟ ਦੇ ਅੰਕਾਂ 'ਚ ਫ਼ਰਕ ਪੈ ਜਾਂਦਾ ਹੈ।

ਸਮਾਂ ਬਰਬਾਦ ਨਾ ਕਰੋ

ਇਨ੍ਹਾਂ ਦਿਨਾਂ 'ਚ ਮੋਬਾਈਲ, ਇੰਟਰਨੈੱਟ, ਟੈਲੀਵਿਜ਼ਨ, ਦੋਸਤਾਂ ਨਾਲ ਘੁੰਮਣ-ਫਿਰਨ ਤੇ ਖੇਡਣ ਦੇ ਰੁਝਾਨਾਂ 'ਚ ਆਪਣੀ ਪੜ੍ਹਾਈ ਦਾ ਕੀਮਤੀ ਸਮਾਂ ਬਿਲਕੁਲ ਬਰਬਾਦ ਨਾ ਕਰੋ। ਇਨ੍ਹਾਂ ਕੰਮਾਂ ਲਈ ਸਮਾਂ ਤੁਹਾਨੂੰ ਦੁਬਾਰਾ ਵੀ ਮਿਲ ਸਕਦਾ ਹੈ। ਯਾਦ ਰੱਖੋ ਕਿ ਸਮੇਂ ਦੀ ਬਰਬਾਦੀ ਨਾਲ ਕਿਧਰੇ ਤੁਹਾਨੂੰ ਪਛਤਾਉਣਾ ਨਾ ਪਵੇ, ਕਿਉਂਕਿ ਸਿਆਣੇ ਕਹਿੰਦੇ ਹਨ, 'ਫਿਰ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ਼ ਗਈ ਖੇਤ।' ਇਸ ਲਈ ਆਪਣੇ ਦਿਮਾਗ਼ 'ਚ 'ਕੱਲ੍ਹ ਪੜ੍ਹਾਂਗੇ...ਪਰਸੋਂ ਪੜ੍ਹਾਂਗੇ' ਵਰਗੇ ਨਕਾਰਾਤਮਕ ਵਿਚਾਰ ਕਦੇ ਨਾ ਲਿਆਓ। ਵੇਲੇ ਸਿਰ ਪੜ੍ਹਿਆ ਹੀ ਪ੍ਰੀਖਿਆ 'ਚ ਕੰਮ ਆਵੇਗਾ, ਨਹੀਂ ਤਾਂ ਪੇਪਰਾਂ ਦੇ ਨਜ਼ਦੀਕ ਜਾ ਕੇ ਪੜ੍ਹਨ ਨਾਲ ਨਿਰਾਸ਼ਾ ਪੱਲੇ ਪੈ ਸਕਦੀ ਹੈ। ਇਸੇ ਲਈ ਕਿਹਾ ਜਾਂਦਾ ਹੈ, 'ਵੇਲੇ ਦੇ ਰਾਗ, ਕੁਵੇਲੇ ਦੀਆਂ ਟੱਕਰਾਂ।'

ਸ਼ਾਂਤ ਵਾਤਾਵਰਨ 'ਚ ਕਰੋ ਪੜ੍ਹਾਈ

ਪੜ੍ਹਾਈ ਦੇ ਇਸ ਢੁੱਕਵੇਂ ਸਮੇਂ ਦੌਰਾਨ ਸ਼ਾਂਤ ਵਾਤਾਵਰਨ 'ਚ ਪੜ੍ਹਾਈ ਕਰੋ। ਸੌਣ ਤੋਂ ਪਹਿਲਾਂ ਘੱਟੋਂ-ਘੱਟ ਤਿੰਨ ਘੰਟੇ ਰੋਜ਼ਾਨਾ ਜ਼ਰੂਰ ਪੜ੍ਹੋ। ਸਵੇਰੇ ਜਲਦੀ ਉੱਠਣ ਦੀ ਆਦਤ ਨਾਲ ਅਸੀਂ ਆਪਣੀ ਕਿਸਮਤ ਦੇ ਖਿੱਲਰੇ ਹੋਏ ਮੋਤੀ ਇਕੱਠੇ ਕਰ ਸਕਦੇ ਹਾਂ, ਕਿਉਂਕਿ ਵਿਓਂਤਬੰਦੀ ਨਾਲ ਸਾਜਰੇ ਜਲਦੀ ਉੱਠ ਕੇ ਕੀਤੇ ਕੰਮ ਸਦਾ ਸਫਲ ਹੁੰਦੇ ਹਨ। ਇਨ੍ਹਾਂ ਦਿਨਾਂ 'ਚ ਕੀਤੀ ਪੜ੍ਹਾਈ ਤੁਹਾਡੇ ਸਿਰ ਸਫਲਤਾ ਦਾ ਤਾਜ ਪਹਿਨਾ ਸਕਦੀ ਹੈ। ਹਰ ਵਕਤ ਪੜ੍ਹਾਈ ਕਰਨ ਦਾ ਆਪਣੇ ਅੰਦਰ ਚਾਅ ਤੇ ਉਮੰਗ ਰੱਖੋ, ਸਫਲਤਾ ਤੁਹਾਡੇ ਪੈਰ ਆਪ ਚੁੰਮੇਗੀ।

- ਡਾ. ਅਰਮਨਪ੍ਰੀਤ ਸਿੰਘ

98722-31840

Posted By: Harjinder Sodhi