ਹਿਮਾਲਿਆ ਦੀ ਹੋਂਦ ਆਪਣੇ ਆਪ 'ਚ ਇਕ ਮਹਾਨਤਾ ਹੈ। ਇਹ ਕੁਦਰਤ ਵੱਲੋਂ ਸਿਰਜੀ ਗਈ ਅਦੁੱਤੀ ਰਚਨਾ ਹੈ। ਬੱਚਿਓ, ਲੱਦਾਖ ਹਿਮਾਲਿਆ ਦੀ ਗੋਦੀ 'ਚ ਵਸਿਆ ਹੋਇਆ ਭਾਰਤ ਦਾ ਨਵ-ਨਿਰਮਿਤ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹ ਉੱਤਰੀ ਭਾਰਤ 'ਚ ਸਥਿਤ ਅਜਿਹਾ ਸਥਾਨ ਹੈ, ਜੋ ਸੁੰਨਸਾਨ ਸੰਨਾਟਿਆਂ, ਪਥਰੀਲੇ ਰੇਗਿਸਤਾਨਾਂ, ਰੰਗ-ਬਰੰਗੀਆਂ, ਭੂਰੀਆਂ, ਕਾਲ਼ੀਆਂ, ਚੀਨੀ, ਮਟਮੈਲੀ, ਤਾਂਬੇ ਤੇ ਦਾਲਚੀਨੀ ਰੰਗ ਦੀਆਂ ਚੱਟਾਨਾਂ, ਉਚਾਈਆਂ 'ਤੇ ਚਮਕਦੇ ਬਰਫੀਲੇ ਗਲੇਸ਼ੀਅਰਾਂ, ਤੇਜ਼ ਧੁੱਪ ਸੇਕਦੇ ਬੌਧ ਗੋਂਮਪਾ, ਨਿਥਰਾ-ਨਿਰਮਲ ਆਕਾਸ਼, ਬੋਧ ਮੱਠ, ਉਜਲੇ ਪ੍ਰਕਾਸ਼, ਪੀਲੀ-ਰੇਤਲੀ ਜ਼ਮੀਨ, ਦਿਨ ਦੀ ਤੇਜ਼ ਧੁੱਪ, ਰਾਤ ਦੀ ਗਹਿਰੀ ਖਾਮੋਸ਼ੀ ਤੇ ਸਰਦ ਤੂਫ਼ਾਨੀ ਹਵਾਵਾਂ ਤੇ ਲਾਮਯੁਰੂ ਦੀਆਂ ਪ੍ਰਤੀਕਾਤਮਕ ਧੁਨੀਆਂ ਲਈ ਜਾਣਿਆ ਜਾਂਦਾ ਹੈ।

ਅਨੇਕਾਂ ਨਾਵਾਂ ਵਾਲਾ ਪ੍ਰਦੇਸ਼

ਲੱਦਾਖ ਤੋਂ ਭਾਵ ਹੈ-ਪਰਬਤਾਂ ਦਾ ਦੇਸ਼, ਖ਼ੁਸ਼ੀਆਂ ਤੇ ਉਲਾਸ। ਬੱਚਿਓ, ਲੱਦਾਖ ਨੂੰ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਹਿਮਾਲਿਆ ਦੀ ਪੁੰਨਿਆ ਭੂਮੀ, ਬੁੱਧ ਦਾ ਕਮੰਡਲ, ਧਰਤੀ ਦੀ ਛੱਤ, ਲਾਲ ਧਰਤੀ, ਬਰਫ਼ ਦੀ ਧਰਤੀ, ਬੁੱਧ ਥਾਨ ਆਦਿ। ਲੱਦਾਖ ਦੀ ਇਕ ਖ਼ੂਬੀ ਇਹ ਰਹੀ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਪਹਿਲਾਂ (ਸੰਨ 2019 ਤੋਂ ਪਹਿਲਾਂ) ਇਹ ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਰਹਿ ਚੁੱਕਾ ਹੈ। ਲੱਦਾਖ ਸਮੁੰਦਰ ਤਲ ਤੋਂ ਲਗਪਗ 3500 ਮੀਟਰ ਉਚਾਈ 'ਤੇ ਹੈ। ਇਸ ਦੇ ਦੱਖਣ ਵੱਲ ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਕੁੱਲੂ ਖੇਤਰ ਸਥਿਤ ਹਨ। ਲੱਦਾਖ 'ਚ ਪਾਣੀ ਕਿਸੇ ਨਿਆਮਤ ਤੋਂ ਘੱਟ ਨਹੀਂ ਹੈ। ਪਾਣੀ ਦੀ ਕਮੀ ਤੇ ਰੇਤਲੀ ਜ਼ਮੀਨ ਕਾਰਨ ਲੱਦਾਖ 'ਚ ਕੁਦਰਤੀ ਜੰਗਲਾਂ ਦਾ ਪੈਦਾ ਹੋਣਾ ਮੁਸ਼ਕਲ ਹੈ। ਇਸ ਦੇ ਬਾਵਜੂਦ ਅਜਿਹੀ ਸਖ਼ਤ ਸਥਿਤੀ ਦੇ ਇੱਥੇ ਕਾਂ, ਕਾਕੋਲ, ਕਪੋਤ, ਨੀਲਕੰਠ, ਚਿੜੀਆਂ, ਗਰੁੜ, ਬਾਜ਼, ਚੀਲ ਤੇ ਸ਼ਿਕਰੇ ਵਰਗੇ ਪੰਛੀ ਦੇਖਣ ਨੂੰ ਆਮ ਮਿਲ ਜਾਂਦੇ ਹਨ। ਕ੍ਰਿਸ਼ਨ ਗ੍ਰੀਵਾ ਸਾਰਸ (ਬਲੈਕ ਨੈੱਕਡ ਕ੍ਰੇਨ) ਲੱਦਾਖ ਦਾ ਮੁੱਖ ਪੰਛੀ ਹੈ, ਜਿਸ ਨੂੰ ਵਿਸ਼ਵ ਪੱਧਰ 'ਤੇ ਸੰਕਟ ਗ੍ਰਸਤ ਐਲਾਨਿਆ ਗਿਆ ਹੈ।

ਲੱਦਾਖ ਦੀ ਪੈਂਗੌਂਗ ਝੀਲ

ਲੱਦਾਖ ਵਿਚ ਜੰਗਲੀ ਘੋੜੇ, ਯਾਕ, ਹਿਰਨ , ਪਸ਼ਮੀਨਾ ਬੱਕਰੀਆਂ, ਬਰਫ਼ ਵਾਲੇ ਚੀਤੇ, ਲੱਦਾਖੀ ਖੱਚਰਾਂ, ਭੇਡਾਂ ਆਦਿ ਜਾਨਵਰ ਮੁੱਖ ਤੌਰ 'ਤੇ ਪਾਏ ਜਾਂਦੇ ਹਨ। ਇੱਥੋਂ ਦੀਆਂ ਪਥਰੀਲੀਆਂ ਵਿਰਾਨ ਤੇ ਵਿਰਾਟ ਘਾਟੀਆਂ 'ਚ ਤੇਜ਼ ਹਵਾਵਾਂ ਦਾ ਵਹਾਅ ਬਹੁਤ ਜ਼ੋਰ-ਸ਼ੋਰ ਨਾਲ ਹੁੰਦਾ ਹੈ। ਸੇਸੂ ਇੱਥੋਂ ਦਾ ਵਿਸ਼ਵ ਪ੍ਰਸਿੱਧ ਸਮਾਗਮ ਹੈ। ਪੈਂਗੌਂਗ ਝੀਲ, ਜੋ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ, ਇਹ ਝੀਲ ਵੀ ਲੱਦਾਖ 'ਚ ਸਥਿਤ ਹੈ। ਲੱਦਾਖ ਦੀ ਪੈਂਗੋਂਗ ਝੀਲ ਇਕ ਦਿਨ 'ਚ ਪੰਜ ਵਾਰ ਰੰਗ ਬਦਲਦੀ ਹੈ। ਲੱਦਾਖ ਲਗਪਗ ਪੰਜ ਮਹੀਨੇ ਮੌਸਮੀ ਖ਼ਰਾਬੀ ਕਰਕੇ ਪੂਰੇ ਦੇਸ਼ ਨਾਲੋਂ ਕੱਟਿਆ ਰਹਿੰਦਾ ਹੈ। ਇੱਥੋਂ ਦਾ ਮੁੱਖ ਦਰਿਆ ਸਿੰਧ ਹੈ। 1966 ਵਿਚ ਤਿੱਬਤ ਦੇ ਦਲਾਈਲਾਮਾ ਲੱਦਾਖ ਆ ਗਏ ਸਨ। ਬੁੱਧ ਧਰਮ ਦੇ ਅਨੁਯਾਈ ਲੱਦਾਖ ਦੀ ਧਰਤੀ ਨੂੰ ਬੇਹੱਦ ਪਵਿੱਤਰ ਮੰਨਦੇ ਹਨ।

ਵੇਖਣਯੋਗ ਥਾਵਾਂ

ਲੱਦਾਖੀ, ਬਾਲਟੀ, ਉਰਦੂ, ਬੋਧੀ, ਦਾਖੀ, ਡੋਗਰੀ, ਨੇਪਾਲੀ ਆਦਿ ਲੱਦਾਖ ਦੀਆਂ ਭਾਸ਼ਾਵਾਂ ਹਨ। ਇੱਥੇ।ਫਿਆਂਗ ਦਾ ਗਲੇਸ਼ੀਅਰ, ਸਾਕਟੀ, ਹੈਮਿਸ, ਗੋਂਮਪਾ ਦਾ ਬੋਧ ਵਿਹਾਰ, ਬੋਧ ਗੁਫ਼ਾਵਾਂ, ਸੁੰਦਰ ਕਾਰੀਗਰੀ, ਗੁਰਦੁਆਰਾ ਪੱਥਰ ਸਾਹਿਬ, ਪੈਂਗੌਂਗ ਝੀਲ, ਬੋਧ ਮੱਠ, ਲੇਹ ਮਹਿਲ, ਲੇਹ ਮਸਜਿਦ, ਸਟਾਕ ਪੈਲੇਸ ਮਿਊਜ਼ੀਅਮ, ਲੱਦਾਖ ਸ਼ਾਂਤੀ ਸਤੂਪ ਆਦਿ ਵੇਖਣਯੋਗ ਥਾਵਾਂ ਹਨ। ਲੱਦਾਖ ਤੋਂ ਸੂਤੀ ਕੱਪੜਾ, ਰੇਸ਼ਮ ਦੀ ਲੂੰਗੀ, ਸ਼ਾਲ, ਹੱਥ ਨਾਲ ਬੁਣੇ ਕਾਲੀਨ, ਪਸ਼ਮੀਨਾ, ਨੀਲ, ਜੁੱਤੀ, ਸ਼ਹਿਦ, ਗੁੜ, ਕੇਸਰ, ਸ਼ਾਲ-ਦੁਸ਼ਾਲੇ, ਬਨਾਰਸੀ ਜ਼ਰੀ, ਸਾਫੇ ਆਦਿ ਨਿਰਯਾਤ ਕੀਤੇ ਜਾਂਦੇ ਹਨ। ਕਲਿੰਗਾ ਦੇ ਯੁੱਧ ਤੋਂ ਬਾਅਦ ਸਮਰਾਟ ਅਸ਼ੋਕ ਮਹਾਨ ਵੱਲੋਂ ਬੁੱਧ ਧਰਮ ਅਪਣਾ ਲੈਣ ਦੀ ਇਤਿਹਾਸਕ ਘਟਨਾ ਨੂੰ ਲੱਦਾਖ ਵਿਚ ਸਾਲਾਨਾ ਸਮਾਗਮ ਦੇ ਰੂਪ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਲੱਦਾਖ ਉਤਸਵ

ਲੱਦਾਖ ਉਤਸਵ 1 ਤੋਂ 15 ਸਤੰਬਰ ਤਕ ਮਨਾਇਆ ਜਾਂਦਾ ਹੈ। ਲੋਸਰ ਵੀ ਇੱਥੋਂ ਦਾ ਪ੍ਰਸਿੱਧ ਬੋਧੀ ਉਤਸਵ ਹੈ। ਬੱਚਿਓ, ਲੱਦਾਖ ਜਾਣ ਲਈ ਮਈ ਤੋਂ ਸਤੰਬਰ ਤਕ ਦਾ ਸਮਾਂ ਸਹੀ ਹੁੰਦਾ ਹੈ। ਜ਼ਿਆਦਾ ਉਚਾਈ 'ਤੇ ਸਥਿਤ ਹੋਣ ਕਰਕੇ ਇੱਥੇ ਆਕਸੀਜਨ ਦੀ ਕਮੀ ਦਾ ਅਨੁਭਵ ਹੋ ਸਕਦਾ ਹੈ। ਇਸ ਲਈ ਡਾਕਟਰ ਦੇ ਸੁਝਾਅ ਅਨੁਸਾਰ ਜ਼ਰੂਰੀ ਦਵਾਈਆਂ, ਫਸਟ-ਏਡ ਬਾਕਸ, ਅਨੁਭਵੀ ਗਾਈਡ ਨੂੰ ਨਾਲ ਰੱਖਣਾ ਚਾਹੀਦਾ ਹੈ। ਲੱਦਾਖ ਦੇ ਰਸਤੇ ਵੀ ਬਹੁਤ ਖ਼ਤਰਨਾਕ ਹਨ, ਇਸ ਲਈ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ। ।

- ਮਾਸਟਰ ਸੰਜੀਵ ਧਰਮਾਣੀ

94785-61356

Posted By: Harjinder Sodhi