ਅੱਜ ਕੱਲ੍ਹ ਬਾਜ਼ਾਰ ਰੰਗ-ਬਿਰੰਗੇ, ਛੋਟੇ-ਵੱਡੇ ਅਤੇ ਵੱਖੋ-ਵੱਖਰੇ ਆਕਾਰਾਂ ਦੀਆਂ ਪਤੰਗਾਂ ਨਾਲ ਸਜ ਚੁੱਕੇ ਹਨ। ਇਨ੍ਹਾਂ ਵਿਚੋਂ ਤੁਸੀਂ ਵੀ ਆਪਣੇ ਮੁਤਾਬਿਕ ਕੋਈ ਵੀ ਪਤੰਗ ਉਡਾ ਸਕਦੇ ਹੋ ਪਰ ਇਸ ਨੂੰ ਉਡਾਉਣ ਲਈ ਜੇ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਹ ਡੋਰ ਨਾ ਕੇਵਲ ਤੁਹਾਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਸਕਦੀ ਹੈ, ਬਲਕਿ ਤੁਹਾਡੇ ਕਿਸੇ ਆਪਣੇ ਦੀ ਜਾਨ ਵੀ ਲੈ ਸਕਦੀ ਹੈ।

ਅੱਜ-ਕੱਲ੍ਹ ਬਾਜ਼ਾਰ 'ਚ ਚਾਈਨਾ ਦੀਆਂ ਬਣੀਆਂ ਪਤੰਗਾਂ ਤੇ ਡੋਰ ਦੀ ਖ਼ੂਬ ਵਿਕਰੀ ਹੋ ਰਹੀ ਹੈ। ਦਿਸਣ 'ਚ ਆਕਰਸ਼ਕ ਤੇ ਮਜ਼ਬੂਤ ਪਲਾਸਟਿਕ ਦੀ ਇਹ ਡੋਰ ਤੁਹਾਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਸਕਦੀ ਹੈ। ਦਰਅਸਲ, ਆਪਣੀ ਪਤੰਗ ਨੂੰ ਕੱਟਣ ਤੋਂ ਬਚਾਉਣ ਲਈ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਚੀਨ ਦੀ ਬਣੀ ਇਹ ਡੋਰ ਸਿਰਫ਼ ਆਕਾਸ਼ 'ਚ ਉਡਦੇ ਪੰਛੀਆਂ ਨੂੰ ਹੀ ਜ਼ਖ਼ਮੀ ਨਹੀਂ ਕਰਦੀ, ਬਲਕਿ ਤੁਹਾਡੇ ਨਾਜ਼ੁਕ ਹੱਥਾਂ ਨੂੰ ਵੀ ਜ਼ਖ਼ਮੀ ਕਰ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਨਾਲ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਤੋਂ ਬਚਣ ਲਈ ਬੇਹੱਦ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਇਸ ਲਈ ਜ਼ਰੂਰੀ ਹੈ ਕੁਝ ਸਾਵਧਾਨੀਆਂ ਅਪਨਾਉਣ ਦੀ :

- ਬਾਜ਼ਾਰ 'ਚੋਂ ਚਾਈਨਾ ਡੋਰ ਦੀ ਥਾਂ ਰਵਾਇਤੀ ਡੋਰ ਹੀ ਖ਼ਰੀਦੋ। ਇਹ ਬਿਲਕੁਲ ਖ਼ਤਰਨਾਕ ਨਹੀਂ ਹੁੰਦੀ ਤੇ ਨਾ ਹੀ ਇੰਨੀ ਪੱਕੀ ਹੁੰਦੀ ਹੈ ਕਿ ਕਿਸੇ ਪਸ਼ੂ-ਪੰਛੀ ਨੂੰ ਜ਼ਖ਼ਮੀ ਕਰ ਸਕੇ।

- ਜੇ ਘਰ ਜਾਂ ਗਲੀ 'ਚ ਗ਼ਲਤੀ ਨਾਲ ਵੀ ਚਾਈਨਾ ਡੋਰ ਆ ਗਈ ਹੈ ਤਾਂ ਉਸ ਕੋਲੋਂ ਬੱਚਿਆਂ ਅਤੇ ਹੋਰ ਲੋਕਾਂ ਨੂੰ ਦੂਰ ਰੱਖੋ ਤੇ ਚਾਈਨਾ ਡੋਰ ਦੇ ਨੁਕਸਾਨ ਅਤੇ ਖ਼ਤਰਿਆਂ ਤੋਂ ਜਾਣੂ ਕਰਵਾਓ।

- ਪਤੰਗ ਉਡਾਉਂਦੇ ਸਮੇਂ ਸਾਵਧਾਨੀ ਰੱਖੋ। ਆਮ ਡੋਰ 'ਚ ਵੀ ਕਈ ਵਾਰ ਕੱਚ ਦਾ ਮਿਸ਼ਰਣ ਹੁੰਦਾ ਹੈ। ਇਹ ਤੁਹਾਨੂੰ ਜ਼ਖ਼ਮੀ ਕਰ ਸਕਦੀ ਹੈ।

- ਜੇ ਬੱਚੇ ਮਿਲ ਕੇ ਪਤੰਗ ਉਡਾ ਰਹੇ ਹਨ ਤਾਂ ਵੱਡੇ ਇਸ ਗੱਲ ਦਾ ਧਿਆਨ ਰੱਖਣ ਕਿ ਬੱਚੇ ਕਿਸ ਤਰ੍ਹਾਂ ਦੀ ਡੋਰ ਦੀ ਵਰਤੋਂ ਕਰ ਰਹੇ ਹਨ।

- ਸੁਰੱਖਿਅਤ ਥਾਂ 'ਤੇ ਖੜ੍ਹੇ ਹੋ ਕੇ ਪਤੰਗ ਉਡਾਓ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਡੋਰ ਕਿਸੇ ਨੂੰ ਛੂਹ ਨਾ ਸਕੇ। ਇਸ ਨਾਲ ਆਸ-ਪਾਸ ਦੇ ਲੋਕ ਵੀ ਸੁਰੱਖਿਅਤ ਰਹਿਣਗੇ।

- ਪਤੰਗ ਕਿਤੇ ਫਸਣ 'ਤੇ ਡੋਰ ਨੂੰ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਸਬੰਧਤ ਚੀਜ਼ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਤੁਹਾਡੇ ਹੱਥ 'ਤੇ ਵੀ ਸੱਟ ਲੱਗ ਸਕਦੀ ਹੈ।

Posted By: Harjinder Sodhi