ਕਿਸੇ ਜ਼ਮਾਨੇ ਪ੍ਰੋੜ ਸਾਹਿਤਕਾਰ ਬਾਲ ਸਾਹਿਤ ਨੂੰ ਸਾਹਿਤ ਹੀ ਨਹੀਂ ਮੰਨਦੇ ਸਨ। ਜਦੋਂ ਵਿਦੇਸ਼ੀ ਧਰਤੀ ਤੋਂ ਇਸ ਦੀ ਗੂੰਜ ਭਾਰਤ ਤੇ ਫਿਰ ਪੰਜਾਬ ’ਚ ਪੁੱਜੀ ਤਾਂ ਜਾ ਕੇ ਇਸ ਨੂੰ ਮਾਨਤਾ ਮਿਲਣੀ ਸ਼ੁਰੂ ਹੋਈ। ਅੱਜ ਹਰ ਸਾਹਿਤਕਾਰ ਇਹ ਗੱਲ ਮੰਨਦਾ ਹੈ ਕਿ ਬਾਲ ਸਾਹਿਤ ਦੀ ਸਿਰਜਣਾ ਕਰਨੀ ਹਾਰੀਸਾਰੀ ਦਾ ਕੰਮ ਨਹੀਂ। ਇਸ ’ਚ ਸਫਲ ਹੋਣ ਲਈ ਬਾਲ ਮਨੋਵਿਗਿਆਨ ਦੀ ਵਾਕਫ਼ੀਅਤ ਹੋਣੀ ਜ਼ਰੂਰੀ ਹੈ। ਉਨ੍ਹਾਂ ਦੇ ਹਾਣ ਦੀ ਸ਼ਬਦਾਵਲੀ ਤੇ ਵਾਕ ਬਣਤਰ ਬਾਲ ਮਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਹੜਾ ਸਾਹਿਤਕਾਰ ਬੱਚਿਆਂ ਦਾ ਹਾਣੀ ਨਹੀਂ ਬਣਦਾ, ਉਸ ਦੀ ਰਚਨਾ ਬਾਲਾਂ ਨੂੰ ਆਕਰਸ਼ਿਤ ਨਹੀਂ ਕਰਦੀ। ਇਸ ਕਰਕੇ ਅਜੋਕੇ ਸਮੇਂ ’ਚ ਬਾਲ ਸਾਹਿਤ ਦੀ ਸਿਰਜਣਾ ਹੋਰ ਵੀ ਔਖੀ ਹੋ ਗਈ ਹੈ, ਜਦੋਂ ਨੈੱਟ ਨੇ ਸਾਰੀ ਦੁਨੀਆ ਦਾ ਖ਼ਜ਼ਾਨਾ ਉਨ੍ਹਾਂ ਅੱਗੇ ਖੋਲ੍ਹਿਆ ਹੋਇਆ ਹੈ। ਅੱਜ ਦਾ ਬਾਲ ਪਾਠਕ ਬਹੁਤ ਸੂਝਵਾਨ ਹੋ ਗਿਆ ਹੈ। ਉਸ ਦੀ ਜਗਿਆਸਾ ਦਾ ਪੱਧਰ ਉਚੇਰਾ ਹੋ ਗਿਆ ਹੈ। ਉਸ ਦੀ ਤਿ੍ਰਪਤੀ ਵਾਸਤੇ ਬਾਲ ਸਾਹਿਤ ਰਚਨਾ ’ਚ ਗਿਆਨ-ਵਿਗਿਆਨ, ਮਨੋਰੰਜਨ, ਰੋਚਕਤਾ, ਸਰਲਤਾ, ਸੁਭਾਵਿਕਤਾ, ਸੱਭਿਆਚਾਰ, ਇਤਿਹਾਸ, ਵਰਤਮਾਨ ਤੇ ਭਵਿੱਖਮਈ ਗੁਣਾਂ ਦਾ ਹੋਣਾ ਲਾਜ਼ਮੀ ਹੋ ਗਿਆ ਹੈ, ਫਿਰ ਕਿਤੇ ਜਾ ਕੇ ਬੱਚੇ ਉਹ ਪੁਸਤਕ ਜਾਂ ਰਚਨਾ ਨੂੰ ਪੜ੍ਹਦੇ ਹਨ।

ਜੇ ਸਾਲ 2020 ਦੇ ਬਾਲ ਸਾਹਿਤ ’ਤੇ ਝਾਤੀ ਮਾਰੀਏ ਤਾਂ ਸਭ ਤੋਂ ਪਹਿਲਾਂ ਕੋਰੋਨਾ ਸੰਕਟ ਨਾਲ ਨਜਿੱਠਣ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ। 22 ਮਾਰਚ ਤੋਂ ਲੱਗਿਆ ਲਾਕਡਾਊਨ ਸਭ ਨੂੰ ਘਰ ’ਚ ਬੰਦ ਕਰ ਕੇ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਕਾਰਨ ਬਣਦਾ ਹੈ। ਸਾਰਿਆਂ ਨੂੰ ਜਾਨ ਦੀ ਪੈ ਗਈ, ਜਿਸ ’ਚ ਵਾਪਰੀਆਂ ਦੁਖਦਾਇਕ ਘਟਨਾਵਾਂ ਨੇ ਬਾਲ ਮਨ ਨੂੰ ਵਲੂੰਧਰਿਆ। ਇਨ੍ਹਾਂ ਘਟਨਾਵਾਂ ਦਾ ਸਾਹਿਤ ’ਚ ਵਿਸ਼ਾ ਵਸਤੂ ਬਣਨਾ ਸੁਭਾਵਿਕ ਹੀ ਸੀ। ਇਸ ਸਮੇਂ ਦੌਰਾਨ ਸਭ ਤੋਂ ਵੱਧ ਵਰਤੋਂ ਨੈੱਟ ਦੀ ਹੋਣ ਲੱਗੀ। ਸਾਰੀਆਂ ਕਲਾਸਾਂ, ਸਾਹਿਤਕ ਮਹਿਫਲਾਂ ਤੇ ਵਿਚਾਰ-ਵਟਾਂਦਰੇ ਵੀ ਆਨਲਾਈਨ ਆਰੰਭ ਹੋ ਗਏ। ਇਸ ਸਭ ਦੇ ਬਾਵਜੂਦ ਬਾਲ ਸਾਹਿਤ ਜਗਤ ’ਚ ਕਾਰਜਸ਼ੀਲ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਬਾਲ ਮਨ ਨੂੰ ਡੋਲਣ ਨਹੀਂ ਦਿੱਤਾ। ਉਨ੍ਹਾਂ ਦੇ ਹੌਸਲੇ ਦੀ ਬੁਲੰਦੀ ਵਾਸਤੇ ਅਖ਼ਬਾਰਾਂ, ਰਸਾਲੇ ਬਾਲ ਰਚਨਾਵਾਂ ਨੂੰ ਪਹਿਲ ਦਿੰਦੇ ਰਹੇ। ਸਿੱਖਿਆ ਵਿਭਾਗ ਦਾ ਤਾਂ ਸਾਰਾ ਕਾਰਜ ਹੀ ਇਸ ਮਾਧਿਅਮ ਰਾਹੀਂ ਚੱਲਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਉਤਸਵ ਸਬੰਧੀ ਅਨੇਕਾਂ ਪ੍ਰਕਾਰ ਦੇ ਆਨਲਾਈਨ ਮੁਕਾਬਲਿਆਂ ਨੇ ਬਾਲ ਪ੍ਰਤਿਭਾ ਨੂੰ ਖ਼ੂਬ ਨਿਖਾਰਿਆ ਤੇ ਵਿਚਾਰਿਆ। ਗੁਰੂ ਜੀ ਬਾਰੇ ਚਾਰ ਸੌ ਸਵਾਲਾਂ ਤੇ ਜਵਾਬਾਂ ਦੀ ਪੁਸਤਕ ਬਾਲ ਲੇਖਕ ਅਮਨਜੋਤ ਸਿੰਘ ਸਢੌਰਾ ਵੱਲੋਂ ਸਿਰਜੀ ਗਈ।

ਇਸ ਸਾਲ ਵੀ ਬਾਲ ਲੇਖਕਾਂ ਨੇ ਆਪਣੀ ਪ੍ਰਤਿਭਾ ਨੂੰ ਪੁਸਤਕਾਂ ਰਾਹੀਂ ਉਜਾਗਰ ਕਰਨ ਦਾ ਯਤਨ ਜਾਰੀ ਰੱਖਿਆ। ਬੱਚਿਆਂ ਦੁਆਰਾ ਬੱਚਿਆਂ ਵਾਸਤੇ ਪੁਸਤਕਾਂ ਦੀ ਸਿਰਜਣਾ ਕਰਨੀ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਇਸ ’ਚ ਜਸਪ੍ਰੀਤ ਸਿੰਘ ਜਗਰਾਓਂ ਨੇ ਜਿਥੇ ਖ਼ੁਦ ਦੋ ਪੁਸਤਕਾਂ ਸਿਰਜੀਆਂ ਅਤੇ ਦੋ ਅਨੁਵਾਦ ਤੇ ਦੋ ਦੀ ਸੰਪਾਦਨਾ ਕੀਤੀ, ਉਥੇ ਨਵੇਂ ਬਾਲ ਸਾਹਿਤਕਾਰਾਂ ਦੀਆਂ ਪੁਸਤਕਾਂ ਵੀ ਛਾਪੀਆਂ। ਇਨ੍ਹਾਂ ’ਚ ਲੇਖਕ ਤੇ ਚਿੱਤਰਕਾਰ ਸੁਖਮਨ ਸਿੰਘ ਦੀ ਪੁਸਤਕ ‘ਦੁਨੀਆ ਦੇ ਰੰਗ’ ਅਤੇ ‘ਫਰੀਦਾ ਦੀ ਚੂਹੇ ਨਾਲ ਦੋਸਤੀ’ ਜ਼ਿਕਰਯੋਗ ਹਨ। ਤਾਰੇ ਭਲਕ ਦੇ ਪੁਰਸਕਾਰਾਂ ਤੋਂ ਇਲਾਵਾ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਸਿਲਵਰ ਜੁਬਲੀ ਪੁਰਸਕਾਰ 25 ਬਾਲ ਲੇਖਕਾਂ (ਉਮਰ 18 ਸਾਲ ਤੋਂ ਘੱਟ) ਨੂੰ ਪ੍ਰਦਾਨ ਕੀਤੇ ਗਏ। ਬਾਲ ਸਾਹਿਤ ਜਗਤ ਵਿਚ ਪੰਜ ਦਰਜਨ ਦੇ ਕਰੀਬ ਬਾਲ ਪੁਸਤਕਾਂ ਦਾ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਅਵਤਾਰ ਸਿੰਘ ਸੰਧੂ ਦੀਆਂ ਇਸ ਸਾਲ ਵੀ ਦੋ ਪੁਸਤਕਾਂ ‘ਡੱਡੂਆਂ ਦੀ ਬਰਾਤ’ ਅਤੇ ‘ਆਓ ਸਿੱਖੀਏ ਪੰਜਾਬੀ’ ਪਾਠਕਾਂ ਤਕ ਪੁੱਜੀਆਂ।

ਡਾ. ਕੁਲਦੀਪ ਸਿੰਘ ਦੀਪ ਦਾ ਨਾਟਕ ‘ਮੈਂ ਜਲ੍ਹਿਆਂਵਾਲਾ ਬਾਗ਼ ਬੋਲਦਾ ਹਾਂ’ ਅਤੇ ਪ੍ਰੋ. ਰਾਮ ਲਾਲ ਭਗਤ ਦਾ ਨਾਟਕ ਸੰਗ੍ਰਹਿ ‘ਭੰਡਾ ਭੰਡਾਰੀਆ’ ਵੀ ਪਾਠਕਾਂ ਨੇ ਦੋਹੀਂ ਹੱਥੀਂ ਕਬੂਲਿਆ। ਵਿਗਿਆਨਕ ਪੁਸਤਕਾਂ ਵਿਚ ਇਕਬਾਲ ਮੁਹੰਮਦ ਦੀ ਹੈਰਾਨੀਜਨਕ ਤੱਥ ਤੇ ਖੋਜਾਂ, ਜਾਨਵਰਾਂ ਦੀ ਅਜੀਬੋ ਗਰੀਬ ਦੁਨੀਆ, ਡਾ. ਸੋਨੀਆ ਚਹਿਲ ਦੀ ‘ਵਿਗਿਆਨ ਤਰੰਗ’ ਬਾਲ ਮਨਾਂ ਨੂੰ ਤਰਾਸ਼ਣ ਵਿਚ ਸਫਲ ਮੰਨੀ ਗਈ।

ਅਧਿਆਪਕਾਂ ਵਿਚ ਮਨਦੀਪ ਕੌਰ ਰਿੰਪੀ ਨੇ ਆਪਣੀਆਂ ਕਹਾਣੀਆਂ ਤੇ ਕਵਿਤਾਵਾਂ ਨੂੰ ਕਮਾਲ ਦੀਆਂ ਪੇਸ਼ਕਾਰੀਆਂ ਨਾਲ ਨੈੱਟ ’ਤੇ ਪੇਸ਼ ਕਰ ਕੇ ਬਾਲ ਮਨਾਂ ’ਚ ਚੰਗੀ ਥਾਂ ਬਣਾਈ। ਉਮਾ ਕਮਲ ਦੀ ਪਲੇਠੀ ਪੁਸਤਕ ‘ਸੱਚ ਹੋਵਣਗੇ ਸੁਪਨੇ ਮੇਰੇ’ ਨੂੰ ਬੱਚਿਆਂ ਨੇ ਬੜੇ ਚਾਵਾਂ ਨਾਲ ਪੜ੍ਹਿਆ। ‘ਤਾਰੇ ਅੰਬਰ ਦੇ’ ਅਤੇ ‘ਟਿਮਟਿਮ ਤਾਰੇ’ ਨਾਲ ਹੀਰਾ ਸਿੰਘ ਤੂਤ, ‘ਮੌਜ ਮਸਤੀਆਂ’ ਨਾਲ ਜਗਜੀਤ ਸਿੰਘ ਲੱਡਾ, ‘ਕਾਕਾ ਬੱਲੀ’ ਨਾਲ ਅਮਰਪ੍ਰੀਤ ਸਿੰਘ ਝੀਤਾ ਨਰੋਈ ਹਾਜ਼ਰੀ ਲਗਵਾਉਣ ਵਿਚ ਸਫਲ ਰਹੇ। ਹੋਰ ਨਵੇਂ ਬਾਲ ਲੇਖਕਾਂ ਵਿਚ ਰਾਜਵੀਰ ਕੌਰ, ਡਾ. ਰਵੀ ਸ਼ੇਰਗਿੱਲ, ਕੋਮਲਪ੍ਰੀਤ ਕੌਰ, ਬਾਲਪ੍ਰੀਤ ਕੌਰ, ਰੋਹਿਮ ਸੈਣੀ, ਮੋਨਿਕਾ, ਅਮਨਪ੍ਰੀਤ ਕੌਰ ਸੈਣੀ ਆਦਿ ਪੁਸਤਕ ਰੂਪ ਵਿਚ ਪਾਠਕਾਂ ਤਕ ਪੁੱਜੇ। ਚਰਨਜੀਤ ਕਾਤਰਾ ਵੀ ‘ਬੱਚਿਆਂ ਦਾ ਪ੍ਰਣ’ ਨਾਮੀ ਪੁਸਤਕ ਨਾਲ ਹਾਜ਼ਰ ਰਿਹਾ। ਨਰਸਰੀ ਗੀਤਾਂ ਦੀ ਮੇਰੀ ਪੁਸਤਕ ‘ਚੰਦ ਤਕ ਉਡਾਰੀ’ ਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦਿੱਤਾ।

ਇਸ ਸਾਲ ਬਾਲ ਸਾਹਿਤ ਨੂੰ ਸਭ ਤੋਂ ਵੱਡਾ ਘਾਟਾ ਸੁਖਦੇਵ ਮਾਦਪੁਰੀ ਦੇ ਚਲਾਣੇ ਨਾਲ ਪਿਆ, ਜਿਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਸਾਲੇ ਪੰਖੜੀਆਂ ਪ੍ਰਾਇਮਰੀ ਸਿੱਖਿਆ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਜੇ ਬਾਲ ਰਸਾਲਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਕਾਲ ਨੇ ਕਈਆਂ ਦੇ ਦਮ ਘੁੱਟੀ ਰੱਖੇ। ਬੋਰਡ ਦੇ ਉਪਰੋਕਤ ਰਸਾਲਿਆਂ ਤੋਂ ਇਲਾਵਾ ਬਾਲ ਸਾਹਿਤ ਦੇ ਖੇਤਰ ਵਿਚ 25 ਸਾਲ ਤੋਂ ਨਿਰੰਤਰ ਛਪਣ ਵਾਲਾ ਇੱਕੋ ਇਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੀ ਹੈ, ਜਿਸ ਨੇ ਨੈਤਿਕ ਕਦਰਾਂ-ਕੀਮਤਾਂ ਵਰਗੇ ਵਿਸ਼ੇਸ਼ ਅੰਕਾਂ ਨਾਲ ਬਾਲ ਜੀਵਨ ਨੂੰ ਨਿਖਾਰਿਆ। ਪਕਿਸਤਾਨ ਤੋਂ ਸ਼ਾਹਮੁਖੀ ਲਿੱਪੀ ਵਿਚ ਅਸ਼ਰਫ ਸੁਹੇਲ ਦੀ ਸੰਪਾਦਨਾ ਹੇਠ ਛਪਣ ਵਾਲਾ ਰਸਾਲਾ ਪੰਖੇਰੂ ਵਿਸ਼ੇਸ਼ ਅੰਕਾਂ ਨਾਲ ਚਰਚਿਤ ਰਿਹਾ। ਦਿੱਲੀ ਤੋਂ ਹੰਸਤੀ ਦੁਨੀਆ ਨਿਰੰਤਰ ਪਾਠਕਾਂ ਦੇ ਹੱਥਾਂ ਵਿਚ ਪੱੁਜਿਆ। ਪੁਸਤਕ ਲੜੀ ਵਿਚ ਛਪਦੇ ਰਸਾਲੇ ਤਨੀਸ਼ਾ-ਸਾਬੀ ਈਸਪੁਰੀ, ਆੜੀ-ਪ੍ਰੇਮ ਸਰੂਪ ਛਾਜਲੀ ਵੀ ਆਪਣੀ ਤੋਰੇ ਤੁਰਦੇ ਰਹੇ। ਭਾਸ਼ਾ ਵਿਭਾਗ ਪੰਜਾਬ ਨੇ ਇਸ ਸਾਲ ਪਿਛਲੇ ਛੇ ਸਾਲਾਂ ਦੇ ਸਾਹਿਤ ਰਤਨ ਤੇ ਸ਼੍ਰੋਮਣੀ ਬਾਲ ਸਾਹਿਤਕਾਰਾਂ ਦੀ ਵੀ ਚੋਣ ਕਰ ਲਈ, ਜਿਸ ’ਚ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ 2015 ਲਈ ਅਵਤਾਰ ਸਿੰਘ ਦੀਪਕ, 2016 ਲਈ ਹਰਬੰਸ ਸਿੰਘ ਚਾਵਲਾ, 2017 ਲਈ ਕਰਨੈਲ ਸਿੰਘ ਸੋਮਲ, 2018 ਲਈ ਕੁਲਬੀਰ ਸਿੰਘ ਸੂਰੀ, 2019 ਲਈ ਤੇਜਿੰਦਰ ਹਰਜੀਤ ਤੇ 2020 ਲਈ ਬਲਜਿੰਦਰ ਮਾਨ ਨੂੰ ਚੁਣਿਆ।

ਨਵੇਂ ਵਿਦਿਆਰਥੀ ਲੇਖਕਾਂ ਦੀ ਆਮਦ ਸ਼ੁੱਭ ਸ਼ਗਨ ਵਾਲੀ ਗੱਲ ਹੈ। ਬਾਲ ਕਵਿਤਾ ਤੇ ਕਹਾਣੀ ਬਹੁਤ ਲਿਖੀ ਜਾ ਰਹੀ ਹੈ। ਬਾਲ ਨਾਟਕ ਤੇ ਨਾਵਲ ’ਤੇ ਵਿਸ਼ੇਸ਼ ਕਾਰਜ ਕਰਨ ਦੀ ਜ਼ਰੂਰਤ ਹੈ। ਅਜੋਕੇ ਸਾਹਿਤਕਾਰਾਂ ਨੂੰ ਤਕਨੀਕੀ ਯੁੱਗ ਨਾਲ ਪੈਰ ਮਿਲਾ ਕੇ ਚੱਲਣ ਲਈ ਖ਼ਾਸ ਵਿਧੀਆਂ ਇਜ਼ਾਦ ਕਰਨ ਦੀ ਲੋੜ ਹੈ। ਬਾਲ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕਮਲਜੀਤ ਨੀਲੋਂ ਵਰਗੇ ਕਲਾਕਾਰ ਤੇ ਡਾ. ਰਮਾ ਰਤਨ ਵਰਗੇ ਸਾਹਿਤਕਾਰਾਂ ਵੱਲੋਂ ਮੁੜ ਬਾਲ ਪ੍ਰੀਤ ਮਿਲਣੀ ਕਾਫ਼ਲੇ ਨੂੰ ਆਰੰਭ ਕਰਨਾ ਲੋੜੀਂਦਾ ਹੈ। ਬਾਲ ਸਾਹਿਤ ਅਕਾਦਮੀ ਦੀ ਸਥਾਪਨਾ ਨਾਲ ਬਾਲ ਸਾਹਿਤ ਦੇ ਕਈ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ।

ਬੱਚਿਆਂ ਨੂੰ ਅੱਜ ਬੱਚੇ ਸਮਝਣਾ ਬਹੁਤ ਵੱਡੀ ਭੁੱਲ ਹੈ। ਉਹ ਸਾਡਾ ਭਵਿੱਖ ਹੀ ਨਹੀਂ ਸਗੋਂ ਬਹੁਤ ਮਸਲਿਆਂ ’ਚ ਰਾਹ ਦਸੇਰੇ ਵੀ ਬਣ ਰਹੇ ਹਨ। ਸ਼ਾਲਾ! ਬੱਚਿਆਂ ਦੀਆਂ ਕਿਲਕਾਰੀਆਂ ਭਵਿੱਖ ਵਿਚ ਵੀ ਮੰਚਾਂ ਅਤੇ ਪੁਸਤਕਾਂ ਰਾਹੀਂ ਗੂੰਜਦੀਆਂ ਰਹਿਣ।

- ਬਲਜਿੰਦਰ ਮਾਨ

Posted By: Harjinder Sodhi