ਇਹ ਤੱਥ ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਦੀ ਸਿੱਖਣ ਪ੍ਰਕਿਰਿਆ ਤਾਂ ਗਰਭ ਅਵਸਥਾ ’ਚ ਹੀ ਸ਼ੁਰੂ ਹੋ ਜਾਂਦੀ ਹੈ। ਰਹੀ ਗੱਲ ਬੱਚੇ ਦੀ ਪੜ੍ਹਨ ਦੀ, ਜਿਉਂ-ਜਿਉਂ ਬੱਚਾ ਹੋਸ਼ ਸੰਭਾਲਦਾ ਹੈ, ਉਹ ਆਪਣੇ ਆਲੇ-ਦੁਆਲੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਉਹ ਬੋਲਣ ਦੇ ਕਾਬਿਲ ਨਾ ਹੋਣ ਕਰਕੇ ਜੋ ਪੜ੍ਹਦਾ ਹੈ, ਉਸ ਬਾਰੇ ਦੱਸ ਨਹੀਂ ਸਕਦਾ ਪਰ ਜਦੋਂ ਉਹ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਉਹ ਆਪਣੇ ਅਨੁਭਵਾਂ ਨੂੰ ਰੋ ਕੇ, ਹੱਸ ਕੇ ਜਾਂ ਰੁੱਸ ਕੇ ਜ਼ਾਹਿਰ ਕਰਦਾ ਹੈ। ਜਦੋਂ ਬੱਚਾ ਇਹ ਕਾਰਵਾਈ ਸ਼ੁਰੂ ਕਰਦਾ ਹੈ ਤਾਂ ਪੜ੍ਹਾਈ ਦਾ ਪਹਿਲਾ ਪਾਠ ਆਰੰਭਿਆ ਜਾਂਦਾ ਹੈ। ਹੁਣ ਗੱਲ ਚੱਲਦੀ ਹੈ ਬੋਲਣ ਵਾਲੇ ਬੱਚਿਆਂ ਦੀ, ਜੋ ਆਪਣੇ ਮਾਪਿਆਂ ਤੇ ਆਪਣੇ ਸੰਗੀ-ਸਾਥੀਆਂ ਨਾਲ ਤੋਤਲੀ ਆਵਾਜ਼ ’ਚ ਗੱਲ ਕਰਦੇ ਹਨ। ਉਨ੍ਹਾਂ ’ਚ ਹੋਰ ਜਾਣਨ ਦੀ ਇੱਛਾ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ, ਜੋ ਹਰ ਸਮੇਂ ਲਗਾਈ ਰੱਖਦੇ ਹਨ। ਉਹ ਹਰ ਗੱਲ ਬਾਰੇ ਪੁੱਛਦੇ ਰਹਿੰਦੇ ਹਨ ਇਹ ਕੀ ਹੈ, ਉਹ ਕੀ ਹੈ, ਕੌਣ ਹੈ ਤੇ ਕਿਉਂ ਹੈ? ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਮਾਪਿਆਂ ਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਜੇ ਅਸੀਂ ਉਨ੍ਹਾਂ ਦੀਆਂ ਗੱਲਾਂ ਦੇ ਹੁੰਗਾਰੇ ਨਹੀਂ ਭਰਦੇ ਤਾਂ ਉਨ੍ਹਾਂ ਦੀ ਜਗਿਆਸਾ ਸ਼ਾਂਤ ਨਹੀਂ ਹੁੰਦੀ।

ਰੰਗਦਾਰ ਚਿੱਤਰਾਂ ਵਾਲੀਆਂ ਪੁਸਤਕਾਂ

ਜਦੋਂ ਅਸੀਂ ਤਿੰਨ-ਚਾਰ ਸਾਲ ਦੇ ਬੱਚੇ ਨੂੰ ਕੋਈ ਚਿੱਤਰ ਦਿਖਾਉਂਦੇ ਹਾਂ ਤਾਂ ਉਹ ਆਪ-ਮੁਹਾਰੇ ਹੀ ਉਸ ਬਾਰੇ ਸਵਾਲ ਕਰਦਾ ਹੈ। ਜਦੋਂ ਅਸੀਂ ਉਸ ਚਿੱਤਰ ਬਾਰੇ ਕੋਈ ਛੋਟੀ ਜਿਹੀ ਕਹਾਣੀ ਜਾਂ ਕਵਿਤਾ ਸੁਣਾ ਦਿੰਦੇ ਹਾਂ ਤਾਂ ਉਹ ਅਗਲੇ ਵਰਕੇ ’ਤੇ ਛਪੇ ਚਿੱਤਰ ਬਾਰੇ ਸਵਾਲ ਕਰ ਦਿੰਦਾ ਹੈ। ਇੰਝ ਉਸ ਅੰਦਰ ਇਨ੍ਹਾਂ ਚਿੱਤਰਾਂ ਬਾਰੇ ਕਹਾਣੀਆਂ ਸੁਣਨ ਦੀ ਆਦਤ ਪੈ ਜਾਂਦੀ ਹੈ। ਫਿਰ ਜਦੋਂ ਉਹ ਸਕੂਲ ਜਾਣ ਲੱਗ ਪੈਂਦਾ ਹੈ ਤਾਂ ਹਰ ਅੱਖਰ ਨਾਲ ਇਕ ਸ਼ਬਦ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਇੱਛਾ ਹੁੰਦੀ ਹੈ ਕਿ ਇਨ੍ਹਾਂ ਸ਼ਬਦਾਂ ਨਾਲ ਸਬੰਧਤ ਹਾਥੀ ਘੋੜਿਆਂ ਦੀਆਂ ਕਹਾਣੀਆਂ ਸੁਣਾਈਆਂ ਜਾਣ। ਉਹ ਕੋਸ਼ਿਸ਼ ਕਰਦਾ ਹੈ ਕਿ ਚਿੱਤਰ ਨਾਲ ਛਪੀ ਇਬਾਰਤ ਨੂੰ ਉਹ ਖ਼ੁਦ ਪੜ੍ਹ ਸਕੇ। ਇਸ ਤਰ੍ਹਾਂ ਪੰਛੀਆਂ ਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਪੁਸਤਕਾਂ ਨੇ ਨਰਸਰੀ ਦੇ ਬੱਚੇ ਨੂੰ ਪੜ੍ਹਨ ਲਈ ਪ੍ਰੇਰਿਤ ਕਰ ਦਿੱਤਾ। ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਦੀ ਇਹ ਸਮੱਸਿਆ ਹੈ ਕਿ ਉਨ੍ਹਾਂ ਵਿੱਚੋਂ ਕਰੀਬ ਅੱਧੇ ਬੱਚੇ ਸਹੀ ਢੰਗ ਨਾਲ ਪੰਜਾਬੀ ਪੜ੍ਹਨ ਦੇ ਯੋਗ ਨਹੀਂ ਹੁੰਦੇ। ਜੇ ਉਹ ਸਹੀ ਢੰਗ ਨਾਲ ਨਹੀ ਪੜ੍ਹ ਪਾਉਂਦੇ ਤਾਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਰਸ ਕਿਵੇਂ ਨਸੀਬ ਹੋ ਸਕਦਾ ਹੈ? ਜਿਹੜੇ ਪੰਜਾਬੀ ਪੜ੍ਹ ਸਕਦੇ ਹਨ, ਉਨ੍ਹਾਂ ਅੱਗੇ ਅਸੀਂ ਉਨ੍ਹਾਂ ਦੇ ਹਾਣ ਦੀਆਂ ਪੁਸਤਕਾਂ ਤੇ ਰਸਾਲੇ ਨਹੀਂ ਪਰੋਸਦੇ।

ਸਿੱਖਿਆ ਵਿਭਾਗ ਦੇ ਸ਼ਲਾਘਾਯੋਗ ਉਪਰਾਲੇ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੜੀ ਤੀਬਰ ਰੁਚੀ ਨਾਲ ਕਾਰਜ ਕੀਤਾ ਜਾ ਰਿਹਾ ਹੈ। ਅਧਿਆਪਕ ਸਾਹਿਤਕਾਰਾਂ/ਕਲਾਕਾਰਾਂ ਦਾ ਮਾਣ-ਸਨਮਾਨ ਕਰ ਕੇ ਸਾਹਿਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਅੰਦਰ ਨਰੋਈਆਂ ਕਦਰਾਂ-ਕੀਮਤਾਂ ਦਾ ਸੰਚਾਰ ਹੋ ਰਿਹਾ ਹੈ। ਇਸ ਵਿਚ ਬਾਲ ਸਾਹਿਤ ਦੀ ਮਹਾਨਤਾ ਨੂੰ ਪਛਾਣਦਿਆਂ ਵਧੀਆ ਪੁਸਤਕਾਂ ਤੇ ਬਾਲ ਰਸਾਲੇ ਵੀ ਮੁਹੱਈਆ ਕੀਤੇ ਗਏ ਹਨ, ਜਿਸ ਨਾਲ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਇਸ ਵਿਸ਼ੇ ’ਤੇ ਚੋਖਾ ਗਿਆਨ ਮਿਲ ਰਿਹਾ ਹੈ। ਅਸਲ ’ਚ ਪੜ੍ਹਨ ਦੀ ਰੁਚੀ ਮਾਪਿਆਂ ਤੇ ਅਧਿਆਪਕਾਂ ਵਿਚ ਨਹੀਂ ਰਹੀ। ਬੱਚਿਆਂ ਨੇ ਤਾਂ ਇਨ੍ਹਾਂ ਦੋਨਾਂ ਤੋਂ ਹੀ ਪ੍ਰੇਰਿਤ ਹੋਣਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਮਾਪਿਆਂ ਤੇ ਅਧਿਆਪਕਾਂ ਨੂੰ ਮਾਹੌਲ ਦੀ ਸਿਰਜਣਾ ਲਈ ਘਰ ’ਚ ਵਧੀਆ ਪੁਸਤਕਾਂ ਦਾ ਭੰਡਾਰ ਰੱਖਣਾ ਹੋਵੇਗਾ, ਜਿਸ ਨਾਲ ਬੱਚਾ ਇਸ ਭੰਡਾਰ ਵਿੱਚੋਂ ਕੁਝ ਨਾ ਕੁਝ ਹਾਸਿਲ ਕਰ ਸਕੇ। ਕਿਸ ਬੱਚੇ ਲਈ ਕਿਹੜੀ ਪੁਸਤਕ ਲਾਭਕਾਰੀ ਹੈ, ਇਹ ਗੱਲ ਵੀ ਮਾਪੇ ਤੇ ਅਧਿਆਪਕ ਨੇ ਦੱਸਣੀ ਹੈ। ਇਸ ਚੋਣ ਵਿਚ ਉਮਰ ਗੁੱਟ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ। ਜਿਵੇਂ ਅਸੀਂ ਨਰਸਰੀ, ਪ੍ਰਾਇਮਰੀ ਤੇ ਸੈਕੰਡਰੀ ਤਿੰਨ ਵਰਗਾਂ ਵਿਚ ਇਸ ਵਿਸ਼ੇ ਦਾ ਅਧਿਐਨ ਕਰ ਰਹੇ ਹਾਂ। ਆਪਣੀ ਸੁਵਿਧਾ ਅਨੁਸਾਰ ਇਹ ਵਰਗ ਵੰਡ ਹੋਰ ਵੀ ਡੂੰਘੀ ਕੀਤੀ ਜਾ ਸਕਦੀ ਹੈ, ਜਿਵੇਂਗਿਆਰਵੀਂ, ਬਾਰ੍ਹਵੀਂ ਦੇ ਬੱਚਿਆਂ ਦਾ ਅਲੱਗ ਗਰੁੱਪ ਬਣਾਇਆ ਜਾ ਸਕਦਾ ਹੈ। ਫਿਰ ਉਨ੍ਹਾਂ ਦੀਆਂ ਲੋੜਾ ਥੁੜ੍ਹਾਂ ਅਨੁਸਾਰ ਪੁਸਤਕਾਂ ਦੀ ਚੋਣ ਕੀਤੀ ਜਾ ਸਕਦੀ ਹੈ।

ਅਧਿਆਪਕਾਂ ਤੇ ਮਾਪਿਆਂ ਦੀ ਭੂਮਿਕਾ

ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ’ਚ ਅਧਿਆਪਕ ਤੇ ਮਾਪੇ ਅਹਿਮ ਭੂਮਿਕਾ ਅਦਾ ਕਰਦੇ ਹਨ। ਜੇ ਅਸੀਂ ਆਪਣੇ ਘਰੇਲੂ ਬਜਟ ਵਿਚ ਬਾਲ ਪੁਸਤਕਾਂ ਲਈ ਥਾਂ ਰੱਖੀਏ ਤਾਂ ਬੱਚੇ ਘਰ ਵਿਚ ਹੀ ਇਨ੍ਹਾਂ ਨਾਲ ਜੁੜ ਸਕਦੇ ਹਨ। ਜਦੋਂ ਸਕੂਲ ਦੀ ਲਾਇਬ੍ਰੇਰੀ ਦੇ ਦਰਵਾਜ਼ੇ ਬੰਦ ਦਿਖਾਈ ਦਿੰਦੇ ਹਨ ਤਾਂ ਇਹ ਰੁਚੀ ਕਿਵੇਂ ਪੈਦਾ ਹੋ ਸਕੇਗੀ। ਪੰਜਾਬ ਦੇ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵੀ ਨਹੀਂ ਖੁੱਲ੍ਹਦੀਆਂ। ਜੇ ਥੋੜ੍ਹੇ-ਬਹੁਤ ਸਕੂਲਾਂ ਦੀਆਂ ਲਾਇਬ੍ਰੇਰੀਆਂ ਖੁੱਲ੍ਹਦੀਆਂ ਵੀ ਹਨ ਤਾਂ ਉਨ੍ਹਾਂ ’ਚ ਬਾਲ ਰਸਾਲਿਆਂ ਦੀ ਘਾਟ ਰੜਕਦੀ ਰਹਿੰਦੀ ਹੈ। ਬਾਲ ਸਾਹਿਤ ਪੜ੍ਹਨ ਨਾਲ ਸ਼ਖ਼ਸੀਅਤ ’ਚ ਨਿਖਾਰ ਆਉਂਦਾ ਹੈ।

ਜਿਹੜੇ ਬੱਚੇ ਬਾਲ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦੀ ਸੋਚਣ ਸ਼ਕਤੀ ਬਾਕੀਆਂ ਨਾਲੋਂ ਕਿਤੇ ਅੱਗੇ ਨਿਕਲ ਜਾਂਦੀ ਹੈ। ਉਹ ਨੈਤਿਕ ਕਦਰਾਂ-ਕੀਮਤਾਂ ਨਾਲ ਅਪਣੀ ਸ਼ਖ਼ਸੀਅਤ ਦਾ ਇੰਨਾ ਵਿਕਾਸ ਕਰ ਜਾਂਦੇ ਹਨ ਕਿ ਉਹ ਹਰ ਖੇਤਰ ’ਚ ਡੂੰਘੀਆਂ ਪੈੜਾਂ ਪਾਉਂਦੇ ਹਨ। ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਨਰੋਏ ਤੇ ਉਨ੍ਹਾਂ ਦੀ ਉਮਰ ਗੁੱਟ ਅਨੁਸਾਰ ਛਪੀਆਂ ਪੁਸਤਕਾਂ ਤੇ ਬਾਲ ਰਸਾਲਿਆਂ ਦੁਆਰਾ ਪੈਦਾ ਕੀਤੀ ਜਾ ਸਕਦੀ ਹੈ।

ਸਾਰਥਿਕ ਉਪਰਾਲਾ ਹੈ ਪੁਸਤਕ ਲੰਗਰ

ਬੱਚੇ ਦੀ ਸੱਚੀ-ਸੁੱਚੀ ਤੇ ਮਜ਼ਬੂਤ ਬੁਨਿਆਦ ਬੰਨ੍ਹਣ ਲਈ ਬਾਲ ਸਾਹਿਤ ਸੰਤੁਲਿਤ ਭੋਜਨ ਵਾਂਗ ਲੋੜੀਂਦਾ ਹੈ। ਇਸ ਲਈ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਪ੍ਰਾਇਮਰੀ ਪੱਧਰ ਤੋਂ ਹੀ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਰੋਚਕ ਕਹਾਣੀਆਂ ਜਿੱਥੇ ਉਨ੍ਹਾਂ ਅੰਦਰ ਆਦਰਸ਼ ਇਨਸਾਨ ਪੈਦਾ ਕਰਨਗੀਆਂ, ਉੱਥੇ ਉਨ੍ਹਾਂ ਅੰਦਰ ਮੁਕਾਬਲੇ ਦੇ ਯੱੁਗ ਦਾ ਹਾਣੀ ਬਣਨ ਦੀ ਕਲਾ ਵੀ ਉਪਜਾਉਣਗੀਆਂ। ਸਿੱਖਿਆ ਵਿਭਾਗ ਪੰਜਾਬ ਵੱਲੋਂ 2019-20 ’ਚ ਸ਼ੁਰੂ ਕੀਤਾ ਪੁਸਤਕ ਲੰਗਰ ਇਸ ਪਾਸੇ ਬੜਾ ਗੁਣਕਾਰੀ ਤੇ ਸਾਰਥਿਕ ਉਪਰਾਲਾ ਹੈ।

ਬੱਚਿਆਂ ਲਈ ਖੋਲ੍ਹੇ ਜਾਣ ਪੁਸਤਕ ਭੰਡਾਰ

ਸਾਡੀ ਮਾਂ ਬੋਲੀ ਨੂੰ ਰੁਜ਼ਗਾਰ ਤੇ ਅਦਾਲਤੀ ਭਾਸ਼ਾ ਬਣਾ ਕੇ ਹੋਰ ਅਮੀਰ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚੋਂ ਛਪਦੇ ਪੰਜਾਬੀ ਬਾਲ ਰਸਾਲੇ ਹਰ ਸਕੂਲ ’ਚ ਪਹੁੰਚਣ। ਇਸ ਕਾਰਜ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਤੇ ਭਾਸ਼ਾ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਦਿੱਲੀ ਵਰਗੀਆਂ ਸੰਸਥਾਵਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਹਰ ਸਕੂਲ ਵਿਚ ਲਾਇਬ੍ਰੇਰੀਅਨ ਲਗਾ ਕੇ ਬੱਚਿਆਂ ਲਈ ਪੁਸਤਕ ਭੰਡਾਰ ਖੋਲ੍ਹੇ ਜਾਣ। ਸਕੂਲਾਂ ਦੇ ਟਾਈਮ ਟੇਬਲ ’ਚ ਰੋਜ਼ਾਨਾ ਇਕ ਪੀਰੀਅਡ ਲਾਇਬ੍ਰੇਰੀ ਵਾਸਤੇ ਵੀ ਸ਼ਾਮਿਲ ਕੀਤਾ ਜਾਵੇ। ਬੱਚਿਆਂ ਨੂੰ ਘਰ ਰੱਖਣ ਵਾਸਤੇ ਸਸਤੇ ਮੁੱਲ ’ਤੇ ਪੁਸਤਕਾਂ ਦਿੱਤੀਆਂ ਜਾਣ। ਐੱਨਆਰਆਈਜ਼ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ’ਚ ਚੱਲਦੀ-ਫਿਰਦੀ (ਵੈਨ) ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ, ਜੋ ਹਰ ਸਕੂਲ-ਮੁਹੱਲੇ ਅਤੇ ਪਿੰਡ ਵਿਚ ਜਾ ਕੇ ਬਾਲ ਪੁਸਤਕਾਂ ਦਾ ਪ੍ਰਚਾਰ ਤੇ ਵਿਕਰੀ ਕਰੇ। ਇਸ ਨਾਲ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਤਾਂ ਪੈਦਾ ਹੋਵੇਗੀ ਹੀ, ਨਾਲ ਨਾਲ ਪੰਜਾਬ ਅੰਦਰ ਪੁਸਤਕ ਸੱਭਿਆਚਾਰ ਵੀ ਸ਼ੁਰੂ ਹੋ ਜਾਵੇਗਾ।

ਸੋਸ਼ਲ ਮੀਡੀਆ ਦੇ ਮਾਰੂ ਪ੍ਰਭਾਵ ਤੋਂ ਅਸੀਂ ਨਰੋਏ ਬਾਲ ਸਾਹਿਤ ਨਾਲ ਹੀ ਨਵੀਂ ਪਨੀਰੀ ਨੂੰ ਬਚਾ ਸਕਦੇ ਹਾਂ। ਸੋ ਹਰ ਜ਼ਿਲ੍ਹੇ ਦੀ ਮੋਬਾਈਲ ਲਾਇਬ੍ਰੇਰੀ ਵੀ ਬੱਚਿਆਂ ਅੰਦਰ ਪੜ੍ਹਨ ਦੀ ਰਚੀ ਨੂੰ ਵਿਕਸਤ ਕਰਨ ’ਚ ਹਿੱਸਾ ਪਾ ਸਕਦੀ ਹੈ। ਜੇ ਅਧਿਆਪਕ ਤੇ ਮਾਪੇ ਇਸ ਪ੍ਰਤੀ ਸੁਚੇਤ ਹੋਣ ਤਾਂ ਸਫਲਤਾ ਦੇ ਰਾਹੇ ਪਿਆ ਜਾ ਸਕਦਾ ਹੈ।

- ਬਲਜਿੰਦਰ ਮਾਨ

Posted By: Harjinder Sodhi