ਤਕਰੀਬਨ 25-30 ਸਾਲ ਪਹਿਲਾਂ ਮਾਪੇ ਆਪਣੇ ਬੱਚਿਆਂ ਪ੍ਰਤੀ ਉਨ੍ਹਾਂ ਲਈ ਸੁਪਨੇ ਬਚਪਨ ’ਚ ਹੀ ਬੁਣਨ ਲੱਗ ਜਾਂਦੇ ਸਨ ਕਿ ਅਸੀਂ ਆਪਣੇ ਬੱਚੇ ਨੂੰ ਆਪਣੇ ਪਿਤਾਪੁਰਖੀ ਕੰਮ ਹੀ ਸਿਖਾਵਾਂਗੇ। ਉਦੋਂ ਮਾਪੇ ਆਪਣੇ ਬੱਚਿਆਂ ਨੂੰ ਅੱਜ ਦੇ ਸਮਾਰਟ ਬੱਚਿਆਂ ਵਾਂਗ ਬਣਾਉਣ ’ਚ ਬਹੁਤ ਘੱਟ ਜਾਗਰੂਕ ਹੰੁਦੇ ਸਨ।ਇਸ ਦਾ ਵੱਡਾ ਕਾਰਨ ਮਾਪਿਆਂ ਦਾ ਘੱਟ ਪੜ੍ਹਿਆ-ਲਿਖਿਆ ਹੋਣਾ, ਸੀਮਤ ਸੰਚਾਰ ਦੇ ਸਾਧਨ ਹੋਣੇ, ਆਵਾਜਾਈ ਦੇ ਸਾਧਨਾਂ ਦੀ ਘਾਟ, ਬੱਚਿਆਂ ਪ੍ਰਤੀ ਅਸੁਰੱਖਿਆ ਦੀ ਭਾਵਨਾ ਸੀ। ਜਿਵੇਂ-ਜਿਵੇਂ ਸਮਾਂ ਅੱਗੇ ਵਧਦਾ ਗਿਆ, ਵਿਗਿਆਨ ਤਰੱਕੀ ਕਰਦੀ ਗਈ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੁੰਦਾ ਗਿਆ, ਰੁਪਏ-ਪੈਸੇ ਦੀ ਅਹਿਮੀਅਤ ਦਾ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਸਮਾਜ ’ਚ ਵੀ ਬਦਲਾਅ ਹੁੰਦੇ ਗਏ। ਇਨ੍ਹਾਂ ਸਭ ਤਬਦੀਲੀਆਂ ਦਾ ਅਸਰ ਮਾਪਿਆਂ ਦੇ ਦਿਮਾਗ਼ ’ਤੇ ਵੀ ਪੈਣਾ ਸ਼ੁਰੂ ਹੋਇਆ। ਹੌਲੀ-ਹੌਲੀ ਉਨ੍ਹਾਂ ਨੇ ਵੀ ਆਪਣੇ ਵਿਚਾਰਾਂ ’ਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ।

ਬਣਾਓ ਦੋਸਤਾਨਾ ਸਬੰਧ

ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਮਾਪਿਆਂ ਨੂੰ ਵੀ ਇਸ ਸਮੇਂ ਦੌਰਾਨ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਕੁਝ ਮਾਪੇ ਆਪਣੇ ਬੱਚਿਆਂ ਨਾਲ ਅਜੇ ਵੀ 3 ਸਾਲ ਦੀ ਉਮਰ ਦੇ ਬੱਚੇ ਵਾਂਗ ਹੀ ਵਿਹਾਰ ਕਰਦੇ ਹਨ, ਜਿਸ ਕਰਕੇ ਬੱਚੇ ਸਹੀ ਫ਼ੈਸਲੇ ਲੈਣ ਲਈ ਸੰਕੋਚ ’ਚ ਰਹਿੰਦੇ ਹਨ। ਮਾਪੇ ਨੂੰ ਇਸ ਉਮਰ ’ਚ ਆਪਣੇ ਬੱਚਿਆਂ ਦੇ ਦੋਸਤ ਬਣ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਹਰ ਵਿਸ਼ੇ ’ਤੇ ਖੱੁਲ੍ਹੇ ਕੇ ਗੱਲਬਾਤ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾਓਗੇ, ਤਾਂ ਉਹ ਵੀ ਤੁਹਾਨੂੰ ਆਪਣੀ ਹਰ ਗੱਲ ਬੇਝਿਜਕ ਦੱਸਣਗੇ।

ਬੱਚਿਆਂ ਨੂੰ ਦਿਉ ਸਮਾਂ

ਕਈ ਵਾਰ ਮਾਪੇ ਆਪਣੇ ਬੱਚੇ ਨੂੰ ਕੋਈ ਗਿਫ਼ਟ ਦੇ ਕੇ ਉਸ ਦੇ ਚਿਹਰੇ ’ਤੇ ਕੁਝ ਸਮੇਂ ਲਈ ਤਾਂ ਖ਼ੁਸ਼ੀ ਲਿਆ ਸਕਦੇ ਹਨ ਪਰ ਇਹ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪੈਸੇ ਤੋਂ ਵੱਧ ਖ਼ੁਦ ਆਪਣੇ ਬੱਚਿਆਂ ਨਾਲ ਮੇਲ-ਜੋਲ ਵਧਾਉਣ। ਭਾਵਨਾਤਮਿਕ ਤੌਰ ’ਤੇ ਬੱਚਿਆਂ ਨਾਲ ਜੁੜਨਾ ਔਖਾ ਨਹੀਂ ਹੈ। ਘਰ ’ਚ ਭਾਵਨਾਤਮਿਕ ਤੌਰ ’ਤੇ ਆਪਣੇ ਬੱਚਿਆਂ ਨਾਲ ਜੁੜਨ ਲਈ ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਪਵੇਗਾ। ਆਪਣੇ ਬੱਚਿਆਂ ਦੇ ਵਿਚਾਰ ਵੀ ਖੁੱਲ੍ਹ ਕੇ ਸਮਝਣੇ ਪੈਣਗੇ। ਬੱਚਿਆਂ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਸਮਾਰਟ ਬਣਾਉਣ ਦੇ ਨਾਲ-ਨਾਲ ਖ਼ੁਦ ਨੂੰ ਵੀ ਸਮਾਰਟ ਪੇਰੈਂਟਸ ਬਣਾਉਣ ਦੀ ਲੋੜ ਹੈ, ਤਾਂ ਹੀ ਉਨ੍ਹਾਂ ਦੇ ਬੱਚੇ ਜ਼ਿੰਦਗੀ ’ਚ ਸਹੀ ਦਿਸ਼ਾ ਵੱਲ ਤੁਰਨਗੇ।

ਬੱਚਿਆਂ ਪ੍ਰਤੀ ਵਿਹਾਰ

ਆਮ ਤੌਰ ’ਤੇ ਮਾਪੇ ਆਪਣੇ ਬੱਚਿਆਂ ਪ੍ਰਤੀ ਤਿੰਨ ਤਰ੍ਹਾਂ ਦਾ ਵਿਹਾਰ ਬਣਾ ਕੇ ਰੱਖਦੇ ਹਨ। ਪਹਿਲਾਂ ਵਿਹਾਰ ਫੋਰਸ ਯਾਨੀ ਦਬਾਅ ਬਣਾਉਣ ਵਾਲਾ ਵਿਹਾਰ। ਇਸ ਵਿਹਾਰ ’ਚ ਮਾਪੇ ਆਪਣੇ ਬੱਚਿਆਂ ਤੋਂ ਹਰ ਗੱਲ ਮਨਾਉਣ ਲਈ ਦਬਾਅ ਪਾਉਂਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਉਮਰ ’ਚ ਆਪਣੇ ਬੱਚਿਆਂ ਤੋਂ ਵੱਡੇ ਹਾਂ ਤੇ ਸਾਨੂੰ ਹਰ ਗੱਲ ਦੀ ਢੁੱਕਵੀਂ ਜਾਣਕਾਰੀ ਹੈ। ਇਸ ਲਈ ਉਹ ਬੱਚਿਆਂ ’ਤੇ ਦਬਾਅ ਬਣਾ ਕੇ ਹਰ ਕੰਮ ਨੂੰ ਪੂਰਾ ਕਰਵਾਉਣ ’ਚ ਵਿਸ਼ਵਾਸ ਰੱਖਦੇ ਹਨ। ਦੂਸਰਾ ਵਿਹਾਰ ਨਥਿੰਗ ਯਾਨੀ ਕੁਝ ਨਹੀਂ। ਇਸ ਵਿਹਾਰ ’ਚ ਮਾਪੇ ਆਪਣੇ ਬੱਚਿਆਂ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੰਦੇ। ਇੱਥੋਂ ਤਕ ਕਿ ਉਹ ਆਪਣੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਉਚਿਤ-ਅਨੁਚਿਤ ਕੰਮਾਂ ਬਾਰੇ ਕੋਈ ਵੀ ਹੰੁਗਾਰਾ ਨਹੀਂ ਭਰਦੇ। ਇਸ ਤਰ੍ਹਾਂ ਦੇ ਵਿਹਾਰ ਕਾਰਨ ਬੱਚਿਆਂ ਤੇ ਮਾਪਿਆਂ ਵਿਚਕਾਰ ਵਿਸ਼ਵਾਸ ਭਰਿਆ ਰਿਸ਼ਤਾ ਨਹੀਂ ਰਹਿੰਦਾ। ਤੀਸਰਾ ਵਿਹਾਰ ਹੈ ਬੈਲੇਂਸ ਯਾਨੀ ਤਾਲਮੇਲ ਬਣਾ ਕੇ ਰੱਖਣਾ। ਇਸ ਵਿਹਾਰ ’ਚ ਮਾਪੇ ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤੇ ’ਚ ਤਾਲਮੇਲ ਬਣਾ ਕੇ ਰੱਖਦੇ ਹਨ। ਮਾਪੇ ਨੂੰ ਹਰ ਪ੍ਰਸਥਿਤੀ ਅਨੁਸਾਰ ਅਹਿਸਾਸ ਹੁੰਦਾ ਹੈ ਕਿ ਆਪਣੇ ਬੱਚੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ। ਇਸ ਵਿਹਾਰ ਵਿਚ ਮਾਪੇ ਆਪਣੇ ਬੱਚਿਆਂ ਪ੍ਰਤੀ ਸਮੇਂ ਅਨੁਸਾਰ ਨਰਮ ਜਾਂ ਕਠੋਰ ਸੁਭਾਅ ਨਾਲ ਪੇਸ਼ ਆਉਂਦੇ ਹਨ। ਇਸ ਵਿਹਾਰ ਦਾ ਬੱਚਿਆਂ ਉੱਤੇ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ। ਮਾਪਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਰਮਾਇਆ ਉਨ੍ਹਾਂ ਦੇ ਬੱਚੇ ਹੀ ਹੁੰਦੇ ਹਨ। ਬਾਕੀ ਪ੍ਰਾਪਰਟੀ ਤਾਂ ਉਨ੍ਹਾਂ ਲਈ ਜ਼ਿੰਦਗੀ ਜਿਊਣ ਲਈ ਸਿਰਫ਼ ਲੋੜ ਅਨੁਸਾਰ ਜ਼ਰੂਰਤਾਂ ਹੀ ਹੁੰਦੀਆਂ ਹਨ।

ਬੱਚਿਆਂ ਦੇ ਰੋਲ ਮਾਡਲ ਬਣਨਾ

ਬੱਚੇ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਹਨ। ਜੇ ਕਿਸੇ ਬੱਚੇ ਦਾ ਖ਼ੁਦ ਤੋਂ ਭਰੋਸਾ ਟੁੱਟਦਾ ਹੈ ਤਾਂ ਇਸ ’ਚ ਮਾਪਿਆਂ ਦੀ ਕਿਸੇ ਨਾ ਕਿਸੇ ਪਾਸੇ ਗ਼ਲਤੀ ਹੁੰਦੀ ਹੈ। ਮਾਪੇ ਹਰ ਸਮੇਂ ਆਪਣੇ ਬੱਚਿਆਂ ਲਈ ਉਦਾਹਰਨ ਬਣਨ ਦੀ ਕੋਸ਼ਿਸ਼ ਨਾ ਕਰਨ ਅਤੇ ਕਿਸੇ ਵੀ ਹਾਲਾਤ ’ਚ ਉਨ੍ਹਾਂ ਨੂੰ ਬੇਵਜ੍ਹਾ ਬੇਇੱਜ਼ਤ ਕਰਨ ਦਾ ਮੌਕਾ ਨਾ ਦੇਣ। ਇਸ ਲਈ ਸਭ ਤੋਂ ਪਹਿਲਾਂ ਮਾਪਿਆਂ ਨੂੰ ਖ਼ੁਦ ਇਕ-ਦੂਜੇ ਦੀ ਇੱਜ਼ਤ ਕਰਨ ਦੀ ਲੋੜ ਹੈ। ਬੱਚੇ ਦਾ ਮਨ ਕੋਰੇ ਕਾਗਜ਼ ਵਾਂਗ ਹੰੁਦਾ ਹੈ ਤੇ ਉਹ ਬਹੁਤਾ ਕੁਝ ਆਪਣੇ ਆਸ-ਪਾਸ ਦੇ ਮਾਹੌਲ ਤੋਂ ਸਿੱਖਦਾ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਵਾਧੂ ਬੋਝ ਨਾ ਪਾਉਣਾ

ਇਕ ਬੱਚੇ ਲਈ ਇਸ ਤੋਂ ਮਾੜਾ ਹੋਰ ਕੁਝ ਨਹੀਂ ਹੋ ਸਕਦਾ, ਜਦੋਂ ਉਸ ਦੇ ਮਾਪੇ ਉਸ ਨੂੰ ਬਿਨਾਂ ਕਿਸੇ ਕਾਰਨ ਆਪਣੀਆਂ ਇੱਛਾਵਾਂ ਦਾ ਬੋਝ ਦੇ ਰਹੇ ਹੁੰਦੇ ਹਨ। ਇਕ ਮਨੋਵਿਗਿਆਨਕ ਅਨੁਸਾਰ ਬੱਚਿਆਂ ਦੇ ਅਜੀਬੋ ਗਰੀਬ ਵਿਹਾਰ ਪਿੱਛੇ ਜ਼ਿਆਦਾਤਰ ਉਨ੍ਹਾਂ ਦੇ ਮਾਪੇ ਹੀ ਜ਼ਿੰਮੇਵਾਰ ਹੁੰਦੇ ਹਨ। ਅੱਜ-ਕੱਲ੍ਹ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਚੂਹਾ ਦੌੜ ਵਿਚ ਸ਼ਾਮਿਲ ਕਰਨਾ ਚਾਹੁੰਦੇ ਹਨ। ਉਹ ਆਪਣੇ ਬੱਚਿਆਂ ਤੋਂ ਇਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੇ ਬੱਚੇ ਇਸ ਦੌੜ ’ਚ ਸਭ ਤੋਂ ਮੂਹਰੇ ਰਹਿਣ। ਉਹ ਇਹ ਸਮਝਣ ਨੂੰ ਤਿਆਰ ਹੀ ਨਹੀਂ ਹਨ ਕਿ ਉਨ੍ਹਾਂ ਦਾ ਬੱਚਾ ਕਿਸੇ ਹੋਰ ਖੇਤਰ ’ਚ ਵੀ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।

- ਬਲਜੀਤ ਗਰੋਵਰ

Posted By: Harjinder Sodhi