ਇਨਸਾਨ ਨੂੰ ਬੇਸ਼ੱਕ ਜ਼ਿੰਦਗੀ ਦੇ ਹਰ ਪੜਾਅ ’ਤੇ ਅਧਿਕਾਰਾਂ ਤੇ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਪਰ ਸਹੂਲਤਾਂ ਪੱਖੋਂ ਬਚਪਨ ਨੂੰ ਇਨ੍ਹਾਂ ਸਾਰੇ ਪੜਾਵਾਂ ਵਿੱਚੋਂ ਅਹਿਮ ਸਮਝਿਆ ਗਿਆ ਹੈ। ਇਸ ਪੜਾਅ ਦੀ ਅਹਿਮੀਅਤ ਵਿਸ਼ੇਸ਼ ਤੌਰ ’ਤੇ ਦੋ ਪੱਖਾਂ ਤੋਂ ਹੁੰਦੀ ਹੈ। ਇਸ ਪੜਾਅ ’ਤੇ ਇਨਸਾਨ ਨੂੰ ਆਪਣੇ ਅਧਿਕਾਰਾਂ ਤੇ ਸਹੂਲਤਾਂ ਦੀ ਖ਼ੁਦ ਬਹੁਤੀ ਸਮਝ ਨਹੀਂ ਹੁੰਦੀ, ਦੂਜਾ ਇਸ ਪੜਾਅ ਦੀ ਜਾਗਰੂਕਤਾ ਪ੍ਰਤੀ ਖ਼ੁਦ ਸਮਝ ਨਾ ਹੋਣ ਕਾਰਨ ਸ਼ੋਸ਼ਣ ਦੀਆਂ ਸੰਭਾਵਨਾਵਾਂ ਕਈ ਗੁਣਾ ਵੱਧ ਜਾਂਦੀਆਂ ਹਨ। ਹੋਰ ਤਾਂ ਹੋਰ ਬੱਚਿਆਂ ਦੇ ਮਾਪਿਆਂ ਤੇ ਨਜ਼ਦੀਕੀਆਂ ਵੱਲੋਂ ਵੀ ਜਾਣੇ-ਅਣਜਾਣੇ ’ਚ ਬੱਚਿਆਂ ਦੇ ਅਧਿਕਾਰਾਂ ਦਾ ਸ਼ੋਸ਼ਣ ਕਰਨ ਦੀਆਂ ਉਦਾਹਰਨਾਂ ਸਮਾਜ ’ਚ ਆਮ ਮਿਲ ਜਾਂਦੀਆਂ ਹਨ। ਬੱਚਿਆਂ ਦੇ ਅਧਿਕਾਰਾਂ ਤੇ ਸਹੂਲਤਾਂ ਦੀ ਰਖਵਾਲੀ ਲਈ ਸਮਾਜ ਦੇ ਚੇਤੰਨ ਵਰਗ ਨੂੰ ਮੁੱਢ ਕਦੀਮ ਤੋਂ ਹੀ ਮੋਹਰੀ ਭੂਮਿਕਾ ਨਿਭਾਉਣੀ ਪੈ ਰਹੀ ਹੈ।

ਭਵਿੱਖ ਦੇ ਨਿਰਮਾਤਾ

ਬੱਚਿਆਂ ਦੇ ਅਧਿਕਾਰਾਂ ਦੀ ਰਖਵਾਲੀ ਤੇ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਇਸ ਲਈ ਵੀ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਵਿਸ਼ਵ ਦੇ ਹਰ ਸਮਾਜ ’ਚ ਬੱਚਿਆਂ ਨੂੰ ਭਵਿੱਖ ਦੇ ਨਿਰਮਾਤਾ ਵਜੋਂ ਸਵੀਕਾਰਿਆ ਗਿਆ ਹੈ। ਬਿਨਾਂ ਸ਼ੱਕ ਅੱਜ ਦੇ ਬੱਚਿਆਂ ਨੇ ਹੀ ਕੱਲ੍ਹ ਦੇ ਨੇਤਾ, ਅਧਿਕਾਰੀ, ਕਰਮਚਾਰੀ ਤੇ ਤਾਮਾਮ ਹੋਰ ਖੇਤਰਾਂ ’ਚ ਜਾ ਕੇ ਸਮਾਜ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਬਿਹਤਰ ਮਾਹੌਲ ਪ੍ਰਦਾਨ ਕਰਦਿਆਂ ਬੱਚਿਆਂ ਦੀ ਬਿਹਤਰ ਸ਼ਖ਼ਸੀਅਤ ਉਸਾਰੀ ਕਰ ਲੈਣ ਵਾਲੇ ਸਮਾਜ ਵਧੀਆ ਭਵਿੱਖ ਸਿਰਜ ਲੈਂਦੇ ਹਨ, ਜਦੋਂਕਿ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਦੇ ਮਹੱਤਵ ਨੂੰ ਨਾ ਪਛਾਣ ਸਕਣ ਵਾਲੇ ਸਮਾਜ ਪੱਛੜ ਕੇ ਰਹਿ ਜਾਂਦੇ ਹਨ। ਹਰ ਇਨਸਾਨ ਵਾਂਗ ਹੀ ਬੱਚਿਆਂ ਦੀ ਬਿਹਤਰ ਸ਼ਖ਼ਸੀਅਤ ਉਸਾਰੀ ਲਈ ਬਹੁਤ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ। ਬੱਚਿਆਂ ਲਈ ਪ੍ਰਦਾਨ ਕੀਤੀਆਂ ਇਹ ਸਹੂਲਤਾਂ ਹੀ ਉਨ੍ਹਾਂ ਦੇ ਅਧਿਕਾਰ ਹਨ। ਵਿਸ਼ਵ ਦੇ ਵੱਖ-ਵੱਖ ਸਮਾਜਾਂ ਵਾਂਗ ਸਾਡੇ ਮੁਲਕ ’ਚ ਵੀ ਬੱਚਿਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਪ੍ਰਦਾਨ ਕੀਤੇ ਗਏ ਹਨ। ਬੱਚਿਆਂ ਨੂੰ ਜਿੱਥੇ ਅਧਿਕਾਰ ਪ੍ਰਦਾਨ ਕੀਤੇ ਗਏ ਹਨ, ਉੱਥੇ ਤਾਮਾਮ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਵੀ ਕਾਨੂੰਨੀ ਵਿਵਸਥਾਵਾਂ ਕਾਇਮ ਕੀਤੀਆਂ ਗਈਆਂ ਹਨ।

ਸਿੱਖਿਆ ਪ੍ਰਾਪਤੀ ਹਰ ਬੱਚੇ ਦਾ ਮੌਲਿਕ ਅਧਿਕਾਰ

ਬਾਲ ਦਿਵਸ ਮੌਕੇ ਬੱਚਿਆਂ ਦੇ ਅਧਿਕਾਰਾਂ ਦੀ ਗੱਲ ਬੜੇ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਹੈ। ਬੱਚਿਆਂ ਦੀ ਭਲਾਈ ਲਈ ਕਾਇਮ ਕੀਤੀਆਂ ਵਿਵਸਥਾਵਾਂ ਬਾਰੇ ਬਹੁਤ ਢਿੰਡੋਰਾ ਪਿੱਟਿਆ ਜਾਂਦਾ ਹੈ। ਬਿਨਾਂ ਸ਼ੱਕ ਸਾਡੇ ਸੰਵਿਧਾਨ ’ਚ ਬੱਚਿਆਂ ਦੀ ਖ਼ੁਸ਼ਹਾਲੀ ਤੇ ਉਨ੍ਹਾਂ ਨੂੰ ਤਾਮਾਮ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਕਾਨੂੰਨੀ ਵਿਵਸਥਾਵਾਂ ਕਾਇਮ ਕੀਤੀਆਂ ਗਈਆਂ ਹਨ। ਹਕੀਕਤ ਵੱਲ ਨਿਗ੍ਹਾ ਮਾਰਿਆਂ ਨਮੋਸ਼ੀ ਹੀ ਪੱਲੇ ਪੈਂਦੀ ਹੈ। ਸਿੱਖਿਆ ਪ੍ਰਾਪਤੀ ਹਰ ਬੱਚੇ ਦਾ ਮੌਲਿਕ ਅਧਿਕਾਰ ਹੈ। ਸਾਡੇ ਮੁਲਕ ’ਚ ਲਾਜ਼ਮੀ ਤੇ ਮੁਫ਼ਤ ਸਿੱਖਿਆ ਪ੍ਰਾਪਤੀ ਅਧਿਕਾਰ ਕਾਨੂੰਨ ਅਨੁਸਾਰ 6 ਤੋਂ 14 ਸਾਲ ਤਕ ਦੀ ਉਮਰ ਦੇ ਹਰ ਬੱਚੇ ਨੂੰ ਅੱਠਵੀਂ ਜਮਾਤ ਤਕ ਦੀ ਮੁੱਢਲੀ ਸਿੱਖਿਆ ਪ੍ਰਾਪਤੀ ਦਾ ਲਾਜ਼ਮੀ ਤੇ ਮੁਫ਼ਤ ਅਧਿਕਾਰ ਦਿੱਤਾ ਗਿਆ ਹੈ। 1 ਅਪ੍ਰੈਲ 2010 ਨੂੰ ਲਾਗੂ ਕੀਤੀ ਇਸ ਸੰਵਿਧਾਨਕ ਵਿਵਸਥਾ ਅਨੁਸਾਰ ਬੱਚੇ ਦੇ ਮਾਪੇ ਵੀ ਉਸ ਦੀ ਸਿੱਖਿਆ ਪ੍ਰਾਪਤੀ ’ਚ ਕੋਈ ਅੜਿੱਕਾ ਪੈਦਾ ਨਹੀਂ ਕਰ ਸਕਦੇ। ਵੇਖਣਾ ਇਹ ਹੋਵੇਗਾ ਕਿ ਕੀ ਇਸ ਅਧਿਕਾਰ ਦਾ ਲਾਹਾ ਬੱਚਿਆਂ ਨੂੰ ਹਕੀਕੀ ਰੂਪ ’ਚ ਮਿਲ ਰਿਹਾ ਹੈ? ਲੱਖਾਂ ਬੱਚੇ ਘਰੇਲੂ ਮਜਬੂਰੀਆਂ ਦੇ ਚੱਲਦਿਆਂ ਸਕੂਲਾਂ ’ਚ ਦਾਖ਼ਲਾ ਲੈਣ ਤੋਂ ਵੀ ਅਸਮਰੱਥ ਹਨ। ਬਹੁਤ ਸਾਰੇ ਬੱਚੇ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣ ਲਈ ਮਜਬੂਰ ਹਨ। ਇਕ ਸਰਵੇਖਣ ਅਨੁਸਾਰ ਮੁਲਕ ਦੇ ਤਕਰੀਬਨ 20.2 ਫ਼ੀਸਦੀ ਬੱਚੇ ਹਾਲੇ ਵੀ ਲਾਜ਼ਮੀ ਤੇ ਮੁਫ਼ਤ ਸਿੱਖਿਆ ਤੋਂ ਵਾਂਝੇ ਹਨ।

ਬਾਲ ਮਜ਼ਦੂਰੀ ਕਾਨੂੰਨੀ ਅਪਰਾਧ

ਬਾਲ ਮਜ਼ਦੂਰੀ ਸਮਾਜ ਦੇ ਮੱਥੇ ’ਤੇ ਵੱਡਾ ਕਲੰਕ ਹੈ। ਖੇਡਣ-ਕੁੱਦਣ ਦੀ ਉਮਰੇ ਵੱਖ-ਵੱਖ ਥਾਵਾਂ ’ਤੇ ਮਜ਼ਦੂਰੀ ਕਰਦੇ ਬੱਚੇ ਆਮ ਵੇਖੇ ਜਾ ਸਕਦੇ ਹਨ। ਸਾਡੇ ਸਮਾਜ ’ਚ ਵੱਡੀ ਗਿਣਤੀ ਵਿਚ ਮਾਪੇ ਬੱਚਿਆਂ ਨੂੰ ਮਜ਼ਦੂਰੀ ਦੀ ਦਲਦਲ ’ਚ ਧਕੇਲਣ ਲਈ ਮਜਬੂਰ ਹਨ। ਕੁਝ ਲਾਲਚੀ ਕਿਸਮ ਦੇ ਲੋਕ ਬੱਚਿਆਂ ਤੋਂ ਨਾ ਸਿਰਫ਼ ਮਜ਼ਦੂਰੀ ਕਰਵਾਉਂਦੇ ਹਨ ਸਗੋਂ ਬੰਧੂਆਂ ਮਜ਼ਦੂਰੀ ਵੀ ਕਰਵਾਉਂਦੇ ਹਨ। ਇਨ੍ਹਾਂ ’ਚੋਂ ਬਹੁਤੇ ਬੱਚੇ ਉਹ ਹੁੰਦੇ ਹਨ, ਜਿਨ੍ਹਾਂ ਨੂੰ ਲਾਜ਼ਮੀ ਤੇ ਮੁਫ਼ਤ ਸਿੱਖਿਆ ਪ੍ਰਾਪਤੀ ਅਧਿਕਾਰ ਕਾਨੂੰਨ ਅਨੁਸਾਰ ਸਕੂਲਾਂ ’ਚ ਹੋਣਾ ਚਾਹੀਦਾ ਹੈ। ਸੰਵਿਧਾਨ ਤੇ ਅਦਾਲਤਾਂ ਦੀ ਨਜ਼ਰ ’ਚ ਬਾਲ ਮਜ਼ਦੂਰੀ ਕਾਨੂੰਨੀ ਅਪਰਾਧ ਹੈ। ਬਾਲ ਮਜ਼ਦੂਰੀ ਦੇ ਜ਼ਿੰਮੇਵਾਰ ਲੋਕਾਂ ਲਈ ਬਕਾਇਦਾ ਸਜ਼ਾ ਦਾ ਪ੍ਰਬੰਧ ਹੈ। ਪਰ ਕੀ ਕਦੇ ਬਾਲ ਮਜ਼ਦੂਰੀ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਹੁੰਦੀ ਵੇਖੀ ਹੈ? ਨਹੀਂ ਕਿਉਂਕਿ ਇਸ ਕਾਨੂੰਨ ਨੂੰ ਲਾਗੂ ਕਰਨ ’ਚ ਦਿਆਨਤਦਾਰੀ ਦੀ ਵੱਡੀ ਪੱਧਰ ’ਤੇ ਕਮੀ ਹੈ। ਪੜ੍ਹਨ-ਲਿਖਣ ਦੀ ਉਮਰੇ ਹੋਟਲਾਂ, ਢਾਬਿਆਂ ਤੇ ਵਿਆਹਾਂ ਮੌਕੇ ਪੈਲੇਸਾਂ ’ਚ ਕੰਮ ਕਰਦੇ ਬੱਚਿਆਂ ਨੂੰ ਵੇਖ ਕੇ ਨਜ਼ਰ-ਅੰਦਾਜ਼ ਕਰਨਾ ਸਾਡੀ ਆਦਤ ਬਣ ਚੁੱਕੀ ਹੈ।

ਬਾਲ ਵਿਆਹ ਸ਼ਖ਼ਸੀਅਤ ਉਸਾਰੀ ’ਚ ਅੜਿੱਕਾ

ਬਾਲ ਵਿਆਹ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਦਾ ਵੱਡਾ ਅੜਿੱਕਾ ਹੈ। ਸੰਵਿਧਾਨਕ ਵਿਵਸਥਾ ਅਨੁਸਾਰ ਲੜਕੇ-ਲੜਕੀਆਂ ਦੇ ਵਿਆਹ ਦੀ ਉਮਰ ਹੱਦ ਤੈਅ ਕਰਦਿਆਂ ਉਲੰਘਣਾ ਕਰਨ ਵਾਲਿਆਂ ਲਈ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਮੁਲਕ ’ਚ ਹਾਲੇ ਵੀ ਬਾਲ ਵਿਆਹ ਵਿਵਸਥਾ ਵੱਡੀ ਪੱਧਰ ’ਤੇ ਜਾਰੀ ਹੈ। ਲੜਕੀਆਂ ਇਸ ਮਾਮਲੇ ’ਚ ਬਹੁਤ ਜ਼ਿਆਦਾ ਸੰਤਾਪ ਹੰਢਾ ਰਹੀਆਂ ਹਨ। ਬੱਚਿਆਂ ਦੇ ਅਗਵਾ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚੋਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਬਾਲ ਭਿਖਾਰੀਪਣ ਦੀ ਸਮੱਸਿਆ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਘਰਾਂ ’ਚ ਵੀ ਬੱਚਿਆਂ ਦੇ ਅਧਿਕਾਰਾਂ ਦਾ ਸ਼ੋਸ਼ਣ ਹੋਣਾ ਆਮ ਹੈ। ਸਾਡੇ ਮੁਲਕ ’ਚ ਜਿੱਥੇ ਬੱਚਿਆਂ ਦੇ ਅਧਿਕਾਰਾਂ ਦੀ ਰਖਵਾਲੀ ਕਰਨ ਤੇ ਸ਼ੋਸ਼ਣ ਤੋਂ ਬਚਾਉਣ ਵਾਲੀਆਂ ਸੰਸਥਾਵਾਂ ਫੇਲ੍ਹ ਹਨ, ਉੱਥੇ ਬੱਚਿਆਂ ਦੇ ਘਰੇਲੂ ਸ਼ੋਸਣ ’ਚ ਅਸੀਂ ਵੀ ਪਿੱਛੇ ਨਹੀਂ।

ਬਾਲ ਧਨ ਸਮਾਜ ਦੀ ਅਸਲ ਪੂੰਜੀ

ਬੱਚਿਆਂ ਦੇ ਅਧਿਕਾਰਾਂ ਦੀ ਗੱਲ ਕਰਨ ਲਈ ਵਿਸ਼ਵ ਪੱਧਰ ’ਤੇ ਹਰ ਸਾਲ 20 ਨਵੰਬਰ ਦਾ ਦਿਨ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਡੇ ਮੁਲਕ ’ਚ ਆਜ਼ਾਦ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਬਾਲ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ 1964 ਤੋਂ ਹੋਈ। ਪੰਡਿਤ ਜਵਾਹਰ ਲਾਲ ਨਹਿਰੂ ਦੇ ਅਕਾਲ ਚਲਾਣੇ ਤੋਂ ਪਹਿਲਾਂ ਸਾਡੇ ਮੁਲਕ ’ਚ ਵੀ ਬਾਲ ਦਿਵਸ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ। ਪਹਿਲੇ ਪ੍ਰਧਾਨ ਮੰਤਰੀ ਦਾ ਬੱਚਿਆਂ ਨਾਲ ਵਿਸ਼ੇਸ਼ ਲਗਾਅ ਸੀ। ਉਹ ਬੱਚਿਆਂ ਦੀ ਬਿਹਤਰ ਸ਼ਖ਼ਸੀਅਤ ਉਸਾਰੀ ਦੇ ਹਾਮੀ ਸਨ। ਉਹ ਬੱਚਿਆਂ ਨੂੰ ਕਿਸੇ ਵੀ ਸਮਾਜ ਦੀ ਅਸਲ ਸ਼ਕਤੀ ਦੇ ਨਾਲ-ਨਾਲ ਸਮਾਜ ਦਾ ਭਵਿੱਖ ਵੀ ਮੰਨਦੇ ਸਨ। ਉਹ ਬਾਲ ਧਨ ਨੂੰ ਹੀ ਸਮਾਜ ਦੀ ਅਸਲ ਪੂੰਜੀ ਮੰਨਦੇ ਸਨ ਤੇ ਬੱਚਿਆਂ ਦੀ ਬਿਹਤਰ ਸੰਭਾਲ ਨੂੰ ਅਸਲ ਸਰਮਾਇਆ ਸਮਝਦੇ। ਉਨ੍ਹਾਂ ਦੇ ਬੱਚਿਆਂ ਪ੍ਰਤੀ ਵਿਸ਼ੇਸ਼ ਲਗਾਅ ਨੂੰ ਵੇਖਦਿਆਂ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦਾ ਜਨਮ ਦਿਨ ਬਾਲ ਦਿਵਸ ਨੂੰ ਸਮਰਪਿਤ ਕਰ ਕੇ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ।

ਜਾਗਰੂਕ ਨਾਗਰਿਕ ਦਾ ਫ਼ਰਜ਼

ਬਾਲ ਦਿਵਸ ਮਨਾਉਣ ਦਾ ਮਨੋਰਥ ਸਮਾਗਮ ਕਰਵਾ ਕੇ ਪੂਰਾ ਨਹੀਂ ਹੋਣਾ। ਇਕ ਦਿਨ ਲਈ ਬੱਚਿਆਂ ਦੇ ਅਧਿਕਾਰਾਂ ਦਾ ਗੁਣਗਾਣ ਕਰਨਾ ਹਮੇਸ਼ਾ ਹੀ ਨਾਕਾਫ਼ੀ ਰਿਹਾ ਹੈ। ਇੰਨੇ ਲੰਬੇ ਅਰਸੇ ਬਾਅਦ ਵੀ ਬੱਚਿਆਂ ਦੇ ਜੀਵਨ ਪੱਧਰ ’ਚ ਸੁਧਾਰ ਨਾ ਹੋਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਬਾਲ ਦਿਵਸ ਨੂੰ ਮਹਿਜ਼ ਭਾਸ਼ਣਾਂ ਤੇ ਫੋਕੇ ਦਾਅਵਿਆਂ ਦੇ ਪ੍ਰਚਾਰ ’ਚੋਂ ਬਾਹਰ ਕੱਢ ਕੇ ਹਕੀਕੀ ਰੂਪ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਅਧਿਕਾਰ ਤੇ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਗਰਮ ਹੋਣਾ ਜਾਗਰੂਕ ਨਾਗਰਿਕ ਦਾ ਫ਼ਰਜ਼ ਅਤੇ ਅਧਿਕਾਰਾਂ ਦੀ ਰਖਵਾਲੀ ਲਈ ਗਠਿਤ ਸਰਕਾਰੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi