ਚੀਨ ਦੇ ਵੁਹਾਨ ਸ਼ਹਿਰ ਤੋਂ ਪਿਛਲੇ ਵਰ੍ਹੇ ਦਸੰਬਰ ਮਹੀਨੇ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਮੁੱਚੇ ਵਿਸ਼ਵ ਨੂੰ ਅਜਿਹਾ ਵਕਤ ਪਾਇਆ ਕਿ ਸਮੁੱਚੀ ਮਨੁੱਖਤਾ ਕੰਬ ਉੱਠੀ। ਵਿਸ਼ਵ ਸਿਹਤ ਸੰਗਠਨ ਨੇ 30 ਜਨਵਰੀ ਨੂੰ ਇਸ ਵਾਇਰਸ ਨੂੰ ਸਮੁੱਚੇ ਵਿਸ਼ਵ ਲਈ ਮਹਾਮਾਰੀ ਐਲਾਨ ਕਰਦਿਆਂ ਇਸ ਤੋਂ ਬਚਾਅ ਲਈ ਸਾਵਧਾਨ ਕੀਤਾ। ਚੀਨ ਤੋਂ ਬਾਅਦ ਇਸ ਵਾਇਰਸ ਨੇ ਯੂਰਪ, ਅਮਰੀਕਾ ਤੇ ਆਸਟ੍ਰੇਲੀਆ

ਜਿਹੇ ਵਿਕਸਤ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ।

ਪੜਾਅਵਾਰ ਸ਼ੁਰੂ ਕੀਤੀ ਅਨਲਾਕ ਪ੍ਰਕਿਰਿਆ

ਪੰਜਾਬ ਸਰਕਾਰ ਵੱਲੋਂ ਵੀ ਇਸ ਵਾਇਰਸ ਦੇ ਖ਼ਤਰੇ ਨੂੰ ਭਾਂਪਦਿਆਂ 19 ਮਾਰਚ, 2020 ਨੂੰ ਬਾਅਦ ਦੁਪਹਿਰ ਤਕਰੀਬਨ ਪੌਣੇ ਦੋ ਵਜੇ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਨਾਲ-ਨਾਲ ਬੱਸਾਂ ਆਦਿ ਦੀ ਆਵਾਜਾਈ ਸਮੇਤ ਸਮੁੱਚੀ ਜਨਤਕ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ। ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ 22 ਮਾਰਚ ਨੂੰ ਸਮੁੱਚੇ ਮੁਲਕ 'ਚ ਜਨਤਕ ਕਰਫਿਊ ਦਾ ਐਲਾਨ ਕੀਤਾ ਗਿਆ ਤੇ ਇਸੇ ਹੀ ਦਿਨ ਸਾਡੀ ਸੂਬਾ ਸਰਕਾਰ ਨੇ ਲਾਕਡਾਊਨ ਦਾ ਐਲਾਨ ਕਰਦਿਆਂ ਆਮ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ।

ਲਾਕਡਾਊਨ ਜ਼ਰੀਏ ਇਸ ਵਾਇਰਸ ਅਨੁਸਾਰ ਸਾਵਧਾਨੀਆਂ ਭਰਪੂਰ ਜੀਵਨਸ਼ੈਲੀ ਅਪਣਾਉਣ ਦਾ ਸੰਦੇਸ਼ ਦੇਣ ਉਪਰੰਤ ਸਰਕਾਰ ਨੇ ਅਨਲਾਕ ਪ੍ਰਕਿਰਿਆ ਸ਼ੁਰੂ ਕੀਤੀ। ਪੜਾਅਵਾਰ ਸ਼ੁਰੂ ਕੀਤੀ ਅਨਲਾਕ ਪ੍ਰਕਿਰਿਆ ਦੌਰਾਨ ਆਰਥਿਕ ਕਿਰਿਆਵਾਂ ਦੀ ਬਹਾਲੀ ਤੋਂ ਲੈ ਕੇ ਸੀਮਤ ਗਿਣਤੀ ਅਨੁਸਾਰ

ਸਮਾਜਿਕ ਸਮਾਗਮ ਕਰਨ ਤੇ ਸਰਕਾਰੀ ਅਦਾਰੇ ਖੋਲ੍ਹਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ।

ਸਕੂਲ ਆਉਣ ਦੀ ਮਿਲੀ ਇਜਾਜ਼ਤ

ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾਉਣਾ ਸਰਕਾਰਾਂ ਤੇ ਸਮਾਜ ਦੀ ਪਹਿਲੀ ਤਰਜੀਹ ਰਹੀ। ਅਨਲਾਕ ਦੇ ਪਹਿਲੇ ਚਾਰ ਪੜਾਵਾਂ ਦੌਰਾਨ ਸਰਕਾਰਾਂ ਵੱਲੋਂ ਵਿੱਦਿਅਕ ਸੰਸਥਾਵਾਂ ਖੋਲ੍ਹਣ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਤਰੀਕੇ ਨਾਲ ਹੀ ਜਾਰੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਕੋਰੋਨਾ ਵਾਇਰਸ ਦੇ ਕਹਿਰ ਦੇ ਘਟਦੇ ਅੰਕੜਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅਨਲਾਕ ਪੜਾਅ-5 ਅਧੀਨ ਸ਼ਰਤਾਂ ਤੇ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਕੇਂਦਰ ਸਰਕਾਰ ਦੇ ਫ਼ੈਸਲੇ ਦੀ ਰੋਸ਼ਨੀ 'ਚ ਪੰਜਾਬ ਸਰਕਾਰ ਵੱਲੋਂ ਵੀ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ

ਦੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੀਆਂ ਸਾਵਧਾਨੀਆਂ ਤੇ ਸਰਕਾਰੀ ਹਦਾਇਤਾਂ ਦਾ ਪਾਲਣਾ ਕਰਦਿਆਂ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਸੁਚੇਤ ਹੋਣਾ ਜ਼ਰੂਰੀ

ਸਕੂਲ 'ਚ ਆਉਣ ਵਾਲੇ ਹਰ ਵਿਦਿਆਰਥੀ ਦਾ ਕੋਰੋਨਾ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਬਾਰੇ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ। ਜਦੋਂ ਕੋਰੋਨਾ ਦੀ ਵੈਕਸੀਨ ਹਾਲੇ ਤਕ ਮੁਹੱਈਆ ਨਹੀਂ ਹੋ ਸਕੀ ਤਾਂ ਇਸ ਦਾ ਇਲਾਜ ਸਿਰਫ਼ ਤੇ ਸਿਰਫ਼ ਅਗਾਊਂ ਪਰਹੇਜ਼ ਹੀ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਇਹ ਵਾਇਰਸ ਕਦੇ ਵੀ ਕਿਸੇ ਦੇ ਘਰ ਨਹੀਂ ਆਉਂਦਾ ਸਗੋਂ ਇਨਸਾਨ ਖ਼ੁਦ ਹੀ ਇਸ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ।

ਸਰਕਾਰੀ ਹਦਾਇਤਾਂ ਅਨੁਸਾਰ ਮਾਸਕ ਪਹਿਨ ਕੇ ਜਾਂ ਕਿਸੇ ਵੀ ਕੱਪੜੇ ਨਾਲ ਨੱਕ ਤੇ ਮੂੰਹ ਢਕ ਕੇ ਰੱਖਣਾ ਤੇ ਆਪਸੀ ਨਿਰਧਾਰਤ ਸਰੀਰਕ ਦੂਰੀ ਬਣਾ ਕੇ ਰੱਖਣੀ ਵੀ ਲਾਜ਼ਮੀ ਹੈ। ਵਿਦਿਆਰਥੀਆਂ

ਨੇ ਜਿੱਥੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਦੀ ਆਦਤ ਬਣਾਉਣੀ ਹੈ, ਉੱਥੇ ਹੀ ਇਕ-ਦੂਜੇ ਦੇ ਪੈੱਨ ਜਾਂ ਹੋਰ ਵਸਤਾਂ ਦੇ ਇਸਤੇਮਾਲ ਤੋਂ ਵੀ ਗੁਰੇਜ਼ ਕਰਨਾ ਹੈ। ਜਮਾਤ ਕਮਰੇ 'ਚ

ਬੈਠਣ ਸਮੇਂ ਕਦੇ ਵੀ ਨਿਰਧਾਰਤ ਦੂਰੀ ਤੋਂ ਇਕ-ਦੂਜੇ ਦੇ ਨਜ਼ਦੀਕ ਨਹੀਂ ਬੈਠਣਾ।

ਵਿਦਿਆਰਥੀਆਂ ਨੂੰ ਸਕੂਲ ਆਉਣ ਸਮੇਂ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਹੋਵੇਗੀ ਕਿ ਸਕੂਲ ਆਉਣ ਦੀ ਮਿਲੀ ਇਜਾਜ਼ਤ ਕਦੇ ਵੀ ਕੋਰੋਨਾ ਤੋਂ ਮੁਕਤੀ ਸਮਝਣ ਦੀ ਗ਼ਲਤੀ ਨਹੀਂ ਕਰਨੀ। ਇਹ ਫ਼ੈਸਲਾ ਸਿਰਫ਼ ਤੁਹਾਡੀ ਪੜ੍ਹਾਈ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ। ਇਸ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਤੇ ਸਾਵਧਾਨੀਆਂ ਦਾ ਇਸਤੇਮਾਲ ਤੁਹਾਡਾ ਸਭ ਦਾ ਫ਼ਰਜ਼ ਬਣਦਾ ਹੈ।

ਸਿਹਤ ਦੀ ਕੀਮਤ 'ਤੇ ਕੀਤਾ ਕੋਈ ਵੀ ਕੰਮ ਬਾਅਦ 'ਚ ਪਛਤਾਵੇ ਤੋਂ ਵੱਧ ਕੁਝ ਵੀ ਪੱਲੇ ਨਹੀਂ ਪਾਉਂਦਾ। ਤੁਹਾਡੀ ਸਿਹਤ ਜਿੱਥੇ ਖ਼ੁਦ ਲਈ ਜ਼ਰੂਰੀ ਹੈ, ਉੱਥੇ ਹੀ ਤੁਹਾਡੇ ਮਾਪਿਆਂ ਤੇ ਰਾਸ਼ਟਰ ਲਈ ਵੀ ਤੁਹਾਡੀ ਤੰਦਰੁਸਤੀ ਬਹੁਤ ਜ਼ਰੂਰੀ ਹੈ। ਤੁਸੀਂ ਸਭ ਨੇ ਸਕੂਲ ਆਉਣ ਸਮੇਂ ਕੋਰੋਨਾ ਸਾਵਧਾਨੀਆਂ ਦੇ ਪਾਲਣ 'ਚ ਕੋਈ ਵੀ ਕੁਤਾਹੀ ਨਹੀਂ ਵਿਖਾਉਣੀ। ਤੁਸੀਂ ਜਿੱਥੇ ਖ਼ੁਦ ਸਭ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਹੈ, ਉੱਥੇ ਹੀ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਾ ਹੈ।

ਸਕੂਲ ਖੋਲ੍ਹਣ ਦਾ ਫ਼ੈਸਲਾ ਅਤਿ-ਜ਼ਿੰਮੇਵਾਰੀ ਵਾਲਾ

ਤਕਰੀਬਨ ਅੱਧੇ ਵਰ੍ਹੇ ਦੀ ਤਾਲਾਬੰਦੀ ਉਪਰੰਤ ਸੂਬੇ ਦੇ ਸਕੂਲ 19 ਅਕਤੂਬਰ ਤੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਖੋਲ੍ਹਣ ਦਾ ਫ਼ੈਸਲਾ ਆਪਣੇ ਆਪ 'ਚ ਅਤਿ-ਜ਼ਿੰਮੇਵਾਰੀ ਵਾਲਾ ਫ਼ੈਸਲਾ ਹੈ। ਸਰਕਾਰ ਵੱਲੋਂ ਮਨਜ਼ੂਰੀ ਦੇਣ ਉਪਰੰਤ ਮਾਪਿਆਂ ਤੇ ਵਿਦਿਆਰਥੀਆਂ ਸਿਰ ਹਦਾਇਤਾਂ ਦੀ ਪਾਲਣਾ ਦੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ। ਹਰ ਵਿਦਿਆਰਥੀ ਦਾ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਸਕੂਲ ਆਉਣ ਦਾ ਮਨੋਰਥ ਵੀ ਸ਼ਾਇਦ ਇਹੋ ਹੈ ਕਿ ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਣ ਸਮੇਂ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਤੋਂ ਜਾਣੂ ਹੋ ਕੇ ਬੱਚਿਆਂ ਨੂੰ ਇਨ੍ਹਾਂ ਦੇ ਇਸਤੇਮਾਲ ਲਈ ਪ੍ਰੇਰਿਤ ਕਰ ਕੇ ਭੇਜਣ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi