ਜਦੋਂ ਦਾਦੀ ‘ਇਕ ਸੀ ਰਾਜਾ ਇਕ ਸੀ ਰਾਣੀ, ਦੋਵੇਂ ਮਰ’ਗੇ ਖ਼ਤਮ ਕਹਾਣੀ’ ਕਹਿ ਕੇ ਖਹਿੜਾ ਛੁਡਾਉਣ ਦਾ ਯਤਨ ਕਰਦੀ ਤਾਂ ਜ਼ਿੱਦ ਕਰ ਕੇ ਬੱਚੇ ਵੱਡੀ ਕਹਾਣੀ ਸੁਣਦੇ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਰਾਹੀਂ ਕਿੰਨਾ ਕੁਝ ਅਜਿਹਾ ਸਿੱਖ ਲੈਂਦੇ, ਜੋ ਕਿਸੇ ਕਿਤਾਬ ’ਚੋਂ ਨਹੀਂ ਸਿੱਖਿਆ ਜਾ ਸਕਦਾ ਸੀ। ਅਜੋਕੇ ਬੱਚਿਆਂ ਨੂੰ ਕਹਾਣੀਆਂ ਸੁਣਾਉਣ ਵਾਲੇ ਮਾਪੇ ਤੇ ਅਧਿਆਪਕ ਗ਼ਾਇਬ ਹਨ। ਬੱਚੇ ਕਿਤਾਬਾਂ, ਕੰਪਿਊਟਰ, ਵੀਡੀਓ ਗੇਮਾਂ, ਫਿਲਮਾਂ ਰਾਹੀਂ ਜੀਵਨ ਦਾ ਕੱਚ-ਸੱਚ ਸਿੱਖ ਰਹੇ ਹਨ। ਇਕ ਸਮਾਂ ਸੀ, ਜਦੋਂ ਛੋਟੇ ਬੱਚੇ ਦਾਦਾ-ਦਾਦੀ, ਨਾਨਾ-ਨਾਨੀ ਤੋਂ ਕਹਾਣੀ ਸੁਣਨ ਦੀ ਜ਼ਿੱਦ ਕਰਦੇ ਸਨ। ਹਰ ਰੋਜ਼ ਕਹਾਣੀ ਸੁਣ ਕੇ ਸੌਣਾ ਉੁਨ੍ਹਾਂ ਦਾ ਨੇਮ ਸੀ। ਕੀ ਹੋਇਆ ਜੇ ਹੁਣ ਸੰਯੁਕਤ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ।

ਪੈਦਾ ਹੰੁਦਾ ਹੈ ਸੰਘਰਸ਼ ਦਾ ਜਜ਼ਬਾ

ਅਧਿਆਪਕ ਪਿੰਡਾਂ ’ਚ ਰਹਿੰਦੇ ਸਨ ਤੇ ਸਕੂਲ ਟਾਈਮ ਤੋਂ ਬਾਅਦ ਵੀ ਬੱਚਿਆਂ ਨਾਲ ਉਨ੍ਹਾਂ ਦਾ ਮੇਲ-ਜੋਲ ਹੁੰਦਾ ਰਹਿੰਦਾ ਸੀ। ਅਧਿਆਪਕ ਲਈ ਹਰ ਬੱਚਾ ਇਕ ਵੱਖਰੀ ਇਕਾਈ ਹੁੰਦਾ ਸੀ। ਅਧਿਆਪਕ ਜਮਾਤ ਨੂੰ ਬੱਚਿਆਂ ਦੀ ਰੁਚੀ ਅਨੁਸਾਰ ਨਿੱਕੀਆਂ-ਨਿੱਕੀਆਂ ਕਹਾਣੀਆਂ ਸੁਣਾ ਕੇ ਆਪਣੇ ਨਾਲ ਜੋੜ ਲੈਂਦੇ ਸਨ। ਅੱਜ ਇਹ ਸਭ ਕੁਝ ਗਾਇਬ ਹੈ ਹਾਲਾਂਕਿ ਕਹਾਣੀਆਂ ਨੂੰ ਬੱਚੇ ਅੱਜ ਵੀ ਪਿਆਰ ਕਰਦੇ ਹਨ। ਸਾਡੇ ਮੌਖਿਕ ਸਬੰਧਾਂ ਅੰਦਰ ਸੰਸਾਰ ਛੁਪਿਆ ਪਿਆ ਹੈ ਬਸ਼ਰਤੇ ਗੱਲਬਾਤ ਕਰਨ ਦੀ ਕਲਾ ਹੋਵੇ। ਜੇ ਅਸੀਂ ਬੱਚਿਆਂ ਨੂੰ ਸੰਸਾਰ ਵਿਖਾਉਣਾ ਹੈ ਤਾਂ ਜਾਨਦਾਰ ਸੰਵਾਦ ਦੀ ਖਿੜਕੀ ਖੋਲ੍ਹਣੀ ਹੀ ਪਵੇਗੀ। ਕਹਾਣੀਆਂ ਜਿੱਥੇ ਬੱਚੇ ਨੂੰ ਆਲੇ-ਦੁਆਲੇ ਨਾਲ ਜੋੜਦੀਆਂ ਹਨ, ਉੱਥੇ ਉਸ ਨੂੰ ਖ਼ੁਦ ਬਾਰੇ ਪਛਾਣ ਕਰਨ ’ਚ ਵੀ ਮਦਦ ਕਰਦੀਆਂ ਹਨ। ਜ਼ਿੰਦਗੀ ਨਾਲ ਜੁੜੇ ਪ੍ਰਸੰਗਾਂ ਰਾਹੀਂ ਬੱਚਾ ਆਲੇ-ਦੁਆਲੇ ਦੀਆਂ ਸਾਰੀਆਂ ਵਿਭਿੰਨਤਾਵਾਂ ਦਾ ਸਤਿਕਾਰ ਕਰਨਾ ਸਿੱਖਦਾ ਹੈ। ਕਹਾਣੀਆਂ ਸੁਣ ਕੇ ਹੀ ਉਸ ਅੰਦਰ ਸੰਘਰਸ਼ ਦਾ ਜਜ਼ਬਾ ਤੇ ਲੋੜ ਵੇਲੇ ਸਹਿਣਸ਼ੀਲ ਹੋਣ ਦੀ ਸਮਝ ਪੈਦਾ ਹੁੰਦੀ ਹੈ। ਦੁਨੀਆ ਬਹੁ-ਭਾਸ਼ਾਈ, ਬਹੁ-ਬੋਲੀਆਂ, ਬਹੁ-ਸੱਭਿਆਚਾਰਾਂ ਤੇ ਬਹੁ-ਧਰਮਾਂ ਤੇ ਵਿਸ਼ਵਾਸਾਂ ਵਾਲੇ ਲੋਕਾਂ ਦਾ ਸਮੂਹ ਹੈ। ਇਨ੍ਹਾਂ ਵਖਰੇਵਿਆਂ ’ਚ ਬੱਚੇ ਦੇ ਸਹੀ ਸਮਾਂਯੋਜਨ ਲਈ ਅਧਿਆਪਕ ਨੂੰ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕੇਵਲ ਕਹਾਣੀਆਂ ਸੁਣਾਉਣੀਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਸੰਸਾਰ ਪ੍ਰਤੀ ਪ੍ਰਤੀਕਿਰਿਆ ਤੇ ਸਮਝ ਨੂੰ ਸੁਣਨਾ ਵੀ ਹੁੰਦਾ ਹੈ। ਗੱਲਾਂ ਕਰਦੇ ਬੱਚੇ ਤੁਹਾਨੂੰ ਬੜਾ ਕੁਝ ਦੱਸ ਦਿੰਦੇ ਹਨ, ਜੋ ਅਧਿਆਪਕ ਦੇ ਨੋਟ ਕਰਨ ਵਾਲਾ ਹੁੰਦਾ ਹੈ। ਗੱਲਬਾਤ ਰਾਹੀਂ ਬੱਚੇ ਜਿੱਥੇ ਆਪਣੇ ਵਿਸ਼ਵਾਸ ਤੇ ਜੀਵਨ ਨਿਸ਼ਾਨਿਆਂ ਬਾਰੇ ਗੱਲ ਕਰਦੇ ਹਨ, ਉੱਥੇ ਉਹ ਅਦਿੱਖ ਲੋਕਾਂ ਅਤੇ ਧਰਤੀਆਂ ਬਾਰੇ ਆਪਣੀ ਰਾਇ ਸਾਹਮਣੇ ਰੱਖਦੇ ਹਨ।

ਸੁਭਾਅ ’ਚ ਆਉਂਦੀਆਂ ਹਨ ਹਾਂ-ਪੱਖੀ ਤਬਦੀਲੀਆਂ

ਕਹਾਣੀ ਕਲਾ ਦਾ ਹੁਨਰ ਅਧਿਆਪਕ ਦਾ ਵਿਲੱਖਣ ਗੁਣ ਹੈ। ਬਹੁਪੱਖੀ ਸ਼ਖ਼ਸੀਅਤ ਵਾਲਾ ਅਧਿਆਪਕ ਹੀ ਕਹਾਣੀਆਂ ਰਾਹੀਂ ਬੱਚਿਆਂ ਨੂੰ ਸੰਸਾਰ ਦੇ ਦਰਸ਼ਨ ਕਰਵਾ ਸਕਦਾ ਹੈ। ਵਧੀਆ ਬੁਲਾਰਾ ਚੰਗੇ ਸਰੋਤੇ ਪੈਦਾ ਕਰ ਲੈਂਦਾ ਹੈ। ਗੱਲਬਾਤ ਦਾ ਮਾਹਿਰ ਅਧਿਆਪਕ ਬੱਚਿਆਂ ਦੇ ਸੁਣਨ ਤੇ ਬੋਲਣ ਕੌਸ਼ਲਾਂ ਦਾ ਵਿਕਾਸ ਵੀ ਕਰਦਾ ਹੈ। ਦੋਵਾਂ ਪਾਸਿਆਂ ਦੀ ਬਰਾਬਰ ਭਾਗੀਦਾਰੀ ਵਾਲੀ ਗੱਲਬਾਤ ਨੂੰ ਹੀ ਸੰਪੂਰਨ ਸਮਝਿਆ ਜਾਂਦਾ ਹੈ। ਅਧਿਆਪਕ ਦੇ ਧੁਰ ਅੰਦਰੋਂ ਨਿਕਲੀਆਂ ਗੱਲਾਂ ਸੁਣਨ ਤੋਂ ਬਾਅਦ ਬੱਚੇ ਸਵੈ-ਇੱਛਾ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਆਪਸੀ ਭਰੋਸੇ ਵਾਲੇ ਮਾਹੌਲ ’ਚ ਉਨ੍ਹਾਂ ਦੀ ਕਲਪਨਾ ਤੇ ਸਿਰਜਣਾ ਸ਼ਕਤੀ ਦਾ ਅਥਾਹ ਵਿਕਾਸ ਹੁੰਦਾ ਹੈ, ਇਹ ਹੀ ਅਸਲ ਅਧਿਆਪਨ ਹੈ। ਪ੍ਰੇਰਕ-ਪ੍ਰਸੰਗ ਸੁਣਨ ਨਾਲ ਬੱਚਿਆਂ ਦੇ ਸੁਭਾਅ ਅੰਦਰ ਜ਼ਬਰਦਸਤ ਹਾਂ-ਪੱਖੀ ਤਬਦੀਲੀਆਂ ਆਉਂਦੀਆਂ ਹਨ, ਉਨ੍ਹਾਂ ਦਾ ਵਤੀਰਾ ਸਹਿਯੋਗੀ ਬਣ ਜਾਂਦਾ ਹੈ ਤੇ ਉਹ ਸਮਾਜ ਨੂੰ ਕੁਝ ਨਾ ਕੁਝ ਦੇਣ ਬਾਰੇ ਸੋਚਣ ਲੱਗ ਜਾਂਦੇ ਹਨ। ਜ਼ਿੰਦਗੀ ਮੁਖੀ ਬਿਰਤਾਂਤਾਂ ਅੰਦਰ ਵੱਡੇ ਜੀਵਨ ਫਲਸਫੇ ਹੁੰਦੇ ਹਨ। ਅਜਿਹੇ ਕਿੱਸੇ ਸੁਣਾਉਂਦੇ ਵਕਤ ਅਧਿਆਪਕ ਦੀ ਕਲਾ ਹੀ ਸਮਝੋ ਕਿ ਉਹ ਰੇਤ ਵਿੱਚੋਂ ਸੋਨੇ ਦੇ ਕਣ ਲੱਭ ਕੇ ਬੱਚਿਆਂ ਅੱਗੇ ਰੱਖ ਦਿੰਦਾ ਹੈ। ਅਜਿਹਾ ਸ਼ੁੱਧ ਗਿਆਨ ਸੁਣ ਕੇ ਬੱਚੇ ਨਿਹਾਲ ਹੋ ਜਾਂਦੇ ਹਨ। ਨਿਰੋਲ ਕਿਤਾਬੀ ਗੱਲਾਂ ਕਰਨ ਦੀ ਬਜਾਏ ਜੇ ਅਧਿਆਪਕ ਕੋਲ ਪਾਠ ਨਾਲ ਸਬੰਧਤ ਮੌਲਿਕ ਗਿਆਨ ਹੋਵੇ ਤਾਂ ਉਸ ਦਾ ਲੈਕਚਰ ਰੋਚਕ ਹੋ ਜਾਂਦਾ ਹੈ। ਜਮਾਤਾਂ ਨੂੰ ਅਜਿਹੇ ਅਧਿਆਪਕਾਂ ਦੀ ਅਕਸਰ ਉਡੀਕ ਰਹਿੰਦੀ ਹੈ, ਬਹੁਤੀ ਵਾਰ ਤਾਂ ਇਹ ਵੇਖਿਆ ਗਿਆ ਹੈ ਕਿ ਅਧਿਆਪਕ ਦੁਆਰਾ ਪੀਰੀਅਡ ਲਾਉਣ ਤੋਂ ਬਾਅਦ ਬੱਚੇ ਸੁਭਾਵਿਕ ਰੂਪ ’ਚ ਆਪ ਮੁਹਾਰੇ ਤਾੜੀਆਂ ਮਾਰਦੇ ਹਨ। ਬੱਚਿਆਂ ਦਾ ਇਹ ਵਰਤਾਰਾ ਅਧਿਆਪਕ ਲਈ ਪਾਠ ਦੇ ਸਫਲ ਅਧਿਆਪਨ ਦਾ ਸੁਨੇਹਾ ਹੁੰਦਾ ਹੈ। ਕਹਾਣੀ ਕੇਵਲ ਸ਼ਬਦਾਂ ਰਾਹੀਂ ਹੀ ਕਹਿਣੀ ਨਹੀਂ ਹੁੰਦੀ ਸਗੋਂ ਭਾਸ਼ਾ ਦੀਆਂ ਸੂਖ਼ਮ ਜੁਗਤਾਂ ਵਰਤਦਿਆਂ ਬੱਚਿਆਂ ਸਾਹਮਣੇ ਸਾਕਾਰ ਕਾਲਪਨਿਕ ਦਿ੍ਰਸ਼ ਖੜ੍ਹੇ ਕਰਨੇ ਹੁੰਦੇ ਹਨ। ਇਨ੍ਹਾਂ ਪ੍ਰਤੀਬਿੰਬਾਂ ਰਾਹੀਂ ਬੱਚੇ ਸਿੱਖਣ ਦੇ ਨਾਲ-ਨਾਲ ਮਨੋਰੰਜਨ ਵੀ ਕਰਦੇ ਹਨ।

ਕਰੋ ਪ੍ਰਭਾਵਸ਼ਾਲੀ ਗੱਲਬਾਤ

ਵਧੀਆ ਬੁਲਾਰੇ ਕੋਲ ਕੇਵਲ ਸ਼ਬਦ ਹੀ ਨਹੀਂ ਸਗੋਂ ਸੰਗੀਤਕ ਲੈਅ ਵੀ ਹੁੰਦੀ ਹੈ। ਉਸ ਦਾ ਚੁੱਪ ਚਿਹਰਾ ਵੀ ਬੋਲਦਾ ਹੁੰਦਾ ਹੈ। ਨੀਵੀਂ ਪਾ ਕੇ ਬੋਲਣ ਵਾਲੇ ਬੁਲਾਰੇ ਅਕਸਰ ਪ੍ਰਭਾਵਹੀਣ ਬੁਲਾਰੇ ਸਾਬਿਤ ਹੁੰਦੇ ਹਨ। ਆਪਣੀ ਗੱਲ ਨੂੰ ਬੱਚਿਆਂ ਅੱਗੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖਣ ਲਈ ਉਨ੍ਹਾਂ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਚਿਹਰੇ ਦੀ ਭਾਸ਼ਾ ਅਧਿਆਪਕ ਨੂੰ ਦੱਸ ਦਿੰਦੀ ਹੈ ਕਿ ਉਹ ਕਿੰਨੀ ਭਾਵਨਾ ਨਾਲ ਤੁਹਾਡਾ ਲੈਕਚਰ ਸੁਣ ਰਹੇ ਹਨ। ਗੱਲਬਾਤ ਕਰਦਿਆਂ ਕਿ੍ਰਸ਼ਮਈ ਬਣੇ ਰਹੋ ਕਿਉਂਕਿ ਤੁਹਾਡਾ ਇਹ ਪ੍ਰਭਾਵ ਤੁਹਾਡੀ ਗੱਲ ਨੂੰ ਬੱਚਿਆਂ ਦੇ ਧੁਰ ਅੰਦਰ ਲੈ ਜਾਵੇਗਾ। ਕਹਾਣੀ ਸੁਣਾਉਂਦੇ ਸਮੇਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਅਜਿਹੇ ਤਰੀਕੇ ਨਾਲ ਕਰੋ ਕਿ ਸੁਣਨ ਵਾਲੇ ਮੰਤਰ ਮੁਗਧ ਹੋ ਜਾਣ। ਇਹ ਵੀ ਇਕ ਟਸ਼ਨ ਹੀ ਹੈ ਕਿ ਵਾਰਤਾਲਾਪ ਕਰਦੇ ਸਮੇਂ ਅਧਿਆਪਕ ਦੇ ਅਚਾਨਕ ਰੁਕ ਜਾਣ ਨਾਲ ਟੁੱਟੀ ਲਗਾਤਾਰਤਾ ਬੱਚੇ ਅੰਦਰ ਸਨਸਨੀ ਪੈਦਾ ਕਰ ਦਿੰਦੀ ਹੈ ਤੇ ਇਸ ਮੁਕੰਮਲ ਠਹਿਰਾਅ ਤੋਂ ਬਾਅਦ ਅਧਿਆਪਕ ਦੁਆਰਾ ਬੋਲੇ ਸ਼ਬਦ ਕਹਾਣੀ ਨੂੰ ਤਿੱਖੀ ਰਵਾਨਗੀ ਤੇ ਤਾਜ਼ਗੀ ਦਿੰਦੇ ਹਨ। ਇਸ ਤਰ੍ਹਾਂ ਕਹਾਣੀਆਂ ਦੀ ਰਹੱਸਮਈ ਪੇਸ਼ਕਾਰੀ ਕਰਨ ਵਾਲੇ ਬੁਲਾਰੇ ਕਿਤਾਬੀ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨਾਲੋਂ ਕਿਤੇ ਜ਼ਿਆਦਾ ਸਫਲ ਸਿੱਧ ਹੁੰਦੇ ਹਨ।

ਭਾਸ਼ਾ ਹੋਵੇ ਸਥਾਨਕ

ਕਹਾਣੀ ਸੁਣਾਉਣ ਵੇਲੇ ਭਾਸ਼ਾ ਸਥਾਨਕ ਹੋਣੀ ਜ਼ਰੂਰੀ ਹੈ। ਅਜਿਹੀ ਸਰਲ ਭਾਸ਼ਾ ਰਾਹੀਂ ਸੁਣਾਈਆਂ ਕਹਾਣੀਆਂ ਅਸਰਦਾਰ ਤੇ ਰੋਚਕ ਹੁੰਦੀਆਂ ਹਨ। ਕਹਾਣੀ ਸੰਪੂਰਨ ਹੋਣ ਤੋਂ ਬਾਅਦ ਬੱਚੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ ਜੋ ਖ਼ੁਦ ’ਚ ਨਵੀਆਂ ਕਹਾਣੀਆਂ ਹੁੰਦੀਆਂ ਹਨ। ਬੱਚਿਆਂ ਨਾਲ ਜਜ਼ਬਾਤੀ ਸਾਂਝ ਬਣਾ ਕੇ ਕੀਤੀ ਗੱਲ ਦਾ ਅਸਰ ਜ਼ਿਆਦਾ ਹੁੰਦਾ ਹੈ। ਸਫਲ ਕਹਾਣੀ ਉਹ ਮਾਲਾ ਹੁੰਦੀ ਹੈ, ਜੋ ਬੱਚੇ ਦੇ ਸਾਰੇ ਅੰਦਰੂਨੀ ਖਿਲਾਰੇ ਨੂੰ ਇਕ ਧਾਰਾ ’ਚ ਪਰੋ ਕੇ ਉਸ ਨੂੰ ਬਾਹਰਲੇ ਸੰਸਾਰ ਨਾਲ ਜੋੜ ਦਿੰਦੀ ਹੈ।

ਜੇ ਅਧਿਆਪਕ ਕਹਾਣੀ ਸੁਣਾਉਣ ਦੀ ਕਲਾ ਦਾ ਮਾਹਿਰ ਹੋਵੇ ਤਾਂ ਉਸ ਦੁਆਰਾ ਪੜ੍ਹਾਏ ਤੇ ਸਮਝਾਏ ਗਏ ਤੱਥ ਬੱਚਿਆਂ ਨੂੰ ਸਾਲਾਂ ਤਕ ਯਾਦ ਰਹਿੰਦੇ ਹਨ। ਕਹਾਣੀ ਵਿਧੀ ਰਾਹੀਂ ਕੇਵਲ ਭਾਸ਼ਾਵਾਂ ਨੂੰ ਨਹੀਂ ਸਗੋਂ ਦੂਸਰੇ ਵਿਸ਼ਿਆਂ ਨੂੰ ਵੀ ਪੜ੍ਹਾਇਆ ਜਾ ਸਕਦਾ ਹੈ। ਹਿਸਾਬ ਤੇ ਵਾਤਾਵਰਨ ਵਿਗਿਆਨ ਦੇ ਤੱਥਾਂ ਨੂੰ ਆਮ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਜੋੜ ਕੇ ਸਮਝਾਉਣ ਨਾਲ ਉਨ੍ਹਾਂ ਪ੍ਰਤੀ ਬੱਚਿਆਂ ਦੀ ਸਮਝ ਪੱਕੀ ਹੋ ਜਾਂਦੀ ਹੈ। ਇਸ ਲਈ ਕਹਾਣੀ ਕਲਾ ਰਾਹੀਂ ਵਿਗਿਆਨ, ਤਕਨੀਕ, ਗਣਿਤ ਅਤੇ ਬ੍ਰਹਿਮੰਡ ਨਾਲ ਸਬੰਧਿਤ ਤੱਥ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਸਮਝਾਏ ਤੇ ਸਿਖਾਏ ਜਾ ਸਕਦੇ ਹਨ। ਬੱਚਿਆਂ ਲਈ ਦਿਨੋ-ਦਿਨ ਬੋਝ ਬਣਦੀ ਜਾ ਰਹੀ ਪੜ੍ਹਾਈ ਨੂੰ ਰੋਚਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਕਹਾਣੀ ਕਲਾ ਰਾਹੀਂ ਪੜ੍ਹਾਉਣਾ ਸਮੇਂ ਦੀ ਵੱਡੀ ਲੋੜ ਹੈ।

ਬੌਧਿਕ ਵਿਕਾਸ ਚਾਹੰੁਦੇ ਹਨ ਮਾਪੇ

ਅਜੋਕੀ ਵਿੱਦਿਅਕ ਪ੍ਰਣਾਲੀ ਰਾਹੀਂ ਸਿੱਖਣ ਵਾਲੇ ਵਿਦਿਆਰਥੀਆਂ ਦੀ ਥਾਂ ਕਮਾਊ ਪੁਰਜੇ ਪੈਦਾ ਕੀਤੇ ਜਾ ਰਹੇ ਹਨ। ਰੱਟਾ ਮਾਰਕਾ ਪੜ੍ਹਾਈ ਦਾ ਜ਼ੋਰ ਹੈ। ਕਿਤਾਬਾਂ ਰਾਹੀਂ ਬੱਚਿਆਂ ਅੰਦਰ ਕੇਵਲ ਤੱਥਾਂ ਤੇ ਅੰਕੜਿਆਂ ਨੂੰ ਹੀ ਭਰਿਆ ਜਾ ਰਿਹਾ ਹੈ। ਬੱਚਿਆਂ ਦੇ ਮਾਪੇ ਆਪਣੀ ਔਲਾਦ ਦਾ ਕੇਵਲ ਬੌਧਿਕ ਵਿਕਾਸ ਚਾਹੁੰਦੇ ਹਨ ਭਾਵ ਸਰਟੀਫਿਕੇਟਾਂ ’ਤੇ ਵੱਧ ਤੋਂ ਵੱਧ ਨੰਬਰ ਵੇਖਣਾ ਚਾਹੁੰਦੇ ਹਨ। ਪੜ੍ਹਾਈ ਦਾ ਸਰਬਪੱਖੀ ਵਿਕਾਸ ਵਾਲਾ ਮਾਡਲ ਗਾਇਬ ਹੈ। ਬੱਚਿਆਂ ਅੰਦਰ ਜੋ ਕੁਝ ਪਾਇਆ ਜਾਂਦਾ ਹੈ, ਉਸ ਤੋਂ ਜ਼ਿਆਦਾ ਬਾਹਰ ਆਉਣ ਦੀ ਉਮੀਦ ਲਗਾਈ ਜਾਂਦੀ ਹੈ। ਚਾਹਤ ਅਨੁਸਾਰ ਪ੍ਰਾਪਤੀਆਂ ਨਾ ਹੋਣ ਕਰਕੇ ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਤਣਾਅ ਦਾ ਸ਼ਿਕਾਰ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਬੱਚੇ ਦਾ ਜੀਵਨ ਅਤੇ ਖ਼ੁੁਸ਼ੀ ਉਸ ਦੀ ਰੁਚੀ ਦੀ ਪੜ੍ਹਾਈ ਅਤੇ ਕੰਮ ਕਰਨ ਵਿਚ ਹੈ। ਪੜ੍ਹਾਈ ਦੀਆਂ ਭਾਵੇਂ ਬਹੁਤ ਸਾਰੀਆਂ ਡਿਜੀਟਲ ਤਕਨੀਕਾਂ ਆ ਗਈਆਂ ਹਨ ਪਰ ਬੱਚਿਆਂ ਦਾ ਜਜ਼ਬਾਤੀ ਵਿਕਾਸ ਪਿੱਛੇ ਰਹਿ ਗਿਆ ਹੈ। ਬੱਚੇ ਆਲੇ-ਦੁਆਲੇ ਨਾਲ ਸੰਵਾਦ ਕਰ ਕੇ ਬਹੁਤ ਕੁੱਝ ਸਿੱਖਦੇ ਹਨ। ਇਸੇ ਕਰਕੇ ਰਵਾਇਤੀ ਪੜ੍ਹਾਈ ਵਿਚ ਕਹਾਣੀ ਕਲਾ ਰਾਹੀਂ ਅਧਿਆਪਨ ਦੀ ਸਰਦਾਰੀ ਸੀ ਤੇ ਅਧਿਆਪਕ ਦੇ ਨਾਲ-ਨਾਲ ਬੱਚੇ ਦੀ ਸਿੱਖਿਆ ’ਚ ਸਮਾਜ ਦਾ ਵੀ ਵੱਡਾ ਰੋਲ ਹੁੰਦਾ ਸੀ।

- ਬਲਜਿੰਦਰ ਜੌੜਕੀਆਂ

Posted By: Harjinder Sodhi