ਪਿਆਰੇ ਬੱਚਿਓ! ਅੱਜ ਸਾਡਾ ਸੂਬਾ ਜਾਂ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਕੋਰੋਨਾ ਰੂਪੀ ਦੈਂਤ ਦੇ ਪੰਜੇ ’ਚ ਜਕੜੀ ਹੋਈ ਨਜ਼ਰ ਆ ਰਹੀ ਹੈ। ਲੱਖਾਂ ਵਿਅਕਤੀ ਕੋਰੋਨਾ ਦਾ ਸ਼ਿਕਾਰ ਬਣ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਕਰੋੜਾਂ ਵਿਅਕਤੀ ਹਸਪਤਾਲਾਂ ਤੇ ਘਰਾਂ ’ਚ ਇਲਾਜ ਅਧੀਨ ਹਨ। ਮੈਡੀਕਲ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਕਾਫ਼ੀ ਘਾਤਕ ਹੈ। ਇਸ ਲਈ ਇਸ ਮਹਾਮਾਰੀ ਰੂਪੀ ਜੰਗ ਨੂੰ ਫ਼ਤਿਹ ਕਰਨ ਲਈ ਬੱਚਿਓ ਤੁਹਾਡਾ ਸਾਥ ਤੇ ਸੂਝ-ਬੂਝ ਬਹੁਤ ਜ਼ਰੂਰੀ ਹੈ। ਜੇ ਤੁਸੀਂ ਗੰਭੀਰਤਾ ਤੇ ਇਮਾਨਦਾਰੀ ਨਾਲ ਕੁਝ ਕੁ ਗੱਲਾਂ ’ਤੇ ਅਮਲ ਕਰੋਗੇ ਤਾਂ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਆਸਾਨੀ ਨਾਲ ਬਚਾ ਸਕੋਗੇ।

- ਘਰ ’ਚ ਹੀ ਰਹਿ ਕੇ ਪੜ੍ਹਾਈ-ਲਿਖਾਈ ਤੇ ਖੇਡਣ ਸਮੇਤ ਬਾਕੀ ਸਾਰੇ ਕੰਮ ਕਰੋ ਅਤੇ ਘਰੋਂ ਬਾਹਰ ਜਾਣ ਦੀ ਜ਼ਿੱਦ ਹਰਗਿਜ਼ ਨਾ ਕਰੋ।

- ਮਾਤਾ-ਪਿਤਾ ਵੱਲੋਂ ਦਿੱਤੇ ਜਾ ਰਹੇ ਭੋਜਨ ਨੂੰ ਪਹਿਲ ਦੇ ਆਧਾਰ ’ਤੇ ਖਾਓ ਅਤੇ ਬਾਹਰੋਂ ਮੰਗਵਾ ਕੇ ਡੱਬਾਬੰਦ ਖਾਣਾ ਜਾਂ ਪੀਜ਼ਾ, ਬਰਗਰ ਆਦਿ ਖਾਣ ਦੀ ਆਦਤ ਕੋਰੋਨਾ ਸੰਕਟ ਦੌਰਾਨ ਪੂਰੀ ਤਰ੍ਹਾਂ ਤਿਆਗ ਦਿਉ।

- ਕੋਰੋਨਾ ਨਾਲ ਲੜਨ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਸੋ ਇਸ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਮੌਸਮੀ ਫਲ, ਸਬਜ਼ੀਆਂ, ਸਲਾਦ ਤੇ ਹੋਰ ਕੁਦਰਤੀ ਪਦਾਰਥਾਂ ਨੂੰ ਭੋਜਨ ਦਾ ਹਿੱਸਾ ਬਣਾਓ। ਅਜਿਹਾ ਭੋਜਨ ਖਾਣ ਤੋਂ ਨਾਂਹ ਬਿਲਕੁਲ ਨਾ ਕਰੋ। ਇਹ ਭਾਰੀ ਸੰਕਟ ਦਾ ਸਮਾਂ ਹੈ ਤੇ ਇਸ ਵਿੱਚੋਂ ਨਿਕਲਣ ਲਈ ਆਪਣੇ ਮਾਪਿਆਂ ਦਾ ਸਾਥ ਦਿਉ ਤੇ ਉਨ੍ਹਾਂ ਦੀ ਹਰ ਗੱਲ ਮੰਨੋ।

- ਆਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਵੋ ਅਤੇ ਮਾਸਕ ਦੀ ਵਰਤੋਂ ਜ਼ਰੂਰ ਕਰੋ। ਸਵੇਰੇ ਜਲਦੀ ੳੱੁਠਣ ਦੀ ਆਦਤ ਪਾਓ ਤੇ ਘਰ ਦੀ ਛੱਤ ’ਤੇ ਤਾਜ਼ੀ ਹਵਾ ਵਿਚ ਸੈਰ, ਕਸਰਤ ਜਾਂ ਯੋਗਾ ਜ਼ਰੂਰ ਕਰੋ।

- ਬਾਹਰੋਂ ਕੰਮਕਾਜ ਖ਼ਤਮ ਕਰ ਕੇ ਆਏ ਪਰਿਵਾਰਕ ਮੈਂਬਰਾਂ ਜਾਂ ਮਹਿਮਾਨਾਂ ਨੂੰ ਤੁਰੰਤ ਨਾ ਮਿਲੋ ਤੇ ਉਨ੍ਹਾ ਵੱਲੋਂ ਕੱਪੜੇ ਬਦਲਣ, ਹੱਥ ਧੋਣ ਜਾਂ ਨਹਾਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ’ਚ ਆਓ। ਉਨ੍ਹਾਂ ਵੱਲੋਂ ਵਰਤੇ ਗਏ ਬੈਗ ਜਾਂ ਹੋਰ ਸਾਮਾਨ ਨੂੰ ਛੂਹਣ ਤੋਂ ਪਰਹੇਜ਼ ਕਰੋ।

- ਆਪਣੇ ਪਰਿਵਾਰਕ ਮੈਂਬਰਾਂ ਨੂੰ ਉਮਰ ਅਨੁਸਾਰ ਚੱਲ ਰਹੀ ਵੈਕਸੀਨ ਮੁਹਿੰਮ ਦਾ ਹਿੱਸਾ ਬਣ ਕੇ ਵੈਕਸੀਨ ਲੈਣ ਲਈ ਪ੍ਰੇਰਿਤ ਤੇ ਤਿਆਰ ਕਰੋ। ਉਨ੍ਹਾ ਦੀ ਤੰਦਰੁਸਤੀ ਤੁਹਾਡੀ ਜਾਨ ਬਚਾਉਣ ’ਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਚੇਤੇ ਰੱਖੋ ਕਿ ਜਦੋਂ ਵੀ ਸਰਕਾਰ ਤੁਹਾਡੇ ਉਮਰ ਵਰਗ ਲਈ ਵੈਕਸੀਨ ਲਗਵਾਉਣ ਦਾ ਐਲਾਨ ਕਰਦੀ ਹੈ ਤਾਂ ਉਹ ਮੌਕਾ ਨਾ ਗੁਆਇਓ ਤੇ ਆਪਣੇ ਮਾਪਿਆਂ ਦੀ ਹਾਜ਼ਰੀ ’ਚ ਵੈਕਸੀਨ ਜ਼ਰੂਰ ਲਗਵਾਇਓ।

ਬੱਚਿਆਂ ਅੰਦਰ ਰੋਗ ਪ੍ਰਤੀਰੋਧਕ ਸਮਰੱਥਾ ਵੱਡਿਆਂ ਦੇ ਮੁਕਾਬਲੇ ਘੱਟ ਹੰੁਦੀ ਹੈ, ਇਸ ਲਈ ਤੁਹਾਡੇ ਵੱਲੋਂ ਵਰਤੀ ਗਈ ਸਾਵਧਾਨੀ ਅਤੇ ਸੂਝ-ਬੂਝ ਤੁਹਾਨੂੰ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਦੀ ਮਾਰ ਤੋਂ ਬਚਾ ਸਕਦੀ ਹੈ।

- ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

Posted By: Harjinder Sodhi