ਬੱਚੇ ਘਰ ਦੀ ਰੌਣਕ ਹਨ। ਤਕਰੀਬਨ ਘਰ ਦੇ ਸਾਰੇ ਵੱਡੇ ਜੀਅ ਛੋਟੇ ਬੱਚਿਆਂ ਨੂੰ ਖ਼ੂਬ ਲਾਡ-ਪਿਆਰ ਕਰਦੇ ਹਨ ਪਰ ਅੱਜ-ਕੱਲ੍ਹ ਦੇ ਬੱਚੇ ਦਿਮਾਗ਼ ਪੱਖੋਂ ਬਹੁਤ ਤੇਜ਼ ਹੁੰਦੇ ਹਨ। ਉਨ੍ਹਾਂ ਅੰਦਰ ਬਚਪਨਾ ਤੇ ਚੰਚਲਤਾ ਬਹੁਤਾ ਚਿਰ ਨਹੀਂ ਰਹਿੰਦੀ ਕਿਉਂਕਿ ਹਰ ਘਰ ਵਿਚ ਤਿੰਨ-ਚਾਰ ਮੋਬਾਈਲ ਫੋਨ ਜ਼ਰੂਰ ਹੁੰਦੇ ਹਨ ਤੇ ਨਿੱਕੇ ਬੱਚਿਆਂ ਨੂੰ ਫੋਨ ’ਤੇ ਵੀਡੀਓਜ਼, ਕਾਰਟੂਨ ਆਦਿ ਦੇਖਣ ’ਚ ਦਿਲਚਸਪੀ ਹੁੰਦੀ ਹੈ। ਕਈ ਵਾਰ ਬੱਚੇ ਇਹ ਵੀ ਆਖਦੇ ਹਨ ਕਿ ਮੈਂ ਸਪਾਈਡਰ ਮੈਨ, ਭੀਮ ਹਾਂ, ਯਾਨੀ ਉਹ ਕਾਰਟੂਨਾਂ ਦੇ ਕਿਰਦਾਰਾਂ ਵਾਂਗ ਬਣਨਾ ਚਾਹੁੰਦੇ ਹਨ। ਉਹ ਉਨ੍ਹਾਂ ਦੇ ਕਿਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ’ਤੇ ਨਿੱਕੀਆਂ-ਨਿੱਕੀਆਂ ਗੱਲਾਂ ਵੱਡੀ ਛਾਪ ਛੱਡਦੀਆਂ ਹਨ। ਇਸ ਲਈ ਬੱਚਿਆਂ ਦੇ ਸੋਹਲ ਜਿਹੇ ਮਨ ’ਤੇ ਕਿਸੇ ਵੀ ਇਹੋ ਜਿਹੀ ਚੀਜ਼ ਨੂੰ ਭਾਰੂ ਨਾ ਹੋਣ ਦਿਉ, ਜੋ ਉਸ ਦੇ ਦਿਮਾਗ਼ ’ਚ ਘਰ ਕਰ ਜਾਵੇ।

ਗੱਲਾਂ ਨੂੰ ਨਾ ਕਰੋ ਨਜ਼ਰ-ਅੰਦਾਜ਼

ਬੱਚੇ ਦੇ ਮਨ ਨੂੰ ਪੜ੍ਹਨਾ ਸਿੱਖੋ, ਤਾਂ ਜੋ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਤੁਹਾਡੇ ਬੱਚੇ ਦਾ ਰੁਝਾਨ ਕਿਹੜੀ ਖੇਡ ਵਿਚ ਜ਼ਿਆਦਾ ਹੈ। ਤੁਸੀਂ ਉਨ੍ਹਾਂ ਦੀਆਂ ਮਨਪਸੰਦ ਖੇਡਾਂ ਉਨ੍ਹਾਂ ਨੂੰ ਲਿਆ ਕੇ ਦੇ ਸਕਦੇ ਹੋ। ਜਿੰਨਾ ਹੋ ਸਕੇ ਉਸ ਨੂੰ ਖੁੱਲ੍ਹ ਕੇ ਖੇਡਣ ਦਿਉ, ਇਸ ਨਾਲ ਉਸ ਦਾ ਸਰੀਰਕ ਵਿਕਾਸ ਵੀ ਹੋਵੇਗਾ ਤੇ ਉਹ ਦਿਮਾਗ਼ੀ ਤੌਰ ’ਤੇ ਵੀ ਤੰਦਰੁਸਤ ਰਹੇਗਾ। ਬੱਚੇ ਜਦੋਂ ਤੁਹਾਨੂੰ ਕੁਝ ਦੱਸਦੇ ਹਨ ਤਾਂ ਧਿਆਨ ਨਾਲ ਸੁਣੋ ਤੇ ਆਪਣੀ ਸਮਝ ਅਨੁਸਾਰ ਜਵਾਬ ਜ਼ਰੂਰ ਦਿਉ ਕਿਉਂਕਿ ਅਸੀਂ ਕਈ ਵਾਰ ਬੱਚਿਆਂ ਦੀਆਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਤਾਂ ਉਹ ਨਿਰਾਸ਼ਾ ਮਹਿਸੂਸ ਕਰਦੇ ਹਨ ਅਤੇ ਇਹ ਸੋਚਣ ਲੱਗਦੇ ਹਨ ਕਿ ਸ਼ਾਇਦ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ। ਆਪਣੇ ਬੱਚੇ ਨੂੰ ਹਮੇਸ਼ਾ ਇਹ ਅਹਿਸਾਸ ਕਰਵਾਓ ਕਿ ਉਹ ਤੁਹਾਡੇ ਲਈ ਬਹੁਤ ਖ਼ਾਸ ਹਨ। ਇਸ ਨਾਲ ਉਹ ਤੁਹਾਡੇ ਤੋਂ ਕਦੇ ਕੋਈ ਗੱਲ ਨਹੀਂ ਲੁਕਾਉਣਗੇ ਅਤੇ ਗੱਲ ਕਰਦੇ ਸਮੇਂ ਕੋਈ ਝਿਜਕ ਮਹਿਸੂਸ ਨਹੀਂ ਕਰਨਗੇ। ਚੀਜ਼ਾਂ ਨੂੰ ਸਿੱਖਣ-ਸਮਝਣ ’ਚ ਉਨ੍ਹਾਂ ਦਾ ਰੁਝਾਨ ਵਧੇਗਾ।

ਆਪਣੇ ਬੱਚੇ ਨੂੰ ਕਦੇ ਵੀ ਦੂਜੇ ਬੱਚਿਆਂ ਨਾਲ ਤੁਲਨਾ ਕਰ ਕੇ ਨਾ ਦੇਖੋ ਤੇ ਨਾ ਹੀ ਉਨ੍ਹਾਂ ਨੂੰ ਦੂਜੇ ਬੱਚਿਆਂ ਸਾਹਮਣੇ ਝਿੜਕੋ। ਇਸ ਨਾਲ ਉਨ੍ਹਾਂ ਦਾ ਮਨੋਬਲ ਕਮਜ਼ੋਰ ਹੁੰਦਾ ਹੈ। ਬੱਚੇ ਨੂੰ ਹਮੇਸ਼ਾ ਇਹੋ ਹੌਸਲਾ ਦਿਉ ਕਿ ਉਹ ਆਪਣੀ ਮਿਹਨਤ ਸਦਕਾ ਹਰ ਕੰਮ ਕਰ ਸਕਦਾ ਹੈ, ਬੱਚਿਆਂ ਦੇ ਕੋਮਲ ਮਨ ਨੂੰ ਸਮਝਣ ਲਈ ਸਾਨੂੰ ਆਪ ਵੀ ਬੱਚੇ ਬਣਨਾ ਪੈਂਦਾ ਹੈ।

ਸਹਿਜਤਾ ਨਾਲ ਸਿੱਖਦੇ ਬੱਚੇ

ਬੱਚੇ ਝਿੜਕ ਨਾਲ ਨਹੀਂ, ਪਿਆਰ ਤੇ ਸਹਿਜਤਾ ਨਾਲ ਸਿੱਖਦੇ ਹਨ। ਫੁੱਲਾਂ ਜਿਹੇ ਮਨਾਂ ’ਤੇ ਕਦੇ ਵੀ ਕੰਡਿਆਂ ਵਰਗੇ ਕਠੋਰ ਬੋਲਾਂ ਦੇ ਵਾਰ ਨਾ ਕਰੋ। ਇਸ ਨਾਲ ਬੱਚੇ ਸੁਧਰਨ ਦੀ ਬਜਾਏ ਹੋਰ ਵਿਗੜ ਸਕਦੇ ਹਨ ਕਿਉਂਕਿ ਉਨ੍ਹਾਂ ਅੰਦਰ ਬਦਲੇ ਦੀ ਭਾਵਨਾ ਬਹੁਤ ਜਲਦ ਉਪਜਦੀ ਹੈ। ਆਓ ਕੋਸ਼ਿਸ਼ ਕਰੀਏ ਉਨ੍ਹਾਂ ਦੇ ਕੋਰੇ ਤੇ ਸਾਫ਼ ਮਨ ਨੂੰ ਸਮਝਣ ਦੀ।

ਬਣਾਵਟੀ ਦੁਨੀਆ ਤੋਂ ਰੱਖੋ ਦੂਰ

ਬੱਚਿਆਂ ਨੂੰ ਜਿੰਨਾ ਹੋ ਸਕੇ ਬਣਾਵਟੀ ਦੁਨੀਆ ਨੂੰ ਦੂਰ ਰੱਖਿਆ ਜਾਵੇ ਯਾਨੀ ਕਾਰਟੂਨਾਂ ਆਦਿ ’ਚ ਵਾਪਰਦੀਆਂ ਮਨਘੜਤ ਕਹਾਣੀਆਂ ਆਦਿ ਦੇਖਣ-ਸੁਣਨ ਤੋਂ ਦੂਰ ਰਹਿਣ ਲਈ ਕੋਸ਼ਿਸ਼ ਕੀਤੀ ਜਾਵੇ। ਉਨਾਂ ਨੂੰ ਘਰ ’ਚ ਵਾਪਰਦੇ ਵਰਤਾਰਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਬੱਚਿਆਂ ਨੂੰ ਬਹੁਤਾ ਚਿਰ ਇਕੱਲਿਆਂ ਨਾ ਛੱਡੋ। ਓਹ ਮੋਬਾਈਲ ’ਤੇ ਕੀ ਖੇਡਦਾ ਹੈ ਜਾਂ ਕੀ ਗਤੀਵਿਧੀਆਂ ਕਰਦਾ ਹੈ, ਉਸ ਵੱਲ ਧਿਆਨ ਦਿਉ। ਹੋ ਸਕੇ ਤਾਂ ਕਦੇ-ਕਦੇ ਖ਼ੁਦ ਉਨ੍ਹਾਂ ਨਾਲ ਖੇਡੋ। ਤੁਹਾਡੀ ਮੌਜੂਦਗੀ ’ਚ ਉਹ ਖ਼ੁਸ਼ੀ ਮਹਿਸੂਸ ਕਰੇਗਾ।

- ਅਮਨਦੀਪ ਕੌਰ

Posted By: Harjinder Sodhi