ਬੱਚੇ ਦਾ ਪਹਿਲੇ ਦਸ ਸਾਲ ਤਕ ਦਾ ਸਫਰ ਬੇਫ਼ਿਕਰੀ ਵਾਲਾ ਹੁੰਦਾ ਹੈ। ਉਹ ਆਪਣੇ ਆਪ 'ਚ ਰਾਜਾ ਹੁੰਦਾ ਹੈ। ਇਸ ਉਮਰ ਤਕ ਉਸ ਨੂੰ ਭਵਿੱਖ ਦੀ ਕੋਈ ਚਿੰਤਾ ਨਹੀ ਹੁੰਦੀ ਤੇ ਨਾ ਉਸ ਦਾ ਕੋਈ ਸੁਪਨਿਆਂ ਦਾ ਸੰਸਾਰ ਹੁੰਦਾ ਹੈ। ਬੱਚਿਆਂ 'ਚ ਸਰੀਰਕ, ਮਾਨਸਿਕ ਤੇ ਮਨੋਵਿਗਿਆਨਕ ਤਬਦੀਲੀ ਦਸ ਸਾਲ ਬਾਅਦ ਹੀ ਆਉਂਦੀ ਹੈ। ਉਸ ਸਮੇਂ ਬੱਚੇ ਨੂੰ ਪੂਰੀ ਸੋਝੀ ਆ ਜਾਂਦੀ ਹੈ, ਭਾਵੇਂ ਉਸ ਨੂੰ ਆਪਣੇ ਚੰਗੇ-ਮਾੜੇ ਦਾ ਅਜੇ ਵੀ ਪੂਰਾ ਪਤਾ ਨਹੀਂ ਹੁੰਦਾ ਪਰ ਆਪਣੀ ਰੁਚੀ ਤੇ ਸ਼ੌਕ ਦੀ ਚੋਣ ਕਰਨੀ ਆ ਜਾਂਦੀ ਹੈ।

ਅੱਜ ਦੀਆਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਨਾ ਉਸ ਨੂੰ ਆਉਂਦਾ ਹੈ, ਜਿਸ ਨਾਲ ਉਸ ਦੀ ਸਿੱਖਣ ਤੇ ਯਾਦਸ਼ਕਤੀ 'ਚ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਉਸ ਦੀ ਕਲਪਨਾ ਅੰਬਰੀ ਉਡਾਰੀਆਂ ਮਾਰਦੀ ਹੈ। ਦਸਵੀਂ ਤੋਂ ਬਾਅਦ ਉਸ ਦੀ ਸੋਚ ਦੀ ਉਡਾਰੀ ਬਹੁਤ ਉੱਚੀ ਚਲ ਜਾਂਦੀ ਹੈ। ਭਵਿੱਖ 'ਚ ਆਪਣੇ ਜ਼ਿਹਨ 'ਚ ਅਨੇਕਾਂ ਸੁਪਨੇ ਸਮੋ ਲੈਂਦਾ ਹੈ। ਸੋਸ਼ਲ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਉਸ ਦੀ ਜ਼ਿੰਦਗੀ ਦੇ ਇਕ-ਇਕ ਕਦਮ ਨੂੰ ਪ੍ਰਭਾਵਿਤ ਕਰਦਾ ਹੈ। ਹਰ ਖੇਤਰ 'ਚ ਹੋ ਰਹੀ ਤੇਜ਼ੀ ਨਾਲ ਤਰੱਕੀ ਉਸ ਨੂੰ ਆਪਣੇ ਵੱਡਿਆਂ ਨਾਲੋਂ ਜ਼ਿਆਦਾ ਸਿਆਣਾ ਬਣਾ ਦਿੰਦੀ ਹੈ। ਉਹ ਆਪਣੇ ਫ਼ੈਸਲੇ ਆਪ ਲੈ ਕੇ ਖ਼ੁਦਮੁਖਤਿਆਰ ਹੋਣਾ ਚਾਹੁੰਦਾ ਹੈ। ਉਹ ਸੁਆਰਥੀ ਹੋ ਕੇ ਕੇਵਲ ਆਪਣੇ ਨਿਜ ਬਾਰੇ ਸੋਚਣ ਲੱਗ ਪੈਂਦਾ ਹੈ, ਰਿਸ਼ਤੇ-ਨਾਤੇ ਉਸ ਲਈ ਬਹੁਤੇ ਮਾਅਨੇ ਨਹੀਂ ਰੱਖਦੇ। ਕੀ ਖਾਣਾ ਹੈ, ਕੀ ਪਾਉਣਾ ਹੈ, ਇਸ ਲਈ ਉਹ ਹੁਣ ਆਪਣੇ ਵੱਡਿਆਂ ਤੇ ਬਜ਼ੁਰਗਾਂ ਦੀ ਸਲਾਹ ਨਹੀਂ ਲੈਂਦਾ। ਅਠਾਰਾਂ ਤਕ ਅੱਪੜਦਿਆਂ ਉਹਦੇ ਧਰਤੀ 'ਤੇ ਪੈਰ ਨਹੀਂ ਲੱਗਦੇ। ਉਹ ਉਹੀ ਕੁਝ ਕਰਦਾ ਹੈ, ਜੋ ਉਸ ਦਾ ਮਨ ਚਾਹੁੰਦਾ ਹੈ। ਉਸ ਦੇ ਖ਼ਿਆਲਾਂ ਵਾਲਾ ਸੰਸਾਰ ਹਰ ਇਕ ਕੋਲੋਂ ਲੁਕਿਆ ਰਹਿੰਦਾ ਹੈ। ਉਹ ਮਾਪਿਆਂ ਦੀਆਂ ਤੰਗੀਆਂ-ਤੁਰਸ਼ੀਆਂ ਤੇ ਮਜਬੂਰੀਆਂ ਨੂੰ ਜਾਣਦਿਆਂ ਵੀ ਆਪਣੀਆਂ ਇਛਾਵਾਂ ਨਹੀਂ ਘਟਾਉਂਦਾ। ਉਹ ਅਸਲ ਤੋਂ ਪਰੇ ਹੋ ਕੇ ਗ਼ੈਰ ਵਿਹਾਰਕ ਜ਼ਿੰਦਗੀ ਜਿਉਂਦਾ ਹੈ। ਕਿਸੇ ਕਿਸਮ ਦੀ ਬੰਦਿਸ਼ ਉਸ ਨੂੰ ਚੰਗੀ ਨਹੀਂ ਲੱਗਦੀ। ਸਭ ਕੁਝ ਹੋਣ ਦੇ ਬਾਵਜੂਦ ਵੀ ਉਸ ਦੀ ਜ਼ਿੰਦਗੀ ਆਨੰਦਮਈ ਨਹੀਂ ਹੁੰਦੀ।।

ਸਾਡਾ ਸਮਾਂ ਬਿਲਕੁਲ ਅਲੱਗ ਸੀ। ਉਦੋਂ ਸਹੂਲਤਾਂ ਦੀ ਘਾਟ ਸੀ, ਪੈਸੇ ਦੀ ਥੁੜ ਸੀ। ਕੰਪਿਊਟਰ ਤੇ ਮੋਬਾਈਲ ਨਹੀਂ ਹੁੰਦੇ ਸਨ। ਛੋਟੀਆਂ-ਛੋਟੀਆਂ ਗੱਲਾਂ 'ਚੋਂ ਵੱਡੀਆਂ ਖ਼ੁਸ਼ੀਆਂ ਮਿਲ ਜਾਂਦੀਆਂ ਸਨ। ਘੱਟ ਵਸੀਲਿਆਂ 'ਚੋਂ ਆਪਣਾ ਸ਼ੌਕ ਪੂਰਾ ਕਰਦੇ ਸੀ। ਅੱਠਵੀਂ ਤਕ ਹਰ ਰੋਜ਼ ਖ਼ਰਚਣ ਲਈ ਪੱਚੀ ਪੈਸੇ ਮਿਲਦੇ ਸਨ, ਜਿਸ ਦਾ ਇਕ ਸਮੋਸਾ ਜਾਂ ਇਕ ਟਿੱਕੀ ਛੋਲੇ ਪਾ ਕੇ ਆ ਜਾਂਦੇ ਸਨ। ਉਦੋਂ ਬੱਚਿਆਂ ਨੂੰ ਕਾਮਿਕਸ ਪੜ੍ਹਨ ਦਾ ਬਹੁਤ ਸ਼ੌਕ ਸੀ। ਲੋਟ ਪੋਟ, ਮੋਟੂ ਪਤਲੂ, ਚੰਦਾ ਮਾਮਾ, ਚਾਚਾ ਚੌਧਰੀ, ਚੰਪਕ ਅਤੇ ਬਿਕਰਮ ਬੇਤਾਲ ਕਾਮਿਕਸ ਨੂੰ ਕੌਣ ਭੁੱਲ ਸਕਦਾ ਹੈ? ਇਹੀ ਸਾਡੇ ਮਨੋਰੰਜਨ ਦੇ ਸਾਧਨ ਹੁੰਦੇ ਸਨ। ਉਸ ਸਮੇਂ ਕਾਮਿਕਸ ਵੀ ਕਿਰਾਏ 'ਤੇ ਮਿਲਦੀਆਂ ਸਨ। ਪੰਜਾਹ ਪੈਸੇ 'ਚ ਦੋ ਘੰਟੇ ਪੜ੍ਹਨ ਲਈ ਬੱਚੇ ਘਰ ਲੈ ਆਉਂਦੇ। ਘਰ 'ਚ ਦੋ-ਤਿੰਨ ਭੈਣ-ਭਰਾ ਮਿਲ ਕੇ ਜਲਦੀ ਜਲਦੀ ਦੋ ਘੰਟਿਆਂ 'ਚ ਇਸ ਨੂੰ ਪੜ੍ਹ ਕੇ ਨਿਬੇੜ ਦਿੰਦੇ। ।ਬੱਚਿਆਂ ਨੂੰ ਸਾਈਕਲ ਚਲਾਉਣ ਬਹੁਤ ਸ਼ੌਕ ਸੀ। ਸਾਨੂੰ ਆਪਣਾ ਸਾਈਕਲ ਉਦੋਂ ਨਸੀਬ ਹੁੰਦਾ ਸੀ, ਜਦੋਂ ਅਸੀਂ ਕਾਲਜਾਂ 'ਚ ਪੜ੍ਹਨ ਜਾਂਦੇ ਸੀ। ਬੱਚਿਆਂ ਦੀਆਂ ਖਾਹਿਸ਼ਾਂ ਜ਼ਿਆਦਾ ਨਹੀਂ ਹੁੰਦੀਆਂ ਸਨ, ਇਸ ਕਰਕੇ ਉਨ੍ਹਾਂ ਦੇ ਪਾਲਣ-ਪੋਸ਼ਣ ਕਰਨ 'ਚ ਮਾਪਿਆਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ ਸੀ। ਬੱਚੇ ਉਹੀ ਖਾਂਦੇ ਸਨ, ਜੋ ਉਨ੍ਹਾਂ ਦੇ ਘਰ ਆਉਂਦਾ ਸੀ ਤੇ ਉਹੀ ਪਾਉਂਦੇ ਹਨ, ਜੋ ਉਨ੍ਹਾਂ ਨੂੰ ਲੈ ਕੇ ਦੇ ਦਿੱਤਾ ਜਾਂਦਾ ਹੈ। ਬੱਚਿਆਂ ਦੀ ਆਪਣੀ ਮਨਮਰਜ਼ੀ ਨਹੀਂ ਚੱਲਦੀ ਸੀ। ਅੱਜ ਦੇ ਪੀਜ਼ਾ, ਬਰਗਰ, ਨੂਡਲਜ਼ ਨਾਲੋਂ ਛੱਲੀਆਂ, ਗੰਨੇ ਤੇ ਸ਼ਕਰਕੰਦੀ ਮਨਭਾÀੁਂਂਦੀਆਂ ਚੀਜ਼ਾਂ ਹੁੰਦੀਆਂ ਸਨ। ਪੜ੍ਹਾਈ ਦੇ ਕੋਰਸ ਵੀ ਘੱਟ ਹੁੰਦੇ ਸਨ। ਮਾਪੇ ਜਿਸ ਕੋਰਸ ਵਿਚ ਦਾਖ਼ਲਾ ਦਿਵਾ ਦਿੰਦੇ, ਬੱਚੇ ਉਹੀ ਕੋਰਸ ਕਰ ਲੈਂਦੇ। ਬਾਪ ਦਾ ਘਰ 'ਚ ਪੂਰਾ ਦਬਦਬਾ ਹੁੰਦਾ ਸੀ। ਕਿਸੇ ਦੀ ਮਜ਼ਾਲ ਨਹੀਂ ਹੁੰਦੀ ਸੀ ਕਿ ਬਾਪੂ ਦੀ ਗੱਲ ਕੱਟ ਦੇਵੇ। ਉਸ ਵੱਲੋਂ ਲਿਆ ਹਰ ਫ਼ੈਸਲਾ ਬੱਚਿਆਂ ਨੂੰ ਮੰਨਣਾ ਹੀ ਪੈਂਦਾ ਸੀ। ਬੱਚੇ ਵੀ ਬਾਪ ਦੀ ਉਂਗਲ ਨਹੀਂ ਛੱਡਦੇ ਸੀ।।

ਉਦੋਂ ਬੋਰਡ ਦਾ ਨਤੀਜਾ ਆਨਲਾਈਨ ਨਹੀਂ ਆਉਂਦਾ ਸੀ। ਬੋਰਡ ਵੱਲੋਂ ਨਤੀਜੇ ਦੀ ਗਜ਼ਟ ਬੁੱਕ ਦੁਕਾਨ 'ਤੇ ਆ ਜਾਂਦੀ ਸੀ। ਨਤੀਜਿਆਂ ਦੇ ਦਿਨ ਦੁਕਾਨਾਂ ਦੇ ਬਾਹਰ ਟੈਂਟ ਤੇ ਕੁਰਸੀਆਂ ਲਗਾਈਆਂ ਜਾਂਦੀਆਂ। 80 ਫ਼ੀਸਦੀ ਵਾਲਿਆਂ ਦੀ ਮੈਰਿਟ ਹੁੰਦੀ, ਕੋਈ ਵਿਰਲਾ ਹੀ ਮੈਰਿਟ 'ਚ ਆਉਂਦਾ ਸੀ। ਉਦੋਂ ਨੰਬਰ ਘੱਟ ਹੀ ਮਿਲਦੇ ਸਨ। ਅੱਜ-ਕੱਲ੍ਹ ਤਾਂ 90 ਪ੍ਰਤੀਸ਼ਤ ਵਾਲੇ ਦਾ ਨਾਂ ਵੀ ਮੈਰਿਟ 'ਚ ਨਹੀਂ ਆਉਂਦਾ। ਉਸ ਸਮੇਂ ਨਕਲ ਬਿਲਕੁਲ ਨਹੀਂ ਹੁੰਦੀ ਸੀ। ਬੱਚਾ ਆਪਣੀ ਮਿਹਨਤ ਦੇ ਨੰਬਰ ਲੈਂਦਾ ਸੀ ਤੇ ਆਪਣੀ ਕਾਬਲੀਅਤ ਨਾਲ ਹੀ ਜ਼ਿੰਦਗੀ 'ਚ ਕੁੱਝ ਬਣਦਾ ਸੀ। ਉਦੋਂ ਬੱਚਿਆਂ ਨੂੰ ਆਪਣੇ ਘਰ ਦੀ ਮਾਲੀ ਹਾਲਤ ਦਾ ਜ਼ਰੂਰ ਪਤਾ ਹੁੰਦਾ ਸੀ। ਇਸ ਕਰਕੇ ਉਹ ਪੜ੍ਹਨ ਦੇ ਨਾਲ-ਨਾਲ ਆਪਣੇ ਮਾਪਿਆਂ ਦੇ ਕੰਮਾਂ 'ਚ ਵੀ ਹੱਥ ਵਟਾਉਂਦੇ। ਬੱਚਿਆਂ 'ਚ ਗੁੱਸਾ ਘੱਟ ਹੁੰਦਾ ਸੀ। ਇਸੇ ਗੱਲ ਕਰਕੇ ਉਸ ਸਮੇਂ ਬੱਚੇ ਅੱਜ ਦੇ ਸਮੇਂ ਦੇ ਮੁਕਾਬਲੇ ਬਹੁਤ ਹੀ ਘੱਟ ਖ਼ੁਦਕੁਸ਼ੀਆਂ ਕਰਦੇ ਸਨ। ਉਸ ਸਮੇਂ ਅਧਿਕਾਰਾਂ ਨਾਲੋਂ ਫ਼ਰਜ਼ਾਂ 'ਤੇ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ।

- ਨਵਦੀਪ ਸਿੰਘ ਭਾਟੀਆ

98767-29056

Posted By: Harjinder Sodhi