ਉਮਰ ਦੇ ਹਿਸਾਬ ਨਾਲ ਹਰ ਚੀਜ਼ ਦੀ ਮਹੱਤਤਾ ਹੁੰਦੀ ਹੈ। ਬੱਚਿਆਂ ਵਾਸਤੇ ਉਨ੍ਹਾਂ ਦੇ ਖਿਡੌਣੇ ਉਨ੍ਹਾਂ ਦਾ ਸਰਮਾਇਆ ਹੁੰਦੇ ਹਨ। ਕੁਝ ਖਿਡੌਣੇ ਬਹੁਤ ਖ਼ਾਸ ਹੁੰਦੇ ਹਨ। ਬਹੁਤ ਕੁਝ ਵਕਤ ਨਾਲ ਬਦਲ ਗਿਆ। ਖੇਡਣ ਦੇ ਤੌਰ-ਤਰੀਕੇ ਵੀ ਬਦਲ ਗਏ। ਅਸਲ ’ਚ ਖੇਡਾਂ ਅਤੇ ਖਿਡੌਣੇ ਉਹ ਚਾਹੀਦੇ ਹਨ, ਜੋ ਬੱਚਿਆਂ ਨੂੰ ਖ਼ੁਸ਼ ਵੀ ਰੱਖਣ ਅਤੇ ਤੰਦਰੁਸਤ ਵੀ। ਹੱਸਣਾ ਅਤੇ ਖੇਡਣਾ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ। ਖ਼ੈਰ ਗੱਲ ਕਰਦੇ ਹਾਂ ਬੱਚਿਆਂ ਦੀ ਮਾਨਸਿਕਤਾ ਦੀ। ਸਵਾਲ ਬਹੁਤ ਵੱਡਾ ਖੜ੍ਹਾ ਹੈ ਕਿ ਕੀ ਮਹਿੰਗੇ ਖਿਡੌਣੇ ਬੱਚਿਆਂ ਨੂੰ ਖ਼ੁਸ਼ੀਆਂ ਦੇ ਰਹੇ ਹਨ, ਬੱਚੇ ਮਾਨਸਿਕ ਤੌਰ ’ਤੇ ਤੰਦਰੁਸਤ ਹਨ, ਖ਼ੁਸ਼ ਹਨ ਜਾਂ ਇਹ ਮਹਿੰਗੇ ਖਿਡੌਣੇ ਪੈਸੇ ਦੀ ਬਰਬਾਦੀ ਹੀ ਹੈ।

ਮਾਪੇ ਨਹੀਂ ਦਿੰਦੇ ਸਨ ਖ਼ਰੀਦ ਕੇ ਖਿਡੌਣੇ

ਜੇ ਕੁਝ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ’ਚ ਵੀ ਬੱਚੇ ਗਲੀਆਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਖੇਡਦੇ ਸਨ। ਪਿੰਡਾਂ ’ਚ ਤਾਂ ਬੱਚਿਆਂ ਦਾ ਸੌਣਾ, ਖਾਣਾ, ਖੇਡਣਾ ਤੇ ਪੜ੍ਹਨਾ ਆਦਿ ਤਕਰੀਬਨ ਬਾਹਰ ਹੀ ਹੁੰਦਾ ਸੀ। ਬੱਚੇ ਗੁੱਲੀ ਡੰਡਾ, ਪਿੱਠੂਕਾਰੇ, ਸਾਈਕਲ ਦੇ ਟਾਇਰ ਨੂੰ ਡੰਡੇ ਨਾਲ ਚਲਾਉਣਾ, ਕੋਟਲਾ ਛਪਾਕੀ ਆਦਿ ਖੇਡਾਂ ਖੇਡਦੇ ਸਨ। ਇਨ੍ਹਾਂ ਸਾਰੀਆਂ ਖੇਡਾਂ ’ਚ ਪੈਸੇ ਨਹੀਂ ਲਗਦੇ ਸਨ। ਪਿੱਠੂ ਖੇਡਣ ਲਈ ਗੇਂਦ ਤੇ ਮਿੱਟੀ ਦੇ ਟੁੱਟੇ ਭਾਂਡਿਆਂ ਦੀਆਂ ਠੀਕਰੀਆਂ ਹੁੰਦੀਆਂ ਸਨ। ਕੋਟਲਾ ਛਪਾਕੀ ਖੇਡਣ ਲਈ ਪੁਰਾਣੀ ਚੁੰਨੀ ਹੁੰਦੀ ਸੀ। ਅਸਲ ’ਚ ਬਾਜ਼ਾਰ ਵਿਚ ਵੀ ਬਹੁਤ ਮਹਿੰਗੇ ਖਿਡੌਣੇ ਨਹੀਂ ਸਨ ਤੇ ਨਾ ਵਧੇਰੇ ਕਰਕੇ ਮਾਪੇ ਖ਼ਰੀਦ ਕੇ ਦਿੰਦੇ ਸਨ। ਬਾਂਟਿਆਂ, ਗੇਂਦ ਜਾਂ ਲੱਕੜ ਦੇ ਗੀਟਿਆਂ ਤਕ ਦੌੜ ਹੀ ਬਹੁਤ ਹੁੰਦੀ ਸੀ।

ਮੋਬਾਈਲ ’ਤੇ ਖੇਡਦੇ ਹਨ ਬੱਚੇ

ਇਸ ਵਕਤ ਬੱਚਿਆਂ ਕੋਲ ਮਹਿੰਗੇ ਖਿਡੌਣੇ ਹਨ ਪਰ ਬੱਚੇ ਖੁਸ਼ ਨਹੀਂ ਹਨ। ਛੋਟੀ ਉਮਰ ’ਚ ਹੀ ਬੱਚਿਆਂ ਨੂੰ ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਹਰ ਖੇਡ ਮੋਬਾਈਲ ’ਤੇ ਹੀ ਖੇਡਦੇ ਹਨ। ਦੌੜਨ ਜਾਂ ਬਾਹਰ ਦੀ ਹਵਾ ਦਾ ਪਤਾ ਹੀ ਨਹੀਂ। ਉੱਥੇ ਬੈਠੇ ਪੀਜ਼ੇ, ਬਰਗਰ, ਚਿਪਸ ਅਤੇ ਕੋਲਡ ਡਰਿੰਕ ਪੀਂਦੇ ਹਨ। ਪਲਾਸਟਿਕ ਦੇ ਮਹਿੰਗੇ ਖਿਡੌਣਿਆਂ ਨਾਲ ਘਰ ਵਿਚ ਬੈਠ ਕੇ ਹੀ ਖੇਡਦੇ ਹਨ। ਉਨ੍ਹਾਂ ਖਿਡੌਣਿਆਂ ਨੂੰ ਬਣਾਉਣ ਵਾਲੇ ਕੈਮੀਕਲ ਹੱਥਾਂ ਨੂੰ ਵੀ ਲਗਦੇ ਹਨ ਅਤੇ ਉਹ ਮੂੰਹ ’ਚ ਵੀ ਜਾਂਦੇ ਹਨ। ਬੱਚਿਆਂ ਦੀ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਹੀ ਨਹੀਂ ਹੈ। ਸ਼ਹਿਰਾਂ ਦੇ ਬੱਚਿਆਂ ਨਾਲੋਂ ਅਜੇ ਵੀ ਪਿੰਡਾਂ ਦੇ ਬੱਚੇ ਚੰਗੇ ਹਨ। ਹਾਂ, ਪਿੰਡਾਂ ਵਿਚ ਵੀ ਪਹਿਲਾਂ ਨਾਲੋਂ ਬਹੁਤ ਕੁਝ ਬਦਲ ਗਿਆ ਹੈ। ਹੁਣ ਪਿੰਡ ਦੇ ਛੱਪੜ ’ਚੋਂ ਮਿੱਟੀ ਲਿਆ ਕੇ ਖਿਡੌਣੇ ਬਣਾਉਣ ਦਾ ਰਿਵਾਜ਼ ਨਹੀਂ ਰਿਹਾ। ਰੇਤ ਦੇ ਢੇਰਾਂ ਵਿਚ ਪੈਰ ਪਾ ਕੇ ਕੋਠੀਆਂ ਬਣਾਉਣੀਆਂ ਕੋਈ ਨਹੀਂ ਜਾਣਦਾ। ਪਿੰਡਾਂ ’ਚ ਵੀ ਹੁਣ ਸਾਈਕਲ ਦੇ ਟਾਇਰ ਨੂੰ ਡੰਡੇ ਨਾਲ ਘਮਾਉਂਦੇ ਬੱਚੇ ਵਿਖਾਈ ਨਹੀਂ ਦਿੰਦੇ।

ਇਕੱਲੇਪਣ ਨੇ ਬਣਾਇਆ ਮਾਨਸਿਕ ਰੋਗੀ

ਬੱਚਿਆਂ ਦੇ ਚਿਹਰਿਆਂ ਤੋਂ ਭੋਲਾਪਨ ਅਤੇ ਚਮਕ ਖ਼ਤਮ ਹੋ ਚੁੱਕੀ ਹੈ। ਬੁਝੇ ਹੋਏ ਅਤੇ ਪੀਲੇ-ਪੀਲੇ ਚਿਹਰੇ ਹਨ। ਬੱਚਿਆਂ ਨੂੰ ਇਕੱਲੇਪਣ ਨੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਸਹਿਣਸ਼ੀਲਤਾ ਬੱਚਿਆਂ ’ਚ ਰਹੀ ਹੀ ਨਹੀਂ, ਗੱਲ-ਗੱਲ ’ਤੇ ਰੋਣਾ, ਜ਼ਿੱਦ ਕਰਨੀ ਅਤੇ ਆਪਣੀਆਂ ਗੱਲਾਂ ਮਨਾਉਣ ਦੀ ਆਦਤ ਬੱਚਿਆਂ ਵਿਚ ਆਮ ਹੀ ਵੇਖੀ ਜਾਂਦੀ ਹੈ। ਜ਼ਿੰਦਗੀ ’ਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਸਕੂਲ ਦੇ ਬੱਚੇ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ।

ਟੁੱਟੀਆਂ ਚੀਜ਼ਾਂ ਵੀ ਦੇ ਸਕਦੀਆਂ ਖ਼ੁਸ਼ੀ

ਹੱਥਾਂ ’ਚ ਮੋਬਾਈਲ ਹਨ ਤੇ ਬੱਚੇ ਹਰ ਜਾਣਕਾਰੀ ਉਮਰ ਤੋਂ ਪਹਿਲਾਂ ਹਾਸਿਲ ਕਰ ਰਹੇ ਹਨ। ਮਾਪੇ ਬੱਚਿਆਂ ਨੂੰ ਮਹਿੰਗੇ ਖਿਡੌਣੇ ਦੇ ਕੇ ਸੋਚਦੇ ਹਨ ਕਿ ਅਸੀਂ ਬੱਚਿਆਂ ਨੂੰ ਹਰ ਖ਼ੁਸ਼ੀ ਦੇ ਰਹੇ ਹਾਂ। ਬੱਚੇ ਨੌਕਰਾਂ ਤੇ ਮਹਿੰਗੇ ਖਿਡੌਣਿਆਂ ਨਾਲ ਪਲ ਰਹੇ ਹਨ। ਮਾਪੇ ਹੋਰ ਪੈਸਾ ਕਮਾਉਣ ਦੀ ਦੌੜ ’ਚ ਭੱਜ ਰਹੇ ਹਨ। ਬਿਮਾਰੀਆਂ ਦੀ ਸਮਝ ਨਹੀਂ ਆ ਰਹੀ ਤੇ ਮਹਿੰਗੇ ਇਲਾਜ ’ਤੇ ਲਗਦੇ ਪੈਸੇ ਦਾ ਕੋਈ ਹਿਸਾਬ ਨਹੀਂ। ਅਸਲ ’ਚ ਖ਼ੁਸ਼ ਤਾਂ ਹੀ ਰਿਹਾ ਜਾ ਸਕਦਾ, ਜੇ ਸਿਹਤ ਠੀਕ ਹੋਵੇ ਤੇ ਮਾਹੌਲ ਵਧੀਆ ਹੋਵੇ। ਬਹੁਤ ਪੈਸੇ ਕਮਾ ਕੇ, ਮਹਿੰਗੇ ਖਿਡੌਣੇ ਖ਼ਰੀਦ ਕੇ ਦੇਣ ਦੇ ਬਾਵਜੂਦ ਜੇ ਬੱਚੇ ਰੋਂਦੂ ਤੇ ਬਿਮਾਰ ਹਨ ਤਾਂ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ। ਬੱਚੇ ਚਮਚੇ ਤੇ ਕੌਲੀ ਨਾਲ ਖੇਡ ਕੇ ਵੀ ਹੱਸਦੇ ਨੇ। ਟੁੱਟੀਆਂ ਚੀਜ਼ਾਂ ਵੀ ਉਨ੍ਹਾਂ ਨੂੰ ਖ਼ੁਸ਼ੀ ਦੇ ਸਕਦੀਆਂ ਹਨ।

ਹਕੀਕਤ ਇਹ ਹੈ ਕਿ ਬੱਚਿਆਂ ਨੂੰ ਬਾਹਰ ਬੱਚਿਆਂ ਨਾਲ ਖੇਡਣਾ ਜੋ ਖ਼ੁਸ਼ੀ ਦਿੰਦਾ ਹੈ, ਉਹ ਮਹਿੰਗੇ ਖਿਡੌਣੇ ਨਹੀਂ ਦੇ ਸਕਦੇ। ਮਹਿੰਗੇ ਖਿਡੌਣੇ ਕੁਝ ਪਲ ਦੀ ਖ਼ੁਸ਼ੀ ਦੇ ਸਕਦੇ ਹਨ ਪਰ ਅਸਲੀ ਖ਼ੁਸ਼ੀ ਨਹੀਂ ਦੇ ਸਕਦੇ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi