ਅੱਜ-ਕੱਲ੍ਹ ਆਉਣ-ਜਾਣ ਘਟਣ ਨਾਲ ਨੇੜੇ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਮੁੱਕ ਗਈਆਂ ਹਨ। ਬੱਚਿਆਂ ਦੇ ਸ਼ਬਦਕੋਸ਼ ’ਚੋਂ ਨਜ਼ਦੀਕੀ ਰਿਸ਼ਤਿਆਂ ਦੇ ਨਾਂ ਮਨਫ਼ੀ ਹੋ ਗਏ ਹਨ। ਪਰਿਵਾਰਾਂ ਦਾ ਤੋਰਾ-ਫੇਰਾ ਸ਼ਾਪਿੰਗ ਮਾਲ, ਸਿਨੇਮਾ ਤਕ ਸੀਮਤ ਹੋ ਕੇ ਰਹਿ ਗਿਆ ਹੈ। ਬੱਚਿਆਂ ਅੰਦਰ ਛੁੱਟੀਆਂ ਦਾ ਚਾਅ ਗਾਇਬ ਹੈ। ਬੱਚਿਆਂ ਦਾ ਘਰੇ ਰਹਿਣਾ ਮਾਪਿਆਂ ਲਈ ਬੋਝ ਬਣ ਗਿਆ ਹੈ। ਹਰ ਖੇਤਰ ’ਚ ਚੂਹਾ ਦੌੜ ਵਾਲੀ ਜੀਵਨਸ਼ੈਲੀ ਕਰਕੇ ਮਾਪਿਆਂ ਤੇ ਬੱਚਿਆਂ ਦੀ ਦੂਰੀ ਵਧੀ ਹੈ।

ਵੀਡੀਓ ਗੇਮਾਂ ਖੇਡਣ ’ਚ ਮਸਤ ਹਨ ਬੱਚੇ

ਨਿਆਣੇ ਬੰਦ ਕਮਰਿਆਂ ’ਚ ਮੋਬਾਈਲਾਂ ’ਤੇ ਵੀਡੀਓ ਗੇਮਾਂ ਖੇਡਣ ’ਚ ਮਸਤ ਹਨ। ਬੱਚੇ ਕਾਰਟੂਨ ਵੇਖਦੇ ਖ਼ੁਦ ਕਾਰਟੂਨ ਬਣਦੇ ਜਾ ਰਹੇ ਹਨ। ਸਾਂਝੇ ਪਰਿਵਾਰਾਂ ਦੇ ਖ਼ਾਤਮੇ ਤੋਂ ਬਾਅਦ ਸਿਰਫ਼ ਇਕ ਬੱਚਾ ਰੱਖਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਬਾਲ ਵਿਕਾਸ ਲਈ ਮਾਪਿਆਂ ਦੀਆਂ ਰੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ’ਕੱਲੇ ਜੁਆਕ ਦੀ ਹਰ ਜਾਇਜ਼-ਨਜਾਇਜ਼ ਮੰਗ ਪੂਰੀ ਕਰਨਾ ਮਾਪਿਆਂ ਦੀ ਮਜਬੂਰੀ ਬਣ ਜਾਂਦਾ ਹੈ। ਵੱਡੇ ਦਰਵਾਜ਼ਿਆਂ ਵਾਲੇ ਖੁੱਲ੍ਹੇ ਘਰਾਂ ਦੀ ਥਾਂ ਫਲੈਟ ਕਲਚਰ ਪਸਰ ਰਿਹਾ ਹੈ। ਪਿੰਡਾਂ ਦੇ ਖੁੱਲੇ੍ਹ ਵਾਤਾਵਰਨ ਤੋਂ ਦੂਰ ਹੋਣ ਕਰਕੇ ਬਜ਼ੁਰਗ ਦਾਦੇ-ਦਾਦੀਆਂ ਨੂੰ ਸ਼ਹਿਰਾਂ ਦੇ ਤੰਗ ਘਰਾਂ ਤੇ ਘੁਟਣ ਵਾਲੇ ਮਾਹੌਲ ਨੇ ਰੋਗੀ ਕਰ ਦਿੱਤਾ ਹੈ। ਉਨ੍ਹਾਂ ਨੂੰ ਏਸੀ ਦੀ ਠੰਢੀ ਹਵਾ ਪਿੰਡ ਦੇ ਟੋਭਿਆਂ ਵਾਲੇ ਬੋਹੜਾਂ ਦੀ ਛਾਂ ਵਰਗਾ ਸਕੂਨ ਨਹੀਂ ਦਿੰਦੀ। ਘਰਾਂ ਨੂੰ ਮਹਿਮਾਨਾਂ ਦੀ ਉਡੀਕ ਮੁੱਕ ਚੁੱਕੀ ਹੈ। ਹਰ ਇਕ ਦੀ ਆਪਣੀ ਜੀਵਨਸ਼ੈਲੀ ਹੈ, ਸਾਂਝਾਂ ਇੰਨੀਆਂ ਘਟ ਗਈਆਂ ਹਨ ਕਿ ਕੋਈ ਵੀ ਦੂਸਰੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ।

ਬੱਚਿਆਂ ਦੇ ਬਣੋ ਰੋਲ ਮਾਡਲ

ਬੱਚਿਆਂ ਨੂੰ ਸੰਪੂਰਨ ਮਨੁੱਖ ਬਣਾਉਣ ਦੀ ਥਾਂ ਰੁਪਏ ’ਕੱਠੇ ਕਰਨ ਵਾਲੇ ਪੁਰਜ਼ੇ ਬਣਾਇਆ ਜਾ ਰਿਹਾ ਹੈ। ਬੱਚਿਆਂ ਦੇ ਪਾਲਣ-ਪੋਸ਼ਣ ’ਚ ਸਮਾਜਿਕ ਫ਼ਰਜ਼ਾਂ ਬਾਰੇ ਦੱਸਣਾ ਗਾਇਬ ਹੈ। ਸਗੋਂ ਬੱਚਿਆਂ ਨੂੰ ਸਮਾਜ ਤੇ ਸਾਥੀਆਂ ਨਾਲ ਕਿਵੇਂ ਬਣਾ ਕੇ ਰੱਖਣੀ ਹੈ, ਬਾਰੇ ਦੱਸਿਆ ਜਾਂਦਾ ਹੈ। ਇਹ ਪੱਕੀ ਧਾਰਨਾ ਬਣ ਗਈ ਹੈ ਕਿ ਸਾਡਾ ਬੱਚਾ ਬਾਹਰਲੇ ਬੱਚਿਆਂ ਨਾਲ ਰਲ ਕੇ ਖ਼ਰਾਬ ਹੋ ਜਾਵੇਗਾ ਹਾਲਾਂਕਿ ਦੂਸਰੇ ਬੱਚਿਆਂ ਨਾਲ ਘੁਲਣ-ਮਿਲਣ ਨਾਲ ਬੱਚੇ ਅੰਦਰ ਮੋਹ, ਸਹਿਯੋਗ, ਸਹਿਣਸ਼ੀਲਤਾ ਵਰਗੇ ਮਾਨਵੀ ਗੁਣ ਪੈਦਾ ਹੁੰਦੇ ਹਨ। ਮਾਪਿਆਂ ਕੋਲ ਬੱਚਿਆਂ ਲਈ ਵਕਤ ਨਹੀਂ ਪਰ ਮੋਬਾਈਲ ਲਈ ਪੂਰਾ ਸਮਾਂ ਹੈ। ਬੱਚੇ ਸਮਾਝਾਉਣ ਨਾਲ ਨਹੀਂ ਸਗੋਂ ਨਕਲ ਕਰ ਕੇ ਜ਼ਿਆਦਾ ਸਿੱਖਦੇ ਹਨ। ਮਾਪਿਆਂ ਦੇ ਗਲੀ-ਗੁਆਂਢ ਤੇ ਰਿਸ਼ਤੇਦਾਰ ਭੈਣ-ਭਾਈਆਂ ਨਾਲ ਵਰਤਣ ਨਾਲ ਬੱਚਿਆਂ ’ਚ ਮੇਲ-ਮਿਲਾਪ ਦੀ ਆਦਤ ਦਾ ਵਿਕਾਸ ਹੁੰਦਾ ਹੈ।

ਸਮੇਂ ਨੇ ਬਦਲੀ ਚਾਲ

ਜੇ ਅਸੀਂ ਪਿਛਲੇ ਸਾਲਾਂ ਨੂੰ ਯਾਦ ਕਰੀਏ ਤਾਂ ਛੱੁਟੀਆਂ ’ਚ ਬੱਚਿਆਂ ਨੂੰ ਨਾਨਕੇ, ਭੂਆ ਜਾਂ ਮਾਸੀ ਕੋਲ ਜਾਣ ਦਾ ਚਾਅ ਹੁੰਦਾ ਸੀ। ਬੱਚੇ ਨਾਨੀ ਕੋਲ ਜਾ ਕੇ ਮੁੱਖ ਮਹਿਮਾਨ ਵਾਲਾ ਸਕੂਨ ਲੈਂਦੇ ਸਨ। ਨਾਨੇ ਵੱਲੋਂ ਦੁਆਏ ਬੱਤੇ ਤੇ ਕੁਲਫੀਆਂ ਦਾ ਸੁਆਦ ਹੀ ਵੱਖਰਾ ਹੁੰਦਾ ਸੀ। ਮਾਮੀਆਂ ਮਾਂ ਤੋਂ ਜ਼ਿਆਦਾ ਮੋਹ ਪਿਆਰ ਕਰਦੀਆਂ ਸਨ। ਨਾਨਕੇ ਪਿੰਡ ਦੇ ਸੂਏ ’ਤੇ ਤਿੱਖੜ ਦੁਪਹਿਰੇ ਨਹਾਉਣ ਦਾ ਨਜ਼ਾਰਾ ਹੀ ਵੱਖਰਾ ਸੀ ਪਰ ਹੁਣ ਸਮੇਂ ਨੇ ਚਾਲ ਬਦਲੀ ਹੈ। ਗਰਮੀ ਦੀਆਂ ਛੁੱਟੀਆਂ ’ਚ ਨਾਨੀ ਪਿੰਡ ਦੀ ਥਾਂ ਟਿਊਸ਼ਨਾਂ, ਸਮਰ ਕੈਂਪਾਂ, ਐਕਸਟਰਾ ਜਮਾਤਾਂ, ਪਹਾੜਾਂ ’ਤੇ ਸੈਰ-ਸਪਾਟੇ ਆਦਿ ਨੇ ਲੈ ਲਈ ਹੈ। ਅਧਿਆਪਕਾਂ ਵੱਲੋਂ ਛੁੱਟੀਆਂ ਦੇ ਕੰਮ ਦੇ ਨਾਂ ਹੇਠ ਬੋਝਲ ਲਿਖਤੀ ਤੇ ਜ਼ੁਬਾਨੀ ਯਾਦ ਕਰਨ ਦਾ ਕੰਮ ਦਿੱਤਾ ਜਾਂਦਾ ਹੈ, ਜਿਸ ਨਾਲ ਬੱਚਿਆਂ ਦੀੇ ਅੰਦਰਲੀ ਸਿਰਜਨਾ ਖ਼ਤਮ ਹੋ ਜਾਂਦੀ ਹੈ। ਆਨਲਾਈਨ ਪੜ੍ਹਾਈ ਕਰਕੇ ਬੱਚੇ ਸਾਰਾ ਦਿਨ ਸਕਰੀਨ ਵੇਖਦੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦੀ ਨਿਗ੍ਹਾ ਘਟ ਰਹੀ ਹੈ, ਸਰੀਰ ਦਾ ਵਿਕਾਸ ਰੁਕਿਆ ਹੈ ਤੇ ਸੁਭਾਅ ਚਿੜਚਿੜਾ ਹੋ ਗਿਆ ਹੈ। ਫੋਨ ਦੇ ਸਦਉਪਯੋਗ ਬਾਰੇ ਮਾਪਿਆਂ ਤੇ ਅਧਿਆਪਕਾਂ ਨੇ ਦੱਸਣਾ ਹੈ।

ਸੰਵਾਦ ਤੇ ਸੰਵੇਦਨਾ ਨਾਲ ਜੋੜਨ ਦੀ ਲੋੜ

ਮਾਪਿਆਂ ਨੂੰ ਡਰ ਹੈ ਕਿ ਬੱਚੇ ਨੂੰ ਬਾਹਰ ਭੇਜਣਾ ਉਨ੍ਹਾਂ ਦੀਆਂ ਆਦਤਾਂ ਖ਼ਰਾਬ ਕਰਨਾ ਹੈ, ਜਦੋਂਕਿ ਬੱਚਿਆਂ ਨੂੰ ’ਕੱਲੇ ਛੱਡਣ ਨਾਲ ਉਨ੍ਹਾਂ ਅੰਦਰ ਮਾਰੂ ਆਦਤਾਂ ਪੈਦਾ ਕਰਨ ਵਾਲੇ ਸਾਰੇ ਸਾਧਨ ਘਰਾਂ ਅੰਦਰ ਹੀ ਮੌਜੂਦ ਹਨ। ਬੱਚਿਆਂ ਨੂੰ ਸ਼ਬਦਾਂ, ਸੰਵਾਦ ਤੇ ਸੰਵੇਦਨਾ ਨਾਲ ਜੋੜਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਅੰਦਰ ਸਮਾਜ ਪ੍ਰਤੀ ਪਿਆਰ ਤੇ ਦਰਦ ਬਣਿਆ ਰਹੇ। ਲੰਬੀਆਂ ਛੁੱਟੀਆਂ ਇਸ ਕਾਰਜ ਲਈ ਖ਼ੂਬਸੂਰਤ ਬਹਾਨਾ ਹਨ, ਉਨ੍ਹਾਂ ਦੀ ਕੇਵਲ ਪੜ੍ਹਾਈ ਵਾਲੀ ਰਟ ਤੋਂ ਪਾਸੇ ਹਟ ਕੇ ਡੋਰ ਢਿੱਲੀ ਕਰੋ ਤਾਂ ਜੋ ਉਹ ‘ਨਾਨਕੀ ਜਾਵਾਂਗੇ-ਨਾਨੀ ਤੋਂ ਲੱਡੂ ਪੇੜੇ ਖਾਵਾਂਗੇ’ ਦੇ ਅਰਥਾਂ ਦਾ ਅਸਲੀ ਸੁਆਦ ਚਖ ਸਕਣ।

ਅਗਵਾਈ ਤੇ ਸਾਥ ਦੀ ਲੋੜ

ਮਾਪਿਆਂ ਵੱਲੋਂ ਆਪਣੀ ਔਲਾਦ ਨੂੰ ਸਾਰੇ ਸੁੱਖ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ ਪਰ ਬੱਚਿਆਂ ਦਾ ਵਿਕਾਸ ਸਹੂਲਤਾਂ ਨਾਲ ਨਹੀਂ, ਸਮਾਂ ਦੇਣ ਨਾਲ ਹੋਣਾ ਹੈ। ਬੱਚਿਆਂ ਦਾ ਹਸਤੀ ਨਿਰਮਾਣ ਫਰੀਜ਼ਰ ’ਚ ਕੁਲਫੀ ਜੰਮਣਾ ਨਹੀਂ ਹੁੰਦਾ ਸਗੋਂ ਇਸ ਕਾਰਜ ਲਈ ਪਲ਼-ਪਲ਼ ’ਤੇ ਅਗਵਾਈ ਤੇ ਸਾਥ ਦੀ ਲੋੜ ਹੁੰਦੀ ਹੈ। ਮਾਪੇ ਬੱਚਿਆਂ ਨੂੰ ਕੰਮ ਵਾਲੀਆਂ ਜਾਂ ਕਰੈੱਚ ਦੇ ਹਵਾਲੇ ਕਰ ਕੰਮਾਂ ’ਤੇ ਨਿਕਲ ਜਾਂਦੇ ਹਨ। ਥੱਕੇ-ਥਕਾਏ ਘਰ ਪਰਤਦੇ ਹਨ ਤੇ ਬੱਚਿਆਂ ਨਾਲ ਪਿਆਰ ਸ਼ਾਮ ਨੂੰ ਮਾਤਰ ਇਕ ਨਿੱਕੀ ਜਿਹੀ ਸਮਾਈਲ ਦੇਣ ਤਕ ਸੀਮਤ ਹੋ ਕੇ ਰਹਿ ਗਿਆ ਹੈ ਤੇ ਕਈ ਵਾਰੀ ਉਹ ਵੀ ਮਿਸ ਹੋ ਜਾਂਦੀ ਹੈ।

- ਬਲਜਿੰਦਰ ਜੌੜਕੀਆਂ

Posted By: Harjinder Sodhi