ਦੀਵਾਲੀ ਰੱੁਤ ਪਰਿਵਰਤਨ ਦਾ ਮੌਸਮੀ ਤਿਉਹਾਰ ਹੈ। ਇਹ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਚਾਨਣ ਦੀ ਹਨੇਰੇ ’ਤੇ, ਭਲੇ ਦੀ ਬੁਰਾਈ ’ਤੇ, ਗਿਆਨਤਾ ਦੀ ਅਗਿਆਨਤਾ ’ਤੇ ਫ਼ਤਿਹ ਦਾ ਪ੍ਰਤੀਕ ਇਹ ਤਿਉਹਾਰ ਸਮਾਜ ’ਚ ਖ਼ੁਸ਼ੀ, ਭਾਈਚਾਰੇ ਤੇ ਪਿਆਰ ਦਾ ਸੰਦੇਸ਼ ਫੈਲਾਉਂਦਾ ਹੈ। ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਦੀਵਿਆਂ ਦੀਆਂ ਕਤਾਰਾਂ।’ ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਨੂੰ ਦੀਵਿਆਂ ਨਾਲ ਰੋਸ਼ਨ ਕਰਦੇ ਹਨ। ਦੀਵੇ ਖ਼ੁਦ ਜਲ ਕੇ ਦੂਜਿਆਂ ਦਾ ਮਾਰਗ ਰੋਸ਼ਨ ਕਰਦੇ ਹਨ ਤੇ ਸਾਨੂੰ ਆਪਣਾ ਆਪ ਕੁਰਬਾਨ ਕਰ ਕੇ ਦੂਜਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ।

ਤਿਉਹਾਰ ਦਾ ਪਿਛੋਕੜ

ਹਿੰਦੂ ਧਰਮ ’ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ ’ਚੋਂ ਸੀਤਾ ਮਾਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ। ਉਦੋਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਘਿਉ ਦੇ ਦੀਵੇ ਜਗਾਏ ਸਨ। ਉਦੋਂ ਤੋਂ ਦੀਵਾਲੀ ਦਾ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ’ਚ ਵੀ ਦੀਵਾਲੀ ਦੇ ਦਿਨ ਦਾ ਵੱਡਾ ਮਹੱਤਵ ਹੈ। ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਅੰਮਿ੍ਰਤਸਰ ਪੁੱਜਣ ’ਤੇ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ। ਉਦੋਂ ਤੋਂ ਦੀਵਾਲੀ ਦੇ ਤਿਉਹਾਰ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ।

ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਪਟਾਕੇ

ਤਿਉਹਾਰਾਂ ਦਾ ਜਨਮ ਕੁਦਰਤ ਨਾਲ ਇਕਸੁਰਤਾ ਵਧਾਉਣ ਲਈ ਹੋਇਆ ਸੀ ਪਰ ਅੱਜ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਦੀਵਾਲੀ ਦੀ ਰਾਤ ਪਟਾਕੇ ਚਲਾਉਣ ਕਾਰਨ ਕਈ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ। ਕਈ ਥਾਵਾਂ ’ਤੇ ਅੱਗ ਲੱਗ ਜਾਂਦੀ ਹੈ ਜਾਂ ਖੇਤਾਂ ਨੂੰ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਟਾਕੇ ਵੱਡੀ ਮਾਤਰਾ ’ਚ ਪ੍ਰਦੂਸ਼ਣ ਦਾ ਕਾਰਨ ਵੀ ਬਣਦੇ ਹਨ। ਇਨ੍ਹਾਂ ਨਾਲ ਹਵਾ ’ਚ ਪੈਦਾ ਹੋਏ ਰਸਾਇਣ ਦਮਾ, ਖੰਘ, ਜ਼ੁਕਾਮ, ਛਾਤੀ ਰੋਗ, ਕੈਂਸਰ, ਕਮਜ਼ੋਰੀ, ਬੇਚੈਨੀ, ਅਧਰੰਗ, ਫੇਫੜਿਆਂ ਦਾ ਕੈਂਸਰ, ਕੰਨਾਂ ਦੇ ਰੋਗ ਆਦਿ ਅਨੇਕਾਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਹਰ ਵਿਅਕਤੀ ਨੂੰ ਖ਼ੁਦ ਇਸ ਸਬੰਧੀ ਜਾਗਰੂਕ ਹੋ ਕੇ ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ‘ਹਰੀ ਦੀਵਾਲੀ’ ਮਨਾਉਣ ਦੇ ਸੰਕਲਪ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਹਰੇ ਪੌਦੇ ਲਾਉਣੇ ਚਾਹੀਦੇ ਹਨ ਤਾਂ ਜੋ ਸਹੀ ਅਰਥਾਂ ’ਚ ਹਰੀ ਦੀਵਾਲੀ ਮਨਾਈ ਜਾ ਸਕੇ। ਦੀਵਾਲੀ ਦੀਆਂ ਖ਼ੁਸ਼ੀਆਂ ’ਚ ਅਕਸਰ ਅਸੀਂ ਆਪਣੇ ਵਾਤਾਵਰਨ ਨੂੰ ਭੱੁਲ ਜਾਂਦੇ ਹਾਂ। ਪਟਾਕਿਆਂ ਕਾਰਨ ਇਸ ਦਿਨ ਬਹੁਤ ਪ੍ਰਦੂਸ਼ਣ ਹੰੁਦਾ ਹੈ, ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੰੁਚਦਾ ਹੈ, ਜਦੋਂਕਿ ਬਾਜ਼ਾਰ ’ਚ ’ਚ ਈਕੋ ਫਰੈਂਡਲੀ ਪਟਾਕੇ ਵੀ ਮਿਲਦੇ ਹਨ। ਇਨ੍ਹਾਂ ਨਾਲ ਪ੍ਰਦੂਸ਼ਣ ਘੱਟ ਹੰੁਦਾ ਹੈ।

ਮਿੱਟੀ ਦੇ ਦੀਵੇ ਹਨ ਈਕੋ ਫਰੈਂਡਲੀ

ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਰੋਸ਼ਨੀ ਕੀਤੇ ਬਿਨਾਂ ਇਸ ਤਿਉਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿਜਲੀ ਦੀਆਂ ਰੰਗ-ਬਰੰਗੀਆਂ ਲੜੀਆਂ ਦੀ ਥਾਂ ਮਿੱਟੀ ਦੇ ਦੀਵੇ ਜਗਾਉਣੇ ਚਾਹੀਦੇ ਹਨ, ਤਾਂ ਜੋ ਨਜ਼ਰ ਆਵੇ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਰਵਾਇਤੀ ਸਰ੍ਹੋਂ ਦੇ ਤੇਲ ਦੀ ਦੀਪਮਾਲਾ ਨਾ ਸਿਰਫ਼ ਰੋਸ਼ਨੀ ਤੇ ਉਤਸ਼ਾਹ ਦਾ ਪ੍ਰਤੀਕ ਹੈ ਸਗੋਂ ਉਨ੍ਹਾਂ ਦੀ ਰੋਸ਼ਨੀ ਤੋਂ ਆਕਰਸ਼ਿਤ ਹੋ ਕੇ ਕੀਟ-ਪਤੰਗੇ ਵੀ ਮਰ ਜਾਂਦੇ ਹਨ, ਜਿਸ ਨਾਲ ਪੇਸਟ ਕੰਟਰੋਲ ਵੀ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਜਗਮਗਾਉਂਦੀਆਂ ਲਾਈਟਾਂ ਤੇ ਬਿਜਲੀ ਦੇ ਦੀਵਿਆਂ ਨੂੰ ਜਲਾਉਣ ਦਾ ਰੁਝਾਨ ਵਧਿਆ ਹੈ। ਇਸ ਨਾਲ ਬਿਜਲੀ ਦੀ ਖਪਤ ਵੱਧ ਜਾਂਦੀ ਹੈ। ਬਿਜਲੀ ਬਚਾਉਣ ਲਈ ਐੱਲਈਡੀ ਲਾਈਟਾਂ ਦੀ ਵਰਤੋਂ ਕਰੋ, ਜਿਸ ਨਾਲ ਉੂਰਜਾ ਦੀ ਖਪਤ ਘੱਟ ਹੰੁਦੀ ਹੈ। ਦੀਵਾਲੀ ਮੌਕੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਹਰਬਲ ਗਿਫਟ ਦੇਣੇ ਚਾਹੀਦੇ ਹਨ, ਜੋ ਹੱਥਾਂ ਨਾਲ ਬਣੀਆਂ ਮੋਮਬੱਤੀਆਂ ਜਾਂ ਖ਼ਾਸ ਪੌਦੇ ਹੋ ਸਕਦੇ ਹਨ।

ਗਰੀਨ ਦੀਵਾਲੀ, ਕਲੀਨ ਦੀਵਾਲੀ

ਦੀਵਾਲੀ ਦਾ ਤਿਉਹਾਰ ਆਉਣ ’ਤੇ ਸਾਰੇ ਲੋਕ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਲੋਕ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਦੀਆਂ ਸਫ਼ਾਈਆਂ ਕਰਦੇ ਹਨ। ਕਈ ਘਰਾਂ ’ਚ ਰੰਗ-ਰੋਗਨ ਹੁੰਦਾ ਹੈ ਤਾਂ ਜੋ ਦੀਵਾਲੀ ’ਤੇ ਘਰ ਸੁੰਦਰ ਤੇ ਸਾਫ਼ ਦਿਸਣ। ਇਸ ਪਿੱਛੇ ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿੱਥੇ ਸਾਫ਼-ਸਫ਼ਾਈ ਹੁੰਦੀ ਹੈ, ਉੱਥੇ ਬਰਕਤ ਹੰੁਦੀ ਹੈ, ਖ਼ੁਸ਼ੀਆਂ ਆਉਂਦੀਆਂ ਹਨ। ਦੂੁਸਰੇ ਪਾਸੇ ਅਸੀਂ ਮਨਾਂ ਦੀ ਗੱਲ ਕਰੀਏ ਤਾਂ ਅੱਜ ਦਾ ਇਨਸਾਨ ਵੈਰ, ਵਿਰੋਧ, ਈਰਖਾ, ਨਫ਼ਰਤ, ਬੁਰੀਆਂ ਸੋਚਾਂ ਸਮੇਤ ਕਈ ਇਹੋ ਜਿਹੀਆਂ ਭਾਵਨਾਵਾਂ ਮਨਾਂ ’ਚ ਰੱਖ ਕੇ ਬੈਠਾ ਹੈ, ਜਿਸ ਨਾਲ ਲੋਕਾਂ ਦੇ ਘਰਾਂ ਦੇ ਨਾਲ-ਨਾਲ ਸਮਾਜ ’ਚ ਗੰਦਗੀ ਫੈਲ ਰਹੀ ਹੈ। ਇਨ੍ਹਾਂ ਬੁਰਾਈਆਂ ਦਾ ਜ਼ਿਕਰ ਗੁਰੂਆਂ-ਪੀਰਾਂ ਨੇ ਆਪਣੀਆਂ ਸਿੱਖਿਆਵਾਂ ’ਚ ਕੀਤਾ ਹੈ।

ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਹੈ ਕਿ ਜਿਸ ਮਨ ’ਚ ਇਹ ਬੁਰਾਈਆਂ ਹੁੰਦੀਆਂ ਹਨ, ਉੱਥੇ ਕਦੇ ਖ਼ੁਸ਼ੀਆਂ-ਖੇੜੇ ਤੇ ਅਧਿਆਤਮਕ ਸੁੱਖ ਕਦੇ ਨਹੀਂ ਆ ਸਕਦਾ। ਇਸ ਲਈ ਮਨਾਂ ਵਿੱਚੋਂ ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਜਾਣੇ-ਅਣਜਾਣੇ ’ਚ ਕੂੜੇ ਨੂੰ ਗ਼ਲਤ ਤਰੀਕੇ ਨਾਲ ਆਪਣੇ ਆਸੇ-ਪਾਸੇ ਸੱੁਟ ਦਿੰਦੇ ਹਨ। ਦੀਵਾਲੀ ਤੋਂ ਬਾਅਦ ਵੀ ਅੱਧੀਆਂ ਜਲੀਆਂ ਹੋਈਆਂ ਮੋਮਬੱਤੀਆਂ, ਦੀਵੇ ਤੇ ਚੱਲੇ ਹੋਏ ਪਟਾਕੇ ਇਧਰ-ਉਧਰ ਖਿੱਲਰੇ ਦੇਖਣ ਨੂੰ ਮਿਲਦੇ ਹਨ।

ਸਾਨੂੰ ਗਰੀਨ ਦੀਵਾਲੀ ਦੇ ਨਾਲ-ਨਾਲ ਕਲੀਨ ਦੀਵਾਲੀ ਵੀ ਮਨਾਉਣੀ ਚਾਹੀਦੀ ਹੈ, ਯਾਨੀ ਦੀਵਾਲੀ ਤੋਂ ਪਹਿਲਾਂ ਜਾਂ ਬਾਅਦ ’ਚ ਕੂੜੇ ਨੂੰ ਸਹੀ ਥਾਂ ’ਤੇ ਸੱੁਟਿਆ ਜਾਵੇ। ਇਸ ਤਰ੍ਹਾਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖ ਕੇ ਦੀਵਾਲੀ ਦਾ ਅਸਲੀ ਮਜ਼ਾ ਲਿਆ ਜਾ ਸਕਦਾ ਹੈ।

ਮਠਿਆਈਆਂ ਦਾ ਜ਼ਹਿਰ

ਤਿਉਹਾਰਾਂ ਮੌਕੇ ਦੁਕਾਨਦਾਰ ਮੁਨਾਫ਼ਾਖੋਰੀ ਦੇ ਚੱਕਰ ’ਚ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰਦੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਸਾਨੂੰ ਮਠਿਆਈਆਂ ਦੇ ਸੁਆਦ ਤੇ ਮਿੱਠੇ ਜ਼ਹਿਰ ਦੇ ਜੰਜ਼ਾਲ ਤੋਂ ਬਚਣਾ ਚਾਹੀਦਾ ਹੈ। ਨਕਲੀ ਮਠਿਆਈਆਂ, ਪਨੀਰ, ਦੁੱਧ ਆਦਿ ਪਦਾਰਥ ਇਸ ਮੌਕੇ ਧੜੱਲੇ ਨਾਲ ਵਿਕਦੇ ਹਨ ਪਰ ਅਸੀਂ ਸਮਝਦਾਰੀ ਤੋਂ ਕੰਮ ਲੈ ਕੇ ਇਸ ਮਿੱਠੇ ਜ਼ਹਿਰ ਤੋਂ ਬਚ ਸਕਦੇ ਹਾਂ। ਬਾਜ਼ਾਰਾਂ ’ਚ ਵਿਕਦੀ ਮਿਲਾਵਟੀ ਮਠਿਆਈ ਦੀ ਥਾਂ ਘਰਾਂ ’ਚ ਰਲ-ਮਿਲ ਕੇ ਮਠਿਆਈ ਬਣਾਉਣੀ ਚਾਹੀਦੀ ਹੈ।

ਸਜਾਵਟ ਲਈ ਕਰੋ

ਕੁਦਰਤੀ ਫੱੁਲਾਂ ਦੀ ਵਰਤੋਂ

ਸਾਨੂੰ ਆਪਣਾ ਘਰ ਸਜਾਉਣ ਲਈ ਬਨਾਵਟੀ ਫੁੱਲਾਂ ਦੀ ਥਾਂ ਕੁਦਰਤੀ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰੰਗੋਲੀ ਬਣਾਉਣ ਲਈ ਹਮੇਸ਼ਾ ਜੈਵਿਕ ਰੰਗਾਂ ਦੀ ਚੋਣ ਕਰੋ ਜਾਂ ਫਿਰ ਫੁੱਲਾਂ ਤੇ ਪੱਤਿਆਂ ਦੀ ਵਰਤੋਂ ਨਾਲ ਵੀ ਘਰ ਸਜਾਇਆ ਜਾ ਸਕਦਾ ਹੈ। ਦੀਵਾਲੀ ਦੀ ਰਾਤ ਵਰਤੋਂ ’ਚ ਲਿਆਂਦੇ ਦੀਵਿਆਂ ਨੂੰ ਕੂੜੇ ’ਚ ਨਾ ਸੁੱਟੋ। ਇਨ੍ਹਾਂ ਨੂੰ ਅਗਲੇ ਸਾਲ ਫਿਰ ਵਰਤਿਆ ਜਾ ਸਕਦਾ ਹੈ। ਇਸ ਨਾਲ ਪੈਸੇ ਦੀ ਬੱਚਤ ਹੁੰਦੀ ਹੈ। ਘਰ ਨੂੰ ਸਜਾਉਣ ਲਈ ਤੁਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਦੀ ਵਰਤਂੋ ਕਰ ਸਕਦੇ ਹੋ। ਅੱਜ-ਕੱਲ੍ਹ ਬਾਜ਼ਾਰ ਪਲਾਸਟਿਕ ਤੋਂ ਬਣੇ ਸਜਾਵਟੀ ਸਮਾਨ ਨਾਲ ਭਰੇ ਪਏ ਹਨ, ਜੋ ਦੀਵਾਲੀ ਤੋਂ ਬਾਅਦ ਇਧਰ-ਉਧਰ ਖਿੱਲਰਿਆ ਪਿਆ ਦਿਸਦਾ ਹੈ। ਇਹ ਪਲਾਸਟਿਕ ਮਿੱਟੀ ’ਚ ਜਾ ਕੇ ਨਸ਼ਟ ਨਹੀਂ ਹੰੁਦੀ ਤੇ ਪ੍ਰਦੂੁਸ਼ਣ ਦਾ ਕਾਰਨ ਬਣਦੀ ਹੈ।

ਬੱਚਿਆਂ ਦੀ ਸੁਰੱਖਿਆ

ਹਰ ਕਿਸੇ ਨੂੰ ਤਿਉਹਾਰਾਂ ਦੀ ਉਡੀਕ ਰਹਿੰਦੀ ਹੈ। ਬੱਚਿਆਂ ਲਈ ਤਿਉਹਾਰ ਸੌਗਾਤਾਂ ਵਰਗੇ ਹੁੰਦੇ ਹਨ। ਬਾਲ ਮਨ ਹਰ ਪਲ ਖ਼ੁਸ਼ੀਆਂ ਨੂੰ ਬਟੋਰਨਾ ਲੋਚਦਾ ਹੈ। ਉਨ੍ਹਾਂ ਦੀ ਜ਼ਿੱਦ ਅੱਗੇ ਸਾਨੂੰ ਕਈ ਵਾਰ ਝੁਕਣਾ ਵੀ ਪੈਂਦਾ ਹੈ ਪਰ ਉਨ੍ਹਾਂ ਦੀ ਜ਼ਿੱਦ ਨੂੰ ਹੱਦ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੀਦਾ। ਕਈ ਵਾਰ ਬੱਚੇ ਪਟਾਕਿਆਂ ਤੋਂ ਡਰ ਕੇ ਦੌੜਦੇ-ਭੱਜਦੇ ਅਕਸਰ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਤਿਉਹਾਰਾਂ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ। ਦੀਵਾਲੀ ਮੌਕੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਬੱਚਿਓ! ਆਓ ਨਵੇਂ ਢੰਗ ਨਾਲ ਦੀਵਾਲੀ ਮਨਾਈਏ,

ਸਾਰੇ ਮਿਲ ਕੇ ਇਕ-ਇਕ ਰੁੱਖ ਲਗਾਈਏ।

ਰੁੱਖ ਲਗਾ ਕੇ ਜਗ ਦੀਆਂ ਅਸੀਸਾਂ ਝੋਲੀ ਪਾਈਏ,

ਆਓ! ਨਵੇਂ ਢੰਗ ਨਾਲ ਦੀਵਾਲੀ ਮਨਾਈਏ।

- ਰਾਜਿੰਦਰ ਰਾਣੀ

Posted By: Harjinder Sodhi