ਵਿਰਾਸਤ ਨੂੰ ਗੌਰਵਮਈ ਬਣਾਉਣ ’ਚ ਮੇਲਿਆਂ ਤੇ ਤਿਉਹਾਰਾਂ ਦਾ ਵੱਡਾ ਯੋਗਦਾਨ ਹੈ। ਇਹ ਮੇਲੇ ਤੇ ਤਿਉਹਾਰ ਸਾਡੇ ਸੱਭਿਆਚਾਰ ਦੀ ਪ੍ਰਤੱਖ ਤਰਜ਼ਮਾਨੀ ਕਰਦੇ ਪ੍ਰਤੀਤ ਹੁੰਦੇ ਹਨ। ਸਾਡੀਆਂ ਭਾਈਚਾਰਕ ਸਾਂਝਾਂ ਤੇ ਮੁਹੱਬਤਾਂ ਦੇ ਗਵਾਹ ਮੇਲਿਆਂ ਅਤੇ ਤਿਉਹਾਰਾਂ ਵਿੱਚੋਂ ਇਕ ਹੈ ਲੋਹੜੀ ਦਾ ਤਿਉਹਾਰ। ਲੋਹੜੀ ਨੂੰ ਨਵੇਂ ਵਰ੍ਹੇ ਦਾ ਪਲੇਠਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ’ਤੇ ਅੰਗਰੇਜ਼ੀ ਵਰ੍ਹੇ ਦੇ ਪਹਿਲੇ ਮਹੀਨੇ ਜਨਵਰੀ ਦੀ ਤੇਰਾਂ ਤਰੀਕ, ਮਾਘ ਮਹੀਨੇ ਦੀ ਸੰਗਰਾਂਦ (ਮਾਘੀ/ਮਕਰ ਸਕਰਾਂਤੀ) ਤੋਂ ਪਹਿਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦੀਆਂ ਰੌਣਕਾਂ ਕਈ-ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਦੀਆਂ ਹਨ। ਬਾਜ਼ਾਰਾਂ ਵਿਚ ਰਿਓੜੀਆਂ, ਗੱਚਕ ਅਤੇ ਮੂੰਗਫਲੀ ਨਾਲ ਸਜੀਆਂ ਦੁਕਾਨਾਂ ’ਤੇ ਰੌਣਕਾਂ ਵੇਖਣਯੋਗ ਹੁੰਦੀਆਂ ਹਨ।

ਤਿਉਹਾਰ ਦੇ ਅਰਥ

ਭਾਰਤ ਦਾ ਸਮੱੁਚਾ ਜਨ-ਜੀਵਨ ਤਿਉਹਾਰਾਂ ਨਾਲ ਜੁੜਿਆ ਹੈ। ਇਸ ਤਿਉਹਾਰ ਦੇ ਅਰਥ ‘ਤਿਲ+ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ’ਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ।

ਬੱਚਿਆਂ ਦਾ ਤਿਉਹਾਰ

ਲੋਹੜੀ ਨੂੰ ਬੱਚਿਆਂ ਦਾ ਤਿਉਹਾਰ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ। ਇਕ ਸਮਾਂ ਸੀ, ਜਦੋਂ ਲੋਹੜੀ ਤੋਂ ਕਈ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਤੇ ਪੈਸੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਸਨ। ਹੁਣ ਲੋਹੜੀ ਵਾਲੇ ਦਿਨ ਬੱਚੇ ਸਵੇਰ ਤੋਂ ਹੀ ਟੋਲੀਆਂ ਬਣਾ ਕੇ ਲੋਹੜੀ ਮੰਗਣਾ ਸ਼ੁਰੂ ਕਰ ਦਿੰਦੇ ਹਨ। ਜਿਸ ਘਰ ਵਿਚ ਮੰੁਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਵੱਲੋਂ ਬੱਚਿਆਂ ਨੂੰ ਮੰੂਗਫਲੀ, ਰਿਓੜੀਆਂ, ਤਿਲ, ਪੈਸੇ ਆਦਿ ਖ਼ੁਸ਼ੀ ਵਜੋਂ ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ ’ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ ਲਗਦੇ ਹਨ। ਇਸ ਦਿਨ ਗਲੀ-ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ ’ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ :

ਈਸਰ ਆਏ, ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੱੁਲ੍ਹੇ ਪਾਏ।

ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੱੁਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ।

ਪੁਰਾਤਨ ਗਾਥਾ

ਲੋਹੜੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਇਨ੍ਹਾਂ ਦੰਦ ਕਥਾਵਾਂ ਵਿੱਚੋਂ ਇਕ ਹੈ ਦੁੱਲਾ ਭੱਟੀ, ਜਿਸ ਦਾ ਪੂਰਾ ਨਾਂ ਅਬਦੁੱਲਾ ਭੱਟੀ ਸੀ, ਨਾਲ ਜੁੜੀ ਹੋਈ ਹੈ। ਪੁਰਤਾਨ ਗਾਥਾ ਅਨੁਸਾਰ ਦੱੁਲਾ ਭੱਟੀ ਨੇ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੰੁਦਰੀ ਤੇ ਮੰੁਦਰੀ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹਿਆ ਸੀ। ਉਸ ਸਮੇਂ ਦੱੁਲਾ ਭੱਟੀ ਕੋਲ ਸ਼ਗਨ ਦੇਣ ਲਈ

ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ। ਬਾਅਦ ’ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :

ਸੰੁਦਰ ਮੰੁਦਰੀਏ, ਹੋ!

ਤੇਰਾ ਕੌਣ ਵਿਚਾਰਾ, ਹੋ!

ਦੱੁਲਾ ਭੱਟੀ ਵਾਲਾ, ਹੋ!

ਦੱੁਲੇ ਧੀ ਵਿਆਹੀ, ਹੋ!

ਸੇਰ ਸ਼ੱਕਰ ਪਾਈ, ਹੋ!

ਕੁੜੀ ਦਾ ਸਾਲੂ ਪਾਟਾ, ਹੋ!

ਕੁੜੀ ਦਾ ਜੀਵੇ ਚਾਚਾ, ਹੋ...

ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਅਨੁਸਾਰ ਹੋਰ ਬਹੁਤ ਸਾਰੇ ਖੇਤਰਾਂ ਵਿਚ ਵੀ ਮਨਾਇਆ ਜਾਂਦਾ ਹੈ। ਸਿੰਧੀ ਲੋਕਾਂ ਵੱਲੋਂ ‘ਲਾਲ-ਲੋਈ’, ਤਾਮਿਲਨਾਡੂ ’ਚ ‘ਪੌਂਗਲ’ ਤੇ

ਆਂਧਰਾ ਪ੍ਰਦੇਸ਼ ਵਿਚ ‘ਭੋਗੀ’ ਨਾਵਾਂ ਅਨੁਸਾਰ ਲੋਹੜੀ ਵਰਗਾ ਤਿਉਹਾਰ ਮਨਾਇਆ ਜਾਂਦਾ ਹੈ।

ਲੋਹੜੀ ਦਾ ਪਿਛੋਕੜ

ਲੋਹੜੀ ਦਾ ਪਿਛੋਕੜ ਮੌਸਮ ਦੀ ਤਬਦੀਲੀ ਨਾਲ ਵੀ ਹੈ। ਕਹਿਰ ਦੀ ਠੰਢ ਦਾ ਮੌਸਮ ਇਨਸਾਨਾਂ, ਪਸ਼ੂ-ਪੰਛੀਆਂ ਤੇ ਫਸਲਾਂ ਲਈ ਖ਼ੁਸ਼ਗਵਾਰ ਨਹੀਂ ਹੁੰਦਾ। ਪੋਹ ਮਹੀਨੇੇ ਦੀ ਸਮਾਪਤੀ ਨਾਲ ਹੀ ਠੰਢ ਦੀ ਸਮਾਪਤੀ ਦਾ ਕਿਆਸ ਲਾਇਆ ਜਾਂਦਾ ਹੈ। ਪੋਹ ਮਹੀਨਾ ਸਮਾਪਤ ਹੋਣ ’ਤੇ ਸੂਰਜ ਖਿੜਨਾ ਤੇ ਧੁੱਪਾਂ ਨਿਕਲਣੀਆਂ ਸ਼ੁਰੂ ਹੋ ਜਾਦੀਆਂ ਹਨ। ਰਾਤਾਂ ਦੇ ਮੁਕਾਬਲੇ ਦਿਨ ਲੰਬੇ ਹੋਣ ਲਗਦੇ ਹਨ। ਫ਼ਸਲਾਂ ’ਤੇ ਖੇੜਾ ਆ ਜਾਂਦਾ ਹੈ। ਠੰਢ ਕਾਰਨ ਫਸਲਾਂ ਦਾ ਰੁਕਿਆ ਵਿਕਾਸ ਸ਼ੁਰੂ ਹੋ ਜਾਂਦਾ ਹੈ।

ਧੀਆਂ ਦੀ ਲੋਹੜੀ

ਬੇਸ਼ੱਕ ਅੱਜ-ਕੱਲ੍ਹ ਨਵੇਂ ਵਿਆਹ ਵਾਲੇ ਘਰਾਂ ਵਿਚ ਵੀ ਲੋਹੜੀ ਮਨਾਈ ਜਾਂਦੀ ਹੈ ਪਰ ਨਵੇਂ ਜੰਮੇ ਮੰੁਡਿਆਂ ਦੀ ਪਹਿਲੀ ਲੋਹੜੀ ਮਨਾਉਣ ਦਾ ਰਿਵਾਜ਼ ਸਦੀਆਂ ਪੁਰਾਣਾ ਹੈ। ਪਹਿਲਾਂ ਪਹਿਲ ਲੋਹੜੀ ਸਿਰਫ਼ ਮੁੰਡਿਆਂ ਦੀ ਹੀ ਮਨਾਈ ਜਾਂਦੀ ਸੀ। ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ। ਮੁੰਡਿਆਂ ਵਾਂਗ ਹੀ ਕੁੜੀਆਂ ਦੀ ਲੋਹੜੀ ਮਨਾਉਣ ਦਾ ਪ੍ਰਚਲਿਤ ਹੋ ਰਿਹਾ ਰਿਵਾਜ਼ ਸਾਡੇ ਸਮਜ ਲਈ ਸ਼ੁੱਭ ਸੰਕੇਤ ਹੈ। ਕਈ ਸਮਾਜਸੇਵੀ ਸੰਸਥਾਵਾਂ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਹੜੀ ਦੇ ਦਿਨ ਨਵਜੰਮੀਆਂ ਧੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਕਰ ਕੇ ਔਰਤ ਜਾਤੀ ਨੂੰ ਸਨਮਾਨ ਦੇਣ ਦੀ ਸਾਰਥਿਕ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਰਿਵਾਜ਼ ਧੀਆਂ ਪ੍ਰਤੀ ਸਾਡੀ ਤਬਦੀਲ ਹੋ ਰਹੀ ਸੋਚ ਦਾ ਵੀ ਪ੍ਰਤੀਕ ਹੈ। ਸ਼ਾਇਦ ਇਸੇ ਬਹਾਨੇ ਸਮਾਜ ਵਿਚ ਲੜਕਿਆਂ ਤੇ ਲੜਕੀਆਂ ਦੀ ਜਨਮ ਦਰ ਵਿਚ ਆ ਰਹੇ ਅਸਾਵੇਂਪਣ ਨੂੰ ਥੋੜ੍ਹੀ-ਬਹੁਤ ਠੱਲ੍ਹ ਪੈ ਜਾਵੇ।

ਪਿਆਰ ਦਾ ਪ੍ਰਤੀਕ

ਬਾਕੀ ਤਿਉਹਾਰਾਂ ਤੇ ਮੇਲਿਆਂ ਵਾਂਗ ਹੀ ਲੋਹੜੀ ਦਾ ਤਿਉਹਾਰ ਵੀ ਸਾਡੇ ਲਈ ਬਹੁਤ ਸਾਰੇ ਸੁਨੇਹੇ ਲੈ ਕੇ ਆਉਂਦਾ ਹੈ। ਇਨ੍ਹਾਂ ਸੁਨੇਹਿਆਂ ਨੂੰ ਮਨਾਂ ’ਚ ਵਸਾਉਣ ਵਿਚ ਹੀ ਇਸ ਤਿਉਹਾਰ ਨੂੰ ਮਨਾਉਣ ਦੀ ਸਾਰਥਿਕਤਾ ਹੈ। ਨਿੱਜੀ ਖ਼ੁਸ਼ੀਆਂ ਨੂੰ ਭਾਈਚਾਰੇ, ਦੋਸਤਾਂ-ਮਿੱਤਰਾਂ ਅਤੇ ਆਂਢ-ਗੁਆਂਢ ਨਾਲ ਮਿਲ ਕੇ ਮਨਾਉਣ ਦਾ ਵੱਖਰਾ ਹੀ ਆਨੰਦ ਹੈ। ਲੋਹੜੀ ਦੇ ਤਿਉਹਾਰ ਮੌਕੇ ਆਧੁਨਿਕਤਾ ਦੀ ਭੇਟ ਚੜ੍ਹ ਰਹੀਆਂ ਭਾਈਚਾਰਕ ਸਾਂਝਾਂ ਦੇ ਬਚਾਅ

ਲਈ ਸੋਚਣ, ਸਮਝਣ ਤੇ ਵਿਚਾਰਨ ਦੀ ਜ਼ਰੂਰਤ ਹੈ।

ਲੋੜ ਹੈ ਆਪਸੀ ਰਿਸ਼ਤਿਆਂ ’ਚ ਪੈਦਾ ਹੋ ਰਹੀ ਕੁੜੱਤਣ ਨੂੰ ਲੋਹੜੀ ਦੀ ਧੂਣੀ ਵਿਚ ਹੀ ਜਲਾ ਦੇਣ ਦੀ। ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚਲਿਤ ਹੋ ਰਹੇ ਰਿਵਾਜ਼ ਨੂੰ ਵੀ ਧੀਆਂ ਪ੍ਰਤੀ ਸੋਚ ਦੀ ਤਬਦੀਲੀ ਨਾਲ ਮਨਾਉਣ ਦੀ ਜ਼ਰੂਰਤ ਹੈ ਤਾਂ ਜੋ ਇਹ ਰਿਵਾਜ਼ ਸਚਮੁੱਚ ਹੀ ਕੁੜੀਆਂ ਦੀ ਤਕਦੀਰ ਬਦਲਣ ਦਾ ਸੱਬਬ ਬਣ ਜਾਵੇ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi