ਹਰ ਮਨੁੱਖ ਆਪਣੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਸੁਪਨੇ ਵੇਖਦਾ ਹੈ। ਕੋਈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਹੈ ਤੇ ਕਿਸੇ ਦਾ ਸੁਪਨਾ ਕਿਸੇ ਉਦੇਸ਼ ਦੀ ਪ੍ਰਾਪਤੀ ਹੁੰਦਾ ਹੈ। ਸੁਪਨੇ ਮਨੁੱਖੀ ਜ਼ਿੰਦਗੀ ਨੂੰ ਸੰਪੂਰਨ ਬਣਾਉਂਦੇ ਹਨ। ਦੁਨੀਆ ਦੇ ਹਰ ਕੰਮ ਦੀ ਸ਼ੁਰੂਆਤ ਮਨੁੱਖੀ ਦਿਮਾਗ਼ ਦੀ ਉਪਜ ਹੈ। ਪਹਿਲਾਂ ਕੋਈ ਵਿਚਾਰ ਦਿਮਾਗ਼ ਦਾ ਹਿੱਸਾ ਬਣਦਾ ਹੈ ਫਿਰ ਉਸ ਨੂੰ ਸਾਕਾਰ ਕਰਨ ਲਈ ਯੋਜਨਾ ਬਣਾਉਣੀ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਸੁਪਨੇ ਉਹ ਹੀ ਸਾਕਾਰ ਹੁੰਦੇ ਹਨ, ਜੋ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਸੁੱਤਾ ਰਹਿਣ ਵਾਲਾ ਵਿਅਕਤੀ ਜ਼ਿੰਦਗੀ 'ਚ ਉਨ੍ਹਾਂ ਸੁਪਨਿਆਂ ਨੂੰ ਸਿਰਫ਼ ਨੀਂਦ ਦੀ ਆਗੋਸ਼ 'ਚ ਹੀ ਮਹਿਸੂਸ ਕਰਦਾ ਹੈ, ਜਦੋਂਕਿ ਜਾਗਣ ਵਾਲਾ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਉਨ੍ਹਾਂ ਸੁਪਨਿਆਂ ਨੂੰ ਮੂਰਤ ਰੂਪ ਪ੍ਰਦਾਨ ਕਰਦਾ ਹੈ।

ਸੁਪਨਿਆਂ ਦੀ ਉਡਾਣ ਮਨੁੱਖ ਨੂੰ ਦਿਨ-ਰਾਤ ਪ੍ਰੇਰਿਤ ਕਰਦੀ ਹੈ ਉਸ ਉਚਾਈ 'ਤੇ ਪਹੁੰਚਣ ਦੀ, ਜੋ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਆਤਮ-ਵਿਸ਼ਵਾਸ ਤੇ ਲਗਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਤੇ ਮੁਸ਼ਕਲਾਂ ਦਾ ਸਾਹਮਣਾ ਵਾਰ-ਵਾਰ ਕਰਨਾ ਪੈਂਦਾ ਹੈ। ਅਸਲ 'ਚ ਜਿੱਤ ਦਾ ਤਾਜ ਵੀ ਉਸ ਦੇ ਸਿਰ ਹੀ ਸਜਦਾ ਹੈ, ਜੋ ਮੁਸ਼ਕਲਾਂ ਤੋਂ ਨਹੀਂ ਘਬਰਾਉਂਦਾ ਸਗੋਂ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇਕ ਹੋਰ ਮੌਕੇ ਦੀ ਭਾਲ ਦੇ ਰੂਪ 'ਚ ਹੀ ਦੇਖਦਾ ਹੈ। ਇਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸ ਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10000 ਵਾਰ ਅਸਫਲ ਰਹਿਣ ਤੋਂ ਬਾਅਦ ਬੱਲਬ ਬਣਾ ਸਕਿਆ, ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ, ਸਗੋਂ ਮੈਨੂੰ ਇਹ ਪਤਾ ਲੱਗਿਆ ਕਿ 10000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਨ੍ਹਾਂ ਦਾ ਆਤਮ-ਵਿਸ਼ਵਾਸ ਤੇ ਸਕਾਰਾਤਮਕ ਸੋਚ ਹੀ ਉਨ੍ਹਾਂ ਨੂੰ ਸਫਲ ਬਣਾ ਸਕੀ। ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ 'ਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ। ਆਓ ਜਾਣੀਏ ਕਿ ਸੁਪਨਿਆਂ ਨੂੰ ਕਿਵੇਂ ਪੂਰਾ ਕੀਤਾ ਜਾਵੇ :

ਉਦੇਸ਼ ਨਿਸ਼ਚਿਤ ਕਰੋ

ਸਭ ਤੋਂ ਪਹਿਲਾਂ ਆਪਣੇ ਹੁਨਰ ਤੇ ਦਿਲਚਸਪੀ ਅਨੁਸਾਰ ਇਕ ਉਦੇਸ਼ ਸਾਹਮਣੇ ਰੱਖੋ। ਤੁਹਾਡਾ ਹਰ ਪਲ ਉਸ ਉਦੇਸ਼ ਦੀ ਪੂਰਤੀ ਹਿੱਤ ਸਮਰਪਿਤ ਹੋਣਾ ਚਾਹੀਦਾ ਹੈ। ਆਪਣੀ ਯੋਗਤਾ ਤੇ ਭਰੋਸਾ ਕਰਨਾ ਸਿੱਖੋ। ਤੁਹਾਡਾ ਸੁਪਨਾ ਤੁਹਾਡੇ ਵਿਅਕਤੀਤਵ ਨੂੰ ਦਰਸਾਉਂਦਾ ਹੈ। ਇਸ ਲਈ ਆਪਣੇ ਸੁਪਨੇ ਨੂੰ ਤਰਜੀਹ ਬਣਾਓ। ਕੋਈ ਵੀ ਸੁਪਨਾ ਕੁਝ ਘੰਟਿਆਂ ਜਾਂ ਦਿਨਾਂ 'ਚ ਪੂਰਾ ਨਹੀਂ ਹੁੰਦਾ ਸਗੋਂ ਸਾਲਾਂ ਦੀ ਮਿਹਨਤ ਸਦਕਾ ਹੀ ਤੁਸੀਂ ਉਸ ਨੂੰ ਸਾਕਾਰ ਕਰ ਸਕਦੇ ਹੋ। ਵਿਸਕੋਨਸਿਨ ਯੂਨੀਵਰਸਿਟੀ ਦੇ ਨਿਊਰੋ ਵਿਗਿਆਨਕ ਰਿਚਰਡ ਡੇਵਿਡਸਨ ਦੇ ਅਨੁਸਾਰ ਆਪਣੇ ਉਦੇਸ਼ ਦੀ ਪੂਰਤੀ ਦੀ ਉਮੀਦ ਤੁਹਾਨੂੰ ਉਸ ਨੂੰ ਹਾਸਿਲ ਕਰਨ ਲਈ ਜ਼ਿਆਦਾ ਮਿਹਨਤ ਕਰਨਾ ਸਿਖਾਉਂਦੀ ਹੈ। ਇਸ ਲਈ ਖ਼ੁਦ 'ਤੇ ਭਰੋਸਾ ਕਰੋ। ਤੁਸੀਂ ਜ਼ਰੂਰ ਸਫਲ ਹੋਵੋਗੇ।

ਸਵੈ-ਅਨੁਸ਼ਾਸਨ ਨਾਲ ਨਿਰੰਤਰ ਕਰੋ ਕੋਸ਼ਿਸ਼

ਅਨੁਸ਼ਾਸਨ ਸਫਲਤਾ ਦੀ ਨੀਂਹ ਹੈ। ਇਸ ਲਈ ਸਵੈ-ਅਨੁਸ਼ਾਸਨ ਦਾ ਪਾਲਣ ਸਭ ਤੋਂ ਮਹਤੱਵਪੂਰਨ ਕੜੀ ਹੈ। ਜਦੋਂ ਤੁਸੀਂ ਰੋਜ਼ ਉਸ ਇਕ ਸੁਪਨੇ ਲਈ ਸਖ਼ਤ ਮਿਹਨਤ ਕਰਦੇ ਹੋ। ਅਨੁਸ਼ਾਸਨ 'ਚ ਰਹਿ ਕੇ ਹਰ ਰੋਜ਼ ਉਸ ਵੱਲ ਇਕ ਕਦਮ ਵਧਾਉਂਦੇ ਹੋ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਤੁਸੀਂ ਉਸ ਤਕ ਪਹੁੰਚ ਜਾਵੋਗੇ। ਇਸ ਲਈ ਕਿਹਾ ਜਾਂਦਾ ਹੈ ਬੂੰਦ-ਬੂੰਦ ਪਾਣੀ ਨਾਲ ਤਲਾਬ ਭਰ ਜਾਂਦਾ ਹੈ।

ਸੁਪਨੇ ਦੀ ਪੂਰਤੀ ਹਿੱਤ ਕਰੋ ਕੰਮ

ਇਕਾਗਰਤਾ ਸੁਪਨਿਆਂ ਦੀ ਉਡਾਣ ਨੂੰ ਹੋਰ ਉੱਚਾ ਲੈ ਕੇ ਜਾਂਦੀ ਹੈ। ਜਦੋਂ ਤੁਹਾਡਾ ਮਨ ਆਪਣੇ ਉਦੇਸ਼ ਦੀ ਪੂਰਤੀ ਹਿੱਤ ਇਕਾਗਰ ਹੋ ਜਾਂਦਾ ਹੈ ਤਾਂ ਸਫਲ ਹੋਣ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਂਦੀਆਂ ਹਨ। ਇਸ ਲਈ ਪਹਿਲਾਂ ਛੋਟੇ-ਛੋਟੇ ਟੀਚੇ ਨਿਸ਼ਚਿਤ ਕਰਦੇ ਹੋਏ ਇਨ੍ਹਾਂ ਪੜਾਵਾਂ ਨੂੰ ਪਾਰ ਕਰਦੇ ਜਾਵੋ। ਇਕ ਦਿਨ ਆਪਣੀ ਮੰਜ਼ਿਲ 'ਤੇ ਪਹੁੰਚ ਜਾਓਗੇ।

ਸਫਲ ਵਿਅਕਤੀਆਂ ਦੇ ਜੀਵਨ ਤੋਂ ਲਵੋ ਪ੍ਰੇਰਣਾ

ਸਫਲ ਤੇ ਮਹਾਨ ਵਿਅਕਤੀਆਂ ਦੀ ਜੀਵਨੀ ਤੋਂ ਪ੍ਰੇਰਣਾ ਲੈਂਦੇ ਰਹੋ। ਹਰ ਸਫਲ ਵਿਅਕਤੀ ਨੇ ਆਪਣੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਿੰਮਤ ਨਹੀਂ ਹਾਰੀ। ਇਸ ਲਈ ਜਦੋਂ ਵੀ ਮਨ ਦਾ ਵਿਸ਼ਵਾਸ ਡਗਮਗਾਏ ਤਾਂ ਉਸ ਵੇਲੇ ਆਪਣੇ ਪ੍ਰੇਰਣਾਸਰੋਤ ਵਿਅਕਤੀਆਂ ਦੀ ਜ਼ਿੰਦਗੀ 'ਚ ਝਾਤ ਮਾਰੋ ਜਿਨ੍ਹਾਂ ਹਰ ਮੁਸ਼ਕਲ ਨੂੰ ਹਰਾਉਂਦਿਆਂ ਆਪਣੇ ਸੁਪਨੇ ਪੂਰੇ ਕਰ ਦਿਖਾਏ।

ਔਕੜਾਂ ਨੂੰ ਅਪਨਾਉਣਾ ਸਿੱਖੋ

ਜਿਸ ਇਨਸਾਨ ਨੇ ਕਦੇ ਹਾਰ ਜਾਂ ਮੁਸ਼ਕਲ ਦਾ ਸਾਹਮਣਾ ਨਹੀਂ ਕੀਤਾ ਹੁੰਦਾ, ਉਹ ਹਮੇਸ਼ਾ ਛੋਟੀ-ਛੋਟੀ ਗੱਲ 'ਤੇ ਘਬਰਾ ਜਾਵੇਗਾ, ਜ਼ਿੰਦਗੀ 'ਚ ਹਮੇਸ਼ਾ ਵੱਡੇ ਫੈਸਲੇ ਲੈਣ ਤੋਂ ਡਰੇਗਾ। ਜਿੰਨੀ ਦੇਰ ਤਕ ਇਨਸਾਨ ਕਿਸੇ ਕੰਮ 'ਚ ਅਸਫਲ ਨਹੀਂ ਹੁੰਦਾ, ਉਸ ਨੂੰ ਜ਼ਿੰਦਗੀ ਜਿਊਂਣ ਦਾ ਢੰਗ ਨਹੀਂ ਆਵੇਗਾ, ਕਿਉਂਕਿ ਕਿਸੇ ਪੱਥਰ ਦੀ ਕੀਮਤ ਉਦੋਂ ਹੀ ਪੈਂਦੀ ਹੈ, ਜਦੋਂ ਉਹ ਕਿਸੇ ਸੁੰਦਰ ਬੁੱਤ 'ਚ ਤਬਦੀਲ ਹੁੰਦਾ ਹੈ। ਅਜਿਹਾ ਹੋਣ ਲਈ ਉਸ ਨੂੰ ਹਥੌੜਿਆਂ ਦੇ ਵਾਰ ਸਹਿਣੇ ਪੈਂਦੇ ਹਨ। ਸੋ ਅਜੋਕੇ ਨੌਜਵਾਨ ਨੂੰ ਯਕੀਨ 'ਤੇ ਰੱਖਣਾ ਚਾਹੀਦਾ ਹੈ। ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਇਰਾਦਾ ਤੇ ਹੌਸਲਾ ਕਦੇ ਨਾ ਡਿਗਣ ਦਿਓ ਤੇ ਬਾਜ਼ੀ ਨੂੰ ਅੰਤ ਤਕ ਖੇਡੋ। ਜਿੱਤ ਤੁਹਾਡੇ ਕਦਮਾਂ 'ਚ ਹੋਵੇਗੀ। ਰਾਹ 'ਚ ਆਉਂਦੀਆਂ ਔਕੜਾਂ ਨੂੰ ਅਪਨਾਉਣਾ ਸਿੱਖੋ, ਕਿਉਂਕਿ ਜੁਝਾਰੂ ਵਿਅਕਤੀ ਕਦੇ ਅਸਫਲ ਨਹੀਂ ਹੋ ਸਕਦਾ।

ਮੁਸੀਬਤਾਂ ਹੀ ਮਨੁੱਖ ਦੀਆਂ ਸਭ ਤੋਂ ਵੱਡੀਆਂ ਸਿੱਖਿਅਕ ਹਨ, ਜਿਨ੍ਹਾਂ ਨਾਲ ਉਹ ਜੀਵਨ ਦੇ ਔਖੇ ਹਾਲਾਤ ਦਾ ਸਾਹਮਣਾ ਕਰਨਾ ਸਿੱਖਦਾ ਹੈ।

ਮੁਸੀਬਤਾਂ ਤੋਂ ਸਿੱਖੋ

ਜ਼ਿੰਦਗੀ 'ਚ ਕਈ ਅਜਿਹੇ ਮੌਕੇ ਆਉਂਦੇ ਹਨ, ਜਦੋਂ ਅਸੀਂ ਮੁਸ਼ਕਲਾਂ 'ਚ ਘਿਰ ਜਾਂਦੇ ਹਾਂ ਤੇ ਇਹ ਸੋਚਣ ਲਗਦੇ ਹਾਂ ਕਿ ਹੁਣ ਇਨ੍ਹਾਂ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ। ਉਸ ਸਮੇਂ ਇਹ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਸਾਡੀਆਂ ਮਹੱਤਵਪੂਰਨ ਇੱਛਾਵਾਂ ਮਿੱਟੀ 'ਚ ਮਿਲ ਜਾਣਗੀਆਂ ਤੇ ਅਸੀ ਬਰਬਾਦ ਹੋ ਜਾਵਾਂਗੇ ਪਰ ਜਿਵੇਂ ਹੀ ਅਸੀਂ ਅਜਿਹੇ ਹਾਲਾਤ 'ਚ ਅੱਗੇ ਵਧਦੇ ਰਹਿੰਦੇ ਹਾਂ ਤੇ ਸਾਨੂੰ ਇਨ੍ਹਾਂ ਸਾਰੀਆਂ ਹਾਰਾਂ 'ਚੋਂ ਹੀ ਜਿੱਤ ਦਾ ਮਾਰਗ ਦਿਖਾਈ ਦੇਣ ਲਗਦਾ ਹੈ। ਸੋ ਮੁਸੀਬਤਾਂ ਦੀ ਚਿੰਤਾ ਛੱਡ ਕੇ ਜੋ ਮੁਸੀਬਤ ਸਾਹਮਣੇ ਆਵੇ, ਉਸ ਦਾ ਮੁਕਾਬਲਾ ਕਰੋ ਤੇ ਮਜ਼ਬੂਤ ਇਰਾਦੇ ਨਾਲ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਹੀ ਇਕ ਮਾਤਰ ਅਜਿਹਾ ਉਪਾਅ ਹੈ।

ਹਾਂ-ਪੱਖੀ ਸੋਚ ਵਾਲੇ ਵਿਅਕਤੀਆਂ ਦੀ ਕਰੋ ਸੰਗਤ

ਆਪਣੇ ਆਲੇ-ਦੁਆਲੇ ਉਨ੍ਹਾਂ ਲੋਕਾਂ ਨੂੰ ਰੱਖੋ ਜੋ ਤੁਹਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣ ਤੇ ਤੁਹਾਨੂੰ ਪ੍ਰੇਰਿਤ ਕਰਦੇ ਰਹਿਣ। ਸਕਾਰਾਤਮਕ ਸੋਚ ਵਾਲੇ ਦੋਸਤ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਅਪ੍ਰਤੱਖ ਜਾਂ ਪ੍ਰਤੱਖ ਰੂਪ 'ਚ ਸਹਾਈ ਹੁੰਦੇ ਹਨ। ਉਹ ਤੁਹਾਡੀ ਹਰ ਛੋਟੀ ਸਫਲਤਾ 'ਤੇ ਤੁਹਾਡਾ ਉਤਸਾਹ ਵਧਾਉਂਦੇ ਹਨ ਤੇ ਹਰ ਅਸਫਲਤਾ 'ਤੇ ਤੁਹਾਡੀ ਸਹਾਇਤਾ ਕਰਦੇ ਹਨ ਤਾਂ ਜੋ ਤੁਸੀਂ ਨਿਰਾਸ਼ ਨਾ ਹੋ ਜਾਵੋ।

ਹਰ ਸੁਪਨਾ ਇਕ ਆਸ, ਇੱਛਾ ਤੇ ਵਿਅਕਤੀਤਵ ਨੂੰ ਪ੍ਰਗਟਾਉਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਜੋ ਵੀ ਉਦੇਸ਼ ਨਿਸ਼ਚਿਤ ਕਰੋ, ਉਸ ਦੀ ਪੂਰਤੀ ਹਿੱਤ ਪੂਰੇ ਆਤਮ-ਵਿਸ਼ਵਾਸ ਨਾਲ ਮਿਹਨਤ ਕਰੋ। ਜਦੋਂ ਤੁਸੀਂ ਤਨਦੇਹੀ ਤੇ ਸ਼ਿੱਦਤ ਨਾਲ ਮਿਹਨਤ ਕਰਦੇ ਹੋ ਤਾਂ ਸਾਰੇ ਹਾਲਾਤ ਤੁਹਾਡੇ ਅਨੁਕੂਲ ਹੋ ਜਾਂਦੇ ਹਨ। ਇਸ ਲਈ ਆਪਣੀ ਕਾਬਲੀਅਤ 'ਤੇ ਭਰੋਸਾ ਰੱਖੋ, ਸਖ਼ਤ ਮਿਹਨਤ ਕਰੋ, ਨਿਰੰਤਰ ਅਭਿਆਸ ਕਰੋ, ਸਕਾਰਾਤਮਕ ਸੋਚ ਤੇ ਇਕਾਗਰਤਾ ਨਾਲ ਸੁਪਨਿਆਂ ਨੂੰ ਸਾਕਾਰ ਕਰੋ। ਆਖ਼ਰ ਜਿੱਤ ਤੁਹਾਡੀ ਹੀ ਹੋਵੇਗੀ।

- ਪੂਜਾ ਸ਼ਰਮਾ

Posted By: Harjinder Sodhi