ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਦੀ ਆਲਮੀ ਮਹਾਮਾਰੀ ਦੇ ਕਹਿਰ ਕਰਕੇ ਪੂਰੇ ਦੇਸ਼ 'ਚ ਤਾਲਾਬੰਦੀ ਕਰਨੀ ਪਈ। ਲਾਕਡਾਊਨ ਨੇ ਤਕਰੀਬਨ ਸਾਰੇ ਕੰਮਕਾਰ ਠੱਪ ਕਰ ਦਿੱਤੇ। ਭਾਰਤ 'ਚ ਹੁਣ ਹੌਲੀ-ਹੌਲੀ ਲਾਕਡਾਊਨ 'ਅਨਲਾਕ' ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਹੌਲੀ-ਹੌਲੀ ਭਾਰਤ 'ਚ ਕੰਮ ਚੱਲਣੇ ਸ਼ੁਰੂ ਹੋ ਗਏ ਹਨ ਪਰ ਵਿੱਦਿਅਕ ਅਦਾਰੇ ਅਜੇ ਵੀ ਸਰਕਾਰ ਵੱਲੋਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਕੇਸ ਅੱਜ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਅਧਿਆਪਕਾਂ ਵੱਲੋਂ ਆਨਲਾਈਨ ਪ੍ਰਕਿਰਿਆ ਤਹਿਤ ਬੱਚਿਆਂ ਤਕ ਪੂਰੇ ਪਾਠ ਤੋਂ ਇਲਾਵਾ ਉਨ੍ਹਾਂ ਤਕ ਕਲਾਸ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਅਧਿਆਪਕਾਂ ਵੱਲੋਂ ਜਿੱਥੇ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ 'ਚ ਰੁਚੀ ਵਧਾਉਣ ਲਈ ਆਨਲਾਈਨ ਨਵੇਂ-ਨਵੇਂ ਤਰੀਕੇ ਦੱਸੇ ਜਾ ਰਹੇ ਹਨ, ਉੱਥੇ ਹੀ ਆਨਲਾਈਨ ਕਲਾਸਾਂ ਵੀ ਲਈਆਂ ਜਾ ਰਹੀਆਂ ਹਨ, ਜਿੱਥੇ ਸਮੇਂ-ਸਮੇਂ 'ਤੇ ਬੱਚਿਆਂ ਦੇ ਟੈਸਟ ਵੀ ਲਏ ਜਾ ਰਹੇ ਹਨ।

ਕੋਰੋਨਾ ਪ੍ਰਤੀ ਕੀਤਾ ਜਾਗਰੂਕ

ਆਨਲਾਈਨ ਸਿੱਖਿਆ ਜਿਸ ਤਰੀਕੇ ਨਾਲ ਬੱਚਿਆਂ ਤਕ ਪਹੁੰਚ ਰਹੀ ਹੈ, ਉਸ ਨਾਲ ਅਧਿਆਪਕਾਂ ਦਾ ਸਮਾਂ ਤੇ ਊਰਜਾ ਬਚ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਸ਼ੁਰੂ ਕੀਤੀਆਂ ਮੁਹਿੰਮਾਂ ਤੇ ਪ੍ਰਾਜੈਕਟਾਂ ਦਾ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਕੋਰੋਨਾ ਕਹਿਰ ਦੌਰਾਨ ਬੇਸ਼ੱਕ ਬਹੁਤ ਸਾਰੇ ਲੋਕ ਘਰਾਂ ਅੰਦਰ ਬੰਦ ਹਨ ਪਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਨਾਲ ਜੋੜਿਆ ਗਿਆ।

ਵਿਦਿਆਰਥੀ ਪੁੱਛਦੇ ਹਨ ਸਵਾਲ

ਆਨਲਾਈਨ ਪੜ੍ਹਾਈ ਤਹਿਤ ਅਧਿਆਪਕਾਂ ਵੱਲੋਂ ਬੱਚਿਆਂ ਦੇ ਟੈਸਟ ਲੈਣ ਤੋਂ ਇਲਾਵਾ ਉਨ੍ਹਾਂ ਨਾਲ ਜ਼ੂਮ ਐਪ ਰਾਹੀਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਬੱਚਿਆਂ ਕੋਲੋਂ ਉਨ੍ਹਾਂ ਦੇ ਕੰਮ ਬਾਰੇ ਪੁੱਛਿਆ ਜਾ ਰਿਹਾ ਹੈ ਤੇ ਨਾਲ-ਨਾਲ ਇਸ 'ਤੇ ਵਿਦਿਆਰਥੀ ਅਧਿਆਪਕਾਂ ਤੋਂ ਸਵਾਲ ਵੀ ਪੁੱਛ ਰਹੇ ਹਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ। ਆਨਲਾਈਨ ਪੜ੍ਹਾਈ ਤਹਿਤ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ, ਉਸ ਪ੍ਰਤੀ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਨੂੰ ਧਿਆਨ 'ਚ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਆਨਲਾਈਨ ਪੜ੍ਹਾਈ ਮੁਹੱਈਆ ਕਰਵਾਉਣ ਲਈ ਆਨਲਾਈਨ ਕਲਾਸਾਂ ਲਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਰੇਡੀਓ, ਟੈਲੀਵਿਜ਼ਨ, ਯੂਟਿਊਬ, ਵ੍ਹਟਸਐਪ, ਜ਼ੂਮ ਐਪ, ਗੂਗਲ ਡਰਾਈਵ ਤੇ ਹੋਰ ਸੋਸ਼ਲ ਨੈੱਟਵਰਕਿੰਗ ਰਾਹੀਂ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਅਧਿਆਪਕਾਂ ਕੀਤਾ ਤਨਦੇਹੀ ਨਾਲ ਕੰਮ

ਤਾਲਬੰਦੀ ਦੌਰਾਨ ਜਿੱਥੇ ਵਿਦਿਆਰਥੀਆ ਲਈ ਜਿੱਥੇ ਟੈਲੀਵਿਜ਼ਨ ਦੇ ਮਾਧਿਅਮ ਜ਼ਰੀਏ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੀ ਵਿਭਾਗ ਦੇ ਅਧਿਆਪਕ ਦਿਨ-ਰਾਤ ਇਕ ਕਰ ਕੇ ਵੱਖ-ਵੱਖ ਆਨਲਾਈਨ ਮਾਧਿਅਮਾਂ ਜਿਵੇਂ ਜ਼ੂਮ ਐਪ, ਵ੍ਹਟਸਐਪ, ਵੀਡੀਓ ਲੈਕਚਰ ਭੇਜਣੇ ਅਤੇ ਜ਼ਰੂਰਤ ਅਨੁਸਾਰ ਟੈਲੀਫੋਨ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਰੱਖਦਿਆਂ ਉਨ੍ਹਾਂ ਨੂੰ ਸਿੱਖਿਆ ਨਾਲ ਜੋੜ ਕੇ ਰੱਖਿਆ ਗਿਆ ਹੈ।

ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕੰਮ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਮਾਸਕ ਪਹਿਨਣ ਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਜਾਗਰੂਕ ਕੀਤਾ ਗਿਆ। ਸਿੱਖਿਆ ਵਿਭਾਗ ਦੇ ਅਧਿਆਪਕ ਜਿੱਥੇ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਨਾਲ ਜੋੜ ਕੇ ਰੱਖਣ ਲਈ ਸਿਰਤੋੜ ਯਤਨ ਕਰ ਰਹੇ ਹਨ, ਉੱਥੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਮਿਸ਼ਨ ਫ਼ਤਿਹ 'ਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ।

ਸਿੱਖਿਆ ਵਿਭਾਗ ਦੀ ਪਹਿਲਕਦਮੀ

ਇਸ ਮੁਸ਼ਕਲ ਦੌਰ 'ਚ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਆਨਲਾਈਨ ਪੜ੍ਹਾਈ ਵਰਦਾਨ ਸਾਬਿਤ ਹੋਈ ਹੈ। ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਲਈ ਡੀਡੀ ਪੰਜਾਬੀ ਅਤੇ ਸਵਯਮ ਪ੍ਰਭਾ-20 ਰਾਹੀਂ ਪੜ੍ਹਾਈ ਕਰਵਾਉਣ ਲਈ ਕੀਤੀ ਪਹਿਲਕਦਮੀ ਤੇ ਸਮਾਜ ਨੂੰ ਮਹਾਮਾਰੀ ਦੇ ਕਹਿਰ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਿੱਖਿਆ ਵਿਭਾਗ ਦੀ ਰੱਜ ਕੇ ਤਾਰੀਫ਼ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤਕ ਦੀਆਂ ਟੈਲੀਵਿਜ਼ਨ ਰਾਹੀਂ ਰੋਜ਼ਾਨਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।ਰੋਜ਼ਾਨਾ ਕਲਾਸਾਂ ਲੱਗਣ ਕਾਰਨ ਵਿਦਿਆਰਥੀ ਸਕੂਲ ਵਾਂਗ ਮਹਿਸੂਸ ਕਰ ਰਹੇ ਹਨ ਤੇ ਉਹ ਇਨ੍ਹਾਂ ਕਲਾਸਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਕਲਾਸਾਂ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੂੰ ਘਰ ਲਈ ਕੰਮ ਵੀ ਦਿੱਤਾ ਜਾ ਰਿਹਾ ਹੈ। ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਭੇਜੀ ਸਿੱਖਣ-ਸਮੱਗਰੀ ਤੇ ਟੈਲੀਵਿਜ਼ਨ ਰਾਹੀਂ ਲਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਵਰਦਾਨ ਸਾਬਿਤ ਹੋ ਰਹੀਆਂ ਹਨ, ਜਿਸ ਦਾ ਬੱਚੇ ਭਰਪੂਰ ਲਾਹਾ ਲੈ ਰਹੇ ਹਨ।

- ਵਿਜੈ ਗਰਗ

Posted By: Harjinder Sodhi