ਪਿਆਰੇ ਬੱਚਿਓ! ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਭਾਖੜਾ ਨਾਂ ਦੇ ਪਿੰਡ ਵਿਖੇ ਸਥਿਤ ਦੁਨੀਆ ਦਾ ਮਹਾਨ ਡੈਮ ਹੈ। ਜਦੋਂ 22 ਅਕਤੂਬਰ 1963 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਖੜਾ ਬੰਨ੍ਹ ਰਾਸ਼ਟਰ ਨੂੰ ਸਮਰਪਿਤ ਕੀਤਾ ਤਾਂ ਇਹ ਦੇਸ਼ ਦਾ ਮਾਣ ਬਣ ਗਿਆ। ਭਾਖੜਾ ਬੰਨ੍ਹ ਬਣਨ ਨਾਲ ਦੇਸ਼ ’ਚ ਹਰੀ ਕ੍ਰਾਂਤੀ ਆਈ। ਦੂਰ-ਦੁਰਾਡੇ ਤਕ ਖੇਤੀਬਾੜੀ ਤੇ ਪੀਣ ਲਈ ਪਾਣੀ ਮੁਹੱਈਆ ਹੋਇਆ, ਬਿਜਲੀ ਦੀ ਪ੍ਰਾਪਤੀ ਹੋਈ ਤੇ ਰੁਜ਼ਗਾਰ ਦੇ ਅਨੇਕਾਂ ਸਾਧਨ ਬਣੇ। ਇਸ ਬੰਨ੍ਹ ਦੇ ਮੱਛੀ ਕਾਰੋਬਾਰ ਨਾਲ ਵੀ ਲੋਕਾਂ ਨੂੰ ਰੁਜ਼ਗਾਰ ਮਿਲਿਆ। ਭਾਖੜਾ ਬੰਨ੍ਹ ਕੁਤੁਬ ਮੀਨਾਰ ਤੋਂ ਤਿੰਨ ਗੁਣਾ ਉੱਚਾ ਹੈ। ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ੍ਹ, ਦਿੱਲੀ ਆਦਿ ਥਾਵਾਂ ਲਈ ਪੀਣ ਵਾਲੇ ਪਾਣੀ ਦੀ ਪੂਰਤੀ ਇਸੇ ਤੋਂ ਹੀ ਹੁੰਦੀ ਹੈ। ਇਸ ਨੂੰ ਸਤਲੁਜ ਦਰਿਆ ’ਤੇ ਬਣਾਇਆ ਗਿਆ ਹੈ। ਇਸ ਪਿੱਛੇ ਬਣੀ ਝੀਲ ਦਾ ਨਾਂ ਗੋਬਿੰਦ ਸਾਗਰ ਝੀਲ ਹੈ। ਇਸ ਦਾ ਨਾਂ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਝੀਲ ’ਚ ਮਾਨਸਰੋਵਰ ਝੀਲ, ਬਰਫ਼ ਤੋਂ ਪਿਘਲਿਆ ਹੋਇਆ ਪਾਣੀ ਤੇ ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ’ਚ 50-60 ਫ਼ੀਸਦੀ ਪਾਣੀ ਬਰਫ਼ ਪਿਘਲਣ ਨਾਲ ਇਕੱਠਾ ਹੁੰਦਾ ਹੈ। ਭਾਖੜਾ ਡੈਮ ਦੇ 1680 ਫੁੱਟ ਤਕ ਪਾਣੀ ਦਾ ਪੱਧਰ ਹੋ ਜਾਣ ’ਤੇ ਇਹ ਡੈਮ ਦੋ ਇੰਚ ਝੁਕ ਜਾਂਦਾ ਹੈ ਤੇ ਇਸ ਪੱਧਰ ਤਕ ਹੋ ਜਾਣ ’ਤੇ ਗੋਬਿੰਦ ਸਾਗਰ ਝੀਲ ’ਚ ਲਗਭਗ 93400 ਲੱਖ ਘਣ ਮੀਟਰ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ।

ਸਮੰੁਦਰ ਤਲ ਤੋਂ ਉਚਾਈ

ਭਾਖੜਾ ਡੈਮ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਜਿਸ ਸਮੇਂ ਭਾਖੜਾ ਬੰਨ੍ਹ ਦਾ ਨਿਰਮਾਣ ਪੂਰਾ ਹੋਇਆ ਸੀ, ਉਸ ਸਮੇਂ ਇਹ ਏਸ਼ੀਆ ਮਹਾਦੀਪ ਦਾ ਸਭ ਤੋਂ ਉੱਚਾ ਬੰਨ੍ਹ ਸੀ। ਹੁਣ ਭਾਰਤ ਦਾ ਸਭ ਤੋਂ ਉੱਚਾ ਡੈਮ ਟੀਹਰੀ ਡੈਮ ਹੈ, ਜੋ ਭਾਗੀਰਥੀ ਨਦੀ ’ਤੇ ਬਣਾਇਆ ਗਿਆ ਹੈ।

ਉਸ ਦੀ ਉਚਾਈ 261 ਮੀਟਰ ਹੈ। 1970 ਤੋਂ ਪੂਰਨ ਤੌਰ ’ਤੇ ਭਾਖੜਾ ਡੈਮ ਦਾ ਸਦਉਪਯੋਗ ਸ਼ੁਰੂ ਹੋ ਗਿਆ। ਭਾਖੜਾ ਡੈਮ ਵਿਖੇ ਲਗਪਗ 1500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਭਾਖੜਾ ਡੈਮ ਨਾਲ ਇੰਨਾ ਲਗਾਓ ਸੀ ਕਿ ਉਹ ਇਸ ਡੈਮ ਦੇ ਬਣਨ ਸਮੇਂ ਤੋਂ ਲੈ ਕੇ ਪੂਰਾ ਹੋਣ ਤਕ ਦੇ ਸਮੇਂ ਦੌਰਾਨ ਤੇਰਾਂ ਵਾਰ ਇੱਥੇ ਆਏ। ਇਸ ਡੈਮ ’ਤੇ ਨਿਰਮਾਣ ਸਮੇਂ ਦਿਨ-ਰਾਤ ਕੰਮ ਚੱਲਦਾ ਰਿਹਾ।

ਦੱਸਿਆ ਜਾਂਦਾ ਹੈ ਇਸ ਡੈਮ ਦੇ ਨਿਰਮਾਣ ’ਚ ਇਕ ਲੱਖ ਟਨ ਸਰੀਆ ਤੇ ਇੰਨਾ ਹੀ ਸੀਮਿੰਟ ਤੇ ਏਨੀ ਮਾਤਰਾ ’ਚ ਹੀ ਕੰਕਰੀਟ ਵਰਤੀ ਗਈ। ਇਸ ਡੈਮ ਦੀ ਨੀਂਹ ਪੁੱਟਣ ਤੇ ਬਣਾਉਣ ਲਈ ਲਗਭਗ ਚਾਰ ਸਾਲ ਦਾ ਸਮਾਂ ਲੱਗਿਆ। ਇਹ ਬੰਨ੍ਹ ਸਮੁੰਦਰ ਤਲ ਤੋਂ 518.16 ਮੀਟਰ ਉਚਾਈ ’ਤੇ ਸਥਿਤ ਹੈ।

ਮੱਛੀ ਉਤਪਾਦਨ ਦਾ ਵੱਡਾ ਸਰੋਤ

ਲੱਖਾਂ ਹੀ ਸੈਲਾਨੀ ਭਾਖੜਾ ਬੰਨ੍ਹ ਨੂੰ ਦੇਖਣ ਲਈ ਆਉਂਦੇ ਹਨ ਤੇ ਇਹ ਡੈਮ ਮੱਛੀ ਉਤਪਾਦਨ ਦਾ ਵੀ ਵੱਡਾ ਸਰੋਤ ਹੈ। ਇਸੇ ਸਥਾਨ ’ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਤੇ ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀ ਚਾਊ-ਇਨ-ਲਾਈ ਵਿਚਕਾਰ ਇਤਿਹਾਸਕ ਪੰਚਸ਼ੀਲ ਦਾ ਸਮਝੌਤਾ ਹੋਇਆ ਸੀ ਅਤੇ ਭਾਰਤ ਤੇ ਚੀਨ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੀ ਬੁਨਿਆਦ ਰੱਖੀ ਗਈ ਸੀ। ਇਸ ਡੈਮ ਦੇ ਬਣਨ ਨਾਲ ਲਗਪਗ ਤਿੰਨ ਸੌ ਇਕੱਤਰ ਪਿੰਡ ਜੋ ਗੋਬਿੰਦ ਸਾਗਰ ਝੀਲ ਵਾਲੀ ਥਾਂ ’ਤੇ ਸਥਿਤ ਸਨ, ਉਨ੍ਹਾਂ ਨੂੰ ਵੀ ਉਜਾੜੇ ਦਾ ਸਾਹਮਣਾ ਕਰਨਾ ਪਿਆ। ਭਾਖੜਾ ਡੈਮ ਦੇ ਨਿਰਮਾਣ ਸਮੇਂ ਕੰਮਕਾਜ ਕਰਦਿਆਂ ਕਾਫ਼ੀ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ ਮਿਹਨਤੀ ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।

ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਆਪਣੇ ਪਿਤਾ ਨਾਲ ਕਈ ਵਾਰ ਇਸ ਡੈਮ ਦੇ ਨਿਰਮਾਣ ਸਮੇਂ ਇੱਥੇ ਆਈ। ਭਾਖੜਾ ਡੈਮ ਦੇ ਨਿਰਮਾਣ ਦਾ ਸਮੁੱਚਾ ਕਾਰਜ ਅਮਰੀਕਾ ਦੇ ਨਿਵਾਸੀ ਐੱਮਐੱਚ ਸਲੋਕਮ ਇੰਜੀਨੀਅਰ ਦੀ ਸੁਚੱਜੀ ਦੇਖ-ਰੇਖ ਅਧੀਨ ਹੋਇਆ।

ਉੱਤਰੀ ਭਾਰਤ ਦੀ ਖ਼ੁਸ਼ਹਾਲੀ ਦਾ ਪਹਾੜ

ਭਾਖੜਾ ਡੈਮ ਦੇ ਨਿਰਮਾਣ ਨਾਲ ਪ੍ਰਾਪਤ ਹੋਈ ਬਿਜਲੀ ਤੋਂ ਲਗਪਗ ਤੇਰਾਂ ਹਜ਼ਾਰ ਪਿੰਡਾਂ ਤੇ ਇਕ ਸੌ ਤੀਹ ਸ਼ਹਿਰਾਂ ਨੂੰ ਰੋਸ਼ਨੀ ਪ੍ਰਾਪਤ ਹੋਈ। ਭਾਖੜਾ ਡੈਮ ਦੀ ਇਕ ਹੋਰ ਆਕਰਸ਼ਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਰੱਖ-ਰਖਾਅ ਅਧੀਨ ਨੰਗਲ ਡੈਮ ਤੋਂ ਭਾਖੜਾ ਡੈਮ ਤਕ ਲਗਭਗ ਸੱਤਰ ਸਾਲ ਤੋਂ ਚੱਲਦੀ ਆ ਰਹੀ ਰੇਲ

ਗੱਡੀ ਹੈ। ਇਸ ਰੇਲ ਗੱਡੀ ’ਚ ਆਉਣ-ਜਾਣ ਲਈ ਨਾ ਕੋਈ ਟਿਕਟ ਲੈਣ ਦੀ ਜ਼ਰੂਰਤ ਪੈਂਦੀ ਹੈ, ਨਾ ਹੀ ਕੋਈ ਟਿਕਟ ਚੈੱਕਰ ਹੁੰਦਾ ਹੈ ਤੇ ਨਾ ਹੀ ਬਹੁਤੀ ਭੀੜ ਹੁੰਦੀ ਹੈ। ਇਸ ’ਚ ਡੈਮ ਦੇ ਕਰਮਚਾਰੀ, ਨਜ਼ਦੀਕੀ ਪਿੰਡਾਂ ਦੇ ਲੋਕ ਅਤੇ ਵਿਦਿਆਰਥੀ ਮੁਫ਼ਤ ਆਉਣ-ਜਾਣ ਦਾ ਸਫ਼ਰ ਕਰਦੇ ਹਨ। ਇਸ ਟਰੇਨ ’ਚ ਔਰਤਾਂ ਲਈ ਅਲੱਗ ਡੱਬਾ ਹੈ। ਇਹ ਰੇਲ ਗੱਡੀ ਪੂਰੀ ਦੁਨੀਆ ’ਚ ਵਿਸ਼ੇਸ਼ ਰੇਲ ਗੱਡੀ ਵਜੋਂ ਆਪਣੀ ਪਛਾਣ ਰੱਖਦੀ ਹੈ।

ਭਾਖੜਾ ਪਿੰਡ ’ਤੇ ਪਿਆ ਨਾਂ

ਭਾਖੜਾ ਡੈਮ ਦਾ ਨਾਂ ਭਾਖੜਾ ਪਿੰਡ ਦੇ ਨਾਂ ’ਤੇ ਪਿਆ ਹੈ। ਇਸ ਨੂੰ ਬਣਾਉਣ ਲਈ ਰੂਸ ਤੇ ਜਾਪਾਨ ਦੇਸ਼ਾਂ ਦੀ ਮਸ਼ੀਨਰੀ ਦਾ ਵੀ ਪ੍ਰਯੋਗ ਕੀਤਾ ਗਿਆ। ਭਾਖੜਾ ਡੈਮ ਦੇ ਨਿਰਮਾਣ ਸਮੇਂ ਸਖ਼ਤ ਪਹਾੜਾਂ ਨੂੰ ਤੋੜਨ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਵੀ ਕਰਨੀ ਪਈ। ਇਸ ਡੈਮ ਦੀ ਕਿਸਮ ਗੁਰੂਤਾਕਰਸ਼ਣ ’ਤੇ ਆਧਾਰਿਤ ਹੈ। ਇਸ ਦੀ ਉਚਾਈ 226 ਮੀਟਰ ਹੈ। ਇਸ ਦੀ ਦੀਵਾਰ 520 ਮੀਟਰ ਲੰਬੀ ਹੈ ਤੇ ਦੀਵਾਰ ਦੀ ਮੋਟਾਈ 9.1 ਮੀਟਰ ਹੈ। ਇਸ ਬੰਨ੍ਹ ਨੂੰ ਬਣਾਉਣ ਲਈ ਲਗਭਗ 284 ਕਰੋੜ ਰੁਪਏ ਦਾ ਖ਼ਰਚਾ ਆਇਆ। ਇਹ ਵੀ ਦੱਸਣਯੋਗ ਹੈ ਕਿ ਭਾਖੜਾ ਬੰਨ੍ਹ ਬਣਾਉਣ ਲਈ ਜਿੰਨੀ ਕੰਕਰੀਟ ਦੀ ਵਰਤੋਂ ਹੋਈ, ਉਸ ਨਾਲ ਸਮੁੱਚੇ ਸੰਸਾਰ ਦੀਆਂ ਸਾਰੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਇਸ ਦੇ ਨਿਰਮਾਣ ’ਚ ਉਪਯੋਗ ਕੀਤੀ ਗਈ ਕੰਕਰੀਟ ਦੀ ਮਾਤਰਾ ਨਾਲ ਧਰਤੀ ਦੀ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਹ ਗੱਲ ਭਾਖੜਾ ਬੰਨ੍ਹ ਦੀ ਸਖ਼ਤ ਮਜ਼ਬੂਤੀ ਨੂੰ ਦਰਸਾਉਂਦੀ ਹੈ।

ਅਜੀਬ ਹੈ ਡੈਮ ਬਣਨ ਦੀ ਕਹਾਣੀ

ਭਾਖੜਾ ਡੈਮ ਨੂੰ ਆਧੁਨਿਕ ਭਾਰਤ ਦਾ ਮੰਦਰ ਵੀ ਕਿਹਾ ਜਾਂਦਾ ਹੈ। 22 ਅਕਤੂਬਰ ਨੂੰ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਭਾਖੜਾ ਡੈਮ ਬਣਨ ਦੀ ਕਹਾਣੀ ਵੀ ਬੜੀ ਅਜੀਬੋ-ਗਰੀਬ ਹੈ। ਗੱਲ 1948 ਦੀ ਹੈ, ਜਦੋਂ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਲੁਇਸ ਡੈਨ ਸਤਲੁਜ ਦਰਿਆ ਕਿਨਾਰੇ ਘੁੰਮ ਰਹੇ ਸਨ ਤਾਂ ਉਨ੍ਹਾਂ ਨੇ ਦਰਿਆ ਦੇ ਇਕ ਤੰਗ ਸਥਾਨ ਤੋਂ ਚੀਤੇ ਨੂੰ ਛਲਾਂਗ ਲਾਉਂਦੇ ਦੇਖਿਆ। ਉਨ੍ਹਾਂ ਦੇ ਦਿਮਾਗ਼ ’ਚ ਇਸ ਥਾਂ ’ਤੇ ਬੰਨ੍ਹ/ ਡੈਮ ਬਣਾਉਣ ਦਾ ਵਿਚਾਰ ਆਇਆ। ਭਾਖੜਾ ਬੰਨ੍ਹ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਚਾਲੀ ਸਾਲ ਤਕ ਤਾਂ ਇਸ ਡੈਮ ਨੂੰ ਬਣਾਉਣ ਬਾਰੇ ਅਧਿਐਨ ਚੱਲਦਾ ਰਿਹਾ। ਫਿਰ 1948 ’ਚ ਇਸ ਡੈਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਇਸ ਨੂੰ ਬਣਾਉਣ ਲਈ ਲਗਭਗ 14 ਸਾਲ ਦਾ ਸਮਾਂ ਲੱਗਿਆ।

ਪਿਆਰੇ ਬੱਚਿਓ! ਜ਼ਿੰਦਗੀ ਵਿਚ ਜਦੋਂ ਵੀ ਤੁਹਾਨੂੰ ਭਾਖੜਾ ਡੈਮ ਦੇਖਣ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਇਸ ਖੇਤਰ ਦੇ ਨਜ਼ਦੀਕ ਹੋਰ ਦੇਖਣਯੋਗ ਥਾਵਾਂ ਜਿਵੇਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਲਈ ਜਾਣੇ ਜਾਂਦੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ, ਗੰਗੂਵਾਲ ਪਾਵਰ ਹਾਊਸ, ਨੰਗਲ ਡੈਮ, ਗੁਰਦੁਆਰਾ ਬਿਭੌਰ ਸਾਹਿਬ, ਮਾਤਾ ਨੈਣਾ ਦੇਵੀ ਆਦਿ ਧਾਰਮਿਕ, ਇਤਿਹਾਸਕ ਅਤੇ ਪਵਿੱਤਰ ਥਾਵਾਂ ਦੀ ਯਾਤਰਾ ਜ਼ਰੂਰ ਕਰਨਾ। ਭਾਖੜਾ ਡੈਮ ਭਾਰਤ ਦੇ ਵਿਕਾਸ ਦਾ ਪ੍ਰਤੀਕ ਹੈ। ਇਹ ਡੈਮ ਦੇਸ਼ ਦੀ ਖ਼ੁਸ਼ਹਾਲੀ ਵਿਚ ਮੀਲ ਪੱਥਰ ਸਾਬਿਤ ਹੋਇਆ। ਇਸ ਨੂੰ ਉੱਤਰੀ ਭਾਰਤ ਦੀ ਖ਼ੁਸ਼ਹਾਲੀ ਦਾ ਪਹਾੜ ਵੀ ਕਿਹਾ ਜਾਂਦਾ ਹੈ।

- ਸੰਜੀਵ ਧਰਮਾਣੀ

Posted By: Harjinder Sodhi