ਅੱਜ ਦੇ ਕੰਪਿਊਟਰ, ਇੰਟਰਨੈੱਟ ਤੇ ਮੁਕਾਬਲੇ ਦੇ ਯੁੱਗ 'ਚ ਵਿਦਿਆਰਥੀਆਂ ਲਈ ਕਿਸੇ ਵੀ ਖੇਤਰ 'ਚ ਸਫਲਤਾ ਹਾਸਿਲ ਕਰਨੀ ਔਖੀ ਜ਼ਰੂਰ ਹੈ ਪਰ ਅਸੰਭਵ ਨਹੀਂ। ਸਫਲਤਾ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ, ਲਗਨ ਤੇ ਖ਼ੁਦ 'ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ ਦੇ ਨੌਜਵਾਨਾਂ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਕੁਝ ਕਮੀਆਂ ਹਨ, ਜੋ ਉਨ੍ਹਾਂ ਨੂੰ ਉਸ ਸਫਲਤਾ ਤੋਂ ਦੂਰ ਰੱਖਦੀਆਂ ਹਨ, ਜਿਸ ਦੇ ਉਹ ਹੱਕਦਾਰ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕਰ ਦੇਈਏ ਤਾਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਹਾਲ ਹੀ ਦੇ ਕੁਝ ਸਾਲਾਂ 'ਚ ਭਾਰਤੀ ਵਿਦਿਆਰਥੀਆਂ 'ਚ ਕਾਫ਼ੀ ਸਕਾਰਾਤਮਕ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਪਹਿਲਾਂ ਜਿੱਥੇ ਉਹ ਆਪਣੇ 'ਤੇ ਕਾਫ਼ੀ ਦਬਾਅ ਮਹਿਸੂਸ ਕਰਦੇ ਸਨ, ਆਪਣੇ ਵਿਚਾਰ ਪ੍ਰਗਟਾਉਣ ਤੋਂ ਸੰਕੋਚ ਕਰਦੇ ਸਨ, ਉੱਥੇ ਹੀ ਅੱਜ ਉਨ੍ਹਾਂ ਨੇ ਆਪਣੇ ਉੱਪਰੋਂ ਦਬਾਅ ਕਾਫ਼ੀ ਹੱਦ ਤਕ ਦੂਰ ਕਰ ਦਿੱਤਾ ਹੈ। ਉਹ ਬੇਖ਼ੌਫ਼ ਹੋ ਕੇ ਆਪਣੇ ਵਿਚਾਰ ਲੋਕਾਂ ਨੂੰ ਦਿੰਦੇ ਹਨ। ਜੋ ਚੀਜ਼ ਉਨ੍ਹਾਂ ਨੂੰ ਸਹੀ ਨਹੀਂ ਲਗਦੀ, ਉਸ ਬਾਰੇ ਉਹ ਆਪਣੇ ਵਿਚਾਰ ਰੱਖਣ 'ਚ ਸੰਕੋਚ ਨਹੀਂ ਕਰਦੇ। ਵਿਦਿਆਰਥੀਆਂ ਅੰਦਰ ਤੇਜ਼ੀ ਨਾਲ ਵੱਧ ਰਿਹਾ ਇਹ ਹੁਨਰ ਦੇਸ਼ ਨੂੰ ਸਾਰੇ ਖੇਤਰਾਂ 'ਚ ਅੱਗੇ ਲਿਜਾਣ ਦਾ ਕੰਮ ਕਰੇਗਾ।

ਹੁਨਰ ਦੀ ਕਰੋ ਪਛਾਣ

ਹਰ ਵਿਦਿਆਰਥੀ 'ਚ ਕੋਈ ਨਾ ਕੋਈ ਅਜਿਹਾ ਹੁਨਰ ਜ਼ਰੂਰ ਹੁੰਦਾ ਹੈ, ਜੋ ਉਸ ਨੂੰ ਹੋਰਾਂ ਤੋਂ ਵੱਖ ਕਰ ਦਿੰਦਾ ਹੈ, ਉਸ ਨੂੰ ਵਿਲੱਖਣ ਬਣਾਉਂਦਾ ਹੈ ਪਰ ਪਤਾ ਨਹੀਂ ਬਹੁਤ ਸਾਰੇ ਵਿਦਿਆਰਥੀ ਆਪਣੇ ਅਜਿਹੇ ਗੁਣਾਂ 'ਤੇ ਧਿਆਨ ਕਿਉਂ ਨਹੀਂ ਦਿੰਦੇ? ਨੌਕਰੀ ਮਿਲ ਜਾਣ ਜਾਂ ਫਿਰ ਮਨਚਾਹੇ ਕੋਰਸ ਜਾਂ ਕਾਲਜ 'ਚ ਦਾਖਲਾ ਮਿਲ ਜਾਣ 'ਤੇ ਉਹ ਇਸ ਨੂੰ ਭੁੱਲ ਹੀ ਜਾਂਦੇ ਹਨ। ਯਾਦ ਰੱਖੋ, ਆਪਣੇ ਹੁਨਰ ਨੂੰ ਹਮੇਸ਼ਾ ਮਜ਼ਬੂਤ ਕਰਦੇ ਰਹੋ। ਘੱਟੋ-ਘੱਟ ਇਸ ਨੂੰ ਸ਼ੌਕ ਦੇ ਰੂਪ 'ਚ ਤਾਂ ਜ਼ਿੰਦਾ ਰੱਖੋ। ਇਹ ਕਦੇ ਨਾ ਕਦੇ ਜ਼ਰੂਰ ਕੰਮ ਆਉਂਦਾ ਹੈ। ਇਸ ਲਈ ਆਪਣੀ ਅੰਦਰ ਛੁਪੀ ਹੋਈ ਕਲਾ ਦੀ ਪਛਾਣ ਜ਼ਰੂਰ ਕਰੋ ਤੇ ਉਸ ਤੋਂ ਕੰਮ ਲਵੋ।

ਸੋਚ ਬਦਲਣ ਦੀ ਲੋੜ

ਅੱਜ ਸਾਰੇ ਖੇਤਰਾਂ 'ਚ ਭਾਰਤ ਦੀ ਤੁਲਨਾ ਚੀਨ ਨਾਲ ਹੋ ਰਹੀ ਹੈ। ਚੀਨ ਸਾਡੇ ਤੋਂ ਬਹੁਤ ਸਾਰੀਆਂ ਚੀਜ਼ਾਂ 'ਚ ਅੱਗੇ ਹੈ ਤੇ ਇਹ ਫ਼ਰਕ ਵੱਧ ਵੀ ਰਿਹਾ ਹੈ। ਇਸ ਦਾ ਸਿਰਫ਼ ਇੱਕੋ ਕਾਰਨ ਹੈ, ਉੱਥੇ ਕ੍ਰਿਏਟੀਵਿਟੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਜਿਹੜਾ ਜਿਸ ਵੀ ਖੇਤਰ 'ਚ ਬਿਹਤਰ ਕੰਮ ਕਰ ਰਿਹਾ ਹੈ, ਉਸ ਨੂੰ ਉਸੇ 'ਚ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜਿਆਂ 'ਚ ਕਮੀਆਂ ਕੱਢਣ ਦੀ ਬਜਾਏ ਪਹਿਲਾਂ ਖ਼ੁਦ ਨੂੰ ਦੇਖੋ। ਜ਼ਮੀਨੀ ਪੱਧਰ 'ਤੇ ਜੋ ਕੰਮ ਨੂੰ ਅਕਾਰ ਦਿੰਦਾ ਹੈ, ਅਸਲ ਸਫਲਤਾ ਉਸ ਨੂੰ ਹੀ ਹਾਸਿਲ ਹੁੰਦੀ ਹੈ।

ਗ਼ਲਤੀਆਂ ਤੋਂ ਸਿੱਖੋ

ਗ਼ਲਤੀਆਂ ਹਰ ਕਿਸੇ ਕੋਲੋਂ ਹੁੰਦੀਆਂ ਹਨ ਪਰ ਇਨ੍ਹਾਂ ਤੋਂ ਡਰ ਕੇ ਕੰਮ ਬੰਦ ਕਰਨਾ ਸਭ ਤੋਂ ਵੱਡੀ ਗ਼ਲਤੀ ਹੈ। ਗ਼ਲਤੀਆਂ ਤੋਂ ਹੀ ਅਸੀਂ ਸਿੱਖਦੇ ਹਾਂ। ਨਵੇਂ ਪ੍ਰਯੋਗ ਕਰਨ ਤੋਂ ਕਦੇ ਨਾ ਡਰੋ। ਇੱਥੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗ਼ਲਤੀਆਂ 'ਤੇ ਬੱਚਿਆਂ ਨੂੰ ਗੁੱਸੇ ਨਾ ਹੋਣ ਸਗੋਂ ਉਨ੍ਹਾਂ ਦੀ ਮਦਦ ਕਰਨ। ਫਿਰ ਦੇਖਿਓ ਉਹ ਕਿੰਨੀ ਤੇਜ਼ੀ ਨਾਲ ਅੱਗੇ ਵੱਧਦੇ ਹਨ। ਕਿਸੇ ਦੇ ਨਕਾਰਾਤਮਕ ਗੁਣਾਂ ਨੂੰ ਗਿਣਾਉਣ ਦੀ ਬਜਾਏ ਸਕਾਰਾਤਮਕ ਗੁਣਾਂ ਨੂੰ ਹੀ ਗਿਣਾਓ। ਆਪਣੇ ਨਕਾਰਾਤਮਕ ਗੁਣਾਂ ਨੂੰ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰੋ।

ਖ਼ੂਬੀਆਂ ਦੀ ਭਾਲ ਕਰੋ

ਅੱਜ ਜੋ ਟੈਲੇਂਟਿਡ ਵਿਦਿਆਰਥੀ ਸਾਡੇ ਸਾਹਮਣੇ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਗੁੰਮਨਾਮੀਆਂ 'ਚ ਗੁੰਮ ਹੋ ਗਏ ਹਨ। ਬਹੁਤ ਸਾਰੇ ਲੋਕ ਟੈਲੇਂਟ ਦਾ ਪੈਮਾਨਾ ਪ੍ਰੀਖਿਆ 'ਚ ਪ੍ਰਾਪਤ ਨੰਬਰ ਮੰਨਦੇ ਹਨ ਪਰ ਅਜਿਹਾ ਕਦੇ ਨਹੀਂ ਹੁੰਦਾ। ਕਈ ਵਾਰ ਘੱਟ ਨੰਬਰ ਲੈਣ ਵਾਲੇ ਵਿਦਿਆਰਥੀ ਕੋਲ ਵੱਖ-ਵੱਖ ਤਰ੍ਹਾਂ ਦਾ ਨਜ਼ਰੀਆ ਹੁੰਦਾ ਹੈ, ਜੋ ਸਾਨੂੰ ਹੈਰਾਨੀ 'ਚ ਪਾ ਦਿੰਦਾ ਹੈ। ਸਾਡੇ ਸਮਾਜ 'ਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਟੈਲੇਂਟ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਤੋਂ ਬਚਦਿਆਂ ਵਿਦਿਆਰਥੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਜੇ ਵਿਦਿਆਰਥੀ ਇਨ੍ਹਾਂ ਕਮੀਆਂ ਨੂੰ ਦੂਰ ਕਰ ਲੈਣ, ਤਾਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।

ਖ਼ੁਦ 'ਤੇ ਰੱਖ ਭਰੋਸਾ

ਸਾਨੂੰ ਸਾਰਿਆਂ ਨੂੰ ਖ਼ੁਦ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕੋਈ ਵੀ ਕੰਮ ਵਧੀਆ ਤਰੀਕੇ ਨਾਲ ਕਰ ਕੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਅਸੀਂ ਅਕਸਰ ਹੀ ਕਹਾਣੀਆਂ 'ਚ ਪੜ੍ਹਦੇ ਹਾਂ ਕਿ 'ਪਰਮਾਤਮਾ ਵੀ ਉਸ ਦੀ ਮਦਦ ਕਰਦਾ ਹੈ ਜੋ ਉਹ ਆਪਣੀ ਮਦਦ ਖ਼ੁਦ ਕਰਦਾ ਹੈ।' ਜਿਨ੍ਹਾਂ ਨੇ ਖ਼ੁਦ 'ਤੇ ਭਰੋਸਾ ਕੀਤਾ ਹੈ, ਅੱਜ ਉਹੀ ਉੱਚੇ ਮੁਕਾਮ 'ਤੇ ਪਹੁੰਚ ਚੁੱਕੇ ਹਨ। ਜੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਤਾਂ ਸਾਨੂੰ ਖ਼ੁਦ 'ਤੇ ਭਰੋਸਾ ਰੱਖ ਕੇ ਮਿਹਨਤ ਕਰਦਿਆਂ ਅੱਗੇ ਵਧਣਾ ਚਾਹੀਦਾ ਹੈ। ਅਸੀਂ ਜ਼ਰੂਰ ਸਫਲਤਾ ਹਾਸਿਲ ਕਰਾਂਗੇ।

- ਪ੍ਰਮੋਦ ਧੀਰ

98550-31081

Posted By: Harjinder Sodhi