ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਸ ਨੇਤਰ ਨੂੰ ਖੋਲ੍ਹਣ ਤੋਂ ਬਗ਼ੈਰ ਕੋਈ ਵੀ ਸਮੇਂ ਦਾ ਹਾਣੀ ਸਾਬਿਤ ਨਹੀਂ ਹੋ ਸਕਦਾ। ਤੀਜੀ ਅੱਖ ਦੀ ਰੋਸ਼ਨੀ ਹਿੱਤ ਹਰੇਕ ਮਨੁੱਖ ਨੂੰ ਕਿਸੇ ਨਾ ਕਿਸੇ ਸਕੂਲ ’ਚ ਦਾਖ਼ਲ ਹੋਣਾ ਪੈਂਦਾ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਵਿਦਿਆਰਥੀ-ਧਰਮ ਦੀ ਪਾਲਣਾ ਕਰਨੀ ਹੁੰਦੀ ਹੈ। ਇਹ ਵਿਦਿਆਰਥੀ-ਧਰਮ ਹੀ ਹੈ, ਜਿਹੜਾ ਉਸ ਨੂੰ ਉਸ ਦੀਆਂ ਪੜ੍ਹਨ-ਲਿਖਣ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਤੇ ਅਗੇਤ ਰੱਖਦਾ ਹੈ।

ਇਹ ਸੁਚੇਤਤਾ ਤੇ ਅਗੇਤਤਾ ਵਿਦਿਆਰਥੀ-ਧਰਮ ਦਾ ਅਹਿਮ ਹਿੱਸਾ ਹੁੰਦੀ ਹੈ, ਜਿਹੜੀ ਵਿਦਿਆਰਥੀ ਨੂੰ ਉਚੇਰੀਆਂ ਤੇ ਵਡੇਰੀਆਂ ਪ੍ਰਾਪਤੀਆਂ ਦਾ ਹੱਕਦਾਰ ਬਣਾਈ ਰੱਖਦੀ ਹੈ। ਜਿਹੜਾ ਬੱਚਾ ਆਪਣੇ ਇਸ ਧਰਮ ਦਾ ਸਹੀ ਪਾਲਣ ਕਰਦਾ ਹੈ, ਕਾਮਯਾਬੀ ਉਸ ਦੀਆਂ ਬਰੂਹਾਂ ’ਤੇ ਖ਼ੁਦ ਚੱਲ ਕੇ ਆਉਂਦੀ ਹੈ।

ਇਸ ਕਾਮਯਾਬੀ ਦੀ ਬਦੌਲਤ ਹੀ ਉਹ ਡਾਕਟਰ, ਵਕੀਲ, ਇੰਜੀਨੀਅਰ ਅਤੇ ਪ੍ਰੋਫੈਸਰ ਆਦਿ ਦੇ ਅਹੁਦਿਆਂ ’ਤੇ ਪਹੁੰਚ ਕੇ ਸਮਾਜ ਦੇ ਮਾਣ-ਸਤਿਕਾਰ ਦਾ ਪਾਤਰ ਬਣਦਾ ਹੈ। ਹਰ ਵਿਦਿਆਰਥੀ ਚਾਹੁੰਦਾ ਹੈ ਕਿ ਉਹ ਇਸ ਸਮਾਜਿਕ ਮਾਣ-ਸਤਿਕਾਰ ਦਾ ਪਾਤਰ ਬਣਿਆ ਰਹੇ ਪਰ ਇਸ ਪਾਤਰਤਾ ਹਿੱਤ ਉਸ ਨੂੰ ਆਪਣੇ ਵਿਦਿਆਰਥੀ-ਧਰਮ ਨੂੰ ਨਿਭਾਉਣਾ ਪੈਂਦਾ ਹੈ। ਬਾਕੀ ਧਰਮਾਂ ਵਾਂਗ ਇਸ ਧਰਮ ਦੇ ਵੀ ਕੁਝ ਅਸੂਲ ਹੁੰਦੇ ਹਨ, ਜਿਨ੍ਹਾਂ ਪ੍ਰਤੀ ਵਿਦਿਆਰਥੀ ਨੂੰ ਕੁਝ ਸੰਜੀਦਾ ਤੇ ਸਮਰਪਿਤ ਹੋਣ ਦੀ ਲੋੜ ਹੁੰਦੀ ਹੈ।

ਜਾਣਦੇ ਹਾਂ ਕੁਝ ਅਜਿਹੇ ਨੁਕਤਿਆਂ ਬਾਰੇ, ਜਿਨ੍ਹਾਂ ਨੂੰ ਅਪਣਾਉਣ ਨਾਲ ਵਿਦਿਆਰਥੀ ਆਪਣਾ ਵਿਦਿਆਰਥੀ-ਧਰਮ ਸਹੀ ਤੇ ਸਾਰਥਿਕ ਰੂਪ ਵਿਚ ਨਿਭਾ ਸਕਦਾ ਹੈ :

ਸਵੈ-ਅਨੁਸ਼ਾਸਨ

ਅਨੁਸ਼ਾਸਨ ’ਚ ਰਹਿਣ ਤੋਂ ਬਗ਼ੈਰ ਵਿਦਿਆਰਥੀ-ਧਰਮ ਨਿਭਾਇਆ ਹੀ ਨਹੀਂ ਜਾ ਸਕਦਾ। ਅਨੁਸ਼ਾਸਨ

’ਚ ਰਹਿ ਕੇ ਕੋਈ ਵਿਦਿਆਰਥੀ ਗਿਆਨ ਦੀ ਪੌੜ੍ਹੀ ਚੜ੍ਹ ਸਕਦਾ ਹੈ। ਛੋਟੀ ਉਮਰ ਦੇ ਬੱਚਿਆਂ ਲਈ ਅਨੁਸ਼ਾਸਨ ਦੀ ਜ਼ਿੰਮੇਵਾਰੀ ਅਧਿਆਪਕਾਂ ਤੇ ਮਾਪਿਆਂ ਦੀ ਸਾਂਝੀ ਹੁੁੰਦੀ ਹੈ ਪਰ ਵਡੇਰੀ ਉਮਰ ’ਚ ਅਨੁਸ਼ਾਸਨ ਦੀ ਥਾਂ ਸਵੈ-ਅਨੁਸ਼ਾਸਨ ਲੈ ਲੈਂਦਾ ਹੈ। ਇਹ ਸਵੈ-ਅਨੁਸ਼ਾਸਨ ਹੀ ਹੈ, ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਸ ਦੀ ਮੰਜ਼ਿਲ ਨਜ਼ਦੀਕ ਲਿਜਾਂਦਾ ਹੈ।

ਸਮੇਂ ਦੀ ਸਦਵਰਤੋਂ

ਵਿਦਿਆਰਥੀ-ਧਰਮ ਦਾ ਪਹਿਲਾ ਤੇ ਮਹੱਤਵਪੂਰਨ ਨੁਕਤਾ ਹੈ ਸਮੇਂ ਦਾ ਸਦਉਪਯੋਗ। ਜਿਹੜੇ ਵਿਦਿਆਰਥੀ ਸਮੇਂ ਦਾ ਸਦਉਪਯੋਗ ਕਰਦੇ ਹਨ, ਉਨ੍ਹਾਂ ਦੀ ਹਰ ਮੈਦਾਨ ’ਚ ਫ਼ਤਹਿ ਹੁੰਦੀ ਹੈ। ਉਨ੍ਹਾਂ ਨੂੰ ਕਦੇ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਸੱਚਾਈ ਦਾ ਮਾਰਗ

ਵਿਦਿਆਰਥੀ-ਧਰਮ ਦਾ ਇਕ ਹੋਰ ਲਾਜ਼ਮੀ ਨੁਕਤਾ ਹੈ ਸੱਚਾਈ। ਵਿਦਿਆਰਥੀ ਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੇ ਬਦਲੇ ਚਾਹੇ ਉਸ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪੈ ਜਾਵੇ।

ਸਖ਼ਤ ਮਿਹਨਤ ਦਾ ਨਾ ਛੱਡੋ ਪੱਲਾ

ਸਖ਼ਤ ਮਿਹਨਤ ਵਿਦਿਆਰਥੀ ਧਰਮ ਦਾ ਕੇਂਦਰੀ ਨੁਕਤਾ ਹੈ ਅਤੇ ਇਹ ਸਾਰੇ ਹੀ ਨੁਕਤਿਆਂ ਦਾ ਸਰਦਾਰ ਹੈ। ਇਹ ਨੁਕਤਾ ਜਿੱਥੇ ਵਿਦਿਆਰਥੀ-ਧਰਮ ਨੂੰ ਪਾਕੀਜ਼ਗੀ ਬਖ਼ਸ਼ਦਾ ਹੈ, ਉੱਥੇ ਵਿਦਿਆਰਥੀ ਲਈ ਪ੍ਰਾਪਤੀਆਂ ਦਾ ਦਰਵਾਜ਼ਾ ਵੀ ਖੋਲ੍ਹਦਾ ਹੈ।

ਹਾਂ-ਪੱਖੀ ਨਜ਼ਰੀਆ

ਵਿਦਿਆਰਥੀ-ਧਰਮ ਦਾ ਦੂਜਾ ਨੁਕਤਾ ਹੈ ਚੜ੍ਹਦੀ ਕਲਾ ਭਾਵ ਹਾਂ-ਪੱਖੀ ਨਜ਼ਰੀਆ। ਚੜ੍ਹਦੀ ਕਲਾ ਸਿਰਫ਼ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਪੱਖੋਂ ਵੀ ਬਰਾਬਰ ਹੋਣੀ ਚਾਹੀਦੀ ਹੈ। ਜੇ ਇਨ੍ਹਾਂ ’ਚੋਂ ਕੋਈ ਇਕ ਪੱਖ ਵੀ ਅਸਾਵਾਂ ਰਹਿ ਗਿਆ ਤਾਂ ਵਿਦਿਆਰਥੀ ਆਪਣੇ ਵਿਦਿਆਰਥੀ-ਧਰਮ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਸਕਣਗੇ।

ਆਗਿਆ ਦਾ ਪਾਲਣ ਕਰਨਾ ਜ਼ਰੂਰੀ

ਵਿਦਿਆਰਥੀ ਦਾ ਆਗਿਆਕਾਰੀ ਹੋਣਾ ਵੀ ਉਸ ਦੇ ਵਿਦਿਆਰਥੀ-ਧਰਮ ਦਾ ਅਹਿਮ ਭਾਗ ਹੈ। ਆਗਿਆਕਾਰਤਾ ਅਜਿਹਾ ਗੁਣ ਹੈ, ਜਿਹੜਾ ਉਸ ਵਿਦਿਆਰਥੀ ਨੂੰ ਉਸ ਦੇ ਅਧਿਆਪਕਾਂ ਤੇ ਮਾਪਿਆਂ ਦੇ ਆਸ਼ੀਰਵਾਦ ਦਾ ਭਾਗੀ ਬਣਾਉਂਦਾ ਹੈ।

- ਰਮੇਸ਼ ਬੱਗਾ ਚੋਹਲਾ

Posted By: Harjinder Sodhi