ਹਰਚਰਨ ਕੌਰ - ਸਾਡਾ ਦੇਸ਼ ਰੁੱਤਾਂ ਦਾ ਦੇਸ਼ ਹੈ। ਵਾਰੋ-ਵਾਰੀ ਆਉਂਦੀਆਂ ਛੇ ਰੁੱਤਾਂ 'ਚੋਂ ਸਭ ਤੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸ ਦੌਰਾਨ ਕਈ ਥਾਵਾਂ 'ਤੇ ਮੇਲੇ ਲਗਦੇ ਹਨ। ਇਸ ਰੁੱਤ ਨੂੰ 'ਰਾਣੀ ਬਸੰਤ' ਵੀ ਕਿਹਾ ਜਾਂਦਾ ਹੈ। ਵੇਦਾਂ ਮੁਤਾਬਿਕ ਸ੍ਰੀ ਕ੍ਰਿਸ਼ਨ ਜੀ ਨੇ ਸਰਸਵਤੀ ਨੂੰ ਖ਼ੁਸ਼ ਹੋ ਕੇ ਵਰਦਾਨ ਦਿੱਤਾ ਸੀ ਕਿ ਬਸੰਤ ਪੰਚਮੀ ਦੇ ਦਿਨ ਉਸ ਦੀ ਵੀ ਪੂਜਾ ਕੀਤੀ ਜਾਵੇਗੀ। ਇਸ ਤਰ੍ਹਾਂ ਭਾਰਤ ਦੇ ਕਈ ਹਿੱਸਿਆਂ 'ਚ ਬਸੰਤ ਪੰਚਮੀ ਵਾਲੇ ਦਿਨ ਸਰਸਵਤੀ ਦੀ ਪੂਜਾ ਵੀ ਹੋਣ ਲੱਗੀ। ਪੰਜਾਬ 'ਚ ਗੁਰਦੁਆਰਾ ਦੂਖ ਨਿਵਰਨ ਸਾਹਿਬ ਪਟਿਆਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਲੋਕ ਵਿਸ਼ੇਸ਼ ਤੌਰ 'ਤੇ ਪੀਲੇ ਕੱਪੜੇ ਪਾਉਂਦੇ ਹਨ ਅਤੇ ਘਰਾਂ 'ਚ ਵੀ ਪੀਲੇ ਪਕਵਾਨ ਬਣਦੇ ਹਨ। ਪਤੰਗਬਾਜ਼ੀ ਦਾ ਬਸੰਤ ਰੁੱਤ ਨਾਲ ਕੋਈ ਸਬੰਧ ਨਹੀਂ ਪਰ ਫਿਰ ਵੀ ਪਤੰਗ ਉਡਾਉਣ ਦਾ ਰਿਵਾਜ ਹਜ਼ਾਰਾਂ ਸਾਲ ਪਹਿਲਾਂ ਚੀਨ 'ਚ ਸ਼ੁਰੂ ਹੋਇਆ ਤੇ ਇਸ ਦਿਨ ਬੱਚੇ ਖ਼ੂਬ ਪਤੰਗ ਉਡਾਉਂਦੇ ਹਨ। ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ-ਪਾਕਿਸਤਾਨ ਸਾਂਝਾ ਸੀ ਤਾਂ ਉਦੋਂ ਲਾਹੌਰ ਵਿਖੇ ਵੀਰ ਹਕੀਕਤ ਰਾਏ ਜੀ ਦੀ ਸਮਾਧ 'ਤੇ ਬਸੰਤ ਪੰਚਮੀ ਦਾ ਬੜੀ ਵੱਡਾ ਮੇਲਾ ਲਗਦਾ ਸੀ। ਹਕੀਕਤ ਰਾਏ ਬਸੰਤ ਪੰਚਮੀ ਦੇ ਦਿਨ ਹਾਕਮਾਂ ਦੇ ਅੱਤਿਆਚਾਰ ਦਾ ਸ਼ਿਕਾਰ ਹੋਏ ਸਨ।

ਇਸ ਰੁੱਤ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਸਭ ਤੋਂ ਪਹਿਲੀ ਤਾਂ ਇਹ ਕਿ ਸਰਦੀ ਦੀ ਰੁੱਤ ਖ਼ਤਮ ਹੋ ਜਾਂਦੀ ਹੈ। ਇਸ ਲਈ ਮੌਸਮ ਪੱਖੋਂ ਇਹ ਬਹੁਤ ਸੁਹਾਵਣੀ ਹੁੰਦੀ ਹੈ। ਦੂਜਾ ਜ਼ਿਆਦਾ ਸਰਦੀ ਕਾਰਨ ਰੁੱਖਾਂ ਦੇ ਝੜੇ ਹੋਏ ਪੱਤੇ ਦੁਬਾਰਾ ਪੁੰਗਰਨ ਲਗਦੇ ਹਨ ਅਤੇ ਪੌਦਿਆਂ 'ਤੇ ਫੁੱਲਾਂ ਦੀ ਬਹਾਰ ਦੀ ਮਹਿਕ ਆਉਂਦੀ ਹੈ। ਇਹ ਰੁੱਤ ਸਦਾ ਖ਼ੁਸ਼ ਰਹਿਣ ਦਾ ਮਨ ਬਣਾਉਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ :

'ਸਦਾ ਦੀਵਾਲੀ ਸਾਧ ਦੀ, ਅੱਠੇ ਪਹਿਰ ਬਸੰਤ।'

ਕਿਹਾ ਜਾਂਦਾ ਹੈ ਕਿ ਸਾਰੀਆਂ ਰੁੱਤਾਂ ਨੇ ਜਦੋਂ ਦੇਖਿਆ ਕਿ ਇਹ ਰੁੱਤ ਦੇ ਨਜ਼ਾਰੇ ਬਹੁਤ ਸੋਹਣੇ ਹਨ। ਖੇਤਾਂ 'ਚ ਫ਼ਸਲਾਂ ਲਹਿਰਾਉਂਦੀਆਂ ਹਨ। ਸਰ੍ਹੋਂ ਨੇ ਚੁਫੇਰੇ ਨੂੰ ਪੀਲੇ ਫੁੱਲਾਂ ਨਾਲ ਰੰਗ ਕੇ ਇਸ ਤਰ੍ਹਾਂ ਬਣਾ ਦਿੱਤਾ, ਜਿਵੇਂ ਕੋਈ ਸੱਜ-ਵਿਆਹੀ ਗਹਿਣਿਆਂ ਨਾਲ ਸ਼ਿੰਗਾਰੀ ਹੋਵੇ। ਉਦੋਂ ਸਾਰੀਆਂ ਰੁੱਤਾਂ ਨੇ ਸਲਾਹ ਕੀਤੀ ਕਿ ਜੇ ਇਹ ਰੁੱਤ ਹਮੇਸ਼ਾ ਲਈ ਰਹੀ ਤਾਂ ਧਰਤੀ ਇਸੇ ਤਰ੍ਹਾਂ ਸ਼ਿੰਗਾਰੀ ਰਹੇਗੀ। ਸਾਰੀਆਂ ਰੁੱਤਾਂ ਨੇ ਬਸੰਤ ਰੁੱਤ ਨੂੰ ਕਿਹਾ, 'ਅਸੀਂ ਤੈਨੂੰ ਆਪਣਾ ਰਾਜਾ ਮੰਨਦੇ ਹੋਏ ਆਪਣੀ ਉਮਰ ਭੇਟ ਕਰਦੇ ਹਾਂ, ਇਸ ਨੂੰ ਸਵੀਕਾਰ ਕਰੋ।' ਤਾਂ ਬਸੰਤ ਨੇ ਕਿਹਾ, 'ਮੈਂ ਤੁਹਾਡੇ ਪਿਆਰ ਦੀ ਕਦਰ ਕਰਦੀ ਹਾਂ ਪਰ ਤੁਹਾਡੇ ਬਿਨਾਂ ਮੇਰਾ ਕੋਈ ਮੁੱਲ ਨਹੀਂ।' ਹਮੇਸ਼ਾ ਲਈ ਜੇ ਇਕ ਰੁੱਤ ਰਹੀ ਤਾਂ ਲੋਕਾਂ ਦਾ ਮਨ ਅੱਕ ਜਾਵੇਗਾ। ਮੈਂ ਤੁਹਾਡੇ ਵਾਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਾਂਗਾ। ਧਰਤੀ 'ਤੇ ਜੀਵਨ ਲਈ ਸਰਦੀ, ਗਰਮੀ, ਬਰਸਾਤ ਦੀ ਵੀ ਜ਼ਰੂਰਤ ਹੈ ਪਰ ਫਿਰ ਵੀ ਰੁੱਤਾਂ ਨੇ ਆਪਣੇ ਹਿੱਸੇ ਦੇ ਅੱਠ-ਅੱਠ ਦਿਨ ਇਸ ਰੁੱਤ ਨੂੰ ਭੇਟ ਕਰ ਕੇ ਆਪਣਾ ਰਾਜਾ ਮੰਨ ਲਿਆ। ਹੁਣ ਵੀ ਇਸ ਰੁੱਤ ਦੇ ਚਾਲੀ ਦਿਨ ਵੱਧ ਹੋਣ ਕਾਰਨ ਇਹ ਰੁੱਤ ਸਭ ਤੋਂ ਲੰਬੀ ਹੈ।

Posted By: Harjinder Sodhi