ਨਵਾਂ ਸਾਲ ਅਜਿਹਾ ਉਤਸਵ ਹੈ, ਜਿਸ ਨੂੰ ਪੂਰੀ ਦੁਨੀਆ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸ ਦਿਨ ਅਸੀਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਭੁੱਲ ਕੇ ਇਕ-ਦੂਜੇ ਨੂੰ ਪਿਆਰ ਨਾਲ ਗਲੇ ਲਗਾਉਂਦੇ ਹਾਂ ਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਨਵੇਂ ਵਰ੍ਹੇ ਦੇ ਜਸ਼ਨ ਕਿਵੇਂ ਮਨਾਏ ਜਾਂਦੇ ਹਨ?

ਜਾਪਾਨ 'ਚ 108 ਘੰਟੀਆਂ ਨਾਲ ਸ਼ੁਰੂਆਤ

ਤੁਹਾਡੀ ਘੜੀ ਰਾਤ ਨੂੰ 12 ਵਜੇ 12 ਵਾਰ ਘੰਟੀ ਵਜਾਉਂਦੀ ਹੋਵੇਗੀ ਪਰ ਜਾਪਾਨ ਵਿਚ ਬੁੱਧ ਧਰਮ ਦੀ ਪਰੰਪਰਾ ਅਨੁਸਾਰ ਨਵੇਂ ਸਾਲ ਮੌਕੇ 108 ਵਾਰ ਘੰਟੀਆਂ ਵਜਾਈਆਂ ਜਾਂਦੀਆਂ ਹਨ। ਇਸ ਨੂੰ ਜਾਪਾਨ ਵਿਚ ਪਵਿੱਤਰ ਆਵਾਜ਼ ਮੰਨਿਆ ਜਾਂਦਾ ਹੈ।


ਕੇਕ 'ਚ ਸਿੱਕਾ

ਬੋਲੀਵੀਆ ਦੇ ਲੋਕ ਬੜੇ ਕਮਾਲ ਦਾ ਤਰੀਕਾ ਅਪਣਾਉਂਦੇ ਹਨ। ਨਵੇਂ ਸਾਲ ਦੇ ਜਸ਼ਨਾਂ ਲਈ ਕੇਕ ਬਣਾਉਂਦੇ ਸਮੇਂ ਹੀ ਉਹ ਉਸ ਵਿਚ ਇਕ ਸਿੱਕਾ ਪਾ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਕੇਕ ਖਾਂਦੇ ਸਮੇਂ ਜਿਸ ਵਿਅਕਤੀ ਕੋਲ ਇਹ ਸਿੱਕਾ ਆਵੇਗਾ, ਉਸ ਲਈ ਨਵਾਂ ਸਾਲ ਬੇਹੱਦ ਸ਼ੁੱਭ ਹੋਵੇਗਾ।


ਸਭ ਕੁਝ ਗੋਲ-ਗੋਲ

ਫਿਲਪੀਨ ਵਾਸੀ ਨਵੇਂ ਸਾਲ ਦਾ ਆਗ਼ਾਜ਼ ਧਨ-ਦੌਲਤ ਤੇ ਖ਼ੁਸ਼ਹਾਲੀ ਦੀ ਕਾਮਨਾ ਨਾਲ ਕਰਦੇ ਹਨ। ਇਸ ਦਿਨ ਉਹ ਸਿਰਫ਼ ਗੋਲ ਚੀਜ਼ਾਂ ਦੀ ਹੀ ਵਰਤੋਂ ਕਰਨੀ ਪਸੰਦ ਕਰਦੇ ਹਨ। ਇਨ੍ਹਾਂ ਚੀਜ਼ਾਂ ਨੂੰ ਗੋਲ ਸਿੱਕਿਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖਾਣ ਵਾਲੀਆਂ ਚੀਜ਼ਾਂ ਵੀ ਗੋਲ ਹੀ ਖ਼ਰੀਦੀਆਂ ਤੇ ਖਾਧੀਆਂ ਜਾਂਦੀਆਂ ਹਨ।


ਸਫ਼ੈਦ ਕੱਪੜੇ

ਬ੍ਰਾਜ਼ੀਲ ਦੇ ਲੋਕ ਬੁਰੀਆਂ ਆਤਮਾਵਾਂ ਨੂੰ ਡਰਾਉਣ ਲਈ ਨਵੇਂ ਸਾਲ ਦੀ ਆਮਦ ਮੌਕੇ ਸਫ਼ੈਦ ਕੱਪੜੇ ਪਾਉਂਦੇ ਹਨ। ਉਹ ਲੋਕ ਸੱਤ ਦਿਨਾਂ ਦੇ ਪ੍ਰਤੀਕ ਸੱਤ ਲਹਿਰਾਂ 'ਤੇ ਜੰਪ ਵੀ ਲਾਉਂਦੇ ਹਨ ਅਤੇ ਹਰ ਜੰਪ ਨਾਲ ਆਪਣੀ ਕਾਮਨਾ ਪੂਰੀ ਹੋਣ ਦੀ ਉਮੀਦ ਕਰਦੇ ਹਨ। ਉਹ ਇਸ ਦਿਨ ਸਮੁੰਦਰ ਕਿਨਾਰੇ ਪਹੁੰਚ ਕੇ ਜਲ ਦੇਵੀ 'ਈਮੇਜਾ' ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਨ।


ਕਾਗ਼ਜ਼ ਦਾ ਪੁਤਲਾ ਸਾੜਨਾ

ਇਕਵਾਡੋਰ ਨਿਵਾਸੀ ਨਵੇਂ ਸਾਲ ਮੌਕੇ ਬੀਤੇ ਸਾਲ ਦੀਆਂ ਕੌੜੀਆਂ ਯਾਦਾਂ, ਦਰਦ ਦੇਣ ਵਾਲੀਆਂ ਘਟਨਾਵਾਂ ਤੇ ਮਾੜੀ ਕਿਸਮਤ ਦਾ ਅਸਰ ਮਿਟਾਉਣ ਲਈ ਰਾਤ 12 ਵਜੇ ਤੋਂ ਬਾਅਦ ਕਾਗ਼ਜ਼ ਨਾਲ ਬਣਾਇਆ ਇਕ ਪੁਤਲਾ ਸਾੜਦੇ ਹਨ ਅਤੇ ਇਸ ਦੇ ਨਾਲ ਹੀ ਉਹ ਬੀਤੇ ਸਾਲ ਦੀਆਂ ਤਾਮਾਮ ਬੁਰੀਆਂ ਘਟਨਾਵਾਂ ਨਾਲ ਜੁੜੀਆਂ ਤਸਵੀਰਾਂ ਵੀ ਸਾੜ ਦਿੰਦੇ ਹਨ। ਮਾਨਤਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਦੁੱਖਾਂ ਤੋਂ ਛੁਟਕਾਰਾ ਮਿਲੇਗਾ।


ਚੀਨ 'ਚ ਆਤਿਸ਼ਬਾਜ਼ੀ ਦਾ ਮਹੱਤਵ

ਚੀਨ 'ਚ ਨਵੇਂ ਵਰ੍ਹੇ ਤੋਂ ਇਕ ਮਹੀਨਾ ਪਹਿਲਾਂ ਹੀ ਘਰਾਂ ਦੀ ਸਫ਼ਾਈ ਤੇ ਰੰਗ-ਰੋਗਨ ਸ਼ੁਰੂ ਹੋ ਜਾਂਦਾ ਹੈ। ਇਸ ਤਿਉਹਾਰ ਮੌਕੇ ਉਹ ਲਾਲ ਰੰਗ ਨੂੰ ਬੇਹੱਦ ਮਹੱਤਵਪੂਰਨ ਮੰਨਦੇ ਹਨ ਤੇ ਖਿੜਕੀਆਂ ਦਰਵਾਜ਼ੇ ਅਕਸਰ ਲਾਲ ਰੰਗ ਨਾਲ ਰੰਗਦੇ ਹਨ। ਚੀਨੀ ਲੋਕਾਂ ਦਾ ਮੰਨਣਾ ਹੈ ਕਿ ਹਰ ਰਸੋਈ 'ਚ ਇਕ ਦੇਵਤਾ ਰਹਿੰਦਾ ਹੈ, ਜੋ ਉਸ ਪਰਿਵਾਰ ਦਾ ਸਾਲ ਭਰ ਦਾ ਲੇਖਾ-ਜੋਖਾ ਸਾਲ ਦੇ ਆਖ਼ਰ 'ਚ ਈਸ਼ਵਰ ਕੋਲ ਪਹੁੰਚਾਉਂਦਾ ਹੈ ਤੇ ਵਾਪਸ ਉਸੇ ਪਰਿਵਾਰ 'ਚ ਆ ਜਾਂਦਾ ਹੈ। ਇਸ ਲਈ ਇਸ ਹਫ਼ਤੇ ਉਸ ਨੂੰ ਵਿਦਾ ਕਰਨ ਅਤੇ ਉਸ ਦੀ ਆਮਦ ਦਾ ਸਵਾਗਤ ਕਰਨ ਲਈ ਪੂਰਾ ਹਫ਼ਤਾ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਪਿੱਛੇ ਮਾਨਤਾ ਹੈ ਕਿ ਇਸ ਨਾਲ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ। ਨਵੇਂ ਸਾਲ ਮੌਕੇ ਇਥੇ ਨਵੀਆਂ ਚੱਪਲਾਂ ਪਾਉਣ ਦਾ ਵੀ ਰਿਵਾਜ਼ ਹੈ।

ਮਿਆਂਮਾਰ 'ਚ ਹੋਲੀ ਵਰਗਾ ਮਾਹੌਲ

ਮਿਆਂਮਾਰ 'ਚ ਨਵੇਂ ਸਾਲ ਦੇ ਜਸ਼ਨਾਂ ਨੂੰ 'ਤਿਜਾਨ' ਕਹਿੰਦੇ ਹਨ, ਜੋ ਤਿੰਨ ਦਿਨ ਚੱਲਦਾ ਹੈ। ਇਹ ਤਿਉਹਾਰ ਅਪ੍ਰੈਲ ਦੇ ਮੱਧ 'ਚ ਮਨਾਇਆ ਜਾਂਦਾ ਹੈ। ਭਾਰਤ 'ਚ ਹੋਲੀ ਦੇ ਤਿਉਹਾਰ ਵਾਂਗ ਇਕ-ਦੂਜੇ ਨੂੰ ਪਾਣੀ ਨਾਲ ਭਿਉਂਣ ਦੀ ਪਰੰਪਰਾ ਇਸ ਪੁਰਬ ਦਾ ਮੁੱਖ ਹਿੱਸਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਇਸ ਪਾਣੀ 'ਚ ਰੰਗ ਦੀ ਜਗ੍ਹਾ ਇਤਰ ਜਾਂ ਹੋਰ ਸੁਗੰਧਿਤ ਪਦਾਰਥ ਮਿਲਾਏ ਜਾਂਦੇ ਹਨ। ਪਲਾਸਟਿਕ ਦੀਆਂ ਪਿਚਕਾਰੀਆਂ 'ਚ ਪਾਣੀ ਭਰ ਕੇ ਲੋਕ ਗੱਡੀਆਂ 'ਚ ਸਵਾਰ ਹੋ ਕੇ ਇਕ-ਦੂਜੇ 'ਤੇ ਖ਼ੁਸ਼ਬੂਦਾਰ ਪਾਣੀ ਦੀਆਂ ਵਾਛੜਾਂ ਕਰਦੇ ਹਨ।


ਸਪੇਨ 'ਚ 12 ਵਜੇ ਖਾਂਦੇ ਹਨ ਅੰਗੂਰ

ਸਪੇਨ 'ਚ ਇਸ ਦਿਨ ਰਾਤ ਦੇ 12 ਵਜੇ ਤੋਂ ਬਾਅਦ ਇਕ ਦਰਜਨ ਤਾਜ਼ੇ ਅੰਗੂਰ ਖਾਣ ਦੀ ਪਰੰਪਰਾ ਹੈ। ਲੋਕਾਂ ਦੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਉਹ ਸਿਹਤਮੰਦ ਰਹਿੰਦੇ ਹਨ। ਨਵਾਂ ਸਾਲ 31 ਦਸੰਬਰ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਵੇਂ ਹੀ ਰਾਤ ਦੇ 12 ਵੱਜਦੇ ਹਨ ਤਾਂ ਲੋਕ ਸਦੀਆਂ ਤੋਂ ਚੱਲੀ ਆ ਰਹੀ ਇਸ ਰਵਾਇਤ ਨੂੰ ਪੂਰੀ ਕਰਦੇ ਹਨ। ਲਗਪਗ ਹਰ ਘਰ 'ਚ ਅਜਿਹਾ ਕੀਤਾ ਜਾਂਦਾ ਹੈ।


ਸਿਡਨੀ ਬ੍ਰਿਜ ਦਾ ਅਨੋਖਾ ਨਜ਼ਾਰਾ

ਆਸਟ੍ਰੇਲੀਆ 'ਚ ਹਰ ਨਾਗਰਿਕ ਦੀ ਇੱਛਾ ਸਿਡਨੀ ਸ਼ਹਿਰ 'ਚ ਸਥਿਤ ਸਿਡਨੀ ਹਾਰਬਰ ਬ੍ਰਿਜ 'ਤੇ ਹੋਣ ਵਾਲੇ ਨਵੇਂ ਸਾਲ ਦੇ ਜਸ਼ਨ ਦੇਖਣ ਦੀ ਹੁੰਦੀ ਹੈ। ਸਾਰਿਆਂ ਲਈ ਇਹ ਸੰਭਵ ਨਹੀਂ ਹੈ ਪਰ ਆਸ-ਪਾਸ ਦੇ ਲੋਕ ਇਹ ਨਜ਼ਾਰਾ ਵੇਖਣ ਜ਼ਰੂਰ ਜਾਂਦੇ ਹਨ। ਇਸ ਜਗ੍ਹਾ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਆਤਿਸ਼ਬਾਜ਼ੀ ਸ਼ੁਰੂ ਹੁੰਦੀ ਹੈ ਜੋ ਅੱਧੀ ਰਾਤ ਹੰਦਿਆਂ-ਹੁੰਦਿਆਂ ਬੁਲੰਦੀ 'ਤੇ ਪਹੁੰਚ ਜਾਂਦੀ ਹੈ। ਤੋਹਫ਼ੇ ਤੇ ਮਠਿਆਈਆਂ ਨਾਲ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। 31 ਦਸੰਬਰ ਅੱਧੀ ਰਾਤ ਨੂੰ ਚਰਚ 'ਚ 12 ਵਾਰ ਘੰਟੀਆਂ ਵਜਾਈਆਂ ਜਾਂਦੀਆਂ ਹਨ ਤੇ ਇਸ ਤੋਂ ਬਾਅਦ ਨਵੇਂ ਸਾਲ ਦੇ ਜਸ਼ਨ ਸ਼ੁਰੂ ਹੋ ਜਾਂਦੇ ਹਨ।


ਈਰਾਨ 'ਚ 'ਨੌਰੋਜ਼' ਹੁੰਦਾ ਹੈ ਨਵਾਂ ਸਾਲ

ਈਰਾਨ 'ਚ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਨੌਰੋਜ਼ ਕਹਿੰਦੇ ਹਨ। ਇਹ ਇਕ ਮੁਸਲਿਮ ਤਿਉਹਾਰ ਹੈ, ਜਿਸ ਦਾ ਮੁਹੰਮਦ ਸਾਹਿਬ ਨਾਲ ਕੋਈ ਸਬੰਧ ਨਹੀਂ। ਇਥੇ ਨਵੇਂ ਸਾਲ ਦਾ ਤਿਉਹਾਰ 12 ਦਿਨ ਚੱਲਦਾ ਹੈ। ਤਿਉਹਾਰ ਤੋਂ 15 ਦਿਨ ਪਹਿਲਾਂ ਕਣਕ ਦੇ ਦਾਣੇ ਭਿਉਂ ਦਿੱਤੇ ਜਾਂਦੇ ਹਨ। ਨੌਰੋਜ਼ ਦੇ ਦਿਨ ਮੇਜ਼ ਦੇ ਚਾਰੇ ਪਾਸੇ ਬੈਠ ਕੇ ਇਨ੍ਹਾਂ ਦਾਣਿਆਂ ਨੂੰ ਪਰਿਵਾਰ ਦੇ ਸਾਰੇ ਜੀਅ ਵਾਰੀ-ਵਾਰੀ ਪਾਣੀ ਨਾਲ ਭਰੇ ਬਰਤਨ 'ਚ ਪਾਉਂਦੇ ਹਨ। ਮੇਜ਼ 'ਤੇ ਸ਼ੀਸ਼ਾ, ਇਕ ਝੰਡਾ, ਇਕ ਮੋਮਬੱਤੀ ਤੇ ਇਕ ਰੋਟੀ ਰੱਖੀ ਜਾਂਦੀ ਹੈ, ਜਿਸ ਨੂੰ ਈਰਾਨੀ ਲੋਕ ਸ਼ੁੱਭ ਮੰਨਦੇ ਹਨ।

Posted By: Harjinder Sodhi