ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਹਾਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਤੁਹਾਡੇ ਆਸ-ਪਾਸ ਕੋਈ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਆਪਣੇ ਮੋਬਾਈਲ ਦੀ ਮਦਦ ਲੈ ਸਕਦੇ ਹੋ। ਗੂਗਲ ਪਲੇਅ ਸਟੋਰ 'ਤੇ ਕਈ ਅਜਿਹੇ ਐਪਸ ਉਪਲੱਬਧ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਅਮਰਜੈਂਸੀ ਵੇਲੇ ਕਰ ਸਕਦੇ ਹੋ। ਆਓ, ਜਾਣਦੇ ਹਾਂ ਅਜਿਹੇ ਹੀ ਕੁਝ ਐਪਸ ਬਾਰੇ :

ਆਈ ਆਨ ਮੀ ਐਪ

ਇਹ ਐਪ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਲਈ ਬਣਾਇਆ ਗਿਆ ਹੈ, ਜੋ ਘਰ ਤੋਂ ਬਾਹਰ ਰਹਿ ਕੇ ਪੜ੍ਹਾਈ ਜਾਂ ਨੌਕਰੀ ਕਰ ਰਹੇ ਹਨ। ਜੇ ਕੋਈ ਯੂਜ਼ਰ ਐਪ ਦਾ ਜਵਾਬ ਨਾ ਦੇ ਰਿਹਾ ਹੋਵੇ ਤਾਂ ਇਹ ਆਪਣੇ ਆਪ ਹੀ ਦੂਸਰੇ ਯੂਜ਼ਰ ਨੂੰ ਸੂਚਿਤ ਕਰ ਦੇਵੇਗਾ, ਜਿਸ ਲਈ ਕੋਈ ਵੀ ਬਟਨ ਦਬਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਐਪ 'ਚ ਤੁਸੀਂ ਆਪਣਾ ਸ਼ਡਿਊਲ ਬਣਾ ਸਕਦੇ ਹੋ ਤੇ ਸੈਟਿੰਗ ਕਰਨ 'ਤੇ ਇਹ ਐਪ ਤੁਹਾਨੂੰ ਹਰ ਘੰਟੇ ਬਾਅਦ ਪੁੱਛਦਾ ਹੈ ਕਿ ਤੁਸੀਂ ਠੀਕ ਹੋ?

ਟਾਈਮਰ ਅਲਾਰਮ

ਨਿਸ਼ਚਿਤ ਸਮੇਂ ਵਿਚ ਕੋਈ ਕੰਮ ਕਰਨ ਅਤੇ ਉਸ ਨੂੰ ਯਾਦ ਦਿਵਾਉਣ ਲਈ ਇਹ ਐਪ ਕੰਮ ਆਉਂਦਾ ਹੈ। ਤੁਸੀਂ ਇਸ ਐਪ 'ਚ ਅਲਾਰਮ ਸੈੱਟ ਕਰ ਦਿਓ। ਉਸ ਤੋਂ ਬਾਅਦ ਠੀਕ ਉਸੇ ਸਮੇਂ 'ਤੇ ਇਹ ਤੁਹਾਡੇ ਮਾਪਿਆਂ ਨੂੰ ਮੈਸੇਜ ਭੇਜ ਦਿੰਦਾ ਹੈ। ਜੇ ਤੁਸੀਂ ਸਵੇਰੇ ਸੈਰ 'ਤੇ ਜਾ ਰਹੇ ਹੋ ਜਾਂ ਸ਼ਾਮ ਨੂੰ ਟਹਿਲਣ ਜਾਂਦੇ ਹੋ ਤਾਂ ਉਸ ਸਮੇਂ ਕਿਸੇ ਅਨਹੋਣੀ ਤੋਂ ਬਚਣ ਲਈ ਇਹ ਐਪ ਤੁਹਾਡੇ ਲਈ ਮਦਦਗਾਰ ਸਿੱਧ ਹੋ ਸਕਦਾ ਹੈ।

ਫੋਲੋ ਮੀ ਐਪ

ਜੀਪੀਐੱਸ ਟ੍ਰੈਕਿੰਗ 'ਤੇ ਕੰਮ ਕਰਨ ਵਾਲਾ ਇਹ ਐਪ ਯੂਜ਼ਰ ਦੀ ਲਾਈਵ ਸਥਿਤੀ ਦੱਸਦਾ ਹੈ। ਇਸ ਦੀ ਮਦਦ ਨਾਲ ਤੁਹਾਡੇ ਪੇਰੈਂਟਸ ਤੁਹਾਡੀ ਲਾਈਵ ਲੋਕੇਸ਼ਨ ਦੇਖ ਸਕਦੇ ਹਨ ਕਿ ਤੁਸੀਂ ਇਸ ਸਮੇਂ ਕਿੱਥੇ ਹੋ। ਜਦੋਂ ਤੁਸੀਂ ਸੁਰੱਖਿਅਤ ਘਰ ਪਹੁੰਚ ਜਾਂਦੇ ਹੋ ਤਾਂ ਇਹ ਐਪ ਤੁਹਾਡੇ ਮਾਪਿਆਂ ਨੂੰ ਇਸ ਦੀ ਸੂਚਨਾ ਦੇ ਦਿੰਦਾ ਹੈ।

ਇੰਡੀਅਨ ਪੁਲਿਸ ਐਪ

ਇੰਡੀਅਨ ਪੁਲਿਸ ਐਪ ਜ਼ਰੀਏ ਕਾਨੂੰਨ ਅਤੇ ਜਨਤਕ ਸੁਰੱਖਿਆ ਸੇਵਾਵਾਂ ਤੁਹਾਡੀਆਂ ਉਂਗਲੀਆਂ 'ਤੇ ਉਪਲੱਬਧ ਹੋਣਗੀਆਂ। ਇੰਡੀਅਨ ਪੁਲਿਸ ਐਪ ਨੂੰ ਲੋਕਾਂ ਨੂੰ ਲੋਕਲ ਪੁਲਿਸ ਨਾਲ ਜੋੜਨ ਲਈ ਬਣਾਇਆ ਗਿਆ ਹੈ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਸਮਾਰਟਫੋਨ ਦੀ ਸਹਾਇਤਾ ਨਾਲ ਪੁਲਿਸ ਦੀ ਸਹਾਇਤਾ ਲੈ ਸਕਣ।

Posted By: Harjinder Sodhi