ਯੂਰਪ ਦੇ ਇਕ ਦੇਸ਼ 'ਚ ਘਟਨਾ ਵਾਪਰੀ ਕਿ ਇਕ ਛੋਟੀ ਬੱਚੀ ਕਿਸੇ ਦਰਿੰਦੇ ਦੇ ਜਬਰ ਦਾ ਸ਼ਿਕਾਰ ਹੋ ਗਈ। ਇਹ ਡਰੀ ਹੋਈ ਬੱਚੀ ਕੁਝ ਵੀ ਬਿਆਨ ਨਹੀਂ ਕਰ ਪਾ ਰਹੀ ਸੀ। ਇਕ ਮਨੋਵਿਗਿਆਨੀ ਡਾਕਟਰ ਨੂੰ ਹਾਲਾਤ ਸੰਭਾਲਣ ਤੇ ਸੱਚ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ ਪੀੜਤ ਬੱਚੀ ਨੂੰ ਸਵਾਲਾਂ ਦੀ ਬੰਬਾਰੀ ਤੋਂ ਦੂਰ ਲੈ ਗਿਆ ਤੇ ਉਸ ਨੇ ਬੱਚੀ ਦਾ ਕਮਰਾ ਚੰਨ-ਤਾਰਿਆਂ ਤੇ ਖਿਡੌਣਿਆਂ ਨਾਲ ਭਰ ਦਿੱਤਾ। ਇਸੇ ਤਰ੍ਹਾਂ ਮਨੋਵਿਗਿਆਨੀ ਨੇ ਬੱਚੀ ਦੇ ਪੜ੍ਹਨ ਵਾਲੇ ਮੇਜ਼ ਤੋਂ ਕਿਤਾਬਾਂ-ਕਾਪੀਆਂ ਹਟਾ ਕੇ ਕੋਰੇ ਵਰਕੇ ਤੇ ਰੰਗ ਖਿਲਾਰ ਦਿੱਤੇ। ਬੱਚੀ ਜਦੋਂ ਵੀ ਆਪਣੇ ਪੜ੍ਹਨ ਵਾਲੇ ਮੇਜ਼ ਵੱਲ ਜਾਂਦੀ ਤਾਂ ਉਨ੍ਹਾਂ ਵਰਕਿਆਂ 'ਤੇ ਇਕ ਗੰਜੇ ਬੰਦੇ ਦਾ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਵਰਕਾ ਗੁਛਮੁੱਛ ਕਰ ਕੇ ਸੁੱਟ ਦਿੰਦੀ ਤੇ ਰੋਣਾ ਸ਼ੁਰੂ ਕਰ ਦਿੰਦੀ। ਮਨੋਵਿਗਿਆਨੀ ਡਾਕਟਰ ਉਸ ਦੀ ਇਸ ਕਿਰਿਆ 'ਚ ਕੋਈ ਪ੍ਰਤੀਕਿਰਿਆ ਨਾ ਕਰਦਾ। ਜਲਦੀ ਹੀ ਬੱਚੀ ਕਾਗਜ਼ 'ਤੇ ਉਸ ਦਰਿੰਦੇ ਦੀ ਤਸਵੀਰ ਉਤਾਰਨ 'ਚ ਕਾਮਯਾਬ ਹੋ ਗਈ, ਜਿਸ ਨੇ ਉਸ 'ਤੇ ਇਹ ਕਹਿਰ ਢਾਹਿਆ ਸੀ। ਤਸਵੀਰ ਦੇ ਇਕ ਕੋਨੇ 'ਤੇ ਉਸ ਨੇ ਆਪਣੀ ਮਾਂ ਬੋਲੀ 'ਚ 'ਗੰਦੇ ਅੰਕਲ' ਵੀ ਉਕਰ ਦਿੱਤਾ। ਇਹ ਬੰਦਾ ਉਸ ਦਾ ਗੁਆਂਢੀ ਸੀ ਜਿਸ ਦੀ ਹਿਫਾਜ਼ਤ 'ਚ ਮਾਂ-ਬਾਪ ਬੱਚੀ ਨੂੰ ਛੱਡ ਕੰਮ 'ਤੇ ਚਲੇ ਜਾਂਦੇ ਸਨ। ਜਦੋਂ ਇਸ ਗੰਦੇ ਅੰਕਲ ਨੂੰ ਪੁਲਿਸ ਨੇ ਫੜ ਲਿਆ ਤਾਂ ਬੱਚੀ ਬਹੁਤ ਖ਼ੁਸ਼ ਹੋਈ। ਉਹ ਖ਼ੁਸ਼ ਇਸ ਕਰਕੇ ਨਹੀਂ ਕਿ ਦੋਸ਼ੀ ਨੂੰ ਸਜ਼ਾ ਮਿਲੇਗੀ, ਸਗੋਂ ਇਸ ਕਰਕੇ ਸੀ ਕਿ ਉਹ ਸਭ ਸਵਾਲਾਂ ਦੇ ਜਵਾਬ ਰੰਗਾਂ ਦੀ ਭਾਸ਼ਾ ਰਾਹੀਂ ਦੇਣ 'ਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ।

ਬੱਸ ਇਹੋ ਜਿਹੀ ਭਾਸ਼ਾ ਹੈ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹਰ ਸਾਲ ਜਾਰੀ ਕੀਤੇ ਜਾਂਦੇ 'ਬਾਲ ਹੱਥ ਲਿਖਤ ਮੈਗਜ਼ੀਨਾਂ' ਦੀ। ਮੈਗਜ਼ੀਨ ਜੋ ਬਾਲ ਮਨਾਂ ਨੂੰ ਜ਼ੁਬਾਨ ਬਖ਼ਸ਼ਦਾ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਚੱਲ ਰਹੇ ਪ੍ਰਾਜੈਕਟ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਅਧੀਨ ਹਰ ਸਾਲ ਇਹ ਹੱਥ ਲਿਖਤ ਮੈਗਜ਼ੀਨ ਨਵੰਬਰ ਮਹੀਨੇ ਪੰਜਾਬੀ ਬੋਲੀ ਨੂੰ ਸਮਰਪਿਤ ਕਰਦਿਆਂ ਜਾਰੀ ਕੀਤਾ ਜਾਂਦਾ ਹੈ। ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਭੋਲਿਆਂ ਨੂੰ ਆਪਣੇ ਮਨ ਦੀ ਗੱਠੜੀ ਖੋਲ੍ਹਣ ਦਾ ਮੌਕਾ ਪ੍ਰਦਾਨ ਕਰਦਾ ਇਹ ਮੈਗਜ਼ੀਨ ਸਕੂਲ ਅਧਿਆਪਕਾਂ ਦੀ ਨਿਗਰਾਨੀ ਹੇਠ ਬੱਚਿਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਜਾਂਦਾ ਹੈ। ਇਸ ਤਜਰਬੇ ਦੀ ਸਫਲਤਾ ਦਾ ਸਿਹਰਾ ਵੀ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਿਰ ਹੀ ਬੱਝਦਾ ਹੈ।

ਇਸ ਹੱਥ ਲਿਖਤ ਮੈਗਜ਼ੀਨ 'ਚ ਪ੍ਰਕਾਸ਼ਿਤ ਹੁੰਦੇ ਨਾਮੀ ਰਸਾਲਿਆਂ ਦੀ ਤਰ੍ਹਾਂ ਸੰਪਾਦਕ ਵਜੋਂ ਇਕ ਵਿਦਿਆਰਥੀ ਅਤੇ ਇਕ ਅਧਿਆਪਕ ਸੰਪਾਦਕ ਚੁਣੇ ਜਾਂਦੇ ਹਨ, ਜੋ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਲੇਖ, ਕਹਾਣੀਆਂ, ਮਿੰਨੀ ਕਹਾਣੀਆਂ, ਚੁਟਕਲੇ, ਜਾਣਕਾਰੀ ਭਰਪੂਰ ਗੱਲਾਂ ਤੇ ਹੋਰ ਸੰਗ੍ਰਹਿ 'ਚੋਂ ਮੈਗਜ਼ੀਨ ਵਾਸਤੇ ਢੁੱਕਵੀਂ ਸਮੱਗਰੀ ਦੀ ਚੋਣ ਕਰਦੇ ਹਨ। ਦੋਵੇਂੋ ਸੰਪਾਦਕ ਆਪੋ ਆਪਣੇ ਤੌਰ 'ਤੇ ਸੰਪਾਦਕੀ ਵੀ ਲਿਖਦੇ ਹਨ। ਮੈਗਜ਼ੀਨ ਨੂੰ ਸਕੂਲੀ ਵਿਦਿਆਰਥੀਆਂ ਵੱਲੋਂ ਸਾਲ ਭਰ ਵੱਖ-ਵੱਖ ਖੇਤਰਾਂ 'ਚ ਕੀਤੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਜਾਂਦਾ ਹੈ।

ਸਕੂਲਾਂ ਵੱਲੋਂ ਜਾਰੀ ਕੀਤੇ ਗਏ ਇਹ ਮੈਗਜ਼ੀਨ ਸੈਂਟਰ ਪੱਧਰ 'ਤੇ ਮੁਕਾਬਲੇ ਲਈ ਪੇਸ਼ ਕੀਤੇ ਜਾਂਦੇ ਹਨ। ਸੈਂਟਰ ਪੱਧਰ 'ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਏ ਮੈਗਜ਼ੀਨ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰੀ ਮੁਕਾਬਲਾ ਜਿੱਤਣ ਉਪਰੰਤ ਸੂਬਾਈ ਤੇ ਜੇਤੂ ਰਹੇ ਪਹਿਲੇ ਤਿੰਨ ਰਸਾਲਿਆਂ ਦੇ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਰਸਾਲਿਆਂ ਦੀ ਤਿਆਰੀ 'ਚ ਲੇਖ ਲਿਖਦੇ ਬੱਚੇ ਕਈ ਵਾਰ ਆਪਣੇ ਨਾਜ਼ੁਕ ਦਿਲ ਦਾ ਦਰਦ ਵੀ ਬਿਆਨ ਕਰ ਜਾਂਦੇ ਹਨ। ਇਕ ਵਾਰ ਪੰਜਵੀਂ ਜਮਾਤ ਦੀ ਵਿਦਿਆਰਥਣ ਮੈਗਜ਼ੀਨ ਲਈ ਇਹ ਕਵਿਤਾ ਲਿਖ ਕੇ ਦੇ ਗਈ :

ਅਸੀਂ ਕਿੱਥੇ ਜਾਈਏ?

ਪਾਪਾ ਹਰ ਰੋਜ਼ ਪੀਂਦੇ ਨੇ ਦਾਰੂ,

ਕੁੱਟਦੇ ਨੇ ਮਾਂ ਨੂੰ,

ਕੱਢਦੇ ਨੇ ਗਾਲਾਂ।

ਨਹੀਂ ਚਾਹੀਦਾ ਮੈਨੂੰ,

ਧੀਆਂ ਦਾ ਇਹ ਚੌਣਾ।

ਤੁਸੀਂ ਪੁੱਛਦੇ ਓ,

ਅਸੀਂ ਪੜ੍ਹਦੀਆਂ ਕਿਉਂ ਨਹੀਂ?

ਤੁਸੀਂ ਪੜ੍ਹ ਕੇ ਵਿਖਾਓ ਤਾਂ,

ਪੜ੍ਹ ਹੁੰਦਾ ਐ,

ਇਸ ਮਾਹੌਲ 'ਚ,

ਜਾਈਏ ਤਾਂ ਅਸੀਂ ਕਿੱਥੇ ਜਾਈਏ?

ਇਸ ਲਾਡੋ ਰਾਣੀ ਨੇ ਵੀ ਆਪਣੇ ਮਨ ਦੀ ਪੀੜਾ ਕਲਮ ਤੇ ਕਾਗਜ਼ ਜ਼ਰੀਏ ਕਹਿ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੀਆਂ ਕੁ ਲਾਡੋ ਰਾਣੀਆਂ ਤੇ ਕਿੰਨੇ ਕੁ ਲਾਡਲੇ ਆਪਣੇ ਮਨਾਂ 'ਚ ਕੀ ਕੁਝ ਦਬਾਈ ਬੈਠੇ ਹਨ। ਬੱਚਿਆਂ ਦੇ ਅਜਿਹੇ ਮਨੋਭਾਵ ਕਲਮਾਂ, ਰੰਗਾਂ, ਕਾਰਟੂਨਾਂ ਰਾਹੀਂ ਬਾਹਰ ਆਉਣੇ ਬਹੁਤ ਜ਼ਰੂਰੀ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨੂੰ ਸਲਾਮ ਕਰਨਾ ਬਣਦਾ ਹੈ ਤੇ ਬੱਚਿਆਂ ਵੱਲੋਂ ਹੱਥੀਂ ਸੰਜੋਏ ਇਹ ਬਾਲ ਮੈਗਜ਼ੀਨ ਇਸੇ ਤਰ੍ਹਾਂ ਰਿਲੀਜ਼ ਹੁੰਦੇ ਰਹਿਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਹੱਥ ਲਿਖਤਾਂ ਨੇ ਹੀ ਇਤਿਹਾਸ ਦੇ ਪੰਨਿਆਂ 'ਤੇ ਕਦੇ ਇਸ ਸਮਾਜ ਦਾ ਸ਼ੀਸ਼ਾ ਬਣ ਲਿਸ਼ਕਣਾ ਹੈ।

- ਮਾ. ਰਾਜ ਹੀਉਂ (ਬੰਗਾ)

98154-61875

Posted By: Harjinder Sodhi