ਪਿਆਰੇ ਵਿਦਿਆਰਥੀਓ, ਸਾਡਾ ਜੀਵਨ ਹਰ ਪਲ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੀਖਿਆ ਨਾਲ਼ ਜੂਝਦਾ ਰਹਿੰਦਾ ਹੈ। ਸਾਡੇ ਜੀਵਨ ਦੇ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਇਹ ਸਥਿਤੀਆਂ ਅਨੁਸਾਰ ਬਦਲਦੇ ਰਹਿੰਦੇ ਹਨ। ਹਿੰਮਤ ਤੇ ਹੌਸਲੇ ਨਾਲ ਹਾਲਾਤ ਨਾਲ ਲੜਨ ਤੋਂ ਬਾਅਦ ਸਾਨੂੰ ਸਫ਼ਲਤਾ ਤੇ ਖ਼ੁਸ਼ੀ ਨਸੀਬ ਹੁੰਦੀ ਹੈ। ਇਸੇ ਤਰ੍ਹਾਂ ਇਮਤਿਹਾਨ ਸਾਡੇ ਲਈ ਵਰਦਾਨ ਸਿੱਧ ਹੁੰਦੇ ਹਨ। ਠੀਕ ਏਦਾਂ ਹੀ ਵਿਦਿਆਰਥੀ ਜੀਵਨ ’ਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਈਆਂ ਜਾਂਦੀਆਂ ਪ੍ਰੀਖਿਆਵਾਂ ਉਨ੍ਹਾਂ ਨੂੰ ਚੰਗੇ ਅੰਕ ਦਿਵਾ ਕੇ ਉੱਚੀਆਂ ਪੁਜ਼ੀਸ਼ਨਾਂ ਦਿਵਾਉਣ ਵਿਚ ਸਹਾਈ ਹੁੰਦੀਆਂ ਹਨ। ਕੋਰੋਨਾ ਕਾਲ ਦੇ ਲੰਮੇ ਅਰਸੇ ਪਿੱਛੋਂ ਹੁਣ ਸਕੂਲਾਂ ਵਿਚ ਸਤੰਬਰ ਪ੍ਰੀਖਿਆਵਾਂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ ਸਾਲਾਨਾ ਨਤੀਜੇ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਦੇ ਨਾਲ-ਨਾਲ ਮੈਰਿਟ ਪੁਜ਼ੀਸ਼ਨਾਂ ਲੈਣ ’ਚ ਵੀ ਵਿਦਿਆਰਥੀਆਂ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਪ੍ਰਤੀ ਸਾਨੂੰ ਬਿਲਕੁਲ ਵੀ ਅਵੇਸਲ਼ੇ ਨਹੀਂ ਹੋਣਾ ਚਾਹੀਦਾ ਕਿਉਂਕਿ ਸਤੰਬਰ ਪ੍ਰੀਖਿਆਵਾਂ ’ਚ ਪੱਛੜਿਆ ਵਿਦਿਆਰਥੀ ਆਪਣੇ ਸਾਲਾਨਾ ਨਤੀਜੇ ਦੇ ਅੰਕਾਂ ਵਿੱਚੋਂ ਵੀ ਪੱਛੜ ਜਾਂਦਾ ਹੈ ਅਤੇ ਵਧੀਆ ਪੁਜ਼ੀਸ਼ਨ ਹੱਥੋਂ ਗੁਆ ਬੈਠਦਾ ਹੈ।

ਕੋਰੋਨਾ ਮਗਰੋਂ ਹੋ ਰਹੀਆਂ ਘਰੇਲੂ ਪ੍ਰੀਖਿਆਵਾਂ

ਸਤੰਬਰ ਦੀਆਂ ਘਰੇਲੂ ਪ੍ਰੀਖਿਆਵਾਂ ਕੋਰੋਨਾ ਕਾਲ ਦੇ ਭਿਆਨਕ ਦੌਰ ਪਿੱਛੋਂ ਸਕੂਲਾਂ ਵਿਚ ਹੋਣ ਜਾ ਰਹੀਆਂ ਹਨ। ਵਿਦਿਆਰਥੀ ਇਨ੍ਹਾਂ ਲਿਖਤੀ ਪ੍ਰੀਖਿਆਵਾਂ ਤੋਂ ਦੋ ਸਾਲ ਪੂਰੀ ਤਰ੍ਹਾਂ ਦੂਰ ਰਹੇ ਹਨ। ਇਨ੍ਹਾਂ ਪ੍ਰੀਖਿਆਵਾਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਚਾਅ ਨਾਲ ਪੇਪਰ ਪਾ ਕੇ ਆਪਣੀ ਯੋਗਤਾ ਨੂੰ ਤਰਾਸ਼ਣਾ ਚਾਹੀਦਾ ਹੈ। ਲਿਖਤੀ ਪ੍ਰੀਖਿਆਵਾਂ ਸਾਡੀ ਲਿਖਣ ਕਲਾ ਦੇ ਨਾਲ ਸਾਡੇ ਸਵੈ-ਵਿਸ਼ਵਾਸ ਨੂੰ ਵੀ ਪਕੇਰਾ ਕਰਦੀਆਂ ਹਨ। ਇਸ ਨਾਲ਼ ਸਾਨੂੰ ਆਪਣੀਆਂ ਪੜ੍ਹਾਈ ਸਬੰਧੀ ਕਮੀਆਂ ਬਾਰੇ ਵੀ ਪਤਾ ਲੱਗ ਜਾਂਦਾ ਹੈ। ਸੋ ਇਨ੍ਹਾਂ ਪ੍ਰੀਖਿਆਵਾਂ ਪ੍ਰਤੀ ਚੇਤੰਨ ਹੋ ਕੇ ਪੂਰੀ ਤਿਆਰੀ ਕਰ ਕੇ ਪੇਪਰ ਦੇਣੇ ਚਾਹੀਦੇ ਹਨ।

ਪ੍ਰੀਖਿਆਵਾਂ ਦਾ ਪਾਠਕ੍ਰਮ

ਸਤੰਬਰ ਮਹੀਨੇ ਹੋਣ ਜਾ ਰਹੀਆਂ ਘਰੇਲੂ ਪ੍ਰੀਖਿਆਵਾਂ ਦਾ ਪਾਠਕ੍ਰਮ ਬਹੁਤ ਜ਼ਿਆਦਾ ਨਹੀਂ। ਅਪ੍ਰੈਲ ਮਹੀਨੇ ਤੋਂ ਅਗਸਤ ਮਹੀਨੇ ਦੌਰਾਨ ਨਿਰਧਾਰਤ ਕੀਤੇ ਗਏ ਸਿਰਫ਼ ਚਾਰ ਮਹੀਨਿਆਂ ਦੇ ਸਿਲੇਬਸ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਣਗੇ। ਇਸ ਦਾ ਹੋਰ ਲਾਭ ਇਹ ਹੈ ਕਿ ਹਾਲ ਹੀ ’ਚ ਵਿਦਿਆਰਥੀਆਂ ਨੇ 40 ਅੰਕਾਂ ਦੀ ਮਹੀਨਾਵਾਰ ਪ੍ਰੀਖਿਆ ਵੀ ਦਿੱਤੀ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਇਸ ਪ੍ਰੀਖਿਆ ਵਿਚ ਜ਼ਰੂਰ ਮਿਲੇਗਾ। ਸਤੰਬਰ ਪ੍ਰੀਖਿਆ ਵਿਚ ਸੈਕੰਡਰੀ ਤੇ ਹਾਇਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ ਦੇ 65/80 ਅਤੇ 90 ਲਿਖਤੀ ਅੰਕ ਨਿਰਧਾਰਤ ਕਰਨ ਕੀਤੇ ਗਏ ਹਨ ਅਤੇ 10 ਅਤੇ 20 ਅੰਕਾਂ ਦੇ ਇੰਟਰਨਲ ਅਸੈਸਮੈਂਟ (ਅੰਦਰੂਨੀ ਮੁਲਾਂਕਣ) ਦੇ ਅੰਕ ਰੱਖੇ ਗਏ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਚਾਰ ਮਹੀਨਿਆਂ ਦੇ ਸਿਲੇਬਸ ਅਨੁਸਾਰ ਨਿੱਠ ਕੇ ਤਿਆਰੀ ਕਰਨੀ ਚਾਹੀਦੀ ਹੈ, ਤਾਂ ਜੋ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਣ।

ਸੌਖੀ ਹੈ ਕਰਨੀ ਤਿਆਰੀ

ਸਤੰਬਰ ਦੇ ਇਸ ਘਰੇਲੂ ਇਮਤਿਹਾਨ ’ਚ ਬਹੁਤ ਸੰਖੇਪ ਜਿਹਾ ਸਿਲੇਬਸ ਕਵਰ ਕੀਤਾ ਗਿਆ ਹੈ। ਅਪ੍ਰੈਲ-ਅਗਸਤ ਚਾਰ ਮਹੀਨਿਆਂ ਦੇ ਸਕੂਲ ਵਿਚ ਹੱਲ ਕਰਵਾਏ ਗਏ ਪਾਠ-ਕ੍ਰਮ ਵਿੱਚੋਂ ਹੀ ਇਨ੍ਹਾਂ ਪ੍ਰਖਿਆਵਾਂ ਵਿੱਚ ਪ੍ਰਸ਼ਨ ਪੁੱਛੇ ਜਾਣਗੇ। ਇਸ ਸੰਖੇਪ ਜਿਹੇ ਸਿਲੇਬਸ ਦੀ ਤਿਆਰੀ ਕਰਨੀ ਕੋਈ ਔਖੀ ਗੱਲ ਨਹੀਂ। ਤੁਸੀਂ ਆਸਾਨੀ ਨਾਲ਼ ਵੱਖ-ਵੱਖ ਵਿਸ਼ਿਆਂ ਦੀ ਥੋੜ੍ਹੇ ਸਮੇਂ ਵਿਚ ਸੌਖੀ ਤਿਆਰੀ ਕਰ ਕੇ ਵਧੀਆਂ ਅੰਕ ਪ੍ਰਾਪਤ ਕਰ ਸਕਦੇ ਹੋ।

ਬੋਰਡ ਪੈਟਰਨ ਆਧਾਰਤ ਪ੍ਰੀਖਿਆਵਾਂ

ਇਹ ਪ੍ਰੀਖਿਆਵਾਂ ਨਿਰੋਲ ਬੋਰਡ ਵੱਲੋਂ ਨਿਰਧਾਰਤ ਸਾਲਾਨਾ ਪ੍ਰੀਖਿਆਵਾਂ ਦੇ ਪੈਟਰਨ ’ਤੇ ਆਧਾਰਤ ਹੋਣ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਵਿਦਿਆਰਥੀਆਂ ਲਈ ਇਸ ਗੱਲੋਂ ਵੀ ਵਿਸ਼ੇਸ਼ ਅਤੇ ਲਾਭਦਾਇਕ ਹਨ ਕਿ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਦੇ ਨਾਲ-ਨਾਲ ਪ੍ਰਸ਼ਨਾਂ ਦੇ ਉੱਤਰਾਂ ਦੀ ਅੰਕ ਵੰਡ ਬਾਰੇ ਵੀ ਗਿਆਨ ਹੋ ਜਾਵੇਗਾ। ਮਾਰਚ-ਅਪ੍ਰੈਲ ਵਿਚ ਹੋਣ ਵਾਲ਼ੀਆਂ ਆਗਾਮੀ ਪ੍ਰੀਖਿਆਵਾਂ ਵਿਚ ਵੀ ਬੋਰਡ ਦੇ ਇਸੇ ਪੈਟਰਨ ’ਤੇ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਣਗੀਆਂ। ਇਸ ਪੱਖੋਂ ਸਤੰਬਰ ਪ੍ਰੀਖਿਆਵਾਂ ਵਿਦਿਆਰਥੀਆਂ ਦੀ ਯੋਗ ਅਗਵਾਈ ਵੀ ਕਰਨਗੀਆਂ।

ਸਹੀ ਸਮਾਂ-ਸਾਰਨੀ ਬਣਾਓ

ਸਤੰਬਰ ਪ੍ਰੀਖਿਆਵਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਇਨ੍ਹਾਂ ਪ੍ਰੀਖਿਆਵਾਂ ਪ੍ਰਤੀ ਵੀ ਬੱਚਿਆਂ ਨੂੰ ਗੰਭੀਰ ਹੋ ਕੇ ਬੋਰਡ ਪ੍ਰੀਖਿਆਵਾਂ ਵਾਂਗ ਤਿਆਰੀ ਕਰਨੀ ਚਾਹੀਦੀ ਹੈ। ਕਈ ਬੱਚੇ ਸਤੰਬਰ ਪ੍ਰੀਖਿਆਵਾਂ ਨੂੰ ਕੱਚੀਆਂ ਜਾਂ ਘਰੇਲੂ ਪ੍ਰੀਖਿਆਵਾਂ ਦੀ ਹਾਸੋਹੀਣੀ ਜਿਹੀ ਗੱਲ ਬਣਾ ਕੇ ਅਵੇਸਲ਼ੇ ਜਿਹੇ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਉਹ ਪੜ੍ਹਾਈ ’ਚ ਪੱਛੜਨ ਦੇ ਨਾਲ-ਨਾਲ ਚੰਗੇ ਅੰਕ ਲੈਣ ਵਿਚ ਵੀ ਪੱਛੜ ਜਾਂਦੇ ਹਨ। ਉਨ੍ਹਾਂ ਦੇ ਪੱਲੇ ਫਿਰ ਨਿਰਾਸ਼ਾ ਹੀ ਪੈਂਦੀ ਹੈ। ਇਸ ਲਈ ਬਿਨਾਂ ਸਮਾਂ ਬਰਬਾਦ ਕੀਤਿਆਂ ਸਤੰਬਰ ਪ੍ਰੀਖਿਆਵਾਂ ਦੀ ਤਿਆਰੀ ਲਈ ਇਕ ਸਹੀ ਸਮਾਂ-ਸਾਰਨੀ ਬਣਾ ਕੇ ਸਵੇਰ-ਸ਼ਾਮ ਨਿੱਠ ਕੇ ਪੜ੍ਹਾਈ ਕਰਨੀ ਜਲਦੀ ਤੋਂ ਜਲਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਮਾਪੇ ਕਰਨ ਬੱਚਿਆਂ ਦੀ ਅਗਵਾਈ

ਪ੍ਰੀਖਿਆਵਾਂ ਵਿਚ ਮਾਪਿਆਂ ਨੂੰ ਪੂਰੀ ਸੰਜੀਦਗੀ ਨਾਲ ਆਪਣੇ ਬੱਚਿਆਂ ਦੀ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਸਮੇਂ ਸਿਰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਪ੍ਰੀਖਿਆ ਦੀ ਡੇਟਸ਼ੀਟ ਅਨੁਸਾਰ ਸਬੰਧਤ ਵਿਸ਼ੇ ਦੇ ਪੇਪਰ ਦੀ ਤਿਆਰੀ ਕਰਵਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਮਾਪਿਆ ਦੇ ਸੰਪਰਕ ’ਚ ਆ ਕੇ ਬੱਚਾ ਸਹਿਜ ਮਹਿਸੂਸ ਕਰਦਾ ਹੈ ਅਤੇ ਪ੍ਰੀਖਿਆ ਪ੍ਰਤੀ ਜ਼ਿੰਮੇਵਾਰ ਵੀ ਬਣ ਜਾਂਦਾ ਹੈ। ਇਸ ਨਾਲ਼ ਬੱਚੇ ਮਾਪਿਆਂ ਦੇ ਕਹਿਣੇਕਾਰ ਵੀ ਬਣਦੇ ਹਨ ਅਤੇ ਪੜ੍ਹਾਈ ਬਾਰੇ ਆਪਣੀ ਜਵਾਬਦੇਹੀ ਨੂੰ ਵੀ ਸਮਝਣ ਲੱਗ ਪੈਂਦੇ ਹਨ।

ਸੁੰਦਰ ਲਿਖਾਈ ਦੇ ਵਾਧੂ ਅੰਕ

ਇਨ੍ਹਾਂ ਪ੍ਰੀਖਿਆਵਾਂ ਵਿਚ ਵੀ ਪਿਛਲੀਆਂ ਪ੍ਰੀਖਿਆਵਾਂ ਦੀ ਤਰ੍ਹਾਂ ਹੀ ਭਾਸ਼ਾ ਦੇ ਵਿਸ਼ਿਆਂ, ਖ਼ਾਸ ਕਰਕੇ ਪੰਜਾਬੀ ਵਿਸ਼ੇ ਲਈ ਪੰਜ ਵਾਧੂ ਅੰਕ ਸੁੰਦਰ ਲਿਖਾਈ ਲਈ ਨਿਰਧਾਰਤ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਅਧਿਆਪਕਾਂ ਵੱਲੋਂ ਦਿੱਤੇ ਜਾਂਦੇ ਹੋਮਵਰਕ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਸ਼ਿਆਂ ਦੀ ਸੁੰਦਰ ਲਿਖਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਅਭਿਆਸ ਵੀ ਕਰਨਾ ਚਾਹੀਦਾ ਹੈ। ਵਿਆਕਰਨਕ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਸ੍ਵਰ ਅਤੇ ਵਿਅੰਜਨਾਂ ਦੀ ਸ਼ੁੱਧ ਬਣਤਰ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਪ੍ਰੀਖਿਆਵਾਂ ਸੁੰਦਰ ਲਿਖਾਈ ’ਚੋਂ ਪੰਜ ਵਾਧੂ ਅੰਕ ਪ੍ਰਾਪਤ ਕਰਨ ਦੀ ਮੁਹਾਰਤ ਨੂੰ ਵੀ ਪ੍ਰਪੱਕ ਕਰਨਗੀਆਂ।

ਮੈਰਿਟ ਅੰਕ ਪ੍ਰਾਪਤੀ ’ਚ ਸਹਾਇਕ

ਚੰਗੇ ਅੰਕ ਪ੍ਰਾਪਤ ਕਰਨ ਦੇ ਨਾਲ-ਨਾਲ ਮੈਰਿਟ ਪ੍ਰਾਪਤ ਕਰਨ ਲਈ ਚੰਗੇ ਅੰਕ ਲੈਣ ’ਚ ਸਹਾਇਕ ਸਿੱਧ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਵਿੱਚੋਂ ਪ੍ਰਾਪਤ ਅੰਕਾਂ ਨੇ ਹੀ ਵਿਦਿਆਰਥੀਆਂ ਦੀ ਉੱਚੀ ਪੁੀਜ਼ਸ਼ਨ ਅਤੇ ਮੈਰਿਟ ’ਚ ਆਉਣ ਦਾ ਵੱਡਾ ਆਧਾਰ ਬਣਨਾ ਹੈ, ਇਸ ਲਈ ਵਿਦਿਆਰਥੀਆਂ ਨੂੰ ਇਹ ਪ੍ਰੀਖਿਆਵਾਂ ਸਖ਼ਤ ਮਿਹਨਤ ਤੇ ਲਗਨ ਨਾਲ ਦੇਣੀਆਂ ਚਾਹੀਦੀਆਂ ਹਨ। ਆਪਣੀ ਪੜ੍ਹਾਈ ’ਚ ਸੁਧਾਰ ਲਿਆਉਣ ਤੇ ਸਾਲਾਨਾ ਨਤੀਜੇ ’ਚ ਆਪਣਾ ਮੋਹਰੀ ਸਥਾਨ ਬਣਾਉਣ ਦਾ ਇਹ ਸੁਨਹਿਰੀ ਮੌਕਾ ਵਿਦਿਆਰਥੀਆਂ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ।

ਲਿਖਤੀ ਅਭਿਆਸ ਕਰੋ

ਪ੍ਰੀਖਿਆਵਾਂ ਦੀ ਤਿਆਰੀ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਇਕ ਯਾਦ ਕਰ ਕੇ ਤੇ ਦੂਜਾ ਲਿਖਤੀ ਅਭਿਆਸ ਕਰ ਕੇ। ਕਈ ਬੱਚੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਤਾਂ ਬੜੀ ਚੰਗੀ ਤਰ੍ਹਾਂ ਕਰ ਲੈਂਦੇ ਹਨ ਪ੍ਰੰਤੂ ਲਿਖਤੀ ਅਭਿਆਸ ਨਹੀਂ ਕਰਦੇ। ਇਸ ਨਾਲ਼ ਉਨ੍ਹਾਂ ਦਾ ਨੁਕਸਾਨ ਇਹ ਹੁੰਦਾ ਹੈ ਕਿ ਉਹ ਪ੍ਰੀਖਿਆ ਵਿਚ ਦਿੱਤੇ ਤਿੰਨ ਘੰਟਿਆਂ ਜਾਂ ਨਿਰਧਾਰਤ ਕੀਤੇ ਸਮੇਂ ਵਿਚ ਆਪਣਾ ਪ੍ਰਸ਼ਨ ਪੱਤਰ ਪੂਰਾ ਹੱਲ ਨਹੀਂ ਕਰ ਪਾਉਂਦੇ। ਇਸ ਨਾਲ ਉਨ੍ਹਾਂ ਦੇ ਅੰਕ ਵੀ ਘਟ ਜਾਂਦੇ ਹਨ ਤੇ ਸਾਲਾਨਾ ਨਤੀਜੇ ਵਿੱਚੋਂ ਉੱਚੀ ਪੁਜ਼ੀਸ਼ਨ ਲੈਣ ਦਾ ਮੌਕਾ ਵੀ ਖੁੰਝ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਯਾਦ ਕੀਤੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਕਾਪੀਆਂ ’ਤੇ ਲਿਖ-ਲਿਖ ਕੇ ਅਭਿਆਸ ਕਰੋ। ਇਸ ਨਾਲ਼ ਯਾਦ ਕੀਤਾ ਭੁੱਲਦਾ ਵੀ ਨਹੀਂ ਅਤੇ ਸਾਨੂੰ ਪ੍ਰੀਖਿਆ ਦੇਣ ਦਾ ਚਾਅ ਵੀ ਚੜ੍ਹਿਆ ਰਹਿੰਦਾ ਹੈ। ਮਨ ਵਿੱਚੋਂ ਪ੍ਰੀਖਿਆ ਦੇਣ ਦਾ ਡਰ-ਭੈਅ ਵੀ ਨਿਕਲ ਜਾਂਦਾ ਹੈ।

ਆਤਮ-ਵਿਸਵਾਸ਼ ’ਚ ਵਾਧਾ

ਸਤੰਬਰ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰ ਕੇ ਉਨ੍ਹਾਂ ਨੂੰ ਮਾਨਸਿਕ ਮਜ਼ਬੂਤੀ ਵੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਘਰੇਲੂ ਇਮਤਿਹਾਨਾਂ ਵਿਚ ਚੰਗੇ ਅੰਕ ਲੈਣ ਵਾਲੇ ਬੱਚਿਆਂ ਦੇ ਮਨੋਬਲ ਨੂੰ ਨਵੀਂ ਆਤਮਿਕ ਮਜ਼ਬੂਤੀ ਮਿਲਦੀ ਹੈ। ਉਹ ਹੋਰ ਆਤਮ ਵਿਸ਼ਵਾਸ ਨਾਲ ਪੜ੍ਹਾਈ ਕਰਦੇ ਹਨ, ਤਾਂ ਜੋ ਆਉਣ ਵਾਲੀਆਂ ਦਸੰਬਰ, ਪ੍ਰੀ-ਬੋਰਡ ਅਤੇ ਸਾਲਾਨਾ ਬੋਰਡ ਪ੍ਰੀਖਿਆਵਾਂ ਵਿਚ ਚੋਖੇ ਅੰਕ ਪ੍ਰਾਪਤ ਕਰ ਕੇ ਅੱਵਲ ਸਥਾਨ ਪ੍ਰਾਪਤ ਕਰ ਸਕਣ। ਪ੍ਰਪੱਕ ਆਤਮ-ਵਿਸ਼ਵਾਸ ਨਾਲ ਅਸੀਂ ਵੱਡੀ ਤੋਂ ਵੱਡੀ ਔਕੜ ਅਤੇ ਪ੍ਰੀਖਿਆ ਨੂੰ ਵੀ ਆਸਾਨੀ ਨਾਲ ਸਰ ਕਰ ਸਕਦੇ ਹਾਂ। ਇਮਤਿਹਾਨਾਂ ’ਚ ਆਤਮ-ਵਿਸ਼ਵਾਸ ਵੱਡੀ ਸਫਲਤਾ ਲਈ ਵਰਦਾਨ ਵੀ ਸਾਬਿਤ ਹੁੰਦੇ ਹਨ।

ਸਫਲਤਾ ਦਾ ਮਾਰਗ

ਜੀਵਨ ’ਚ ਸਫਲਤਾਵਾਂ ਇਕਦਮ ਪ੍ਰਾਪਤ ਨਹੀਂ ਹੁੰਦੀਆਂ। ਜਿੰਨੀ ਵੱਡੀ ਸਾਡੀ ਮਿਹਨਤ ਹੁੰਦੀ ਹੈ, ਓਨੀ ਵੱਡੀ ਹੀ ਸਫਲਤਾ ਸਾਡੇ ਹੱਥ ਲੱਗਦੀ ਹੈ। ਵੱਡੀ ਸਫਲਤਾ ਤੋਂ ਪਹਿਲਾਂ ਛੋਟੀਆਂ-ਛੋਟੀਆਂ ਜਿੱਤਾਂ ਸਾਡੀ ਵੱਡੀ ਜਿੱਤ ਦਾ ਆਧਾਰ ਬਣਦੀਆਂ ਹਨ ਅਤੇ ਮਾਰਗ ਵੀ। ਸਤੰਬਰ ਪ੍ਰੀਖਿਆਵਾਂ ਵੀ ਸਾਡੀ ਸਾਲਾਨਾ ਪ੍ਰੀਖਿਆ ਦੇ ਵੱਡੇ ਨਤੀਜੇ ਦੀ ਵੱਡੀ ਸਫਲਤਾ ਦਾ ਰਾਹ ਪੱਧਰਾ ਕਰਦੀਆਂ ਹਨ। ਇਨ੍ਹਾਂ ਦੌਰਾਨ ਵੱਖ-ਵੱਖ ਵਿਸ਼ਿਆ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦਾ ਜੋੜ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ। ਸਤੰਬਰ ਦੀਆਂ ਘਰੇਲੂ ਪ੍ਰੀਖਿਆਵਾਂ ਵਿੱਚੋਂ ਔਖੇ ਵਿਸ਼ਿਆਂ ਵਿੱਚੋਂ ਵੀ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਵਿਦਿਆਰਥੀਆਂ ਨੂੰ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਉਭਾਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਮਿਹਨਤ ਦਾ ਪੱਲਾ ਫੜੀ ਰੱਖੀਏ। ਸਮੇਂ ਸਿਰ ਮਨ ਲਗਾ ਕੇ ਕੀਤੀ ਮਿਹਨਤ ਵੱਡੀ ਤੋਂ ਵੱਡੀ ਸਫਲਤਾ ਨੂੰ ਵੀ ਸਾਡੇ ਦਰਾਂ ’ਤੇ ਲਿਆ ਖੜ੍ਹਾ ਕਰ ਦਿੰਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਵੇਲੇ ਦੇ ਰਾਗ ਤੇ ਕੁਵੇਲੇ ਦੀਆਂ ਟੱਕਰਾਂ’ ਸਾਡੇ ਆਪਣੇ ਕੀਤੇ ਯਤਨਾਂ ’ਤੇ ਨਿਰਭਰ ਕਰਦੀ ਹੈ। ਆਓ ਅਸੀਂ ਸਤੰਬਰ ਪ੍ਰੀਖਿਆਵਾਂ ਦਾ ਨਿੱਘਾ ਸਵਾਗਤ ਕਰ ਕੇ ਇਨ੍ਹਾਂ ਦੀ ਨਿੱਠ ਕੇ ਤਿਆਰੀ ਕਰੀਏ। ਵੱਧ ਤੋਂ ਵੱਧ ਅੰਕ ਹਾਸਿਲ ਕਰ ਕੇ ਸਾਲਾਨਾ ਪੇਪਰਾਂ ਦੇ ਨਤੀਜੇ ’ਚੋਂ ਵੱਡੀ ਸਫਲਤਾ ਪ੍ਰਾਪਤ ਕਰਨ ਦਾ ਆਪਣਾ ਸੁਪਨਾ ਪ੍ਰਾਪਤ ਕਰਨ ਦੇ ਹੱਕਦਾਰ ਵੀ ਬਣੀਏ।

- ਡਾ. ਅਰਮਨਪ੍ਰੀਤ

Posted By: Harjinder Sodhi