ਕੋਈ ਵੇਲਾ ਸੀ ਜਦੋਂ ਬੱਚੇ ਪ੍ਰਾਇਮਰੀ ਸਕੂਲਾਂ 'ਚ ਬੱਚੇ ਸਨ ਤੇ ਉਹ ਫੱਟੀ ਤੇ ਕਲਮ ਦੀ ਵਰਤਂੋ ਕਰਦੇ ਸਨ। ਅਧਿਆਪਕ ਬੱਚਿਆਂ ਨੂੰ ਪੂਰਨੇ ਪਾ ਕੇ ਦਿੰਦੇ ਸਨ। ਉਨ੍ਹਾਂ ਪੂਰਨਿਆਂ 'ਤੇ ਬੱਚੇ ਕਲਮ ਚਲਾਉਂਦੇ ਸਨ ਤੇ ਹੌਲੀ-ਹੌਲੀ ਲਿਖਣ ਦਾ ਅਭਿਆਸ ਕਰਦਿਆਂ ਬੱਚਿਆਂ ਦੀ ਲਿਖਾਈ ਸੁਭਾਵਿਕ ਹੀ ਸੁੰਦਰ ਹੋ ਜਾਂਦੀ ਸੀ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਕਦੋਂ ਉਨ੍ਹਾਂ ਦੀ ਲਿਖਾਈ ਸੁੰਦਰ ਹੋ ਗਈ। ਜਦੋਂ ਬੱਚੇ ਫੱਟੀ ਪੋਚਦੇ ਤੇ ਉਸ ਨੂੰ ਸੁਕਾਉਂਦੇ ਤਾਂ ਨਾਲ-ਨਾਲ ਇਹ ਕਵਿਤਾ ਵੀ ਗਾਉਂਦੇ ਸੀ :

ਸੂਰਜਾ ਸੂਰਜਾ ਫੱਟੀ ਸੁਕਾ,

ਨਹੀਂ ਸੁਕਾਉਣੀ ਬੰਬੇ ਜਾਹ,

ਬੰਬੇ ਜਾ ਕੇ ਰੇਲ ਚਲਾ,

ਰੇਲ ਗਈ ਟੁੱਟ,

ਫੱਟੀ ਗਈ ਸੁੱਕ।

ਇਸ ਤਰ੍ਹਾਂ ਬੱਚਿਆਂ 'ਚ ਕਵਿਤਾ ਲਿਖਣ ਤੇ ਬੋਲਣ ਦੀ ਕਲਾ ਵੀ ਵਿਕਸਿਤ ਹੋ ਜਾਂਦੀ ਸੀ। ਬੱਚਿਆਂ ਦਾ ਮਨੋਰੰਜਨ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਸਰੀਰਕ ਕਸਰਤ ਵੀ ਹੁੰਦੀ ਸੀ ਪਰ ਹੁਣ ਬੱਚਿਆਂ ਵੱਲੋਂ ਬਾਲ ਪੈੱਨ ਤੇ ਕਾਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚੇ ਲਿਖਾਈ ਲਿਖਣ ਵੇਲੇ ਬਾਲ ਪੈੱਨ ਗੋਲ-ਗੋਲ ਘੁਮਾਉਂਦੇ ਹਨ ਤੇ ਅੱਖਰਾਂ ਦੀ ਬਣਤਰ ਤੋਂ ਅਨਜਾਣ ਹੀ ਰਹਿ ਜਾਂਦੇ ਹਨ ਤੇ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਦਾ ਪਤਾ ਹੀ ਨਹੀਂ ਲੱਗਦਾ।

ਅੱਖਰਾਂ ਦੀ ਬਣਤਰ ਤੋਂ ਜਾਣੂ

ਬੱਚਿਆਂ ਵੱਲੋਂ ਫੱਟੀਆਂ ਲਿਖਣ ਦਾ ਲਾਭ ਇਹ ਹੁੰਦਾ ਸੀ ਕਿ ਸਾਰੇ ਬੱਚੇ ਅੱਖਰਾਂ ਦੀ ਬਣਤਰ ਤੋਂ ਜਾਣੂ ਹੋ ਜਾਂਦੇ ਸਨ ਤੇ ਸਾਰਿਆਂ ਵਿਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਸੀ। ਹਰ ਬੱਚੇ ਦੀ ਇਹੀ ਇੱਛਾ ਹੁੰਦੀ ਸੀ ਕਿ ਮੈਂ ਸਾਰੇ ਬੱਚਿਆਂ ਤੋਂ ਸੋਹਣੀ ਫੱਟੀ ਲਿਖਾਂ। ਫੱਟੀ ਲਿਖਣ ਦਾ ਕੰਮ ਅਧਿਆਪਕਾਂ ਵੱਲੋਂ ਹਰ ਰੋਜ਼ ਅੱਧੀ ਛੁੱਟੀ ਤੋਂ ਬਾਅਦ ਕਰਵਾਇਆ ਜਾਂਦਾ ਸੀ। ਸਾਰੇ ਬੱਚਿਆਂ ਨੂੰ ਫੱਟੀ ਲਿਖਣ ਦੇ ਇਸ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਤੇ ਬੱਚਿਆਂ ਦੀ ਸੁੰਦਰ ਲਿਖਾਈ ਪ੍ਰਤੀ ਲਗਾਤਾਰ ਰੁਚੀ ਬਣੀ ਰਹਿੰਦੀ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸੁੰਦਰ ਲਿਖਾਈ ਦੀ ਇਹ ਕਲਾ ਸਿਖਾਉਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰਨਾ ਪੈਂਦਾ ਸੀ। ਸੁੰਦਰ ਲਿਖਾਈ ਦੀ ਇਹ ਕਲਾ ਤਾਂ ਬੱਚਿਆਂ 'ਚ ਆਪ ਮੁਹਾਰੇ ਹੀ ਆ ਜਾਂਦੀ ਸੀ।

ਸਿੱਖਿਆ ਵਿਭਾਗ ਦਾ ਉਪਰਾਲਾ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਬੱਚਿਆਂ ਦੀ ਸੁੰਦਰ ਲਿਖਾਈ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸੁੰਦਰ ਲਿਖਾਈ ਸਬੰਧੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਲਈ ਛਾਪੀਆਂ ਗਈਆਂ ਹਨ। ਇਨ੍ਹਾਂ ਕਿਤਾਬਾਂ ਨਾਲ਼ ਬਹੁਤ ਸਾਰੇ ਅਧਿਆਪਕਾਂ ਦੀ ਲਿਖਾਈ ਸੁੰਦਰ ਹੋਈ ਹੈ। ਜੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਬੱਚਿਆਂ ਨੂੰ ਸੁੰਦਰ ਲਿਖਾਈ ਸਬੰਧੀ ਲਗਾਤਾਰ ਅਭਿਆਸ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਸੁੰਦਰ ਲਿਖਾਈ ਦਾ ਲਗਾਤਾਰ ਅਭਿਆਸ ਕਰਵਾਇਆ ਜਾਵੇ ਤਾਂ ਉਨ੍ਹਾਂ ਦੀ ਲਿਖਾਈ ਬਹੁਤ ਸੁੰਦਰ ਹੋ ਸਕਦੀ ਹੈ।

ਸਮੱਸਿਆ ਦਾ ਹੱਲ

ਸੁੰਦਰ ਲਿਖਾਈ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੇਨਤੀ ਹੈ ਕਿ ਸੁੰਦਰ ਲਿਖਾਈ ਸਬੰਧੀ ਪ੍ਰਾਇਮਰੀ ਸਕੂਲਾਂ 'ਚ ਹਰ ਰੋਜ਼ ਇਕ ਪੀਰੀਅਡ ਤੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਹਫ਼ਤੇ 'ਚ ਘੱਟੋ-ਘੱਟ ਦੋ ਪੀਰੀਅਡ ਲਗਾਉਣ ਅਤੇ ਪ੍ਰਾਇਮਰੀ ਸਕੂਲਾਂ ਵਿਚ ਫੱਟੀ ਅਤੇ ਕਲਮ ਨੂੰ ਲਾਗੂ ਕਰਨ ਦੀ ਗੱਲ ਵਿਚਾਰਨਯੋਗ ਹੈ।

- ਧਰਮਪਾਲ ਕੋਟਕਪੂਰਾ

95920-67439

Posted By: Harjinder Sodhi