ਸਾਡੀ ਰੋਜ਼ਾਨਾ ਜ਼ਿੰਦਗੀ 'ਚ ਅੱਜ ਇੰਟਰਨੈੱਟ ਵੱਡੇ ਸਹਾਇਕ ਦੇ ਰੂਪ 'ਚ ਭੂਮਿਕਾ ਨਿਭਾਉਂਦਾ ਹੈ। ਕੁਝ ਸਾਲ ਪਹਿਲਾਂ ਅਧਿਆਪਕ ਜਦੋਂ ਸਾਨੂੰ ਡਿਕਸ਼ਨਰੀ ਤੋਂ ਅੰਗਰੇਜ਼ੀ ਦੇ ਅਰਥ ਲੱਭ ਕੇ ਲਿਆਉਣ ਨੂੰ ਕਹਿੰਦੇ ਸਨ ਤਾਂ ਲੱਭਦਿਆਂ-ਲੱਭਦਿਆਂ ਕਾਫ਼ੀ ਸਮਾਂ ਲੱਗ ਜਾਂਦਾ। ਜੇ ਇਕ ਵੀ ਸ਼ਬਦ ਨਾ ਲੱਭਦਾ ਤਾਂ ਡਰ ਹੁੰਦਾ ਸੀ ਕਿ ਕਿਤੇ ਅਗਲੇ ਦਿਨ ਅਧਿਆਪਕ ਸਜ਼ਾ ਨਾ ਦੇ ਦੇਵੇ ਪਰ ਹੁਣ ਹਰ ਤਰ੍ਹਾਂ ਦੀ ਡਿਕਸ਼ਨਰੀ ਅਸੀਂ ਆਸਾਨੀ ਨਾਲ ਮੋਬਾਈਲ 'ਤੇ ਡਾਊਨਲੋਡ ਕਰ ਸਕਦੇ ਹਾਂ। ਹੁਣ ਵਿਦਿਆਰਥੀਆਂ ਲਈ ਇਹ ਔਖਾ ਨਹੀਂ ਰਿਹਾ, ਕਿਉਂਕਿ ਗੂਗਲ ਤੇ ਯੂ-ਟਿਊਬ ਨੇ ਹੋਮਵਰਕ ਤੋਂ ਲੈ ਕੇ ਪ੍ਰਾਜੈਕਟ ਤਕ ਹਰ ਕੰਮ ਸੌਖਾ ਕਰ ਦਿੱਤਾ ਹੈ।

ਯੂ-ਟਿਊਬ ਟਿਊਟਰ

ਯੂ-ਟਿਊਬ 'ਤੇ ਨਰਸਰੀ ਕਲਾਸ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਕਈ ਚੈਨਲ ਬਣੇ ਹੋਏ ਹਨ, ਜਿਸ ਨਾਲ ਅਸੀਂ ਘਰ ਬੈਠਿਆਂ ਗਿਆਨ ਪ੍ਰਾਪਤ ਕਰ ਸਕਦੇ ਹਾਂ। ਜੇ ਇਕ ਚੈਨਲ ਤੋਂ ਕੁਝ ਸਮਝ ਨਾ ਆਵੇ ਤਾਂ ਦੂਜੇ ਚੈਨਲ 'ਤੇ ਉਸ ਵਿਸ਼ੇ ਦੀ ਵੀਡੀਓ ਵੇਖ ਲਵੋ ਤਾਂ ਆਸਾਨੀ ਨਾਲ ਉਸ ਵਿਸ਼ੇ ਸਬੰਧੀ ਖ਼ਾਸ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਹੁਣ ਬੱਚਿਆਂ ਨੂੰ ਟਿਊਸ਼ਨ ਦੀ ਵੀ ਲੋੜ ਘੱਟ ਪੈਂਦੀ ਹੈ, ਕਿਉਂਕਿ ਜੇ ਉਨ੍ਹਾਂ ਨੂੰ ਪੜ੍ਹਾਈ ਸਬੰਧਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਯੂ-ਟਿਊਬ ਟਿਊਟਰ ਦੀ ਸਹਾਇਤਾ ਲੈ ਸਕਦੇ ਹਨ।

ਈ-ਬੁਕਸ ਤੇ ਆਨਲਾਈਨ ਕਿਤਾਬਾਂ

ਮੋਬਾਈਲ 'ਤੇ ਕਈ ਤਰ੍ਹਾਂ ਦੇ ਐਪਸ ਹਨ, ਜੋ ਮੁਫ਼ਤ 'ਚ ਤੁਹਾਨੂੰ ਕਿਤਾਬਾਂ ਆਨਲਾਈਨ ਪੜ੍ਹਨ ਲਈ ਮੁਹੱਈਆ ਕਰਵਾਉਂਦੇ ਹਨ। ਜੇ ਕਿਸੇ ਵਿਅਕਤੀ ਕੋਲ ਪੈਸੇ ਨਹੀਂ ਜਾਂ ਉਸ ਨੂੰ ਉਹ ਕਿਤਾਬ ਨਹੀਂ ਮਿਲ ਰਹੀ ਤਾਂ ਉਹ ਆਸਾਨੀ ਨਾਲ ਆਨਲਾਈਨ ਪੜ੍ਹ ਕਰ ਸਕਦਾ ਹੈ। ਜੇ ਤੁਸੀਂ ਹਰ ਤਰ੍ਹਾਂ ਦਾ ਅਖ਼ਬਾਰ ਨਹੀਂ ਖ਼ਰੀਦ ਸਕਦੇ ਤਾਂ ਉਸ ਅਖ਼ਬਾਰ ਦਾ ਆਨਲਾਈਨ ਈ-ਪੇਪਰ ਵੀ ਪੜ੍ਹ ਸਕਦੇ ਹੋ। ਗਿਆਨ ਪ੍ਰਾਪਤੀ ਦਾ ਇਹ ਸੌਖਾ ਤੇ ਵਧੀਆ ਜ਼ਰੀਆ ਬਣ ਗਿਆ ਹੈ।

ਸਮੇਂ ਦੀ ਸਹੀ ਵਰਤੋਂ ਲਾਜ਼ਮੀ

ਜੇ ਵਿਦਿਆਰਥੀ ਇੰਟਰਨੈੱਟ ਦੀ ਸਹੀ ਤੇ ਜ਼ਰੂਰਤ ਅਨੁਸਾਰ ਵਰਤੋਂ ਕਰਨ ਤਾਂ ਉਨ੍ਹਾਂ ਦਾ ਕੋਚਿੰਗ ਸੈਂਟਰ ਜਾਣ ਦਾ ਸਮਾਂ ਬਚਦਾ ਹੈ। ਆਨਲਾਈਨ ਨੋਟਸ ਵੀ ਕਾਫ਼ੀ ਸਹਾਇਕ ਹੁੰਦੇ ਹਨ ਤੇ ਸੈਲਫ ਸਟੱਡੀ ਵੀ ਵਧੀਆ ਹੋ ਸਕਦੀ ਹੈ ਪਰ ਨਾਲ-ਨਾਲ ਸਾਨੂੰ ਸਮਝਾਈਆਂ ਗਈਆਂ ਚੀਜ਼ਾਂ ਆਪਣੀ ਕਾਪੀ 'ਤੇ ਨੋਟ ਕਰਨੀਆਂ ਚਾਹੀਦੀਆਂ ਹਨ। ਜੇ ਤੁਸੀਂ ਕੋਈ ਵਿਦੇਸ਼ੀ ਭਾਸ਼ਾ ਸਿੱਖਣਾ ਚਾਹੁੰਦੇ ਹੋ ਤਾਂ ਇੱਥੇ ਆਸਾਨੀ ਨਾਲ ਸਿੱਖ ਸਕਦੇ ਹੋ।

ਹੁਣ ਸਮਾਂ ਇੰਟਰਨੈੱਟ ਦੇ ਲਾਭ ਜਾਂ ਹਾਨੀਆਂ ਦੱਸਣ ਦਾ ਨਹੀਂ, ਸਗੋਂ ਕਿਹੜੀ ਚੀਜ਼ ਸਾਡੇ ਸਮੇਂ ਦਾ ਸਹੀ ਉਪਯੋਗ ਕਰਵਾਉਂਦੀ ਹੈ ਅਤੇ ਕਿਸ ਤਰ੍ਹਾਂ ਸਾਡੇ ਲਈ ਸਹਾਇਕ ਰੂਪ 'ਚ ਹੈ, ਉਸ ਬਾਰੇ ਜਾਗਰੂਕ ਕਰਨ ਦਾ ਹੈ। ਸਾਨੂੰ ਸਮਾਰਟਫੋਨ ਤੇ ਸਮਾਰਟ ਚੀਜ਼ਾਂ ਨਾਲ ਸਮਾਰਟ ਬਣਨ ਦੀ ਲੋੜ ਹੈ। ਸਾਨੂੰ ਸਿਰਫ਼ ਸੋਸ਼ਲ ਮੀਡੀਆ ਤਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਜ਼ਿਆਦਾ ਸਮਾਂ ਗਿਆਨ ਤੇ ਜਾਣਕਾਰੀ ਇਕੱਠੀ ਕਰਨ 'ਚ ਲਾਉਣਾ ਚਾਹੀਦਾ ਹੈ।

- ਭਾਵਨਾ

98774-60179

Posted By: Harjinder Sodhi