ਰਵਾਇਤੀ ਖੇਡਾਂ ਅਲੋਪ ਹਨ। ਕਾਹਲ ਤੇ ਤਣਾਅ ਦਾ ਆਲਮ ਇਹ ਹੈ ਕਿ ਕੇਵਲ ਦਾਲਾਂ ਹੀ ਨਹੀਂ, ਬੱਚੇ ਵੀ ਪ੍ਰੈਸ਼ਰ ਕੁੱਕਰਾਂ ਰਾਹੀਂ ਪਕਾਏ ਜਾ ਰਹੇ ਹਨ। ਖ਼ਤਮ ਹੋ ਚੁੱਕੀ ਬਚਪਨ ਦੀ ਬਾਦਸ਼ਾਹੀ ਕਾਰਨ ਬੱਚੇ ਉਮਰਾਂ ਤੋਂ ਪਹਿਲਾਂ ਸਿਆਣੇ ਹੋ ਗਏ ਹਨ, ਜੋ ਵੱਡੇ ਖ਼ਤਰੇ ਦਾ ਸੰਕੇਤ ਹਨ। ਬੱਚੇ ਖੇਡ ਮੈਦਾਨਾਂ ਦੀ ਥਾਂ ਮੋਬਾਈਲ ’ਤੇ ਗੇਮਾਂ ਖੇਡਦੇ ਹਨ। ਇਕ ਕੁਇਜ਼ ਰਾਹੀਂ 83 ਫ਼ੀਸਦੀ ਬੱਚਿਆਂ ਦੇ ਮਾਪਿਆਂ ਨੇ ਦਰਜ ਕੀਤਾ ਹੈ ਕਿ ਉਹ ਬਚਪਨ ਵਿਚ ਖੇਡ ਮੈਦਾਨਾਂ ’ਚ ਖੇਡ ਕੇ ਖ਼ੁਸ਼ ਹੁੰਦੇ ਸਨ, ਜਦੋਂਕਿ ਅੱਜ ਦੇ 90 ਫ਼ੀਸਦੀ ਬੱਚੇ ਮੋਬਾਇਲ, ਲੈਪਟਾਪ ‘ਤੇ ਪਬਜ਼ੀ ਵਰਗੀਆਂ ਡਿਜੀਟਲ ਗੇਮਾਂ ਦੇ ਗ਼ੁਲਾਮ ਹਨ। ਇਸ ਰੁਝਾਨ ਕਰਕੇ ਬੱਚੇ ਸਰੀਰਕ ਤੌਰ ’ਤੇ ਛੋਟੇ ਤੇ ਮਾਨਸਿਕ ਪੱਖੋਂ ਤੇਜ਼ੀ ਨਾਲ ਵੱਡੇ ਹੋ ਰਹੇ ਹਨ।

ਸੋਸ਼ਲ ਮੀਡੀਆ ਤੋਂ ਇਕੱਠੀ ਕਰ ਰਹੇ ਜਾਣਕਾਰੀ

ਇਕ ਸਰਵੇ ਮੁਤਾਬਿਕ ਅੱਜ-ਕੱਲ੍ਹ ਬਚਪਨ 10 ਸਾਲ ਦੀ ਉਮਰ ’ਚ ਹੀ ਖ਼ਤਮ ਹੋ ਜਾਂਦਾ ਹੈ। ਪੜ੍ਹਾਈ ਦੇ ਬੋਝ ਥੱਲੇ ਬੱਚਿਆਂ ਦੇ ਚਾਅ ਮਰ ਰਹੇ ਹਨ। ਮੁਕਾਬਲੇਬਾਜ਼ੀ ਹੈ, ਜਿਸ ’ਚੋਂ ਈਰਖਾ ਨਿਕਲ ਰਹੀ ਹੈ। ਨਿੱਕੇ-ਨਿੱਕੇ ਬੱਚੇ ਆਪਣੇ ਮੇਕਅੱਪ ਤੇ ਸਰੀਰਕ ਬਨਾਵਟ ਨੂੰ ਲੈ ਕੇ ਚਿੰਤਾ ਦਾ ਸ਼ਿਕਾਰ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਦਾ ਭਵਿੱਖ ’ਤੇ ਕੀ ਅਸਰ ਪਵੇਗਾ, ਬਾਰੇ ਸੋਚਣਾ ਤੇ ਇਸ ਵਰਤਾਰੇ ਨੂੰ ਰੋਕਣਾ ਸਮੇਂ ਦੀ ਲੋੜ ਹੈ। ਬਾਹਰੀ ਸੁੰਦਰਤਾ ਦਾ ਭੂਤ ਇਸ ਕਦਰ ਭਾਰੂ ਹੈ ਕਿ ਅਸੀਂ ਬੇਖ਼ਬਰ ਹਾਂ ਕਿ ਰਸਾਇਣਾਂ ਦਾ ਸਾਡੇ ਸਰੀਰ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੱਚਿਆਂ ’ਤੇ ਵੱਧ ਫੈਟ ਵਾਲੇ ਭੋਜਨ ਪਦਾਰਥਾਂ ਦਾ ਬੁਰਾ ਅਸਰ ਪੈ ਰਿਹਾ ਹੈ। ਫਾਸਟ ਫੂਡ ’ਚ ਖੰਡ, ਲੂਣ ਤੇ ਹੋਰ ਰਸਾਇਣਾਂ ਦੀ ਵੱਧ ਮਿਕਦਾਰ ਨਾਲ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਅੱਜ-ਕੱਲ੍ਹ ਨਵੀਂ ਪੀੜ੍ਹੀ ਸਾਰੀ ਜਾਣਕਾਰੀ ਆਲੇ-ਦੁਆਲੇ ਤੋਂ ਨਹੀਂ ਸਗੋਂ ਸੋਸ਼ਲ ਮੀਡੀਆ ਤੋਂ ’ਕੱਠੀ ਕਰ ਰਹੀ ਹੈ। ਬੱਚਿਆਂ ਦਾ ਤੁਰਨਾ-ਫਿਰਨਾ ਤੇ ਉੱਠਣਾ-ਬੈਠਣਾ ਮਸ਼ਹੂਰੀਆਂ ਤੇ ਮੀਡੀਆ ਤੈਅ ਕਰਦਾ ਹੈ। ਰਹਿਣ-ਸਹਿਣ ਦੀ ਆਰਾਮਪ੍ਰਸਤੀ ਨਾਲ ਵੀ ਬੱਚੇ ਤੇਜ਼ੀ ਨਾਲ ਉਮਰ ਤੋਂ ਪਹਿਲਾਂ ਵੱਡੇ ਹੋ ਰਹੇ ਹਨ। ਬੱਚਿਆਂ ਲਈ ਸਾਈਕਲਿੰਗ, ਸਰੀਰਕ ਵਰਜਿਸ਼, ਸੈਰ ਕਰਨਾ, ਪੈਦਲ ਚੱਲਣਾ ਬੀਤੇ ਦੀ ਗੱਲ ਬਣ ਕੇ ਰਹਿ ਗਿਆ ਹੈ।

ਨਿੱਕੇ-ਨਿੱਕੇ ਬੱਚਿਆਂ ’ਚ ਭਾਰੂ ਹੈ ਹਊਮੈ

ਸਰੀਰਕ ਕਸਰਤ ਦੀ ਥਾਂ ਵੱਧ ਮਾਨਸਿਕ ਅਭਿਆਸ ਨੇ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਬਾਲਗ ਬਣਾ ਦਿੱਤਾ ਹੈ। ਬਚਪਨ ਉਤਸਵ ਦੀ ਥਾਂ ਬੋਝਲ ਬਣ ਚੁੱਕਿਆ ਹੈ। ਖੁੱਲੇ੍ਹ ਬੂਹੇ-ਬਾਰੀਆਂ ਵਾਲੇ ਘਰਾਂ ਦੀ ਥਾਂ ਸ਼ੀਸ਼ਿਆਂ ਨਾਲ ਬੰਦ ਘਰ ਉਸਰ ਰਹੇ ਹਨ। ਬੱਚੇ ਅੰਬਰ ਹੇਠ ਕੁਦਰਤ ਦਾ ਆਨੰਦ ਮਾਨਣ ਦੀ ਥਾਂ ਬੰਦ ਏਸੀ ਕਮਰਿਆਂ ’ਚ ਰਹਿੰਦੇ ਹਨ। ਆਕਸੀਜਨ ਦੀ ਘੱਟ ਮਾਤਰਾ ਵੀ ਬਚਪਨ ਦੇ ਵਾਧੇ ਤੇ ਵਿਕਾਸ ’ਤੇ ਬੁਰਾ ਅਸਰ ਪਾਉਂਦੀ ਹੈ। ਬੱਚਿਆਂ ਦੇ ਤੇਜ਼ੀ ਨਾਲ ਜਵਾਨ ਹੋਣ ਦਾ ਉਨ੍ਹਾਂ ਦੀ ਵੱਡਿਆਂ ਨਾਲ ਬੋਲਬਾਣੀ ਤੇ ਵਰਤਾਓ ’ਤੇ ਵੀ ਮਾੜਾ ਅਸਰ ਪਿਆ ਹੈ। ਸੰਯੁਕਤ ਪਰਿਵਾਰ ਤਾਂ ਲਗਪਗ ਖ਼ਤਮ ਹੋ ਚੱੁਕੇ ਹਨ। ਬੱਚੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੀ ਬੋਹੜਾਂ ਵਰਗੀ ਛਾਂ ਹੇਠ ਖ਼ੁਦ ਨੂੰ ਨਿੱਕੇ ਨਿਆਣੇ ਮਹਿਸੂਸ ਕਰਦੇ ਸਨ। ਝਿੜਕਾਂ ਸਹਿਣ ਦਾ ਮਾਦਾ ਖ਼ਤਮ ਹੈ। ਨਿੱਕੇ-ਨਿੱਕੇ ਬੱਚਿਆਂ ਅੰਦਰ ਹਊਮੈ ਇਸ ਕਦਰ ਭਾਰੂ ਹੈ ਕਿ ਛੋਟੀ ਜਿਹੀ ਰੋਕ-ਟੋਕ ਨਾਲ ਅੱਗ ਬਬੂਲੇ ਹੋ ਜਾਂਦੇ ਹਨ।

ਖ਼ੂਬਸੂਰਤ ਭਵਿੱਖ ਦਾ ਨਿਰਮਾਣ

ਮਾਪੇ ਨੌਕਰੀਸ਼ੁਦਾ ਹੋਣ ਕਰਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰੈੱਚਾਂ ਅਤੇ ਘਰੇਲੂ ਨੌਕਰਾਂ ’ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਸਮਝ ਵਾਲਾ ਵਿਸ਼ਾ ਹੈ, ਜਿਸ ਵਿਚ ਸਾਂਭ -ਸੰਭਾਲ ਤੋਂ ਇਲਾਵਾ ਭਾਵਨਾਵਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਮਾਪਿਆਂ ਦੀ ਮੋਹ ਭਰ ਛੋਹ ਨਾਲ ਉਹ ਟਹਿਕ ਉੱਠਦੇ ਹਨ, ਜਿਵੇਂ ਤਿਹਾਏ ਬੂਟੇ ਨੂੰ ਪਾਣੀ ਦੇਣ ਨਾਲ ਉਸ ਦੇ ਪੱਤੇ ਚਮਕ ਉੱਠਦੇ ਹਨ। ਸਿੱਖਿਆ ਸਿਖਾਉਣ ਦੀ ਥਾਂ ਕਮਾਉਣ ਦਾ ਸਾਧਨ ਬਣ ਗਈ ਹੈ। ਨਰਸਰੀ ਸਕੂਲਾਂ ਨੇ ਵੀ ਬਚਪਨ ਮਧੋਲ ਕੇ ਰੱਖ ਦਿੱਤਾ ਹੈ। ਪੜ੍ਹਾਈ ਸਹਿਜ ਨਾਲ ਪੜਾਅਵਾਰ ਹੋਣੀ ਚਾਹੀਦੀ ਹੈ। ਬੱਚੇ ਉਤਪਾਦ ਨਹੀਂ ਸਗੋਂ ਜੀਵਤ ਕਰੂੰਬਲਾਂ ਹਨ, ਉਨ੍ਹਾਂ ਦਾ ਧਿਆਨ ਰੱਖਣਾ ਸਭਨਾਂ ਦਾ ਇਖ਼ਲਾਕੀ ਫ਼ਰਜ਼ ਹੈ। ਬੱਚਿਆਂ ਦਾ ਸਹਿਜ ਤੇ ਉਮਰ ਅਨੁਸਾਰ ਸੰਤੁਲਿਤ ਵਾਧੇ ਤੇ ਵਿਕਾਸ ਨੇ ਖ਼ੂਬਸੂਰਤ ਭਵਿੱਖ ਦਾ ਨਿਰਮਾਣ ਕਰਨਾ ਹੈ ।

- ਬਲਜਿੰਦਰ ਜੌੜਕੀਆਂ

Posted By: Harjinder Sodhi