ਬੱਚਿਆਂ ਨੂੰ ਭਵਿੱਖ ਦੇ ਨਿਰਮਾਤਾ ਕਿਹਾ ਜਾਂਦਾ ਹੈ। ਜਿਵੇਂ-ਜਿਵੇਂ ਸੰਸਾਰ ਤੇ ਤਕਨਾਲੋਜੀ ਵਿਕਸਤ ਹੁੰਦੀ ਜਾ ਰਹੀ ਹੈ, ਉਸ ਦੇ ਨਾਲ ਹੀ ਸਾਡੇ ਬੱਚੇ ਵੀ ਸਫਲਤਾ ਦੀਆਂ ਮੰਜ਼ਿਲਾਂ ਛੂਹ ਰਹੇ ਹਨ। ਇਹ ਸਿਰਫ਼ ਉਨ੍ਹਾਂ ਦੀ ਅਣਥੱਕ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜ਼ਿੰਦਗੀ 'ਚ ਸਫਲ ਹੋਣ ਲਈ ਉਮਰ ਕਦੇ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ। ਜ਼ਰੂਰਤ ਹੈ ਸਿਰਫ ਫ਼ੌਲਾਦੀ ਇਰਾਦੇ, ਸਵੈ-ਭਰੋਸਾ ਤੇ ਸਖ਼ਤ ਮਿਹਨਤ। ਆਓ ਅੱਜ 'ਪੰਜਾਬੀ ਜਾਗਰਣ' ਦੇ ਨੌਵੀਂ ਵਰ੍ਹੇ ਪੂਰੇ ਹੋਣ 'ਤੇ ਅਜਿਹੇ ਨੌਂ ਬੱਚਿਆਂ ਬਾਰੇ ਜਾਣਦੇ ਹਾਂ, ਜਿਨ੍ਹਾਂ ਛੋਟੀ ਉਮਰ 'ਚ ਹੀ ਵੱਖ-ਵੱਖ ਖੇਤਰਾਂ 'ਚ ਖ਼ਾਸ ਮੁਕਾਮ ਹਾਸਲ ਕੀਤਾ ਹੈ।

ਛੋਟੀ ਉਮਰ ਦਾ ਵੱਡਾ ਕਲਾਕਾਰ ਅਰਸ਼ਦੀਪ ਸਿੰਘ

12 ਸਾਲਾ ਅਰਸ਼ਦੀਪ ਜਲੰਧਰ ਦੇ ਏਪੀਜੇ ਸਕੂਲ 'ਚ ਪੜ੍ਹਦਾ ਹੈ ਤੇ ਫੋਟੋਗ੍ਰਾਫੀ ਦੇ ਸ਼ੌਕ ਨਾਲ ਆਪਣੀ ਪੜ੍ਹਾਈ 'ਤੇ ਵੀ ਪੂਰਾ ਧਿਆਨ ਦਿੰਦਾ ਹੈ। ਫੋਟੋਗ੍ਰਾਫੀ ਲਈ ਉਹ ਹਫ਼ਤੇ ਦੇ ਅਖ਼ੀਰ 'ਚ ਬਾਹਰ ਜਾਂਦਾ ਹੈ ਜਾਂ ਕਦੇ-ਕਦਾਈ ਸਕੂਲ ਤੋਂ ਛੁੱਟੀ ਵੀ ਲੈ ਲੈਂਦਾ ਹੈ। ਜਦੋਂ ਵੀ ਕਿਤੇ ਸਕੂਲ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਤਾਂ ਉਹ ਕਿਤੇ ਦੂਰ ਜਾ ਕੇ ਫੋਟੋਗ੍ਰਾਫੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਸ਼ੌਕ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਹੈ। ਵਾਈਲਡ ਲਾਈਫ ਫੋਟੋਗ੍ਰਾਫੀ ਸਬੰਧੀ ਅਰਸ਼ਦੀਪ ਨੇ ਦੱਸਿਆ ਕਿ ਕੋਈ ਵੀ ਆਕਰਸ਼ਕ ਫੋਟੋ ਖਿੱਚਣ ਲਈ ਉਸ ਨੂੰ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਦਾ ਕਹਿਣਾ ਕਿ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਖਿੱਚਣ ਲਈ ਬਾਕੀ ਫੋਟੋਆਂ ਦੇ ਮੁਕਾਬਲੇ ਇਕ ਹੀ ਮੌਕਾ ਹੁੰਦਾ ਹੈ। ਜੇ ਉਸ ਨੂੰ ਮਿਲੇ ਐਵਾਰਡਾਂ ਦੀ ਗੱਲ ਕਰੀਏ ਤਾਂ ਉਸ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ। ਉਸ ਨੂੰ 'ਵਾਈਲਡ ਲਾਈਫ ਫੋਟੋਗ੍ਰਾਫ਼ਰ ਆਫ ਦਿ ਈਅਰ-2018', 'ਯੰਗ ਕਾਮੇਡੀ ਵਾਈਲਡ ਲਾਈਫ ਆਫ ਦਿ ਈਅਰ-2018', 'ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਈਅਰ-2018, ਨਵੰਬਰ 'ਚ ਜਾਪਾਨ ਵਿਖੇ ਫੋਟੋਗ੍ਰਾਫੀ ਦੇ ਸਪੈਸ਼ਲ ਐਵਾਰਡ ਤੇ 'ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਈਅਰ-2019' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।


ਗ਼ਰੀਬੀ 'ਚੋਂ ਸਿਤਾਰਾ ਬਣ ਚਮਕਿਆ ਆਫ਼ਤਾਬ ਸਿੰਘ

ਫ਼ਰੀਦਕੋਟ ਤੋਂ 20 ਕਿਲੋਮੀਟਰ ਦੂਰ ਪੈਂਦੇ ਪਿੰਡ ਦੀਪ ਸਿੰਘ ਵਾਲਾ 'ਚ ਸਾਲ 2005 'ਚ ਜਦੋਂ ਆਫ਼ਤਾਬ ਸਿੰਘ ਨੇ ਪਿਤਾ ਮੁਹੇਸ਼ ਸਿੰਘ ਦੇ ਘਰ ਤੇ ਮਾਤਾ ਸਤਵਿੰਦਰ ਕੌਰ ਦੀ ਗੋਦੀ 'ਚ ਅੱਖ ਖੋਲ੍ਹੀ ਤਾਂ ਜਨਮ ਵੇਲੇ ਹੀ ਸੰਗੀਤਕ ਗੁੜਤੀ ਮਿਲੀ ਕਿਉਂਕਿ ਆਫਤਾਬ ਦੇ ਪਿਤਾ ਮੁਹੇਸ਼ ਸਿੰਘ ਵੀ ਗਾਉਂਦੇ ਸਨ ਤੇ ਗਾਇਕੀ ਵਾਲਾ ਮਾਹੌਲ ਹੀ ਘਰ ਵਿਚ ਮਿਲਿਆ। ਉਹ ਲੋਕਾਂ ਦੇ ਵਿਆਹਾਂ-ਸ਼ਾਦੀਆਂ 'ਚ ਗਾ ਕੇ ਘਰ ਦਾ ਗੁਜ਼ਾਰਾ ਕਰਦੇ ਸਨ। ਆਫਤਾਬ ਨੇ ਆਪਣੇ ਪਿਤਾ ਤੋਂ ਹੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਘਰ 'ਚ ਅੱਤ ਦੀ ਗਰੀਬੀ ਹੋਣ ਕਾਰਨ ਆਫ਼ਤਾਬ ਨੂੰ ਕਦੇ ਅਜਿਹਾ ਮੌਕਾ ਨਹੀਂ ਮਿਲਿਆ ਜਿਸ ਨਾਲ ਉਹ ਦੁਨੀਆ ਸਹਾਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ। ਕਈ ਵਾਰ ਤਾਂ ਅਜਿਹਾ ਮੌਕਾ ਬਣਦਾ ਕਿ ਕੋਈ ਪ੍ਰੋਗਰਾਮ ਲਈ ਜਾਣਾ ਹੁੰਦਾ ਤਾਂ ਜਾਣ ਲਈ ਕਿਰਾਇਆ ਵੀ ਪਰਿਵਾਰ ਕੋਲ ਨਹੀਂ ਸੀ ਹੁੰਦਾ। ਆਫਤਾਬ ਨੂੰ ਸਾਲ 2017-18 'ਚ ਇਕ ਟੀਵੀ ਚੈਨਲ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ਸਾਰੇਗਾਮਾਪਾ 'ਚ ਜਾਣ ਦਾ ਮੌਕਾ ਮਿਲਿਆ ਤੇ ਉਥੇ ਉਸ ਨੇ ਟਾਪ-5 'ਚ ਆਪਣੀ ਜਗ੍ਹਾ ਬਣਾਈ। ਉਸ ਤੋਂ ਬਆਦ ਇਕ ਹੋਰ ਸ਼ੋਅ ਮਸਤੀ ਕੀ ਪਾਠਸ਼ਾਲਾ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਫਿਰ ਕਲਰ ਟੀਵੀ ਵੱਲੋਂ ਕਰਵਾਏ ਜਾਂਦੇ ਸ਼ੋਅ 'ਰਾਈਜ਼ਿੰਗ ਸਟਾਰ' 'ਚ ਜਾ ਕੇ ਆਪਣੀ ਬਾਕਮਾਲ ਗਾਇਕੀ ਸਦਕਾ ਪੂਰੇ ਦੇਸ਼ ਦਾ ਚਹੇਤਾ ਬਣਿਆ। ਲਗਪਗ 5 ਮਹੀਨੇ ਤਕ ਆਪਣੀ ਬੈਸਟ ਪਰਫਾਰਮੈਂਸ ਨਾਲ ਸ਼ੋਅ ਜਿੱਤ ਕੇ ਜ਼ਿੰਦਗੀ ਦਾ ਪਾਸਾ ਹੀ ਪਲਟ ਦਿੱਤਾ। ਆਫ਼ਤਾਬ ਦਾ ਕਹਿਣਾ ਹੈ ਕਿ ਅਜੇ ਤਾਂ ਉਸ ਦੀ ਜ਼ਿੰਦਗੀ 'ਚ ਕਾਮਯਾਬੀ ਦੀ ਸ਼ੁਰੂਆਤ ਹੈ। ਉਹ ਕਾਮਯਾਬੀ ਦੇ ਕਿਸੇ ਵੀ ਮੋੜ 'ਤੇ ਪਹੁੰਚ ਜਾਵੇ ਪਰ ਆਪਣੇ ਪੈਰ ਹਮੇਸ਼ਾ ਧਰਤੀ 'ਤੇ ਹੀ ਰੱਖੇਗਾ।


ਉਮਰ ਤੋਂ ਵੱਡੀ ਨੂਰਪ੍ਰੀਤ-ਜਸ਼ਨਪ੍ਰੀਤ ਦੀ ਅਦਾਕਾਰੀ

ਨੂਰਪ੍ਰੀਤ ਤੇ ਜਸ਼ਨਪ੍ਰੀਤ ਦਾ ਨਾਂ ਅੱਜ ਟਿਕ ਟਾਕ ਦੇ ਦਰਸ਼ਕਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ। ਮੋਗਾ ਜ਼ਿਲ੍ਹੇ ਦੇ ਭਿੰਡਰ ਕਲਾਂ 'ਚ ਮਾਤਾ ਜਗਵੀਰ ਕੌਰ ਤੇ ਪਿਤਾ ਸਤਨਾਮ ਸਿੰਘ ਦੇ ਘਰ ਜਨਮੀਆਂ ਜਸ਼ਨਪ੍ਰੀਤ ਕੌਰ ਤੇ ਨੂਰਪ੍ਰੀਤ ਕੌਰ ਨੇ ਸੱਚ ਕਰ ਵਿਖਾਇਆ ਕਿ 'ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।' ਅੱਠ ਕੁ ਵਰ੍ਹਿਆਂ ਦੀ ਜਸ਼ਨਪ੍ਰੀਤ ਤੇ ਪੰਜ ਕੁ ਵਰ੍ਹਿਆਂ ਦੀ ਨੂਰਪ੍ਰੀਤ ਦੀ ਅਦਾਕਾਰੀ 'ਚ ਭਵਿੱਖ ਦਾ ਸਫਲ ਕਲਾਕਾਰ ਨਜ਼ਰ ਆਉਂਦਾ ਹੈ। ਜਦੋਂ ਸਮੁੱਚੀ ਮਨੁੱਖਤਾ ਲਾਕਡਾਊਨ ਦੌਰਾਨ ਘਰਾਂ 'ਚ ਕੈਦ ਹੋ ਕੇ ਕੋਰੋਨਾ ਦੇ ਕਹਿਰ ਤੋਂ ਫ਼ਿਕਰਮੰਦ ਸੀ ਤਾਂ ਛੋਟੀ ਉਮਰ ਦੀ ਵੱਡੀ ਕਲਾ ਲੋਕਾਂ ਦੇ ਚਿਹਰਿਆਂ 'ਤੇ ਹਾਸੇ ਬਿਖੇਰਨ ਦਾ ਅਜਿਹਾ ਸਬੱਬ ਬਣੀ ਕਿ ਹਰ ਕੋਈ ਇਨ੍ਹਾਂ ਦਾ ਦੀਵਾਨਾ ਹੋ ਕੇ ਰਹਿ ਗਿਆ। ਨੂਰਪ੍ਰੀਤ ਦੀ ਅਦਾਕਾਰੀ ਉਮਰ ਤੋਂ ਕਿਤੇ ਜ਼ਿਆਦਾ ਵੱਡੀ ਤੇ ਵਿਸ਼ਵਾਸ ਭਰਪੂਰ ਹੈ। ਦੋਵੇਂ ਭੈਣਾਂ ਪਿੰਡ ਦੇ ਹੀ ਸਰਕਾਰੀ ਸਕੂਲ 'ਚ ਤੀਜੀ ਤੇ ਪਹਿਲੀ ਜਮਾਤ 'ਚ ਪੜ੍ਹਦੀਆਂ ਹਨ। ਨੂਰ ਭੈਣਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਨਹੀਂ ਸੀ ਕਿ ਸੋਸ਼ਲ ਮੀਡੀਆ ਸਾਡੀਆਂ ਧੀਆਂ ਲਈ ਇਸ ਤਰ੍ਹਾਂ ਵਰਦਾਨ ਬਣ ਜਾਵੇਗਾ।


ਬੱਚਿਆਂ ਲਈ ਫ਼ਰਿਸ਼ਤਾ ਬਣ ਬਹੁੜੀ ਅਮਨਦੀਪ ਕੌਰ

ਫਰਵਰੀ ਮਹੀਨੇ ਲੌਂਗੋਵਾਲ ਸਕੂਲ ਵੈਨ ਹਾਦਸੇ 'ਚ ਅੱਗ ਦੀਆਂ ਲਾਟਾਂ 'ਚੋਂ ਚਾਰ ਬੱਚਿਆਂ ਨੂੰ ਬਚਾਉਣ ਵਾਲੀ 15 ਸਾਲ ਦੀ ਅਮਨਦੀਪ ਕੌਰ ਬਚਪਨ 'ਚ ਝਾਂਸੀ ਦੀ ਰਾਣੀ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੇ ਕਿੱਸੇ ਸੁਣਦੀ ਸੀ। ਇਨ੍ਹਾਂ ਕਿੱਸਿਆਂ ਨੇ ਉਸ ਅੰਦਰ ਦਲੇਰੀ ਦਾ ਇਹ ਜਜ਼ਬਾ ਭਰਿਆ। ਮਾਂ-ਬਾਪ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ ਪਰ ਮਾਮੇ ਨੇ ਅਮਨਦੀਪ ਦੇ ਹੋਸ਼ ਸੰਭਾਲਦਿਆਂ ਹੀ ਉਸ ਨੂੰ ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਇਸੇ ਦਾ ਨਤੀਜਾ ਨਿਕਲਿਆ ਕਿ ਅਮਨਦੀਪ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਸੜਦੀ ਵੈਨ 'ਚੋਂ ਚਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਜ ਹਰ ਕੋਈ ਉਸ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਉਸ ਨੂੰ 'ਬਹਾਦਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਹੈ। ਉਹ ਸਮਾਜ ਦੇ ਉਸ ਵਰਗ ਦੀ ਅਗਵਾਈ ਕਰਦੀ ਹੈ, ਜਿਸ 'ਚ ਕੁੜੀਆਂ ਨੂੰ ਕਮਜ਼ੋਰ ਤੇ ਬੇਵੱਸ ਨਹੀਂ ਸਮਝਿਆ ਜਾਂਦਾ। ਦੇਸ਼ ਦੀ ਪਹਿਲੀ ਮਹਿਲਾ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਅਮਨਦੀਪ ਕੌਰ ਦੀ ਆਦਰਸ਼ ਹੈ।ਅਮਨਦੀਪ ਪਿੰਡ ਦੇ ਛੋਟੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਤੇ ਉਨ੍ਹਾਂ ਦੇ ਸਕੂਲ ਜਾਣ 'ਚ ਵੀ ਮਦਦ ਕਰਦੀ ਹੈ। ਫਿਲਮੀ ਹੀਰੋਆਂ ਤੋਂ ਜ਼ਿਆਦਾ ਉਸ ਨੂੰ ਸੂਰਬੀਰਾਂ ਦੇ ਨਾਂ ਯਾਦ ਹਨ ਤੇ ਉਨ੍ਹਾਂ ਦੀਆਂ ਕਿਤਾਬਾਂ ਉਹ ਪੜ੍ਹਦੀ ਹੈ।


ਵੈਂਕਟੇਸ਼ ਨੇ ਦਿਖਾਇਆ ਐਂਬੂਲੈਂਸ ਨੂੰ ਰਾਹ

ਕਰਨਾਟਕ 'ਚ ਹੋਈ ਭਾਰੀ ਬਾਰਿਸ਼ ਕਾਰਨ ਕਰਨਾਟਕ ਵਿਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਸਨ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚੋਂ ਪਰਿਵਾਰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਏ। ਜ਼ਿਆਦਾਤਰ ਸੜਕਾਂ ਬੰਦ ਹੋ ਚੁੱਕੀਆਂ ਸਨ। ਅਜਿਹੇ 'ਚ ਕਰਨਾਟਕ ਦੇ ਰਾਏਚੂਰ ਜ਼ਿਲ੍ਹੇ 'ਚ 12 ਸਾਲਾ ਲੜਕੇ ਵੈਂਕਟੇਸ਼ ਨੇ ਐਂਬੂਲੈਂਸ ਨੂੰ ਰਸਤਾ ਦਿਖਾਇਆ ਤਾਂ ਜੋ ਉਹ ਸਹੀ ਸਲਾਮਤ ਮੁੱਖ ਮਾਰਗ ਤਕ ਪਹੁੰਚ ਜਾਵੇ। ਇਸ ਕੰਮ ਕਾਰਨ ਉਸ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵੈਂਕਟੇਸ਼ ਨੇ ਐਂਬੂਲੈਂਸ ਨੂੰ ਉਸ ਸਮੇਂ ਰਸਤਾ ਦਿਖਾਇਆ, ਜਦੋਂ ਉਸ ਨੇ ਇਕ ਪੁਲ ਤੋਂ ਲੰਘਣਾ ਸੀ। ਹੜ੍ਹ ਕਾਰਨ ਡਰਾਈਵਰ ਲਈ ਪੁਲ ਦੀ ਸਥਿਤੀ ਤੇ ਪਾਣੀ ਦੀ ਡੂੰਘਾਈ ਬਾਰੇ ਪਤਾ ਲਾਉਣਾ ਮੁਸ਼ਕਲ ਸੀ। ਇਸ ਦੌਰਾਨ ਵੈਂਕਟੇਸ਼ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ, ਤਾਂ ਉਸ ਨੇ ਐਂਬੂਲੈਂਸ ਨੂੰ ਦੇਖਿਆ ਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਲੱਕ-ਲੱਕ ਤਕ ਪਾਣੀ 'ਚ ਉਹ ਐਂਬੂਲੈਂਸ ਦੇ ਅੱਗੇ-ਅੱਗੇ ਦੌੜਦਾ ਰਿਹਾ, ਜਿਸ ਕਾਰਨ ਐਂਬੂਲੈਂਸ ਹੜ੍ਹ ਦੇ ਪਾਣੀ 'ਚੋਂ ਸੁਰੱਖਿਅਤ ਬਾਹਰ ਆ ਗਈ।


ਸਰੀਰਕ ਚੁਣੌਤੀਆਂ ਨਾ ਰੋਕ ਸਕੀਆਂ ਅਸ਼ੋਕ ਦਾ ਰਸਤਾ

ਸਰਕਾਰੀ ਹਾਈ ਸਕੂਲ ਗਰਲੋਬੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਅਸ਼ੋਕ ਕੁਮਾਰ ਭਾਵੇਂ ਬੌਧਿਕ ਰੂਪ 'ਚ ਅਸਮਰੱਥ ਹੈ ਪਰ ਉਸ ਦੀਆਂ ਸਹਿ-ਅਕਾਦਮਿਕ ਗਤੀਵਿਧੀਆਂ ਖ਼ਾਸ ਤੌਰ 'ਤੇ ਖੇਡਾਂ ਵਿਚ ਉਸ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ। ਉਹ ਇਕ ਗ਼ਰੀਬ ਮਾਂ-ਬਾਪ ਦਾ ਬੇਟਾ ਹੈ, ਜਿਸ ਦੇ ਪਿਤਾ ਜੂਸ ਵੇਚਦੇ ਹਨ ਪਰ ਘਰ ਦੀ ਗ਼ਰੀਬੀ ਤੇ ਸਰੀਰਕ ਕਮਜ਼ੋਰੀ ਉਸ ਦੇ ਰਾਹਾਂ 'ਚ ਰੋੜਾ ਨਾ ਬਣ ਸਕੀ। ਉਸ ਨੇ ਜ਼ਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ 'ਤੇ ਲਾਂਗ ਜੰਪ, ਸ਼ਾਟਪੁੱਟ ਤੇ ਅਥਲੈਟਿਕ 'ਚ ਭਾਗ ਲਿਆ ਅਤੇ ਕਈ ਗੋਲਡ ਮੈਡਲ ਜਿੱਤੇ। ਪਿਛਲੇ ਸਾਲ 2019 ਵਿਚ ਉਸ ਨੇ ਰਾਸ਼ਟਰੀ ਪੱਧਰ 'ਤੇ ਲੂਮ ਰੇਸ 'ਚ ਗੋਲਡ ਮੈਡਲ ਹਾਸਿਲ ਕਰ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੇ ਦਿਖਾ ਦਿੱਤਾ ਹੈ ਕਿ ਵਿਕਲਾਂਗਤਾ ਮਨੁੱਖ ਦੇ ਹੌਸਲੇ ਤੇ ਜਜ਼ਬੇ ਨੂੰ ਕਦੇ ਹਰਾ ਨਹੀਂ ਸਕਦੀ।


ਚੋਟੀ ਦੇ ਕਲਾਕਾਰ ਹੋਏ ਨੰਨ੍ਹੇ ਡਾਂਸਰ ਦੇ ਮੁਰੀਦ

ਸੁਪਰ ਡਾਂਸਰ ਚੈਪਟਰ-3 ਦਾ ਫਾਈਨਲਿਸਟ ਸਕਸ਼ਮ ਸ਼ਰਮਾ ਹੋਣਹਾਰ ਬੱਚਾ ਹੈ। ਜਦੋਂ ਉਹ ਬਹੁਤ ਛੋਟਾ ਸੀ ਤਾਂ ਉਸ ਦੀ ਮਾਂ ਨਾਲ ਬੁਰਾ ਹਾਦਸਾ ਹੋਇਆ। ਉਹ ਗੈਸ 'ਤੇ ਖਾਣਾ ਬਣਾ ਰਹੀ ਸੀ ਤੇ ਸਿਲੰਡਰ ਕੁਝ ਦਿਨਾਂ ਤੋਂ ਲੀਕ ਕਰ ਰਿਹਾ ਸੀ। ਅਚਾਨਕ ਸਿਲੰਡਰ 'ਚ ਧਮਾਕਾ ਹੋਇਆ ਤੇ ਉਸ ਦੀ ਮਾਂ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਕਸ਼ਮ ਤੇ ਉਸ ਦਾ ਭਰਾ ਜੋ ਅਜੇ ਸਿਰਫ਼ ਛੇ ਮਹੀਨੇ ਦਾ ਸੀ, ਤੋਂ ਉਸ ਦੀ ਮਾਂ ਸਦਾ ਲਈ ਦੂਰ ਹੋ ਗਈ। ਉਸ ਦੇ ਪਿਤਾ ਨੇ ਬੱਚਿਆਂ ਨੂੰ ਕਦੇ ਮਾਂ ਦੀ ਕਮੀ ਨਾ ਮਹਿਸੂਸ ਹੋਣ ਦਿੱਤੀ। ਬਚਪਨ ਤੋਂ ਹੀ ਡਾਂਸ ਦਾ ਸ਼ੌਕ ਰੱਖਣ ਵਾਲੇ ਸਕਸ਼ਮ ਨੂੰ ਜਦੋਂ ਮੌਕਾ ਮਿਲਿਆ ਤਾਂ ਉਸ ਨੇ ਨਾ ਸਿਰਫ਼ ਆਪਣੇ ਸ਼ਹਿਰ ਲੁਧਿਆਣਾ ਸਗੋਂ ਪੂਰੇ ਪੰਜਾਬ ਦਾ ਨਾਂ ਦੁਨੀਆ 'ਚ ਚਮਕਾ ਦਿੱਤਾ। ਸਿਰਫ਼ ਅੱਠ ਸਾਲ ਦੀ ਛੋਟੀ ਜਿਹੀ ਉਮਰ 'ਚ ਹੀ ਉੱਘੇ ਕਲਾਕਾਰ ਉਸ ਦੇ ਡਾਂਸ ਦੇ ਦੀਵਾਨੇ ਹੋ ਗਏ, ਜਿਸ ਸਦਕਾ ਉਹ ਸੁਪਰ ਡਾਂਸਰ ਦੇ ਟਾਪ-5 'ਚ ਪਹੁੰਚਿਆ।


ਕੁੜੀਆਂ ਲਈ ਪ੍ਰੇਰਨਾਸਰੋਤ ਬਣੀ ਮਹਿਕ

ਸਰਕਾਰੀ ਸਕੂਲ 'ਚ ਪੜ੍ਹਾ ਰਹੇ ਮਾਤਾ-ਪਿਤਾ ਦੀ ਹੋਣਹਾਰ ਧੀ ਮਹਿਕ ਨੇ ਨਾ ਸਿਰਫ਼ ਪੜ੍ਹਾਈ 'ਚ ਸਗੋਂ ਖੇਡਾਂ ਦੀ ਦੁਨੀਆ 'ਚ ਆਪਣੇ ਮਾਪਿਆਂ, ਸਕੂਲ ਤੇ ਜ਼ਿਲ੍ਹਾ ਨਵਾਂਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੇ ਮਾਪਿਆਂ ਦਾ ਕਹਿਣਾ ਕਿ 'ਜਾਲਮ ਕਹਿਣ ਬਲਾਵਾਂ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ।' ਉਸ ਨੇ 2018 'ਚ ਦਸਵੀਂ ਜਮਾਤ ਦੀ ਪ੍ਰੀਖਿਆ 'ਚੋਂ 97.84 ਫ਼ੀਸਦੀ ਨੰਬਰ ਲੈ ਕੇ ਜਿੱਥੇ ਪੰਜਾਬ ਵਿਚ 13ਵਾਂ ਰੈਂਕ ਹਾਸਲ ਕੀਤਾ, ਉੱਥੇ ਹੀ 2019 'ਚ ਲੁਧਿਆਣਾ ਵਿਖੇ ਹੋਈਆਂ ਸਕੂਲ ਪੱਧਰੀ ਰਾਸ਼ਟਰੀ ਖੇਡਾਂ ਵਿਚ ਵੁਸ਼ੂ ਖੇਡ 'ਚ ਪਹਿਲਾ ਸਥਾਨ ਹਾਸਿਲ ਕੀਤਾ। ਸਧਾਰਨ ਜਿਹੇ ਪਰਿਵਾਰ 'ਚ ਜਨਮੀ ਮਹਿਕ ਨਾ ਸਿਰਫ਼ ਆਪਣੀ ਉਮਰ ਦੇ ਬੱਚਿਆਂ ਲਈ ਮਿਸਾਲ ਹੈ ਸਗੋਂ ਹੋਰ ਕੁੜੀਆਂ ਲਈ ਪ੍ਰੇਰਨਾ ਦਾ ਸਬੱਬ ਬਣੀ। ਇਸ ਤੋਂ ਪਹਿਲਾਂ ਵੀ ਉਹ 2017 'ਚ ਜੰਮੂ-ਕਸ਼ਮੀਰ ਵਿਚ ਹੋਈਆਂ ਰਾਸ਼ਟਰੀ ਖੇਡਾਂ, 2018 ਵਿਚ ਰਾਂਚੀ (ਝਾਰਖੰਡ) 'ਚ ਹੋਈਆਂ ਰਾਸ਼ਟਰੀ ਖੇਡਾਂ 'ਵੁਸ਼ੂ' ਖੇਡ ਵਿਚ ਭਾਗ ਲੈ ਚੁੱਕੀ ਹੈ।


ਤੁਰਦਾ-ਫਿਰਦਾ ਗੂਗਲ ਹੈ ਹਰਿਆਣੇ ਦਾ ਕੌਟਲਿਆ

ਗੂਗਲ ਬੁਆਏ ਦੇ ਨਾਂ ਨਾਲ ਪ੍ਰਸਿੱਧ ਕੌਟਲਿਆ ਪੰਡਿਤ ਹੋਣਹਾਰ ਤੇ ਵਿਲੱਖਣ ਲੜਕਾ ਹੈ, ਜੋ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਨਾਲ ਸਬੰਧਤ ਹੈ। ਮਹਿਜ਼ ਪੰਜ ਸਾਲ ਦੀ ਉਮਰ 'ਚ ਹੀ ਦੇਸ਼-ਵਿਦੇਸ਼ 'ਚ ਨਾਮਣਾ ਖੱਟਣ ਵਾਲਾ ਲੜਕਾ, ਜਿਸ ਦਾ ਆਈਕਿਊ ਲੈਵਲ 130 ਹੈ, ਸਧਾਰਨ ਜਿਹੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਪੰਜ ਸਾਲ ਦੀ ਉਮਰ ਵਿਚ ਹੀ ਕਈ ਵਿਸ਼ਿਆਂ 'ਚ ਮੁਹਾਰਤ ਹਾਸਿਲ ਕਰ ਲਈ ਸੀ। ਉਸ ਨੂੰ ਹਰਿਆਣਾ ਸਰਕਾਰ ਵੱਲੋਂ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ ਤੇ 'ਕੌਣ ਬਣੇਗਾ ਕਰੋੜਪਤੀ' ਦੇ ਮੇਜ਼ਬਾਨ ਅਮਿਤਾਬ ਬੱਚਨ ਨਾਲ 2013 'ਚ ਬਾਲ ਦਿਵਸ ਮੌਕੇ ਕੇਬੀਸੀ ਨੂੰ ਸੰਚਾਲਤ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ। ਉਹ ਆਪਣੇ ਦਾਦਾ ਜੈਕ੍ਰਿਸ਼ਨ ਸ਼ਰਮਾ ਨੂੰ ਗੁਰੂ ਮੰਨਦਾ ਹੈ। ਕੌਟਲਿਆ ਨੂੰ ਬਾਲ ਮਨੀਸ਼ੀ ਵਰਗੀਆਂ ਕਈ ਪਦਵੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Posted By: Harjinder Sodhi