ਅੰਮ੍ਰਿਤ ਪਵਾਰ - ਭਾਰਤੀ ਕ੍ਰਿਕਟ ਟੀਮ 'ਚ ਰਹਿ ਕੇ ਯੋਗਰਾਜ ਸਿੰਘ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕਾ ਹੈ। ਕ੍ਰਿਕਟ ਛੱਡਣ ਤੋਂ ਬਾਅਦ ਮਰਹੂਮ ਪੰਜਾਬੀ ਅਦਾਕਾਰ ਤੇ ਫਿਲਮਸਾਜ਼ ਵਰਿੰਦਰ ਦੀ ਫਿਲਮ 'ਬਟਵਾਰਾ' ਨਾਲ ਅਦਾਕਾਰੀ ਦੇ ਖੇਤਰ 'ਚ ਆਏ ਯੋਗਰਾਜ ਨੇ ਪੰਜਾਬੀ ਸਿਨੇਮਾ 'ਚ ਆਪਣੀ ਵਿਲੱਖਣ ਪਛਾਣ ਬਣਾਈ। ਪੰਜਾਬੀ ਫਿਲਮ 'ਯਾਰ ਗ਼ਰੀਬਾਂ ਦਾ' ਨੇ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਸਥਾਪਤ ਕਰ ਦਿੱਤਾ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਯੋਗਰਾਜ ਸਿੰਘ ਹਰ ਫਿਲਮ ਲਈ ਲਾਜ਼ਮੀ ਹੋ ਗਿਆ। ਯੋਗਰਾਜ ਅਭਿਨੈ ਦਾ ਸਾਗਰ ਹੈ। 'ਅਣਖ ਜੱਟਾਂ ਦੀ' ਤੇ 'ਬਦਲਾ ਜੱਟੀ ਦਾ', 'ਲਲਕਾਰਾ ਜੱਟੀ ਦਾ' ਆਦਿ ਪੰਜਾਬੀ ਫਿਲਮਾਂ ਵਿਚ ਉਸ ਨੇ ਖਲਨਾਇਕ ਦੀ ਦਮਦਾਰ ਭੂਮਿਕਾ ਨਿਭਾਈ। ਇਸ ਦੌਰਾਨ ਯੋਗਰਾਜ ਸਿੰਘ ਤੇ ਅਦਾਕਾਰ ਗੱਗੂ ਗਿੱਲ ਦੀ ਜੋੜੀ ਪੰਜਾਬੀ ਫਿਲਮਾਂ ਵਿਚ ਸੁਪਰਹਿੱਟ ਹੋਈ। ਫਿਰ ਕਿਸੇ ਕਾਰਨ ਇਨ੍ਹਾਂ ਦੋਵਾਂ ਗੂੜ੍ਹੇ ਦੋਸਤਾਂ 'ਚ ਅਣਬਣ ਹੋ ਗਈ।

ਯੋਗਰਾਜ ਸਿੰਘ ਇਕ ਸਮੇਂ ਨਿਰਮਾਤਾ ਤੇ ਨਿਰਦੇਸ਼ਕ ਵੀ ਬਣਿਆ। 'ਜੱਟ ਪੰਜਾਬ ਦਾ', 'ਜਖ਼ਮੀ ਸ਼ੇਰ', 'ਜਖ਼ਮੀ ਜਗੀਰਦਾਰ', 'ਟਾਕਰੇ ਜੱਟਾਂ ਦੇ', ਸਮੇਤ ਅਣਗਿਣਤ ਪੰਜਾਬੀ ਫਿਲਮਾਂ 'ਚ ਉਸ ਨੇ ਨਾਇਕ ਦੀ ਭੂਮਿਕਾ ਨਿਭਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਸ ਦੀ ਜ਼ਿੰਦਗੀ 'ਚ ਕਈ ਜਵਾਰਭਾਟੇ ਵੀ ਆਏ ਪਰ ਉਸ ਨੇ ਕਦੇ ਸਿਦਕ ਨਹੀਂ ਹਾਰਿਆ। ਯੋਗਰਾਜ ਦਾ ਇਕ ਬੇਟਾ ਯੁਵਰਾਜ ਸਿੰਘ ਭਾਰਤੀ ਕ੍ਰਿਕਟ ਟੀਮ ਦਾ ਅਹਿਮ ਖਿਡਾਰੀ ਹੈ।

ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬੀ ਫਿਲਮਾਂ ਬਣੀਆਂ ਲਗਪਗ ਬੰਦ ਹੀ ਹੋ ਗਈਆਂ ਸਨ। ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ 'ਚ ਵੀ ਕੰਮ ਕੀਤਾ। ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਵੀ ਮੁੜ ਪਰਦੇ 'ਤੇ ਛਾਅ ਗਿਆ। ਪੰਜਾਬੀ ਫਿਲਮਾਂ 'ਗੋਰਿਆਂ ਨੂੰ ਦਫਾ ਕਰੋ' ਤੋਂ ਲੈ ਕਿ 'ਸੱਜਣ ਸਿੰਘ ਰੰਗਰੂਟ' ਤੇ ਗੁੱਗੂ ਗਿੱਲ ਨਾਲ ਇਸ ਸਾਲ ਰਿਲੀਜ਼ ਹੋਈ ਫਿਲਮ 'ਦੁੱਲਾ ਵੈਲੀ' ਤਕ ਉਸ ਨੇ ਇਕ ਵਾਰ ਫਿਰ ਦਮਾਦਰ ਕਿਰਦਾਰ ਨਿਭਾਏ।

ਪੰਜਾਬੀ ਫਿਲਮ '25 ਕਿੱਲੇ' ਤੇ 'ਦੁੱਲਾ ਵੈਲੀ' ਵਿਚ ਦਰਸ਼ਕਾਂ ਨੇ ਲੰਬੇ ਅਰਸੇ ਬਾਅਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ। ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਦੋਵਾਂ ਵਿਚ ਮੁੜ ਭਰਾਵਾਂ ਵਾਲਾ ਪਿਆਰ ਹੋ ਗਿਆ ਹੈ। ਜਦੋਂ ਯੋਗਰਾਜ ਸਿੰਘ ਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਬਾਰੇ ਇਕ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਵਿਚ ਕਿਹਾ ਕਿ ਉਹ ਹਰ ਵਾਰ ਕੁਝ ਨਵਾਂ ਕਰਨ ਦੀ ਤਮੰਨਾ ਰੱਖਦਾ ਹੈ। ਇਸੇ ਲਈ ਉਹ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਫਿਲਮਾਂ ਵਿਚ ਨਿਭਾਉਂਦਾ ਰਹਿੰਦਾ ਹੈ। ਉਸ ਨੂੰ ਬਾਇਓਪਿਕ ਤੇ ਇਤਿਹਾਸਕ ਫਿਲਮਾਂ ਵਿਚ ਕੰਮ ਕਰਨਾ ਕਾਫ਼ੀ ਚੰਗਾ ਲਗਦਾ ਹੈ। 'ਤਾਰਾ ਮੀਰਾ', 'ਲੁੱਕਣਮੀਟੀ', 'ਪੰਜਾਬ ਦੇ ਸ਼ੌਕੀਨ ਗੱਭਰੂ', 'ਹੇਰਾ ਫੇਰੀਆਂ' ਸਮੇਤ ਦਰਜਨ ਦੇ ਕਰੀਬ ਯੋਗਰਾਜ ਸਿੰਘ ਦੀਆਂ ਨਵੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਾਡੀ ਮਰਜ਼ੀ' ਵਿਚ 25 ਸਾਲ ਬਾਅਦ ਯੋਗਰਾਜ ਸਿੰਘ ਆਪਣੀ ਜੀਵਨ ਸਾਥਣ ਤੇ ਅਦਾਕਾਰਾ ਨੀਨਾ ਸਿੱਧੂ ਨਾਲ ਅਦਾਕਾਰੀ ਕਰਦਾ ਨਜ਼ਰ ਆਇਆ ਹੈ। ਵੈਸੇ ਇਸ ਤੋਂ ਪਹਿਲਾਂ ਵੀ ਇਹ ਜੋੜੀ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

ਯੋਗਰਾਜ ਸਿੰਘ ਦਾ ਸੁਭਾਅ ਸ਼ੁਰੂ ਤੋਂ ਹੀ ਜਜ਼ਬਾਤੀ ਤੇ ਇਨਸਾਨੀਅਤ ਭਰਿਆ ਹੈ। ਉਸ ਦੀ ਖ਼ਾਸੀਅਤ ਹੈ ਕਿ ਉਹ ਹਰ ਗੱਲ ਮੂੰਹ 'ਤੇ ਕਹਿਣ ਵਿਚ ਵਿਸ਼ਵਾਸ ਰੱਖਦਾ ਹੈ। ਉਸ ਦੀ ਇਹ ਵੀ ਇਕ ਦਿਲੀਂ ਤਮੰਨਾ ਹੈ ਕਿ ਉਸ ਦੀ ਜ਼ਿੰਦਗੀ ਬਾਰੇ ਵੀ ਕੋਈ ਬਾਇਓਪਿਕ ਬਣੇ। ਵੈਸੇ ਪਾਲੀਵੁੱਡ ਵਾਂਗ ਕਈ ਬਾਲੀਵੁੱਡ ਫਿਲਮਾਂ 'ਚ ਵੀ ਯੋਗਰਾਜ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹੈ।

Posted By: Harjinder Sodhi