‘ਲੱਗੀ ਨਜ਼ਰ ਪੰਜਾਬ ਨੂੰ ਕੋਈ ਆਣ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਤੋਂ ਵਾਰੋ।’ ਪੰਜਾਬ ਦੇ ਅਜੋਕੇ ਹਾਲਾਤ ਦੇਖ ਕੇ ਮੁੜ-ਮੁੜ ਇਹ ਸਤਰਾਂ ਚੇਤੇ ਆਉਂਦੀਆਂ। ਜਿਹੜੇ ਪੰਜਾਬ ਨੂੰ ਕਿਸੇ ਵੇਲੇ ਸੋਨੇ ਦੇ ਚਿੜੀ, ਖ਼ੁਸ਼ਹਾਲ ਤੇ ਰੰਗਲਾ ਪੰਜਾਬ ਮੰਨਿਆ ਜਾਂਦਾ ਸੀ, ਉੱਥੇ ਚਿੱਟੇ ਦਿਨ ਕਤਲ ਹੋ ਰਹੇ ਹਨ। ਸਮਾਜ ’ਚ ਅਜਿਹਾ ਬਹੁਤ ਕੁਝ ਹੋ-ਵਾਪਰ ਰਿਹਾ, ਜੋ ਉਚੇਚੇ ਧਿਆਨ ਦੀ ਮੰਗ ਕਰਦਾ। ਨਿੱਤ ਦਿਨ ਚੱਲਦੀਆਂ ਗੋਲ਼ੀਆਂ ਦੀਆਂ ਘਟਨਾਵਾਂ ਨੇ ਖ਼ੌਫ ਪੈਦਾ ਕੀਤਾ ਹੋਇਆ, ਤਾਂ ਇਹੋ ਗੀਤ ਜ਼ਿਹਨ ’ਚ ਆਉਂਦਾ ‘ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ।’ ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ ਹੈ ਪਰ ਹੁਣ ਤਾਂ ਇਉਂ ਲੱਗ ਰਿਹੈ ਜਿਵੇਂ ਅਜੋਕੇ ਗਾਇਕਾਂ ਨੇ ਆਪਣੀ ਜ਼ਮੀਰ ਨੂੰ ਪੰਜਾਬੀਆਂ ਦੇ ਦੁਸ਼ਮਣਾਂ ਕੋਲ ਗਹਿਣੇ ਰੱਖ ਦਿੱਤਾ ਹੋਵੇ। ਅਜੋਕੇ ਗੀਤ ਤਾਂ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਚੱੁਕਣ ਦੀ ਬਜਾਇ ਹਥਿਆਰ ਚੱੁਕਣ ਨੂੰ ਤਰਜੀਹ ਦੇ ਰਹੇ ਹਨ।

ਬੀਤੇ ਦਿਨੀਂ ਸ਼ੱੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਕੀ ਬਣੂ ਉਸ ਮਾਂ-ਬਾਪ ਦਾ, ਜਿਨ੍ਹਾਂ ਜਿਉਂਦੇ ਜੀਅ ਪੱੁਤ ਨੂੰ ਮੋਢੇ ’ਤੇ ਚੱੁਕ ਅਲਵਿਦਾ ਆਖਿਆ। ਭਾਵੇਂ ਬਹੁਤੇ ਉਸ ਦੀ ਗਾਇਕੀ ਦੇ ਪ੍ਰਸ਼ੰਸਕ ਨਹੀਂ ਸਨ ਪਰ ਉਸ ਦੀ ਮੌਤ ’ਤੇ ਧੁਰ ਅੰਦਰੋਂ ਦੁਖੀ ਹੋਏ। ਮਾਪਿਆਂ ਦਾ ’ਕੱਲਾ-’ਕੱਲਾ ਪੱੁਤ ਗੈਂਗਸਟਰਾਂ ਨੇ ਖੋਹ ਲਿਆ। ਪੰਜਾਬੀ ਗਾਇਕਾਂ ਦੇ ਗੈਂਗਸਟਰੀ ਰੂਪ ਦੀ ਚਰਚਾ ਮੁੜ ਛਿੜੀ ਹੈ। ਕਿੰਨਾ ਦਹਿਸ਼ਤ ਭਰਿਆ ਸ਼ਬਦ ਹੈ ਗੈਂਗਸਟਰ। ਪਹਿਲਾਂ-ਪਹਿਲ ਇਨ੍ਹਾਂ ਨੂੰ ਗੋਲ਼ੀਆਂ ਚਲਾਉਂਦਿਆਂ ਫਿਲਮਾਂ ’ਚ ਦੇਖਦੇ ਸਾਂ ਪਰ ਹੁਣ ਪੰਜਾਬ ਦੀਆਂ ਸੜਕਾਂ ’ਤੇ ਵੀ ਦਿਸ ਪੈਂਦੇ ਨੇ। ਹੁਣ ਇੱਥੇ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਕਾਰਾਂ-ਗਾਇਕਾਂ ਲਈ ਸਵਾਲ ਤਾਂ ਪੈਦਾ ਇਹ ਹੰੁਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਉਹ ਟਾਹਣਾ ਹੀ ਵੱਢ ਦਿੱਤਾ, ਜਿਸ ’ਤੇ ਤੁਸੀਂ ਖ਼ੁਦ ਬੈਠੇ ਹੋ? ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿ ਫਲਾਣੇ ਗੈਂਗਸਟਰ ਨਾਲ ਮੁਕਾਬਲਾ, ਸੜਕ ’ਤੇ ਚੱਲੀਆਂ ਸ਼ਰੇਆਮ ਗੋਲ਼ੀਆਂ, ਗੋਲ਼ੀਆਂ ਨਾਲ ਇੰਨੇ ਮਰੇ ਵਗੈਰਾ-ਵਗੈਰਾ। ਗੀਤਾਂ ’ਚ ਸ਼ਰੇਆਮ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹੈ। ਇਹ ਸਭ ਖ਼ਬਰਾਂ ਦੇਖ ਕੇ ਸੋਚੀਂ ਪੈ ਜਾਂਦਾ ਕਿ ਪੰਜਾਬ ਦੀ ਜਵਾਨੀ ਨੂੰ ਹੋ ਕੀ ਗਿਆ, ਇਹ ਕਿਹੜੀ ਮਿੱਟੀ ਦੇ ਬਣੇ ਹੋਏ, ਜਿਹੜੇ ਮਰਨ ਤੋਂ ਜ਼ਰਾ ਵੀ ਨਹੀਂ ਡਰਦੇ। ਬੰਦੇ ਨੂੰ ਮਾਰਨ ਲੱਗਿਆਂ ਜ਼ਰਾ ਨਹੀਂ ਸੋਚਦੇ ਕਿ ਇਸ ਦੇ ਮਾਪੇ ਵੀ ਘਰੇ ਪੱੁਤ ਨੂੰ ਉਡੀਕਦੇ ਹੋਣਗੇ, ਭੈਣ ਰਾਹ ਤੱਕਦੀ ਹੋਵੇਗੀ ਕਿ ਵੀਰਾ ਅਜੇ ਘਰ ਨਹੀਂ ਆਇਆ। ਬੰਦਾ ਜਦੋਂ ਇਕ ਵਾਰੀ ਗ਼ਲਤ ਰਾਹੇ ਪੈ ਜਾਂਦਾ, ਫਿਰ ਮੁੜਨਾ ਔਖਾ। ਗੈਂਗਸਟਰਾਂ ਬਾਰੇ ਕਿਤੇ ਪੜ੍ਹਿਆ ਮੈਂ, ‘ਹਥਿਆਰ ਚੱੁਕਣੇ ਤਾਂ ਸੌਖੇ ਪਰ ਰੱਖਣੇ ਬਹੁਤ ਔਖੇ।’ ਗੈਂਗਸਟਰ ਬਣਨ ਮਗਰੋਂ ਹਰ ਵੇਲੇ ਮੌਤ ਦਾ ਡਰ ਸਤਾਉਂਦਾ ਕਿ ਕੀ ਪਤਾ ਕਿਧਰੋਂ ਗੋਲ਼ੀ ਲੰਘ ਜਾਣੀਂ ਆ। ਨੌਜਵਾਨ ਪੀੜ੍ਹੀ ਨੂੰ ਚਾਹੀਦਾ ਕਿ ਇਹੋ ਜਿਹੇ ਰਾਹ ’ਤੇ ਬਿਲਕੁਲ ਤੁਰੇ ਹੀ ਨਾ, ਜਿੱਥੇ ਜੰਮਣ ਵਾਲਿਆਂ ਦੀ ਜਾਨ ਹਮੇਸ਼ਾ ਕੁੜਿੱਕੀ ’ਚ ਫਸੀ ਰਹੇ।

ਖ਼ੈਰ! ਪਿਛਲੇ ਦਿਨੀਂ ਮੱੁਖ ਮੰਤਰੀ ਭਗਵੰਤ ਮਾਨ ਨੇ ਲੱਚਰ ਗਾਇਕੀ, ਮਾਰਧਾੜ ਤੇ ਹਿੰਸਕ ਗੀਤਾਂ ਵਾਲੇ ਗਾਇਕਾਂ ’ਤੇ ਵੀ ਕਾਰਵਾਈ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਦਾ ਇਹ ਉਪਰਾਲਾ ਚੰਗਾ ਲੱਗਿਆ। ਸੋਚਿਆ ਕਿ ਹੁਣ ਮਾੜੀ ਗਾਇਕੀ ਨੂੰ ਠੱਲ੍ਹ ਪੈ ਜਾਵੇਗੀ। ਜਿਹੜੇ ਮਾੜੇ ਗਾਉਂਦੇ, ਉਹ ਚੰਗਾ ਗਾਉਣ ਦੀ ਕੋਸ਼ਿਸ਼ ਕਰਨਗੇ। ਫਿਰ ਧਿਆਨ ’ਚ ਆਉਂਦਾ ਕਿ ਇਨ੍ਹਾਂ ਗਾਇਕਾਂ ਦਾ ਇੱਕੋ ਤਰਕ ਹੰੁਦਾ ਕਿ ਲੋਕ ਸੁਣਦੇ ਤਾਂ ਅਸੀਂ ਗਾਉਂਦੇ ਹਾਂ। ਕੁਝ ਸਮਾਂ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਵੀ ਗਾਇਕਾਂ-ਗੀਤਕਾਰਾਂ ਨਾਲ ਚੰਗੀ ਗਾਇਕੀ ਨੂੰ ਪ੍ਰਫੱੁਲਤ ਕਰਨ ਲਈ ਮੀਟਿੰਗਾਂ ਕੀਤੀਆਂ ਸਨ ਪਰ ਉਹ ਸਿਰਫ਼ ਮੀਟਿੰਗਾਂ ਤਕ ਸੀਮਤ ਰਹੀਆਂ। ਦੇਖਣ ’ਚ ਉਦੋਂ ਇਹ ਆਇਆ ਕਿ ਹਿੰਸਕ, ਮਾਰਧਾੜ ਵਾਲੇ ਗੀਤ ਗਾਉਣ ਵਾਲੇ ਤਾਂ ਗਾਇਕ ਤਾਂ ਇਨ੍ਹਾਂ ਮੀਟਿੰਗਾਂ ’ਚ ਆਏ ਹੀ ਨਹੀਂ। ਸਾਡਾ ਵਿਰਸਾ ਗੰਧਲਾ ਹੋ ਗਿਆ, ਮਾਵਾਂ ਦੇ ਪੱੁਤ ਨਿੱਤ ਮਰ ਰਹੇ। ਅਸੀਂ ਸਰਕਾਰਾਂ ’ਚ ਕਸੂਰ ਕੱਢਦੇ ਹਾਂ ਤਾਂ ਸਰਕਾਰਾਂ ਸਾਡੇ ’ਚ। ਸਰਕਾਰਾਂ ਵੀ ਤਾਂ ਸਾਡੀਆਂ ਬਣਾਈਆਂ ਹੋਈਆਂ ਹਨ। ਜਦੋਂ ਹਥਿਆਰਾਂ ਵਾਲੇ ਗੀਤ ਸੁਣਦਾ ਤਾਂ ਸੋਚਦਾਂ ਕਿ ਗਾਇਕਾਂ ਨੂੰ ਕੋਈ ਪਰਵਾਹ ਨਹੀਂ ਹੰੁਦੀ ਕਿ ਲੋਕ ਵਿਰੋਧ ਕਰਨਗੇ? ਉਹ ਸੋਚਦੇ ਹੋਣੇ ਕਿ ਏਦਾਂ ਦੇ ਮਾਰਧਾੜ ਵਾਲੇ ਗੀਤ ਸੁਣ ਪੰਜਾਬੀਆਂ ਦੀ ਖੰੁਢੀ ਸੋਚ ਨੂੰ ਕੀ ਫ਼ਰਕ ਪੈਣਾ। ਨਵੇਂ ਪੂਰ ਦੇ ਵੱਡੇ ਹਿੱਸੇ ਨੇ ਕਿਵੇਂ ਪੰਜਾਬੀ ਗਾਇਕੀ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ।

ਪਹਿਲਾਂ ਗੀਤਾਂ ’ਚ ਗਾਇਕਾਂ ਦੇ ਹੱਥ ਤੰੂਬੀਆਂ ਦਿਸਦੀਆਂ ਸਨ ਤੇ ਹੁਣ ਬੰਦੂਕਾਂ, ਰਿਵਾਲਵਰ ਦਿਸਦੇ ਹਨ। ਅਸਲ ’ਚ ਹਥਿਆਰਾਂ ਦੀ ਮਹਿਮਾ ਕਰਨ ਵਾਲੇ ਇਹ ਲੋਕ ਕਲਾਕਾਰ ਕਹਾਉਣ ਦੇ ਹੱਕਦਾਰ ਨਹੀਂ। ਪੰਜਾਬ ਦੇ ਵਿਰਸੇ ਨਾਲ ਇਨ੍ਹਾਂ ਦਾ ਕੋਈ ਤਾਅਲੁਕ ਨਹੀਂ। ਹੁਣ ਵੀ ਸਮਝ ਜਾਓ। ਅਜਿਹੇ ਗੀਤਾਂ ਨੂੰ ਮਿੱਟੀ ’ਚ ਮਿਲਾ ਦਿਓ, ਇਸੇ ’ਚ ਭਲਾਈ ਹੈ। ਆਓ ਮਿਲ ਕੇ ਹੰਭਲਾ ਮਾਰੀਏ। ਪੰਜਾਬ ਨੂੰ ਪੰਜਾਬ ਹੀ ਬਚਾ ਸਕਦਾ ਹੈ।

Posted By: Harjinder Sodhi