ਪੰਜਾਬੀ ਸੱਭਿਆਚਾਰ ਵਿਚ ਗੀਤ-ਸੰਗੀਤ ਦੀ ਪ੍ਰੰਪਰਾ ਬਹੁਤ ਪੁਰਾਣੀ ਏ ਪਰ ਅਜੋਕੇ ਪੰਜਾਬੀ ਸੱਭਿਆਚਾਰ ’ਤੇ ਪੱਛਮੀ ਸੱਭਿਆਚਾਰ ਪੂਰੀ ਤਰ੍ਹਾਂ ਭਾਰੂ ਹੋ ਗਿਐ ਤੇ ਸਾਡਾ ਪੰਜਾਬੀ ਸੰਗੀਤ ਆਪਣੀਆਂ ਲੀਹਾਂ ਤੋਂ ਪੂਰੀ ਤਰ੍ਹਾਂ ਉਤਰ ਚੁੱਕਿਐ। ਅੱਜ ਜਿਹੜੇ ਹਾਲਾਤਾਂ ’ਚੋਂ ਸਾਡਾ ਪੰਜਾਬੀ ਸੰਗੀਤ ਗੁਜ਼ਰ ਰਿਹਾ, ਦੇਖ ਕੇ ਤਾਂ ਇਉਂ ਜਾਪਦਾ ਕਿ ਇਸ ਦਾ ਕੋਈ ਵਾਲ੍ਹੀ-ਵਾਰਿਸ ਹੀ ਨਹੀਂ ਹੈ। ਦਿਨੋਂ-ਦਿਨ ਪੰਜਾਬੀ ਸੰਗੀਤ ਵਿਚ ਅਸ਼ਲੀਲ ਗਾਇਕੀ ‘ਅਮਰ ਵੇਲ’ ਵਾਂਗ ਵੱਧਦੀ ਜਾ ਰਹੀ ਹੈ, ਜਿਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਾਂ ਅਸੀਂ, ਜੋ ਇਹ ਸਭ ਕੁਝ ਚੁੱਪ-ਚਾਪ ਸੁਣੀਂ-ਦੇਖੀ ਜਾ ਰਹੇ ਹਾਂ, ਕਲਾਕਾਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਤੇ ਇਨ੍ਹਾਂ ਫਨਕਾਰਾਂ ਦੇ ਹੌਸਲੇ ਓਨੇ ਹੀ ਬੁਲੰਦ ਹੋ ਰਹੇ ਹਨ।

ਅਜੋਕੀ ਗਾਇਕੀ ਦਾ ਦੌਰ ਕਿਸੇ ਤੋਂ ਲੁਕਿਆ ਨਹੀਂ

ਪਿਛਲੇ ਕੁਝ ਅਰਸੇ ਤੋਂ ਕੁਝ ਐਸੇ ਮਾਰਧਾੜ ਵਾਲੇ ਗੀਤ ਸਾਹਮਣੇ ਆਏ, ਜਿਨ੍ਹਾਂ ਵਿਚ ਪੰਜਾਬੀਆਂ ਦੀ ਬਹਾਦਰੀ ਦੀ ਬਜਾਇ ਨਾਂਹ-ਪੱਖੀ ਕਿਰਦਾਰ ਹੀ ਸਾਹਮਣੇ ਆਇਆ। ਇਨ੍ਹਾਂ ਗੀਤਾਂ ਦਾ ਨਤੀਜਾ ਵੀ ਕਈ ਵਾਰ ਸਟੇਜਾਂ ਉਤੇ ਗਾਇਕਾਂ ਨੂੰ ਖ਼ੁਦ ਹੀ ਭੁਗਤਣਾ ਪੈਂਦਾ। ਅਜੋਕੀ ਗਾਇਕੀ ਨੂੰ ਦੇਖਦਿਆਂ ਇੰਝ ਲੱਗ ਰਿਹਾ, ਜਿਵੇਂ ਜੱਟ, ਪਿਸਟਲ, ਕੁੜੀ ਦੇ ਵਿਸ਼ੇ ਬਿਨਾਂ ਕੋਈ ਗੀਤ ਹਿੱਟ ਹੀ ਨਾ ਹੋਣਾ ਹੋਵੇ। ਗੱਲ ਇਹ ਵੀ ਬਿਲਕੁਲ ਸੱਚ ਏ ਕਿ ਜੋ ਉਹ ਗਾਉਂਦੇ ਹਨ, ਅਸੀਂ ਉਨ੍ਹਾਂ ਗੀਤਾਂ ਨੂੰ ਅੰਬਰੀਂ ਹੀ ਏਨਾ ਕੁ ਚਾੜ੍ਹ ਦਿੰਦੇ ਕਿ ਸੋਸ਼ਲ ਮੀਡੀਆ ’ਤੇ ਦੋ-ਚਾਰ ਦਿਨਾਂ ਮਗਰੋਂ ਇਨ੍ਹਾਂ ਕਲਾਕਾਰਾਂ ਦੀ ਪੋਸਟ ਹੁੰਦੀ ਕਿ ਇੰਨੇ ਮਿਲੀਅਨ ਵਿਊ ਹੋ ਗਏ, ਇਹ ਸਿਰਫ਼ ਤੁਹਾਡੇ ਪਿਆਰ ਸਦਕਾ ਹੀ ਏ। ਅਜੋਕੀ ਪੰਜਾਬੀ ਗਾਇਕੀ ਦਾ ਚੱਲ ਰਿਹਾ ਦੌਰ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ। ਅਜੋਕੇ ਕਥਿਤ ਗਾਇਕ ਤੇ ਗੀਤਕਾਰ ਦੋਵੇਂ ਹੀ ਨਾ ਤਾਂ ਸੱਭਿਆਚਾਰਕ ਤੌਰ ’ਤੇ ਸੁਚੇਤ ਹਨ ਤੇ ਨਾ ਹੀ ਘਟੀਆ ਗਾਇਕੀ-ਗੀਤਕਾਰੀ ਕਾਰਨ ਗਿਰ ਰਹੀਆਂ ਕਦਰਾਂ-ਕੀਮਤਾਂ ਪ੍ਰਤੀ ਫ਼ਿਕਰਮੰਦ ਹਨ। ਅੱਜ ਇਸੇ ਗੰਨ ਕਲਚਰ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ।

ਪਹਿਲਾਂ ਗੀਤਾਂ ’ਚ ਦਿਸਦੀਆਂ ਸਨ ਤੂੰਬੀਆਂ

ਜਦੋਂ ਹਥਿਆਰਾਂ ਵਾਲੇ ਗੀਤ ਸੁਣਦਾ ਤਾਂ ਸੋਚਦਾਂ ਕਿ ਗਾਇਕਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਲੋਕ ਵਿਰੋਧ ਕਰਨਗੇ? ਪਹਿਲਾਂ ਗੀਤਾਂ ’ਚ ਗਾਇਕਾਂ ਦੇ ਹੱਥ ਵਿਚ ਤੂੰਬੀਆਂ ਦਿਸਦੀਆਂ ਸਨ ਤੇ ਹੁਣ ਬੰਦੂਕਾਂ, ਰਿਵਾਲਵਰ ਦਿਸਦੇ ਹਨ। ਕਦੋਂ ਮੁੱਕਣਗੇ ਪੰਜਾਬੀ ਗਾਇਕੀ ’ਚੋਂ ਅਜਿਹੇ ‘ਨਦੀਨ’। ਇਨ੍ਹਾਂ ਗੀਤਾਂ ਨਾਲ ਸਾਡੇ ਸੱਭਿਆਚਾਰ ’ਤੇ ਜੋ ਪ੍ਰਭਾਵ ਪਿਆ, ਉਸ ਤੋਂ ਅਸੀਂ ਸਭ ਭਲੀਭਾਂਤ ਵਾਕਿਫ਼ ਹਾਂ, ਕੁਝ ਵੀ ਲੁਕਿਆ ਨਹੀਂ। ਇਹੀ ਕਾਰਨ ਹੈ ਕਿ ਅਜੋਕੀ ਨੌਜਵਾਨੀ ਅੱਜ ਇਨ੍ਹਾਂ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨ ਕੁਰਾਹੇ ਪਈ ਹੋਈ ਹੈ। ਸਮਾਜ ’ਚ ਅਜਿਹਾ ਬਹੁਤ ਕੁਝ ਹੋ-ਵਾਪਰ ਰਿਹਾ, ਜੋ ਉਚੇਚੇ ਧਿਆਨ ਦੀ ਮੰਗ ਕਰਦਾ। ਨਿੱਤ ਦਿਨ ਚੱਲਦੀਆਂ ਗੋਲ਼ੀਆਂ ਦੀਆਂ ਘਟਨਾਵਾਂ ਨੇ ਖ਼ੌਫ ਪੈਦਾ ਕੀਤਾ ਹੋਇਆ, ਤਾਂ ਇਹੋ ਗੀਤ ਜ਼ਿਹਨ ’ਚ ਆਉਂਦਾ ‘ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ।’ ਕੁਝ ਸਮਾਂ ਪਹਿਲਾਂ ਸ਼ੱੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮਾਪਿਆਂ ਦਾ ’ਕੱਲਾ-’ਕੱਲਾ ਪੱੁਤ ਗੈਂਗਸਟਰਾਂ ਨੇ ਖੋਹ ਲਿਆ। ਉਦੋਂ ਪੰਜਾਬੀ ਗਾਇਕਾਂ ਦੇ ਗੈਂਗਸਟਰੀ ਰੂਪ ਦੀ ਚਰਚਾ ਮੁੜ ਛਿੜੀ। ਗੀਤਾਂ ’ਚ ਸ਼ਰੇਆਮ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਇਹ ਸਭ ਕੁਝ ਦੇਖ-ਸੁਣ ਸੋਚੀਂ ਪੈ ਜਾਂਦਾ ਕਿ ਪੰਜਾਬ ਦੀ ਜਵਾਨੀ ਕਿਹੜੇ ਰਾਹੇ ਤੁਰੀ ਹੋਈ ਹੈ, ਜਦੋਂਕਿ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਤਾਂ ਇਹ ਕਿ ਇਹੋ ਜਿਹੇ ਰਾਹ ’ਤੇ ਬਿਲਕੁਲ ਜਾਵੇ ਹੀ ਨਾ, ਜਿੱਥੇ ਜੰਮਣ ਵਾਲਿਆਂ ਦੀ ਜਾਨ ਹਮੇਸ਼ਾ ਕੁੜਿੱਕੀ ’ਚ ਫਸੀ ਰਹੇ।

ਕਲਾਕਾਰਾਂ ਦਾ ਕੰਮ ਹੁੰਦੈ ਲੋਕਾਂ ਨੂੰ ਪਰਚਾਉਣਾ

ਮੇਰੇ ਵਰਗੇ ਬਹੁਤਿਆਂ ਨੂੰ ਤਾਂ ਹਥਿਆਰਾਂ ਦੇ ਨਾਂ ਵੀ ਨਹੀਂ ਪਤਾ ਹੋਣਾ ਪਰ ਹੁਣ ਗੀਤਾਂ ’ਚ ਹਥਿਆਰਾਂ ਦੇ ਨਵੇਂ-ਨਵੇਂ ਨਾਂ ਸੁਣਨ ਨੂੰ ਮਿਲਦੇ ਨੇ। ਬੜੀ ਤ੍ਰਾਸਦੀ ਕਿ ਸਾਡੀ ਨੌਜਵਾਨ ਪੀੜ੍ਹੀ ਇਨ੍ਹਾਂ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨ ਉਹੀ ਸਭ ਕੁਝ ਕਰ ਰਹੀ, ਜੋ ਕੁਝ ਇਨ੍ਹਾਂ ਗੀਤਾਂ ’ਚ ਦੇਖ ਰਹੇ। ਅਸਲ ’ਚ ਹਥਿਆਰਾਂ ਦੀ ਮਹਿਮਾ ਗਾਉਣ ਵਾਲੇ ਇਹ ਲੋਕ ਗਵੱਈਏ ਕਹਾਉਣ ਦੇ ਹੱਕਦਾਰ ਨਹੀਂ। ਕਲਾਕਾਰ ਦਾ ਕੰਮ ਦੁਖੀ ਲੋਕਾਂ ਨੂੰ ਹਸਾਉਣਾ, ਸਮਝਾਉਣਾ ਤੇ ਪਰਚਾਉਣਾ ਹੰੁਦਾ। ਜੇ ਹੁਣ ਕਲਾਕਾਰ ਹੀ ਲੋਕਾਂ ਮੂਹਰੇ ਬੰਦੂਕਾਂ ਲੈ ਕੇ ਜਾਵੇਗਾ ਤਾਂ ਲੋਕ ਗਵੱਈਆ ਨਹੀਂ ਫੁਕਰਾ ਕਹਿਣਗੇ।

ਵਿਆਹਾਂ ’ਚ ਫਾਇਰ ਕਰਨੇ ਕੋਈ ਨਵੀਂ ਗੱਲ ਨਹੀਂ

ਇਹ ਕੋਈ ਨਵੀਂ ਗੱਲ ਨਹੀਂ, ਜਦੋਂ ਵਿਆਹਾਂ ’ਚ ਗੋਲ਼ੀਆਂ ਚਲਾਈਆਂ ਜਾਂਦੀਆਂ। ਜਦੋਂ ਕੋਈ ਅਣਹੋਣੀ ਵਾਪਰ ਜਾਂਦੀ ਤਾਂ ਇਕ-ਦੋ ਦਿਨ ਸੁਰਖੀਆਂ ’ਚ ਰਹਿਣ ਪਿੱਛੋਂ ਗੱਲ ਫਿਰ ਖ਼ਬਰ ਹੀ ਰਹਿ ਜਾਂਦੀ। ਪਿੱਛੇ ਜਿਹੇ ਬਟਾਲਾ ਸਾਈਡ ਇਕ ਸਮਾਗਮ ’ਚ ਤਿੰਨ ਮੰੁਡਿਆਂ ਨੇ ਇਕ ਔਰਤ ਨਾਲ ਛੇੜਖਾਨੀ ਕੀਤੀ, ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਨੂੰ ਗੋਲ਼ੀ ਮਾਰ ਦਿੱਤੀ। ਕੁਝ ਸਾਲ ਪਹਿਲਾਂ ਜਲੰਧਰ ਦਾ ਇਕ ਮੰਚ ਸੰਚਾਲਕ ਅੰਮਿ੍ਰਤਸਰ ’ਚ ਇਸ ਫੁਕਰਪੁਣੇ ਦਾ ਸ਼ਿਕਾਰ ਹੋਇਆ। ਸਕੂਨ ਦਿੰਦੀ ਗਾਇਕੀ ਹੁਣ ਬਦਮਾਸ਼ੀ ਤੇ ਫੁਕਰਪੁਣੇ ’ਚ ਬਦਲ ਗਈ ਹੈ। ਪ੍ਰਵਚਨ ਕਰਦੇ ਸਾਧ-ਸਾਧਵੀਆਂ ਵੀ ਰੱਬ ਨਾਲ ਲਿਵ ਜੋੜਦੇ-ਜੋੜਦੇ ਸਿੱਧੇ ਰੱਬ ਕੋਲ ਪਹੰੁਚਾ ਦਿੰਦੇ ਹਨ। ਕਰਨਾਲ ਦੀ ਇਕ ਘਟਨਾ ਯਾਦ ਆਈ, ਜਿੱਥੇ ਵਿਆਹ ’ਚ ਸਾਧਵੀ ਵਿਆਹ ਸਮਾਗਮ ’ਚ ਸਾਥੀਆਂ ਨਾਲ ਪਹੰੁਚੀ। ਡੀਜੇ ’ਤੇ ਚੱਕਵਾਂ ਗਾਣਾ ‘ਮਿੱਤਰਾਂ ਨੂੰ ਸ਼ੌਕ ਗੋਲ਼ੀਆਂ ਚਲਾਉਣ ਦਾ’ ਵੱਜ ਰਿਹਾ ਸੀ। ਸਾਧਵੀ ਅਧਿਆਤਮਕ ਚੱਕਰ ’ਚੋਂ ਬਾਹਰ ਨਿਕਲ ਕੇ ਗੋਲ਼ੀਆਂ ਚਲਾਉਣ ਲੱਗ ਪਈ। ਨਾਲ ਆਏ ਸਾਥੀ ਵੀ ਫਾਇਰ ’ਤੇ ਫਾਇਰ ਕਰਨ ਲੱਗੇ। ਲਾੜੇ ਦੀ ਮਾਸੀ ਮਾਰ ਦਿੱਤੀ ਤੇ ਪੰਜ ਜਣੇ ਹੋਰ ਜ਼ਖ਼ਮੀ ਕਰ ਦਿੱਤੇ। ਸਾਧਵੀ ਭਾਵੇਂ ‘ਜਾਣ’ ਵਾਲੀ ਔਰਤ ਬਾਰੇ ਕੁਝ ਵੀ ਕਹੇ ਕਿ ਰੱਬ ਦੀ ਮਰਜ਼ੀ ਹੀ ਇਉਂ ਸੀ ਪਰ ਸ਼ਾਇਦ ਹੁਣ ਉਹ ਪੁੁਲਿਸ ਦੀ ਮਰਜ਼ੀ ਅਨੁਸਾਰ ਸਲਾਖਾਂ ਪਿੱਛੇ ‘ਪ੍ਰਵਚਨ’ ਜ਼ਰੂਰ ਕਰਦੀ ਹੋਵੇਗੀ। ਹੁਣ ਕੁਝ ਕੁ ਦਿਨ ਪਹਿਲਾਂ ਵੀ ਇਸ ਫੁਕਰਪੁਣੇ ਨੇ ਵਿਆਹ ’ਚ ਇਕ ਹੋਰ ਮਾਂ ਦਾ ਪੱੁਤ ਹਮੇਸ਼ਾ ਲਈ ਉਸ ਦੀਆਂ ਅੱਖਾਂ ਤੋਂ ਦੂਰ ਕਰ ਦਿੱਤਾ। ਇਸ ਤਰ੍ਹਾਂ ਗੋਲੀਆਂ ਚਲਾਉਣ ਲਈ ਉਕਸਾਉਂਦਾ ਕੌਣ? ਇਹ ਸਭ ਕੁਝ ਉਨ੍ਹਾਂ ਗਾਇਕਾਂ-ਅਦਾਕਾਰਾਂ ਦੀ ਮਿਹਰਬਾਨੀ, ਜੋ ਆਪਣੇ ਗੀਤਾਂ ’ਚ ਸਰੇਆਮ ਹਥਿਆਰਾਂ ਨਾਲ ਫਾਇਰ ਕਰਦੇ ਦਿਖਾਉਂਦੇ, ਜਿਨ੍ਹਾਂ ਨੂੰ ਦੇਖ ਕੇ ਨੌਜਵਾਨਾਂ ਦੇ ਹੌਸਲੇ ਬੁਲੰਦ ਹੁੰਦੇ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ, ਜਦੋਂ ਕਿਤੇ ਵਿਆਹਾਂ-ਸ਼ਾਦੀਆਂ ’ਤੇ ਫਾਇਰ ਕਰਦਿਆਂ ਕਈ ਨਿਰਦੋਸ਼ ਲੋਕਾਂ ਦੀ ਜਾਨ ਚਲੀ ਜਾਂਦੀ।

ਚੰਗੀ ਗਾਇਕੀ ਦੀ ਬੱਝੀ ਆਸ

ਕੌਣ ਜ਼ਿੰਮੇਵਾਰ ਹੈ ਇਸ ਸਭ ਲਈ? ਕੁਝ ਸਮਾਂ ਪਹਿਲਾਂ ਵੀ ਪੰਜਾਬ ਦੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਗਾਇਕਾਂ-ਗੀਤਕਾਰਾਂ ਨਾਲ ਚੰਗੀ ਗਾਇਕੀ ਨੂੰ ਪ੍ਰਫੱੁਲਤ ਕਰਨ ਲਈ ਮੀਟਿੰਗਾਂ ਕੀਤੀਆਂ ਸਨ ਪਰ ਉਹ ਸਿਰਫ਼ ਮੀਟਿੰਗਾਂ ਤਕ ਸੀਮਤ ਰਹੀਆਂ। ਉਦੋਂ ਦੇਖਣ ’ਚ ਇਹ ਆਇਆ ਕਿ ਹਿੰਸਕ, ਮਾਰਧਾੜ ਵਾਲੇ ਗੀਤ ਗਾਉਣ ਵਾਲੇ ਗਾਇਕ ਤਾਂ ਇਨ੍ਹਾਂ ਮੀਟਿੰਗਾਂ ’ਚ ਆਏ ਹੀ ਨਹੀਂ। ਹੁਣ ਪਿਛਲੇ ਦਿਨੀਂ ਮੱੁਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਪ੍ਰਮੋਟ, ਮਾਰਧਾੜ ਤੇ ਹਿੰਸਕ ਗੀਤ ਗਾਉਣ ਵਾਲੇ ਗਾਇਕਾਂ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ। ਉਨ੍ਹਾਂ ਦਾ ਇਹ ਉਪਰਾਲਾ ਚੰਗਾ ਲੱਗਿਆ। ਆਸ ਜਾਗੀ ਕਿ ਹੁਣ ਮਾੜੀ ਗਾਇਕੀ ਨੂੰ ਠੱਲ੍ਹ ਪਵੇਗੀ। ਜਿਹੜੇ ਮਾੜਾ ਗਾਉਂਦੇ ਨੇ, ਉਹ ਚੰਗਾ ਗਾਉਣ ਦੀ ਕੋਸ਼ਿਸ਼ ਕਰਨਗੇ। ਹਾਲ ਹੀ ’ਚ ਇਕ ਗਵੱਈਏ ’ਤੇ ਅਜਿਹਾ ਗੀਤ ਰਿਲੀਜ਼ ਕਰਨ ’ਤੇ ਪਰਚਾ ਵੀ ਹੋਇਆ ਤੇ ਸੋਸ਼ਲ ਮੀਡੀਆ ’ਤੇ ਵੀ ਜਿਹੜੇ ਫਾਈਰਿੰਗ, ਹਥਿਆਰਾਂ ਦੀ ਪ੍ਰਦਰਸ਼ਨੀ ਕਰਦੇ ਦਿਸੇ, ਉਨ੍ਹਾਂ ’ਤੇ ਵੀ ਪਰਚੇ ਦਰਜ ਹੋਏ। ਅਸਲ ’ਚ ਹਥਿਆਰਾਂ ਦੀ ਮਹਿਮਾ ਕਰਨ ਵਾਲੇ ਇਹ ਲੋਕ ਕਲਾਕਾਰ ਕਹਾਉਣ ਦੇ ਹੱਕਦਾਰ ਹੀ ਨਹੀਂ।

ਹਥਿਆਰ ਤੇ ਸੰਗੀਤ ਦਾ ਕੀ ਮੇਲ

ਵੈਸੇ ਹਥਿਆਰ ਤੇ ਸੰਗੀਤ ਦਾ ਕੀ ਮੇਲ? ਹਥਿਆਰ ਰੂਹ ਨੂੰ ਤੰਗ ਕਰਦਾ ਤੇ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ। ਲੋੜ ਹੈ ਜਿੱਥੇ ਪੰਜਾਬੀ ਗਾਇਕੀ ਵਿਚ ਵੀ ਸੈਂਸਰ ਬੋਰਡ ਦੀ, ਉੱਥੇ ਇਨ੍ਹਾਂ ਗਾਇਕਾਂ-ਗੀਤਕਾਰਾਂ ਦਾ ਵੀ ਫ਼ਰਜ਼ ਬਣਦੈ ਕਿ ਇਹ ਵੀ ਆਪਣੇ ਗੀਤਾਂ ਦੇ ਵਿਸ਼ਿਆਂ ਦੀ ਇਹੋ ਜਿਹੀ ਚੋਣ ਕਰਨ, ਜਿਸ ਨਾਲ ਸਾਡਾ ਪੰਜਾਬੀ ਸੱਭਿਆਚਾਰ ਅਮੀਰ ਰਹੇ। ਖ਼ੁਦ ਕਲਾਕਾਰ ਹੋਣ ਦੇ ਬਾਵਜੂਦ ਸੂਬੇ ਦੇ ਮੱੁਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਗਾਇਕਾਂ-ਗੀਤਾਂ ’ਤੇ ਜੋ ਨਕੇਲ ਪਾਈ ਗਈ ਹੈ ਤੇ ਸੋਸ਼ਲ ਮੀਡੀਆ ’ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ’ਤੇ ਪਰਚ ਦਰਜ ਕੇ ਜੋ ਸਖ਼ਤੀ ਦਿਖਾਈ ਗਈ ਹੈ, ਇਹ ਸਖ਼ਤੀ ਕੁਝ ਕੁ ਦਿਨਾਂ-ਮਹੀਨਿਆਂ ਲਈ ਰਹਿੰਦੀ ਹੈ ਜਾਂ ਇਨ੍ਹਾਂ ਕੁਝ ਕੁ ਜਣਿਆਂ ਉੱਤੇ ਹੋਏ ਪਰਚਿਆਂ ਨੂੰ ਦੇਖ ਕੇ ਬਾਕੀ ਵੀ ਸਬਕ ਸਿੱਖਣਗੇ, ਇਹ ਭਵਿੱਖ ਦੇ ਗਰਭ ’ਚ ਹੈ।

- ਹਨੀ ਸੋਢੀ

Posted By: Harjinder Sodhi