ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਟੀਵੀ ਨੈੱਟਵਰਕ ਪੀਟੀਸੀ ਹੁਣ ਆਪਣੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ 2 ਨਵੇਂ ਕਾਮੇਡੀ ਸ਼ੋਅ ‘ਜੀ ਜਨਾਬ’ ਤੇ ‘ਫੈਮਲੀ ਗੈਸਟ ਹਾਊਸ’ ਲੈ ਕੇ ਹਾਜ਼ਰ ਹੋ ਰਿਹਾ ਹੈ। ਪੀਟੀਸੀ ਪੰਜਾਬੀ ’ਤੇ ਪ੍ਰਸਾਰਿਤ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ’ਚ ਹਾਸਿਆਂ ਤੇ ਠਹਾਕਿਆਂ ਦਾ ਫੁੱਲ ਡੋਜ਼ ਹੋਵੇਗਾ। ਜੀ ਹਾਂ, ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦਾ ਆਗਾਜ਼ 15 ਫਰਵਰੀ 2021 ਤੋਂ ਹੋਣ ਜਾ ਰਿਹਾ ਹੈ। ਮਿੱਠੀ ਤੇ ਸਾਫ਼-ਸੁਥਰੀ ਕਾਮੇਡੀ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤਕ ਰਾਤ 8:30 ਵਜੇ ਤੋਂ ਸਾਢੇ 9:30 ਵਜੇ ਤਕ ਲਗਾਤਾਰ ਦੋਵੇਂ ਸ਼ੋਆਂ ਰਾਹੀਂ ਪੇਸ਼ ਕਰੇਗਾ।

ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਐੱਮਡੀ ਰਬਿੰਦਰ ਨਾਰਾਇਣ ਨੇ ਇਨ੍ਹਾਂ ਦੋਵਾਂ ਕਾਮੇਡੀ ਪ੍ਰੋਗਰਾਮਾਂ ਬਾਰੇ ਕਿਹਾ, ‘ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੋਂ ਫੀਡਬੈਕ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਵੇਖਣਾ ਚਾਹੁੰਦੇ ਹਨ? ਕੋਰੋਨਾ ਤੇ ਲਾਕਡਾਊਨ ਦੌਰਾਨ ਲੰਘੇ ਮੁਸੀਬਤ ਭਰੇ ਸਮੇਂ ਤੋਂ ਬਾਅਦ ਲੀਹ ’ਤੇ ਆ ਰਹੀ ਆਮ ਜ਼ਿੰਦਗੀ ਲਈ ਦਰਸ਼ਕਾਂ ਵੱਲੋਂ ਕੁਝ ਹਲਕੇ-ਫੁਲਕੇ ਪਲ ਅਤੇ ਮੁਸਕਰਾਹਟਾਂ ਦੀ ਭਾਰੀ ਮੰਗ ਸੀ। ਕਾਮੇਡੀ ਦੀ ਇਸ ਗੰਭੀਰ ਮੰਗ ਨੂੰ ਅਸੀਂ ਪੀਟੀਸੀ ਪੰਜਾਬੀ ’ਤੇ ਪੂਰਾ ਕਰਨ ਦਾ ਫੈਸਲਾ ਕੀਤਾ।’ ਦੋਵੇਂ ਨਵੇਂ ਪ੍ਰੋਗਰਾਮ ‘ਜੀ ਜਨਾਬ’ ਅਤੇ ‘ਫੈਮਲੀ ਗੈਸਟ ਹਾਊਸ’ ਸਾਰੇ ਉਮਰ ਵਰਗਾਂ ਦੇ ਦਰਸ਼ਕਾਂ ਦੀ ਪਸੰਦ ’ਤੇ ਖਰੇ ਉੱਤਰਨਗੇ।

------------------

ਪੁਲਿਸ ਦੇ ਇਨਸਾਨੀਅਤ ਦੇ ਪੱਖ ਨੂੰ ਪੇਸ਼ ਕਰੇਗਾ ‘ਜੀ ਜਨਾਬ

ਸ਼ੋਅ ‘ਜੀ ਜਨਾਬ’ ਪੁਲਿਸ ਮੁਲਾਜ਼ਮਾਂ ਦੇ ਜੀਵਨ ’ਚ ਆਉਂਦੇ ਅਨੇਕਾਂ ਤਰ੍ਹਾਂ ਦੇ ਉਤਰਾਅ-ਚੜਾਅ ਦਾ ਪ੍ਰਗਟਾਵਾ ਕਰਦਾ ਹੈ ਅਤੇ ਦਰਸਾਉਂਦਾ ਹੈ ਕਿ ਕਿਵੇਂ ਕਿਸ ਤਰ੍ਹਾਂ ‘ਟਿੰਗਰਾ ਖੁਰਦ ਥਾਣਾ’ ਦੀ ਪੁਲਿਸ ਇਨ੍ਹਾਂ ਵਿਚੋਂ ਕਿਵੇਂ ਬਿਹਤਰੀਨ ਢੰਗ ਨਾਲ ਲੰਘਦੀ ਹੈ। ਹਾਲਾਂਕਿ ਦਰਸ਼ਕਾਂ ਦੇ ਮਨਾਂ ਅੰਦਰ ਪੁਲਿਸ ਦੀ ਕਲਪਿਤ ਤਸਵੀਰ ਸਖ਼ਤ ਅਫਸਰਾਂ ਦੀ ਹੈ ਪਰ ਇਹ ਸ਼ੋਅ ਉਨ੍ਹਾਂ ਦੇ ਅੰਤਰਮਨ ਅਤੇ ਇਨ੍ਹਾਂ ਅਧਿਕਾਰੀਆਂ ਦੇ ਅੰਦਰਲੇ ਇਨਸਾਨੀਅਤ ਦੇ ਪੱਖ ਨੂੰ ਉਭਾਰਨ ਦਾ ਕਦਮ ਹੈ, ਜੋ ‘ਜੀ ਜਨਾਬ’ ਰਾਹੀਂ ਬਹੁਤ ਸਲੀਕੇ ਨਾਲ ਸਾਹਮਣੇ ਆਵੇਗਾ। ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ ਅਤੇ ਨਿਰਮਾਣ ਅਧੀਨ ਹੁਨਰਵਾਨ ਸਟਾਰ ਕਾਸਟ ਦਰਸ਼ਕਾਂ ਅੱਗੇ ਇਕ ਚੰਗੀ ਕਾਮੇਡੀ ਪੇਸ਼ ਕਰੇਗੀ, ਜਿਸ ਦਾ ਪ੍ਰਸਾਰਣ ਰਾਤ 8:30 ਵਜੇ ਪੀਟੀਸੀ ਪੰਜਾਬੀ ’ਤੇ ਕੀਤਾ ਜਾਵੇਗਾ। ਸ਼ੋਅ ਵਿਚ ਅਦਾਕਾਰ ਗੁਰਿੰਦਰ ਮਕਨਾ, ਸ਼ਾਹਬਾਜ਼ ਬਾਜਵਾ, ਬਲਵਿੰਦਰ ਧਾਲੀਵਾਲ, ਹਰਵਿੰਦਰ ਸਿੰਘ, ਨੀਤ ਮਹਿਲ, ਪਵਨ ਸਿੰਘ ਅਤੇ ਗੁਰਜੰਟ ਸਿੰਘ ਹੋਰੀਂ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ।

ਜ਼ਿੰਦਗੀ ਦੇ ਮਜ਼ਾਕੀਆਂ ਪਲਾਂ ਤੋਂ ਜਾਣੂ ਕਰਵਾਏਗਾ ‘ਫੈਮਿਲੀ ਗੈਸਟ ਹਾਊਸ’

ਰਿਐਲਿਟੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ਦੇ ਨਿਰਮਾਤਾ ਰਾਜੀਵ ਢੀਂਗਰਾ ਨੇ ਅਗਲੀ ਵਿਅੰਗਾਤਮਕ ਸਿਰਜਣਾ ਲਈ ਪੀਟੀਸੀ ਪੰਜਾਬੀ ਨਾਲ ਹੱਥ ਮਿਲਾਇਆ ਹੈ। ਦੂਜਾ ਸ਼ੋਅ ‘ਫੈਮਿਲੀ ਗੈਸਟ ਹਾਊਸ’ ਪੀਟੀਸੀ ਪੰਜਾਬੀ ’ਤੇ ਰਾਤ 9 ਵਜੇ ਪ੍ਰਸਾਰਿਤ ਕੀਤੇ ਜਾਣ ਵਾਲਾ ਇਕ ਦਿਲਚਸਪ ਪਰਿਵਾਰਕ ਕਾਮੇਡੀ ਸ਼ੋਅ ਹੈ, ਜਿਸ ਵਿਚ ਮਿਸਟਰ ਤੇ ਮਿਸਿਜ਼ ਸਿੱਧੂ ਆਪਣੀ ਭੈਣ ਨਾਲ ਆਪਣੇ ਪਰਿਵਾਰਕ ਗੈਸਟ ਹਾਊਸ ਚਲਾਉਂਦੇ ਹੋਏ ਹਫੜਾ-ਦਫੜੀ ਵਿਚ ਪਏ ਦਿਖਾਈ ਦਿੰਦੇ ਹਨ।

ਸਿੱਧੂ ਪਰਿਵਾਰ ਦੀਆਂ ਹਾਸੇ-ਮਜ਼ਾਕ ਭਰੀਆਂ ਝੜਪਾਂ ਕਾਰਨ ਉਨ੍ਹਾਂ ਦਾ ਖੋਲਿ੍ਹਆ ਗੈਸਟ ਹਾਊਸ ਖੋਲਿ੍ਹਆ ਇਕ ਕਾਮੇਡੀ ਕਲੱਬ ਵਿਚ ਬਦਲ ਜਾਂਦਾ ਹੈ। ਇਨ੍ਹਾਂ ਮੁੱਖ ਕਿਰਦਾਰਾਂ ਤੋਂ ਇਲਾਵਾ ਗੈਸਟ ਹਾਊਸ ਦਾ ਸਟਾਫ਼ ਅਤੇ ਮਹਿਮਾਨਾਂ ਸਮੇਤ ਹੋਰ ਵੀ ਕਈ ਅਨੋਖੇ ਪਾਤਰ ਜ਼ਿੰਦਗੀ ਨਾਲ ਜੁੜੀਆਂ ਮਜ਼ਾਕੀਆਂ ਸਥਿਤੀਆਂ ਤੋਂ ਜਾਣੂ ਕਰਵਾਉਣਗੇ। ਇਸ ਸ਼ੋਅ ਦੀ ਸਟਾਰ ਕਾਸਟ ਵਿਚ ਜਿੰਮੀ ਰਾਮਪਾਲ, ਵਿਭਾ ਭਗਤ, ਸੇਜਾਲੀ ਸਰਮਾ, ਕੁਲਵੀਰ ਸੋਨੀ ਅਤੇ ਭਾਰਤ ਭਰੀਅਲ ਸ਼ਾਮਲ ਹਨ।

Posted By: Jagjit Singh