ਲਹਿੰਦੇ ਪੰਜਾਬ (ਪਾਕਿਸਤਾਨ) ਦੀ ਪੰਜਾਬੀ ਜ਼ੁਬਾਨ ਦਾ ਮਿੱਠੜਾ ਤੇ ਪਿਆਰਾ ਫ਼ਨਕਾਰ ਮੁਹੰਮਦ ਅਕਰਮ ਰਾਹੀ ਕਿਸੇ ਰਸਮੀ ਤੁਆਰਫ਼ ਦਾ ਮੁਥਾਜ ਨਹੀਂ। ਸੰਗੀਤਕ ਖੇਤਰ ਵਿਚ ਉਸ ਦਾ ਆਪਣਾ ਰੌਚਿਕ ਤੇ ਦਿਲਟੁੰਬਵਾਂ ਗਾਉਣ ਦਾ ਅੰਦਾਜ਼ ਹੈ। ਉਸ ਦੀ ਲੇਖਣੀ ਵਿਚ ਸੰਵੇਦਨਸ਼ੀਲਤਾ ਤੇ ਬਿਰਹੋਂ ਕੁੱਟ-ਕੁੱਟ ਭਰੀ ਹੋਈ ਹੈ। ਉਸ ਦੀ ਕਰੁਣਾਮਈ ਤੇ ਗ਼ਮਗੀਨ ਆਵਾਜ਼ ਤੋਂ ਪ੍ਰਭਾਵਿਤ ਕਿਸੇ ਕਲਾ ਪਾਰਖੂ ਨੇ ਉਸ ਨੂੰ ਦਰਦਾਂ ਦਾ ਰਾਹੀ ਕਹਿ ਕੇ ਵੀ ਵਡਿਆਇਆ।

ਮੁਹੰਮਦ ਅਕਰਮ ਰਾਹੀ ਦਾ ਜਨਮ 25 ਦਸੰਬਰ 1969 ਨੂੰ ਪਿੰਡ ਤਲਵੰਡੀ ਅਨਾਇਤ ਖ਼ਾਨ ਬਾਜਵਾ, ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿਖੇ ਵਾਲਿਦ ਗੁਲਾਮ ਹੈਦਰ ਬਾਜਵਾ ਤੇ ਵਾਲਿਦਾ ਮਕਬੂਲ ਬੇਗ਼ਮ ਦੇ ਘਰ ਮੁਸਲਿਮ ਜੱਟ ਪਰਿਵਾਰ 'ਚ ਹੋਇਆ। ਅਕਰਮ ਰਾਹੀ ਦੇ ਵਾਲਿਦ ਇਕ ਸਧਾਰਨ ਕਿਸਾਨ ਸਨ, ਜੋ ਅੱਜਕੱਲ੍ਹ ਫੌਤ ਹੋ ਚੁੱਕੇ ਨੇ।

ਡੰਗਰ ਚਾਰਦੇ ਪਿਆ ਗਾਉਣ ਦਾ ਸ਼ੌਕ

ਇਕ ਸਧਾਰਨ ਜਿਹੇ ਪਰਿਵਾਰ 'ਚ ਜੰਮਿਆ-ਪਲਿਆ ਮੁਹੰਮਦ ਅਕਰਮ ਜਵਾਨੀ ਚੜ੍ਹਦਿਆਂ ਹੀ ਹਕੀਕੀ ਇਸ਼ਕ ਦਾ ਰੋਗ ਲਾ ਬੈਠਾ। ਇਹ ਇਸ਼ਕ ਇਕ ਦਿਨ ਨਾਸੂਰ ਬਣ ਕੇ ਫੁੱਟਿਆ। ਕਲਮ ਚੁੱਕੀ ਤਾਂ ਇਸ਼ਕ ਦਾ ਦਰਦ ਆਪ ਮੁਹਾਰੇ ਕਾਗਜ਼ ਦੀ ਹਿੱਕ 'ਤੇ ਉਕਰਿਆ। ਸ਼ਬਦ ਹੰਝੂ ਬਣ ਵਹਿੰਦੇ ਰਹੇ। ਉਸ ਦੀ ਰਚਨਾਤਮਿਕ ਸ਼ਕਤੀ ਦੀ ਸੰਵੇਦਨਸ਼ੀਲਤਾ, ਇਸ਼ਕ ਦੀ ਭੱਠੀ 'ਚ ਤਪਦੇ ਜਵਾਨ ਦਿਲਾਂ ਦਾ ਹਕੀਕੀ ਇਸ਼ਕ ਹੋ ਨਿੱਬੜੀ। ਜੇਠ-ਹਾੜ ਦੀਆਂ ਧੁੱਪਾਂ ਦੀ ਤਪਦੀ ਲੋਅ 'ਚ ਰਾਂਝੇ ਚਾਕ ਵਾਂਗ ਡੰਗਰ ਚਾਰਦੇ ਮੱਠੀ-ਮੱਠੀ ਹਵਾ ਦੇ ਸੁਰਮਈ ਸ਼ੋਰ ਨਾਲ ਅਕਰਮ ਦੀ ਦਰਦ ਪਰੁੱਤੀ ਆਵਾਜ਼ ਕਿਸੇ ਕਲਾ ਪਾਰਖੂ ਦੇ ਕੰਨੀ ਪਈ ਤਾਂ ਸੰਗੀਤ ਸੂਝ ਵਾਲਾ ਉਹ ਰੱਬ ਦਾ ਬੰਦਾ ਪਾਣੀ ਪੀਣ ਬਹਾਨੇ ਅਕਰਮ ਦਾ ਗਾਣਾ ਸੁਣਨ ਰੁਕ ਗਿਆ। ਪਪੀਹੇ ਵਰਗੀ ਮਧੁਰ ਆਵਾਜ਼ ਵਿਚਲੀ ਸੋਜ ਤੇ ਸੁਰੀਲਾ ਕੰਨ ਰਸ ਸੁਣ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਸ ਅਜ਼ਨਬੀ ਨੇ ਅਕਰਮ ਨੂੰ ਕੈਸਿਟ ਕਰਵਾਉਣ ਦੀ ਪੇਸ਼ਕਸ਼ ਦਿੱਤੀ। 'ਕਿੱਥੇ ਡੰਗਰ ਚਾਰਨ ਵਾਲਾ ਤੇ ਕਿੱਥੇ ਸੁਰ ਗਿਆਨ ਦਾ ਮੰਝਿਆ ਹੋਇਆ ਫ਼ਨਕਾਰ' ਸ਼ਾਇਦ ਉਸ ਵੇਲੇ ਇਹ ਸੋਚ ਕੇ ਅਕਰਮ ਰਾਹੀ ਅੰਦਰੋਂ ਅੰਦਰੀਂ ਹੱਸਿਆ। ਜਦੋਂ ਇਸ਼ਕ ਦਾ ਫੱਟ ਹੋਰ ਗਹਿਰਾ ਹੁੰਦਾ ਨਜ਼ਰ ਆਇਆ ਤਾਂ ਦਰਦਾਂ ਦਾ ਟੋਕਰਾ ਭਰ ਅਕਰਮ ਉਸਤਾਦ ਦੇ ਦਰਬਾਰ ਪਹੁੰਚ ਗਿਆ। ਬਸ ਫਿਰ ਕੀ ਸੀ ਮੁਹੰਮਦ ਅਕਰਮ ਇਕ ਬਾਕਮਾਲ ਫ਼ਨਕਾਰ ਅਕਰਮ ਰਾਹੀ ਦੇ ਨਾਂ ਨਾਲ ਮਕਬੂਲ ਹੋ ਗਿਆ। ਵੈਸੇ ਰਾਹੀ ਦਾ ਸੰਗੀਤਕ ਸਫ਼ਰ ਬੇਹੱਦ ਸ਼ੰਘਰਸ਼ੀਲ ਰਿਹਾ ਹੈ।

ਪਹਿਲੀ ਕੈਸਿਟ ਤੋਂ ਹੀ ਮਿਲੀ ਪ੍ਰਸਿੱਧੀ

ਅਕਰਮ ਰਾਹੀ ਦੀ ਪਲੇਠੀ ਕੈਸਿਟ ਵਿਚਲਾ ਉਦਾਸ ਗੀਤ 'ਲੁੱਕ ਲੁੱਕ ਦੁਨੀਆ ਤੋਂ ਅਸੀਂ ਰੋਂਦੇ ਰਹੇ' ਜਦੋਂ ਮਾਰਕੀਟ ਵਿਚ ਆਇਆ ਤਾਂ ਇਕਹਰੇ ਜਿਹੇ ਸਰੀਰ ਵਾਲਾ ਇਹ ਅਸਲੋਂ ਨਵਾਂ ਗਾਇਕ ਵਿਸ਼ਵ ਭਰ ਦੇ ਬਹੁ-ਚਰਚਿਤ ਫ਼ਨਕਾਰਾਂ ਤੋਂ ਵੀ ਕੱਦਵਾਰ ਹੋ ਕੇ ਸਾਹਮਣੇ ਆਇਆ। ਬਸ ਫਿਰ ਮੁੜ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਆਪਣੇ ਉਦਾਸ ਗੀਤਾਂ ਸਦਕਾ ਅਕਰਮ ਰਾਹੀ ਇਕ ਦਿਨ 'ਦਰਦਾਂ ਦਾ ਰਾਹੀ' ਹੋ ਨਿੱਬੜਿਆ। ਸਰੋਤੇ ਚਾਅ ਤੇ ਬੇਸਬਰੀ ਨਾਲ ਉਸ ਦੀ ਨਵੀਂ ਕੈਸਿਟ ਦੀ ਉਡੀਕ ਕਰਦੇ। ਰਾਹੀ ਦੱਸਦਾ ਹੈ ਕਿ ਗੀਤਾਂ ਵਿਚਲਾ ਦਰਦ ਉਸ ਨੇ ਹੱਡੀਂ ਹੰਢਾਇਆ। ਆਪਣੀ ਰਚਨਾਤਮਿਕ ਸੰਵੇਨਸ਼ੀਲਤਾ ਤੇ ਕਰੁਣਾ ਦੇ ਸੰਦਰਭ 'ਚ ਅਕਰਮ ਰਾਹੀ ਇਕ ਸ਼ੇਅਰ ਨਾਲ ਤਰਕ ਰੱਖਦਾ ਏ...

'ਕਿਸੀ ਕਾ ਦਰਦ ਮੈਂ ਕਹਾਂ ਤਕ ਆਪਨੇ ਪਾਸ ਰੱਖੂ,

ਯੇ ਜਿਸਕਾ ਹੋ ਨਿਸ਼ਾਨੀ ਬਤਾ ਕਰ ਲੇ ਜਾਏ।'

ਉਸ ਦੇ ਗੀਤ ਨਵੀਂ ਪੀੜ੍ਹੀ ਦੀ ਪਹਿਲੀ ਪਸੰਦ ਹੁੰਦੇ ਸਨ। ਅਕਰਮ ਰਾਹੀ ਦੀ ਗਾਇਨ ਕਲਾ ਦਾ ਵਿਲੱਖਣ ਪੱਖ ਇਹ ਵੀ ਹੈ ਕਿ ਉਸ ਦੀ ਕਲਮ ਦੁਆਰਾ ਰਚੇ ਤੇ ਸੁਰੀਲੀ ਆਵਾਜ਼ ਦੁਆਰਾ ਗਾਏ ਬਹੁਤ ਸਾਰੇ ਗੀਤ ਅਜਿਹੇ ਹਨ, ਜਿਨ੍ਹਾਂ ਨੂੰ ਚੜ੍ਹਦੇ ਪੰਜਾਬ ਦੇ ਗਾਇਕਾਂ ਨੇ ਤੋੜ ਮਰੋੜ ਕੇ ਲਿਖਿਆ ਤੇ ਗਾਇਆ ਹੈ। ਇਸ ਤਰ੍ਹਾਂ ਅਕਰਮ ਰਾਹੀ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਸੁਣਨ ਚਾਹੁਣ ਵਾਲਿਆਂ ਦਾ ਇਕੋ-ਇਕ ਅਜਿਹਾ ਪਸੰਦੀਦਾ ਫ਼ਨਕਾਰ ਹੈ, ਜਿਸ ਦੀਆਂ ਕੈਸਿਟਾਂ ਤੇ ਗੀਤਾਂ ਦਾ ਵਿਸ਼ਵ ਰਿਕਾਰਡ ਹੈ। ਸ਼ਾਇਦ ਇਹ ਰਿਕਾਰਡ ਅੱਜ ਤਕ ਨਹੀਂ ਟੁੱਟ ਸਕਿਆ।

ਮਕਬੂਲ ਹੋਏ ਗੀਤ


ਅਕਰਮ ਰਾਹੀ ਨੇ ਚੜ੍ਹਦੇ ਪੰਜਾਬ ਦੀ ਪੰਜਾਬੀ ਫਿਲਮ 'ਦਾਰਾ' ਵਿਚ ਇਕ ਗੀਤ 'ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਭੋਇੰ ਦੀ' ਗਾ ਕੇ ਆਪਣੀ ਮਿੱਟੀ ਤੋਂ ਟੁੱਟ ਚੁੱਕੇ ਲੋਕਾਂ ਦੇ ਦਰਦ ਨੂੰ ਬਾਖ਼ੂਬੀ ਪੇਸ਼ ਕੀਤਾ। ਇਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਨੌਜਵਾਨ ਸ਼ਾਇਰ ਰੂਮੀ ਰਾਜ ਦੀ ਰਚਨਾ 'ਪੰਜਾਬ 'ਵਾਜ਼ਾਂ ਮਾਰਦਾ' ਰਾਹੀਂ ਅਕਰਮ ਨੇ ਪੰਜਾਬੀਅਤ ਦੀ ਬਾਕਮਾਲ ਤਸਵੀਰ ਦਾ ਚਿਤਰਣ ਕੀਤਾ। ਲਹਿੰਦੇ ਪੰਜਾਬ ਦੇ ਬਾਕਮਾਲ ਸ਼ਾਇਰ ਸੂਸ ਯਸ਼ਪਾਲ ਦੀ ਰਚਨਾ 'ਰੱਬ ਦੀ ਸਹੁੰ ਦੋਵੇਂ ਹੀ ਪੰਜਾਬ ਇਕ ਨੇ' ਰਾਹੀਂ ਅਕਰਮ ਦੇ ਗਲੇ ਦਾ ਦਰਦ ਦੋਵਾਂ ਪੰਜਾਬਾਂ ਦੇ ਅਵਾਮ ਦੀ ਅੰਦਰਲੀ ਪੀੜ੍ਹਾਂ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਅਕਰਮ ਰਾਹੀ ਦੇ ਮਕਬੂਲ ਗੀਤਾਂ ਦੀ ਸੂਚੀ ਕਾਫ਼ੀ ਲੰਬੀ ਹੈ। 'ਦਿਲਾ ਹੁਣ ਨਾ ਰੋ', 'ਸੱਜਣਾ ਨੇ ਆਉਣਾ ਨਹੀਂ', 'ਹੱਸਦੇ ਨੀਂ ਦੇਖੇ ਜਿਹੜੇ ਕਿਸੇ ਨੂੰ ਰਵਾਂਦੇ ਨੇ', 'ਨੀਂ ਤੈਨੂੰ ਕਦੀ ਮੇਰੀਆਂ ਵਫ਼ਾਵਾਂ ਯਾਦ ਆਉਣੀਆਂ', 'ਇਕ ਚੰਨ ਜਿਹੀ ਕੁੜੀ ਸੀ ਲੋਕੋ ਜਿਹਨੂੰ ਮੈਂ ਪਿਆਰ ਕਰਦਾ ਸਾਂ', 'ਮਾਂ ਮਰੀ ਤੇ ਰਿਸ਼ਤੇ ਮੁੱਕ ਗਏ', 'ਤੇਰੀ ਗਲੀ ਵਿਚੋਂ ਲੰਘੇਗਾ ਜ਼ਨਾਜਾ ਜਦੋਂ ਮੇਰਾ, ਤੇਰੇ ਦਿਲ ਦੇ ਮੁਹੱਲੇ ਵਿਚ ਵੈਣ ਪੈਣਗੇ' ਤੇ 'ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈੱਨਸਿਲ ਨਾਲ' ਵਰਗੇ ਬੇਸ਼ੁਮਾਰ ਗੀਤ ਅੱਜ ਵੀ ਨੌਜਵਾਨਾਂ ਦੇ ਚੇਤਿਆਂ ਵਿਚ ਵਸੇ ਹੋਏ ਹਨ।

'ਕਿੰਗ ਆਫ ਫੋਕ ਪਾਕਿਸਤਾਨ' ਦਾ ਖ਼ਿਤਾਬ ਮਿਲਣਾ

ਅਕਰਮ ਰਾਹੀ ਦੇ ਗੀਤਾਂ ਵਿਚਲਾ ਦਰਦ ਉਸ ਦੀ ਰੂਹ ਦੀ ਖ਼ੁਰਾਕ ਹੈ। ਇਸੇ ਦਰਦ ਸਦਕਾ ਉਹ ਆਪਣਾ ਵਿਸ਼ਾਲ ਸਰੋਤਾ ਵਰਗ ਕਾਇਮ ਕਰੀ ਬੈਠਾ ਹੈ। ਅਕਰਮ ਰਾਹੀ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਦਾ ਕਾਇਲ ਹੈ। ਦਰਦ ਵਿਚ ਜਿਉਣ ਦੀ ਕਫ਼ੀਅਤ ਕੀ ਹੈ, ਨੂੰ ਆਪਣੇ ਗੀਤਾਂ ਰਾਹੀਂ ਉਸ ਨੇ ਬਾਖ਼ੂਬੀ ਬਿਆਨ ਕੀਤਾ। ਅਕਰਮ ਰਾਹੀ ਨੂੰ ਅਨੇਕਾਂ ਵਿਸ਼ਵ ਪੱਧਰੀ ਮਾਣ-ਸਨਮਾਨ ਪ੍ਰਾਪਤ ਹੋਏ ਹਨ। 1993 'ਚ ਉਸ ਨੂੰ ਲਹਿੰਦੇ ਪੰਜਾਬ ਦੇ ਮਹਾਨ ਸੰਗੀਤਕਾਰ ਮਾ. ਅਬਦੁੱਲਾ ਵਲੋਂ 'ਕਿੰਗ ਆਫ ਫੋਕ ਪਾਕਿਸਤਾਨ' ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।

ਮਹਾਨ ਫ਼ਨਕਾਰ ਮੁਹੰਮਦ ਰਫ਼ੀ ਇੰਟਰਨੈਸ਼ਨਲ ਮੈਮੋਰੀਅਲ ਸੁਸਾਇਟੀ ਵਲੋਂ ਵੀ ਉਸ ਨੂੰ 'ਮੁਹੰਮਦ ਰਫ਼ੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਮਿਊਜ਼ਿਕ ਦਾ ਉਹ 'ਕਿੰਗਜ ਆਫ ਵਰਲਡ ਰਿਕਾਰਡਰ' ਹੈ। ਰਾਹੀ ਵੱਲੋਂ ਬਣਾਏ ਇਹ ਰਿਕਾਰਡ ਸ਼ਾਇਦ ਸਦੀਆਂ ਤੀਕਰ ਨਹੀਂ ਟੁੱਟੇਗਾ। ਅਕਰਮ ਰਾਹੀ ਅੱਜਕੱਲ੍ਹ ਲਾਹੌਰ ਦੀ ਧਰਤੀ 'ਤੇ ਰਹਿ ਰਿਹਾ ਹੈ। ਕਦੇ ਕਦਾਈਂ ਚੜ੍ਹਦੇ ਪੰਜਾਬ ਫੇਰਾ ਪਾ ਕੇ ਦੋਵਾਂ ਪੰਜਾਬਾਂ ਦੀ ਮੁਹੱਬਤੀ ਸਾਂਝ ਨੂੰ ਹੋਰ ਮਜ਼ਬੂਤ ਕਰ ਜਾਂਦਾ। ਅਕਰਮ ਰਾਹੀ ਦਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਅਥਾਹ ਪਿਆਰ ਹੈ। ਉਹ ਦੋਵਾਂ ਮੁਲਕਾਂ ਨੂੰ ਕਾਇਮ ਤੇ ਦਾਇਮ ਦੀ ਦੁਆ ਮੰਗਦਾ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਰਾਹੀ ਆਪਣੀ ਗਾਇਕੀ ਨਾਲ ਦੋਵਾਂ ਪੰਜਾਬਾਂ ਦੇ ਸਰੋਤਿਆਂ ਦਾ ਮਨੋਰੰਜਨ ਕਰਦਾ ਰਹੇਗਾ। ਪੰਜਾਬੀ ਮਾਂ-ਬੋਲੀ ਦਾ ਇਹ ਫ਼ਨਕਾਰ ਲੋਕ ਗੀਤਾਂ ਵਾਂਗ ਲੰਬੀਆਂ ਉਮਰਾਂ ਮਾਣੇ ਇਹੋ ਹੀ ਦੁਆ ਕਰਦੇ ਹਾਂ।

ਕੁਲਦੀਪ ਸਿੰਘ ਲੋਹਟ

98764-92410

Posted By: Harjinder Sodhi