ਸੰਗੀਤ ਮਨੁੱਖ ਦੀ ਮਹਾਨ ਖੋਜ ਤੇ ਉੱਤਮ ਕਲਾ ਹੈ। ਇਹ ਜ਼ਿੰਦਗੀ ਦੇ ਸਭ ਰੰਗਾਂ (ਖ਼ੁਸ਼ੀ, ਵਿਛੋੜਾ, ਰੂਹਾਨੀਅਤ, ਵੈਰਾਗ, ਪ੍ਰੇਮ, ਦੁੱਖ ਦੇ ਭਾਵ) ਨੂੰ ਸੁਰਾਂ ਜ਼ਰੀਏ ਆਤਮਿਕ ਅਨੰਦ ਬਖ਼ਸ਼ਦਾ ਹੈ। ਸੰਗੀਤ ਸਿਧਾਂਤਕਾਰ ਇਸ ਨੂੰ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਮੰਨਦੇ ਹਨ। ਸੁਰਬੱਧ ਤੇ ਸਹਿਜ ਸੰਗੀਤ ਦਿਮਾਗ਼ੀ ਬੋਝ ਨੂੰ ਹਲਕਾ ਕਰਦਾ ਹੈ। ਸੰਗੀਤ ਰਾਹੀਂ ਅਸੀਂ ਆਪਣੀਆਂ ਮਨੋਭਾਵਨਾਵਾਂ ਨੂੰ ਬਿਨਾਂ ਬੋਲੇ ਉਜਾਗਰ ਕਰ ਸਕਦੇ ਹਾਂ। ਮਨੋਵਿਗਿਆਨੀਆਂ ਅਨੁਸਾਰ ਕੋਈ ਵੀ ਚੰਗੇ ਮਾੜੇ-ਸ਼ਬਦ ਨੂੰ ਵਾਰ-ਵਾਰ ਸੁਣਨ ਨਾਲ ਦਿਮਾਗ਼ੀ ਤਰੰਗਾਂ ਦਾ ਝੁਕਾਅ ਉਸ ਪਾਸੇ ਵੱਲ ਹੋ ਜਾਂਦਾ ਹੈ। ਇਸ ਪ੍ਰਭਾਵ ਨੂੰ ਬੱਚੇ ਤੇ ਨੌਜਵਾਨ ਬਹੁਤ ਜਲਦੀ ਕਬੂਲਦੇ ਹਨ। ਇਸ ਲਈ ਸੰਗੀਤ ਨਾਲ ਜੁੜਿਆ ਹਰ ਗਾਇਕ, ਗੀਤਕਾਰ, ਸਾਜ਼ੀ, ਨਿਰਮਾਤਾ ਤੇ ਸਰੋਤੇ ਸਭ ਮਹੱਤਵਪੂਰਨ ਹਨ,।ਜੋ ਦੁਨੀਆ ਵਿਚ ਸੱਭਿਆਚਾਰ ਜਾਂ ਕਲਾ ਨੂੰ ਪ੍ਰਫੁੱਲਤ ਕਰਦੇ ਹਨ। ਜੇ ਮੌਜੂਦਾ ਦੌਰ ਦੇ ਪੰਜਾਬੀ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਇਹ ਸਾਂਝ, ਸਕੂਨ ਤੇ ਸੱਭਿਆਚਾਰ ਦੀ ਕਸਵੱਟੀ 'ਤੇ ਖਰਾ ਨਹੀਂ ਉਤਰਦਾ। ਡਿਜੀਟਲ ਦੌਰ ਤੇ ਦੌਲਤ ਦੀ ਦੌੜ ਨੇ ਇਸ ਦਾ ਮਕਸਦ ਹੀ ਬਦਲ ਦਿੱਤਾ ਹੈ।

ਕਿੱਸੇ ਤੇ ਵਾਰਾਂ

ਸੀਡੀ 'ਤੇ ਗੀਤ ਚਲਾ ਕੇ ਸ਼ੋਅ ਲਗਾਉਣੇ ਨਵੇਂ ਯੁੱਗ ਤੇ ਮੌਸਮੀ ਗਾਇਕਾਂ ਦੀ ਖੋਜ ਹੈ। ਉਸਤਾਦ ਲਾਲ ਚੰਦ ਯਮਲਾ ਜੱਟ ਤੂੰਬੀ ਨੂੰ ਸਾਜ਼ ਵਜੋਂ ਮਾਨਤਾ ਦਿਵਾਉਣ ਵਾਲਾ ਪਹਿਲਾ ਗਇਕ ਸੀ, ਜੋ ਅਖਾੜੇ ਵਿਚ ਤੂੰਬੀ ਨਾਲ ਗਾ ਕੇ ਘੰਟਿਆਂ ਬੱਧੀ ਸਰੋਤਿਆਂ ਨੂੰ ਬੰਨ੍ਹੀ ਰੱਖਦਾ ਸੀ। ਲੋਈ ਦੀ ਬੁੱਕਲ ਮਾਰ ਕੇ ਤੂੰਬੀ ਦੀ ਤੁਣਕ-ਤੁਣਕ ਨਾਲ 'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ', 'ਤੂੰ ਮੇਰੀ ਮੈਂ ਤੇਰਾ, ਭੁਲ ਨਾ ਜਾਵੀਂ ਵੇਂ' ਵਰਗੇ ਗੀਤਾਂ ਦੀ ਝੜੀ ਲਗਾ ਦਿੰਦਾ ਸੀ। ਅਜਿਹੇ ਸੰਗੀਤਮਈ ਰੰਗ 'ਚ ਰੰਗੇ ਲੋਕ ਧੁੱਪਾਂ-ਛਾਵਾਂ ਵੀ ਭੁੱਲ ਜਾਂਦੇ ਸਨ। ਉਦੋਂ ਪੰਜਾਬੀ ਗਾਇਕੀ ਨੂੰ ਸੰਗੀਤ ਪ੍ਰੇਮੀ ਰੀਝ ਨਾਲ ਸੁਣਦੇ ਸਨ। ਸ਼ਾਇਦ ਹੀ ਕੋਈ ਦੂਜੀ ਖੇਤਰੀ ਭਾਸ਼ਾ ਜਾਂ ਸੂਬਾ ਹੋਵੇਗਾ ਜਿਸ ਦੇ ਗਇਕ ਭਾਰਤ ਤੇ ਵਿਦੇਸ਼ਾਂ 'ਚ ਲਗਾਤਾਰ 7-8 ਦਹਾਕਿਆਂ ਤੋਂ ਅਖਾੜੇ ਲਗਾਉਂਦੇ ਹੋਣ। 1970 ਤੋਂ ਬਾਅਦ ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਤੇ ਮੁਹੰਮਦ ਸਦੀਕ ਵਰਗੇ ਗਇਕਾਂ ਦਾ ਸੁਨਹਿਰੀ ਯੁੱਗ ਸੀ, ਜੋ ਪਹਿਲੀ ਕਤਾਰ ਦੇ ਗਵੱਈਏ ਹੋਏ। ਇਨ੍ਹਾਂ ਦੀ ਗਾਇਕੀ ਨੂੰ ਪੰਜਾਬੀਆਂ ਨੇ ਖ਼ੂਬ ਸੁਣਿਆ ਤੇ ਸਲਾਹਿਆ ਪਰ ਉਸ ਸਮੇਂ ਦੋ-ਅਰਥੀ ਸ਼ਬਦਾਬਲੀ ਨੂੰ ਕਾਫ਼ੀ ਸੂਝਵਾਨ ਸਰੋਤੇ ਨਕਾਰਦੇ ਵੀ ਸਨ। ਇਸੇ ਲਈ ਕੁਝ ਗਾਇਕ ਦੇ ਗੀਤ ਟਰੱਕਾਂ, ਟ੍ਰੈਕਟਰਾਂ ਜਾਂ ਛੜਿਆਂ ਦੀਆਂ ਟੇਪ ਰਿਕਾਰਡਰ ਤਕ ਸੀਮਤ ਰਹੇ। ਇਹ ਜ਼ੁਅਰਤ ਅੱਜ ਦੇ ਸਰੋਤਿਆਂ 'ਚ ਘੱਟ ਹੈ। ਪਹਿਲੇ ਗਾਇਕਾਂ ਨੇ ਪੰਜਾਬੀਅਤ ਨਾਲ ਜੁੜੇ ਜੁਝਾਰੂ ਯੋਧਿਆਂ ਦੀਆਂ ਵਾਰਾਂ, ਕਿੱਸੇ ਤੇ ਲੋਕ ਗਾਥਾਵਾਂ ਨੂੰ ਦੁਨੀਆ ਭਰ 'ਚ ਪਹੁੰਚਾਇਆ, ਫਿਰ ਭਾਂਵੇ ਉਹ ਸੁਰਿੰਦਰ ਛਿੰਦੇ ਦਾ ਗਾਇਆ ਕਿੱਸਾ 'ਦੁੱਲਾ ਭੱਟੀ' ਜਾਂ ਕੁਲਦੀਪ ਮਾਣਕ ਵੱਲੋਂ ਗਾਈ 'ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ' ਹੋਵੇ। ਇਨ੍ਹਾਂ ਕਿੱਸਿਆਂ ਤੇ ਵਾਰਾਂ ਨੂੰ ਅੱਜ ਵੀ ਸਰੋਤੇ ਵਾਰ-ਵਾਰ ਸੁਣਨਾ ਪਸੰਦ ਕਰਦੇ ਹਨ।

ਗਾਇਕਾਵਾਂ ਦੀ ਕਾਰਗੁਜ਼ਾਰੀ

ਪਹਿਲੇ ਦੌਰ ਦੀਆਂ ਗਾਇਕਾਵਾਂ ਨੇ ਵੀ ਪੰਜਾਬੀ ਸੰਗੀਤ ਦੇ ਖੇਤਰ 'ਚ ਚੋਖਾ ਯੋਗਦਾਨ ਪਾਇਆ। ਅੱਜ ਵੀ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਬੀਬਾ ਤੇ ਡੌਲੀ ਗੁਲੇਰੀਆ ਦੇ ਗੀਤ ਵਿਆਹ ਮੌਕੇ ਗੂੰਜਦੇ ਹਨ। ਇਹ ਗੀਤ ਦਿਓਰ-ਭਾਬੀਆਂ, ਭੈਣਾਂ, ਮਾਵਾਂ ਤੇ ਧੀਆਂ ਦੇ ਦੁੱਖ-ਸੁੱਖ ਦੀ ਬਾਤ ਪਾਉਂਦੇ ਹਨ। ਧੀ ਦੀ ਵਿਦਾਇਗੀ ਦਾ ਨਰਿੰਦਰ ਬੀਬਾ ਨੇ ਆਪਣੇ ਗੀਤ 'ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ' ਤੇ ਪ੍ਰਕਾਸ਼ ਕੌਰ ਨੇ 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ' ਵਿਚ ਬਾਖ਼ੂਬੀ ਦ੍ਰਿਸ਼ ਚਿਤਰਣ ਕੀਤਾ ਹੈ। ਹੁਣ ਤਾਂ ਹੋਛੀ ਗੀਤਕਾਰੀ ਨੂੰ ਫ਼ੈਲਾਉਣ ਵਿਚ ਨਵੀਆਂ ਗਾਇਕਾਵਾਂ ਵੀ ਚੜ੍ਹਦੀ ਉਮਰੇ ਪਟਾਕੇ ਪਾਉਣ ਜਾਂ ਅੱਠ ਪਰਚਿਆਂ ਦੀ ਗਿਣਤੀ ਵਿਚ ਉਲਝ ਕੇ ਰਹਿ ਗਈਆਂ ਹਨ।

ਬਾਲੀਵੁੱਡ 'ਚ ਪੰਜਾਬੀ ਗੀਤ-ਸੰਗੀਤ

1990 ਤੋਂ ਬਾਅਦ ਪੰਜਾਬੀ ਸੰਗੀਤ ਦਾ ਹਿੰਦੀ ਫਿਲਮ ਇੰਡਸਟਰੀ 'ਚ ਵੀ ਬੋਲਬਾਲਾ ਹੋ ਗਿਆ। ਸੁਖਵਿੰਦਰ ਸੁੱਖੀ, ਦਲੇਰ ਮਹਿੰਦੀ, ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਜਸਵੀਰ ਜੱਸੀ ਆਦਿ ਫ਼ਨਕਾਰਾਂ ਨੇ ਬਤੌਰ ਗਾਇਕ ਬਾਲੀਵੁੱਡ 'ਚ ਚੰਗਾ ਜੱਸ ਖੱਟਿਆ। ਬਾਲੀਵੁੱਡ ਫਿਲਮਸਾਜ਼ ਪੰਜਾਬੀ ਗੀਤ ਫਿਲਮ 'ਚ ਸ਼ਾਮਲ ਕਰਨਾ ਜ਼ਰੂਰੀ ਸਮਝਣ ਲੱਗੇ। ਅੱਜ ਵੀ ਦਲਜੀਤ ਦੋਸਾਂਝ, ਜੱਸੀ ਗਿੱਲ ਆਦਿ ਪੰਜਾਬੀ ਗਇਕ ਵੀ ਚੰਗਾ ਕੰਮ ਕਰ ਰਹੇ ਹਨ। ਵੈਸੇ ਹੁਣ ਜ਼ਿਆਦਾਤਰ ਪੰਜਾਬੀ ਗੀਤਾਂ 'ਚ ਮਹਿੰਗੀਆਂ ਕਾਰਾਂ, ਨਸ਼ੇ, ਗੈਂਗਵਾਰ ਤੇ ਹਥਿਆਰਾਂ ਦਾ ਹੀ ਜ਼ਿਕਰ ਹੁੰਦਾ ਹੈ। ਉਂਜ ਗੁਰਦਾਸ ਮਾਨ ਦੇ ਬੋਲ 'ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ' ਅਤੇ 'ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ' ਅੱਜ ਸੱਚ ਹੋ ਨਿਬੜੇ ਹਨ। ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਵੀ ਕਵੀਸ਼ਰੀ ਵਾਲੇ ਕੁਝ ਸੰਗੀਤਕ ਹੁਲਾਰੇ ਦਿੱਤੇ ਹਨ। ਅੱਲੜ ਉਮਰ ਦੇ ਪ੍ਰੇਮ ਤੇ ਵਿਛੋੜੇ ਵਾਲੇ ਗੀਤਾਂ ਨੇ ਕਈਆਂ ਨੂੰ ਸਟਾਰ ਬਣਾਇਆ ਹੈ,।ਜੋ ਸਿਰਫ਼ ਮਨੋਰੰਜਨ ਤਕ ਹੀ ਸੀਮਤ ਰਹੇ। ਅਜਿਹੇ ਗਾਇਕ ਲੋਕਾਂ ਦੇ ਦਿਲਾਂ 'ਚ ਬਹੁਤੀ ਦੇਰ ਨਾ ਵੱਸ ਸਕੇ। ਵਿਰਸੇ ਦੇ ਅਸਲ ਮੁਰੀਦ ਕੁਝ ਗਾਇਕ, ਜਿਵੇਂ ਪੰਮੀ ਬਾਈ, ਵਾਰਿਸ ਭਰਾ, ਸਰਬਜੀਤ ਚੀਮਾ, ਮਲਕੀਤ ਸਿੰਘ ਆਦਿ ਨੇ ਨਿਰੋਈ ਗਾਇਕੀ ਦੀ ਪੱਲਾ ਨਹੀਂ ਛੱਡਿਆ। ਇਨ੍ਹਾਂ ਨੇ ਪੰਜਾਬੀ ਬੋਲੀ, ਪਹਿਰਾਵਾ, ਗਿੱਧੇ, ਭੰਗੜੇ ਵਰਗੇ ਵਿਰਸੇ ਨੂੰ ਦੁਨੀਆਭਰ 'ਚ ਪਹੁੰਚਾਇਆ ਹੈ।

ਨਵੇਂ-ਪੁਰਾਣੇ ਗਾਇਕਾਂ 'ਚ ਅੰਤਰ

ਇਕ ਸਮਾਂ ਸੀ ਜਦੋਂ ਆਵਾਜ਼ ਤੋਂ ਹੀ ਗਾਇਕ ਦੀ ਪਛਾਣ ਹੁੰਦੀ ਸੀ। ਉਨ੍ਹਾਂ ਦੇ ਗੀਤ ਸੁਣਨ ਲਈ ਲੋਕ ਲੰਬਾ ਪੈਂਡਾ ਪੈਦਲ ਤੈਅ ਕਰ ਕੇ ਅਖਾੜਿਆਂ 'ਚ ਪਹੁੰਚਦੇ ਸਨ। ਰੰਗ-ਬਰੰਗੀਆਂ ਕਨਾਤਾਂ, ਝੰਡੀਆਂ ਤੇ ਛਾਇਆਮਾਨ ਹੇਠ ਘੜਾ, ਚਿਮਟਾ, ਢੋਲਕੀ ਤੇ ਹਰਮੋਨੀਅਮ ਨਾਲ ਸਟੇਜ ਸਜਦੀ ਸੀ। ਫਿਰ ਆਸਾ ਸਿੰਘ ਮਸਤਾਨਾ ਵਰਗੇ ਸੁਰੀਲੇ ਗਾਇਕ 'ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਚਰਖ਼ੀ ਦੇ ਸ਼ੌਕ ਕੱਤ ਲਈਆਂ ਪੂਣੀਆ' ਵਰਗੇ ਗੀਤਾਂ ਰਾਹੀਂ ਪੰਜਾਬਣ ਮੁਟਿਆਰ ਦੀ ਮਿਹਨਤ, ਸੀਰਤ ਤੇ ਰਿਸ਼ਤੇ ਨਿਭਾਉਣ ਵਾਲੇ ਸੰਸਕਾਰਾਂ ਦੀ ਹਾਮੀ ਭਰਦੇ ਗੀਤ ਗਾਉਂਦੇ ਸਨ। ਪੁਰਾਣੇ ਸਮਿਆਂ ਵਿਚ ਗਇਕਾਂ ਵੱਲੋਂ ਸਾਦ-ਮੁਰਾਦੇ ਪਹਿਰਾਵੇ ਨਾਲ ਗਾਏ ਗੀਤ ਲੋਕ ਅੱਜ ਵੀ ਚੇਤੇ ਕਰਦੇ ਹਨ। ਇਹ ਗੀਤ ਸੁਣਨ ਲੱਗਿਆਂ ਅਕਾਊ ਨਹੀਂ ਸਗੋਂ ਦਿਲ ਨੂੰ ਛੂਹਦੇ ਹਨ। ਅਜੋਕੀ ਪੀੜ੍ਹੀ ਦੇ ਫ਼ਨਕਾਰਾਂ ਵਾਂਗ ਵਿਖਾਵੇ ਲਈ ਸਾਜੀਆਂ ਦੀ ਡਾਰ ਨਹੀਂ ਸੀ ਹੁੰਦੀ ਸਗੋਂ ਰਿਆਜ਼ ਕਰ-ਕਰ ਕੇ ਸੋਧੀ ਹੋਈ ਆਵਾਜ਼ ਨਾਲ ਰਸੀਲੇ ਤੇ ਮਨੋਰੰਜਨਦਾਇਕ ਅਖਾੜੇ ਲਗਾਉਂਦੇ ਸਨ।

ਮੌਜੂਦਾ ਗਾਇਕੀ

ਇਕ ਦਹਾਕੇ ਤੋਂ ਪੰਜਾਬੀ ਗਾਇਕੀ ਤੇ ਗੀਤਕਾਰੀ 'ਚ ਆਈ ਗਿਰਾਵਟ ਨਾਲ ਪੰਜਾਬੀਅਤ ਦਾ ਚਿਹਰਾ ਵੀ ਧੁੰਦਲਾ ਹੋ ਗਿਆ ਹੈ। ਬਾਕੀ ਕਸਰ ਸ਼ੋਰਨੁਮਾ ਸੰਗੀਤ ਤੇ ਅੰਗਰੇਜ਼ੀ ਰੈਪ ਨੇ ਕੱਢ ਦਿੱਤੀ ਹੈ। ਮੌਜੂਦਾ ਪੰਜਾਬੀ ਗੀਤਾਂ 'ਚ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਮਾਡਲਾਂ ਨੂੰ ਵੀ ਨੁਮਾਇਸ਼ ਦੀ ਵਸਤੂ ਵਾਂਗ ਪੇਸ਼ ਕੀਤਾ ਜਾਣ ਲੱਗਾ ਹੈ। ਗੀਤਾਂ ਦੇ ਫਿਲਮਾਂਕਣ 'ਚ ਹਥਿਆਰ ਤੇ ਨਸ਼ੇ ਗਾਇਕਾਂ ਨਾਲ ਵੱਧ ਸਮਾਂ ਵਿਖਾਈ ਦਿੰਦੇ ਹਨ। ਗੀਤਕਾਰੀ ਅਸਲੀਅਤ ਤੋਂ ਕੋਹਾ ਦੂਰ ਹੈ। ਇਕ ਪਾਸੇ ਤਾਂ ਕਰਜ਼ੇ ਤੇ ਖੇਤੀ 'ਚ ਮੰਦਹਾਲੀ ਕਾਰਨ ਕਿਸਾਨ ਜ਼ਮੀਨਹੀਣ ਹੋ ਰਹੇ ਹਨ। ਦੂਜੇ ਪਾਸੇ ਗੀਤਕਾਰ ਤੇ ਗਾਇਕ ਉਨ੍ਹਾਂ ਨੂੰ ਕਲੱਬਾਂ, ਲਗਜ਼ਰੀ ਗੱਡੀਆਂ ਤੇ ਗੈਂਗਸਟਰ ਬਣਾ ਕੇ ਵਿਖਾ ਰਹੇ ਹਨ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਗਾਇਕੀ ਤੇ ਗੀਤਕਾਰੀ ਨੂੰ ਸਸਤੀ ਸ਼ੁਹਰਤ ਤੇ ਘੱਟ ਮਿਹਨਤ ਦਾ ਕੰਮ ਸਮਝ ਲੱਗੇ ਹਨ। ਹੁਣ ਤਾਂ 'ਲਿਖਣ ਤੋਂ ਪਹਿਲਾਂ 'ਪੜ੍ਹਨਾ', ਗਾਉਣ ਤੋਂ ਪਹਿਲਾਂ 'ਸਮਝਣਾ' ਵਰਗੇ ਤੱਥ ਬੀਤੇ ਦੀਆਂ ਗੱਲਾਂ ਹਨ।

ਕਲਾਕਾਰਾਂ ਨੂੰ ਲੋਕਾਂ ਦੀ ਆਵਾਜ਼ ਆਖਦੇ ਹਨ। ਉਹ ਲੋਕਾਈ ਦੀਆਂ ਖ਼ੁਸ਼ੀਆਂ, ਗ਼ਮੀਆਂ ਤੇ ਸਮਾਜਿਕ ਸਰੋਕਾਰ ਦਾ ਤਰਜਮਾ ਕਰਦੇ ਹਨ। ਸੱਭਿਆਚਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਕੀ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਸੱਭਿਆਚਾਰ ਛੱਡ ਕੇ ਜਾਵਾਂਗੇ? ਜੋ ਸਾਡੇ ਬੱਚਿਆਂ ਨੂੰ ਟੋਚਨਾਂ, ਨਸ਼ੇ ਤੇ ਹਥਿਆਰਾ ਦੇ ਸ਼ੌਕ ਬਾਰੇ ਦੱਸੇਗਾ। ਜਿਹੜੀ ਧਰਤੀ ਗੁਰੂਆਂ, ਪੀਰਾਂ, ਦੇਸ਼-ਭਗਤਾਂ ਦੀ ਹੈ। ਲੋਕ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਹਨ ਪਰ ਗਾਇਕੀ ਦੇ ਪ੍ਰਦੂਸ਼ਣ ਕਾਰਨ ਇਸ ਸਭ 'ਤੇ ਉਲਟਾ ਪ੍ਰਭਾਵ ਪੈ ਰਿਹਾ ਹੈ। ਇਸ ਡੰਗ ਟਪਾਊ ਗਾਇਕੀ ਤੋਂ ਕਿਨਾਰਾ ਕਰਨਾ ਜ਼ਰੂਰੀ ਹੈ। ਆਓ, ਰਲ ਕੇ ਗਾਇਕੀ ਦੇ ਸੁਨਹਿਰੇ ਯੁੱਗ ਲਈ ਹੰਭਲਾ ਮਾਰੀਏ।

ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

78374-90309

Posted By: Harjinder Sodhi