ਸੁਮੇਸ਼ ਠਾਕੁਰ, ਚੰਡੀਗੜ੍ਹ : The Great Khali Movie : ਡਬਲਯੂਡਬਲਯੂਈ ਰੈਸਲਿੰਗ ਦੀ ਦੁਨੀਆ 'ਚ ਨਾਂ ਅਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਸਾਬਕਾ ਭਾਰਤੀ ਪਹਿਲਵਾਨ ਦ ਗ੍ਰੇਟ ਖਲੀ ਹੁਣ ਪਾਲੀਵੁੱਡ 'ਚ ਖਲਬਲੀ ਮਚਾਉਣ ਲਈ ਤਿਆਰ ਹਨ। ਜਲਦ ਹੀ ਦ ਗ੍ਰੇਟ ਖਲੀ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਖਲੀ ਦਾ ਅਸਲੀ ਨਾਂ ਦਲੀਪ ਸਿੰਘ ਰਾਣਾ ਹੈ। ਉਨ੍ਹਾਂ ਦੀ ਉਮਰ 50 ਸਾਲ ਹੈ। ਉਨ੍ਹਾਂ ਦਾ ਜਨਮ 27 ਅਗਸਤ 1972 ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਹੋਇਆ ਸੀ।

ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਪੰਜਾਬੀ ਫਿਲਮ 'ਦਿ ਰੇਡੂਆ ਰਿਟਰਨਜ਼' 'ਚ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਖਲੀ ਦਾ ਕਿਰਦਾਰ ਕਾਫੀ ਦਿਲਚਸਪ ਹੈ। ਇਹ ਫਿਲਮ ਇਸ ਸਾਲ ਅਗਸਤ 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਤੇ ਪੰਜਾਬੀ ਅਦਾਕਾਰ ਨਵ ਬਾਜਵਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 2018 ਦੀ ਫਿਲਮ 'ਰੇਡੂਆ' ਦਾ ਸੀਕਵਲ ਹੈ। ਇਹ ਇਕ ਸਾਇੰਸ ਫਿਕਸ਼ਨ ਫਿਲਮ ਹੈ ਅਤੇ ਟਾਈਮ ਟ੍ਰੈਵਲ 'ਤੇ ਆਧਾਰਿਤ ਹੈ। ਫਿਲਮ 2255 ਦੇ ਅੰਤ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਉਹ ਭਵਿੱਖ ਦੀ ਪੜਚੋਲ ਕਰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਕਿਵੇਂ ਮਨੁੱਖਾਂ ਨੇ ਗ੍ਰਹਿ ਧਰਤੀ ਨੂੰ ਵਿਗਾੜ ਦਿੱਤਾ ਹੈ। ਫਿਲਮ 'ਚ ਟਾਈਮ ਮਸ਼ੀਨ ਅਤੇ ਰੇਡੀਓ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।

ਇਸ ਤੋਂ ਇਲਾਵਾ ਫਿਲਮ ਵਿੱਚ ਡਰਾਮਾ, ਕਾਮੇਡੀ, ਲੜਾਈ ਤੇ ਰੋਮਾਂਸ ਵੀ ਹੈ। ਫਿਲਮ ਦੀ ਖਾਸੀਅਤ ਇਹ ਹੈ ਕਿ ਪੂਰੀ ਫਿਲਮ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਭਵਿੱਖ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਫਿਲਮ ਰੇਡੂਆ ਰਿਟਰਨਜ਼ ਵਿੱਚ ਅਦਾਕਾਰਾ ਸਤਿੰਦਰ ਸੱਤੀ, ਕਾਮੇਡੀਅਨ ਬੀਐਨ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਵੀ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਦੀ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ਲਈ ਪ੍ਰੋਡਕਸ਼ਨ ਟੀਮ ਦੇ ਨਾਲ ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚੀ ਸੀ। ਹਾਲਾਂਕਿ ਫਿਲਮ 'ਚ ਵਿਲੇਨ ਬਣੇ ਦਿ ਗ੍ਰੇਟ ਖਲੀ ਇਸ ਮੌਕੇ 'ਤੇ ਟੀਮ ਨਾਲ ਸ਼ਾਮਲ ਨਹੀਂ ਹੋ ਸਕੇ।

ਸਾਉਥ ਦੀਆਂ ਫਿਲਮਾਂ ਨੂੰ ਟੱਕਰ ਦੇਵੇਗੀ ਰੇਡੂਆ ਰਿਟਰਨਜ਼

ਪੰਜਾਬ ਦੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਹੁਣ ਤਕ ਸਾਊਥ ਦੀਆਂ ਫਿਲਮਾਂ ਕਰੋੜਾਂ ਰੁਪਏ ਦੀ ਕਮਾਈ ਕਰਦੀਆਂ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਫਿਲਮ ਬਣਾਉਣ ਦਾ ਬਜਟ ਭਾਵੇਂ ਛੋਟਾ ਹੋਵੇ ਪਰ ਅਸੀਂ ਦਰਸ਼ਕਾਂ ਦੀਆਂ ਉਮੀਦਾਂ ਨੂੰ ਧਿਆਨ 'ਚ ਰੱਖਦਿਆਂ ਫਿਲਮ ਦਾ ਵਿਸ਼ਾ ਚੁਣਿਆ ਹੈ ਤੇ ਨਵ ਵਾਜਵਾ ਦੇ ਨਿਰਦੇਸ਼ਨ ਹੇਠ ਚੰਗੀ ਸ਼ੂਟਿੰਗ ਕੀਤੀ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਲੁਧਿਆਣਾ ਤੋਂ ਇਲਾਵਾ ਸਮਰਾਲਾ ਅਤੇ ਖਾਨਪੁਰ ਚੰਡੀਗੜ੍ਹ 'ਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਇਸ ਖੂਬਸੂਰਤ ਸ਼ਹਿਰ ਵਿਚ ਹਰ ਕੋਈ ਵਸਣਾ ਚਾਹੁੰਦਾ ਹੈ ਪਰ ਅੱਜ ਤੋਂ 100 ਜਾਂ 200 ਸਾਲ ਬਾਅਦ ਇਹ ਸ਼ਹਿਰ ਕਿਵੇਂ ਦਾ ਹੋਵੇਗਾ, ਇਹ ਫਿਲਮ ਵਿਚ ਦਿਖਾਇਆ ਗਿਆ ਹੈ।

ਦ ਗ੍ਰੇਟ ਖਲੀ ਲਈ ਪੁਸ਼ਾਕ ਬਣਾਉਣ ਦੀ ਚੁਣੌਤੀ : ਨਵ ਬਾਜਵਾ

ਫਿਲਮ ਦੇ ਅਭਿਨੇਤਾ ਤੇ ਨਿਰਦੇਸ਼ਕ ਨਵ ਬਾਜਵਾ ਨੇ ਦੱਸਿਆ ਕਿ ਫਿਲਮ 'ਚ ਸਭ ਤੋਂ ਵੱਡੀ ਸਮੱਸਿਆ ਦ ਗ੍ਰੇਟ ਖਲੀ ਲਈ ਪੋਸ਼ਾਕਾਂ ਨੂੰ ਇਕੱਠਾ ਕਰਨਾ ਸੀ। ਸਾਢੇ ਸੱਤ ਫੁੱਟ ਦੇ ਖਲੀ ਲਈ ਵਿਸ਼ੇਸ਼ ਜੁੱਤੀਆਂ ਤੋਂ ਲੈ ਕੇ ਕੱਪੜੇ ਤਕ ਤਿਆਰ ਕੀਤੇ ਗਏ ਹਨ। ਪਹਿਰਾਵੇ ਦੀ ਚੁਣੌਤੀ ਨੂੰ ਪੂਰਾ ਕਰਨ ਦੇ ਨਾਲ ਮਜ਼ੇਦਾਰ ਗੱਲ ਇਹ ਸੀ ਕਿ ਮੈਂ ਉਨ੍ਹਾਂ ਨਾਲ ਲੜਾਈ ਕਰਦਾ ਹਾਂ ਤੇ ਉਨ੍ਹਾਂ ਨੂੰ ਕੁੱਟਦਾ ਹਾਂ। ਇਹ ਮੇਰੇ ਅਤੇ ਦਰਸ਼ਕਾਂ ਲਈ ਮਜ਼ੇਦਾਰ ਸੀਨ ਸਾਬਤ ਹੋਣਗੇ।

Posted By: Seema Anand