ਪੰਜਾਬੀ ਗੀਤਕਾਰੀ ਦੇ ਵਿਸ਼ਾਲ ਖੇਤਰ 'ਚ ਆਪਣੀ ਕਲਮ ਦੀ ਤਾਕਤ ਦਾ ਲੋਹਾ ਮਨਵਾਉਣ ਵਾਲਾ ਪ੍ਰਤਿਭਾਸ਼ਾਲੀ ਗੀਤਕਾਰ ਹੈ ਮਿੱਤਲ ਮੰਡੀ। ਉਸ ਨੇ ਆਪਣੇ ਗੀਤਾਂ ਜ਼ਰੀਏ ਪੰਜਾਬੀ ਸੰਗੀਤ ਖੇਤਰ 'ਚ ਵੱਖਰੀ ਪਛਾਣ ਹਾਸਲ ਕੀਤੀ ਹੈ। ਅੱਜ ਉਸ ਦਾ ਨਾਂ ਪੰਜਾਬੀ ਦੇ ਮਸ਼ਹੂਰ ਗੀਤਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਚੁੱਕਾ ਹੈ। ਮਿੱਤਲ ਦਾ ਅਸਲ ਨਾਂ ਤਾਂ ਸੁਭਾਸ਼ ਮਿੱਤਲ ਹੈ ਪਰ ਗੀਤਕਾਰੀ ਖੇਤਰ 'ਚ ਉਸ ਨੂੰ ਮਿੱਤਲ ਮੰਡੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਸ ਦਾ ਜਨਮ ਪਿੰਡ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਸਵਰਗੀ ਰੁਲਦੂ ਰਾਮ ਤੇ ਮਾਤਾ ਪਾਰਵਤੀ ਦੇ ਘਰ ਹੋਇਆ।

ਗੀਤ ਲਿਖਣ ਦਾ ਸ਼ੌਕ ਮਿੱਤਲ ਨੂੰ ਨਿੱਕੀ ਉਮਰੇ ਹੀ ਪੈ ਗਿਆ ਸੀ। ਫਿਰ ਹੌਲੀ-ਹੌਲੀ ਤੁਕਾਂ ਜੋੜਦਾ-ਜੋੜਦਾ ਉਹ ਗੀਤਕਾਰ ਬਣ ਗਿਆ। ਮਿੱਤਲ ਨੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖਣ ਲਈ ਕਿਸੇ ਨੂੰ ਰਸਮੀ ਤੌਰ 'ਤੇ ਤਾਂ ਉਸਤਾਦ ਨਹੀਂ ਧਾਰਿਆ ਪਰ ਉਹ ਸੁਰੇਸ਼ ਬਾਂਸਲ ਬਾਪਲੇ ਵਾਲੇ ਦੀ ਕਲਮ ਤੋਂ ਕਾਫ਼ੀ ਪ੍ਰਭਾਵਿਤ ਰਿਹਾ ਹੈ। ਮਿੱਤਲ ਦਾ ਪਹਿਲਾਂ ਗੀਤ ਮਸ਼ਹੂਰ ਗਾਇਕ ਲਵਲੀ ਨਿਰਮਾਣ ਦੀ ਆਵਾਜ਼ 'ਚ 1988 ਵਿਚ ਰਿਕਾਰਡ ਹੋਇਆ। ਇਸ ਗੀਤ ਨੂੰ ਸੰਗੀਤ ਨਾਲ ਸੰਗੀਤਕਾਰ ਕੇਸਰ ਨਰੂਲਾ ਨੇ ਸ਼ਿੰਗਾਰਿਆ ਸੀ। ਗੀਤ ਦੇ ਬੋਲ ਸਨ 'ਕੱਚ ਦੇ ਗਿਲਾਸ ਵਾਂਗੂੰ ਯਾਰੀ ਤੋੜ ਗਈ।'

ਇਸ ਤੋਂ ਬਾਅਦ ਉਹ ਗੀਤ ਲਿਖਦਾ ਗਿਆ ਤੇ ਸਮੇਂ-ਸਮੇਂ ਵੱਖ-ਵੱਖ ਗਾਇਕ ਤੇ ਗਾਇਕਾਵਾਂ ਦੀ ਆਵਾਜ਼ 'ਚ ਸਰੋਤਿਆਂ ਦੀ ਪਸੰਦ ਬਣਦੇ ਗਏ। ਮਿੱਤਲ ਹੁਣ ਤਕ ਚਾਰ ਹਜ਼ਾਰ ਦੇ ਕਰੀਬ ਗੀਤ ਲਿਖ ਚੁੱਕਾ ਹੈ ਜਿਨ੍ਹਾਂ 'ਚੋਂ 100 ਤੋਂ ਵੱਧ ਰਿਕਾਰਡ ਹੋਏ ਹਨ।

ਉਸ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇਣ ਵਾਲੇ ਫ਼ਨਕਾਰਾਂ 'ਚ ਸੁਖਵਿੰਦਰ ਸੁੱਖੀ, ਮਰਹੂਮ ਮਨਪ੍ਰੀਤ ਅਖ਼ਤਰ, ਸੁਨੀਤਾ ਭੱਟੀ, ਸੁਦੇਸ਼ ਕੁਮਾਰੀ, ਮਨਜੀਤ ਰੂਪੋਵਾਲੀਆ, ਸੋਹਣ ਸਿਕੰਦਰ, ਇੰਦਰਜੀਤ ਨਿੱਕੂ, ਲਵਲੀ ਨਿਰਮਾਣ, ਪੰਮੀ ਪੰਧੇਰ, ਚਮਕੌਰ ਭੱਟੀ, ਫ਼ਿਰੋਜ਼ ਖ਼ਾਨ, ਜੈਦੀਪ, ਸੁਰਪ੍ਰੀਤ ਸੋਨੀ, ਲਵਜੀਤ ਖ਼ਾਨ ਆਦਿ ਦੇ ਨਾਂ ਪ੍ਰਮੁੱਖ ਹਨ। ਗਾਇਕ ਸੁਖਵਿੰਦਰ ਸੁੱਖੀ ਦੁਆਰਾ ਗਾਏ ਗੀਤ 'ਮਹਿਬੂਬਾ' ਤੋਂ ਮਿੱਤਲ ਨੇ ਬਤੌਰ ਪੇਸ਼ਕਾਰ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਮਿੱਤਲ ਦੀ ਖ਼ਾਸੀਅਤ ਹੈ ਕਿ ਉਹ ਚੰਗਾ ਲਿਖਣ ਦੇ ਨਾਲ-ਨਾਲ ਗਾਉਣ 'ਚ ਵੀ ਚੰਗੀ ਮੁਹਾਰਤ ਰੱਖਦਾ ਹੈ। ਸੁਰਤਾਲ ਦੀ ਉਹ ਚੰਗੀ ਸਮਝ ਰੱਖਦਾ ਹੈ। ਅਜੌਕੇ ਪਦਾਰਥਵਾਦੀ ਯੁੱਗ ਬਾਰੇ ਉਸ ਦੀ ਕਲਮ ਕੌੜਾ ਕਟਾਖ਼ਸ਼ ਕਰਦੀ ਹੈ।

ਮੰਡੀਆ ਵਾਲਿਆ ਮਿੱਤਲਾ ਇੱਥੇ ਲਾ ਕੇ ਕੌਣ ਨਿਭਾਉਂਦਾ,

ਯਾਰੀ ਲਾਉਣ ਤੋਂ ਪਹਿਲਾਂ ਨਜ਼ਰਾਂ ਜੇਬ ਦੇ ਵੱਲ ਟਿਕਾਉਂਦਾ।

ਆਉਣ ਵਾਲੇ ਸਮੇਂ 'ਚ ਇਸ ਗੀਤਾਕਾਰ ਦੀ ਕਲਮ ਤੋਂ ਨਿਕਲੇ ਕਈ ਗੀਤ ਸਰੋਤਿਆਂ ਨੂੰ ਵੱਖ-ਵੱਖ ਗਾਇਕਾਂ ਦੀ ਆਵਾਜ਼ 'ਚ ਸੁਣਨ ਨੂੰ ਮਿਲਣਗੇ। ਗਾਇਕ ਤੋਂ ਅਦਾਕਾਰ ਬਣੇ ਸੁਖਵਿੰਦਰ ਸੁੱਖੀ ਦੀ ਜਲਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ 'ਪੀਬੀ 931' 'ਚ ਵੀ ਮਿੱਤਲ ਮੰਡੀ ਦੇ ਲਿਖੇ 2 ਗੀਤ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਗੀਤਾਂ ਨੂੰ ਜਗਜੀਤ, ਮਾਸਟਰ ਸਲੀਮ ਤੇ ਮਨਮੋਹਨ ਵਾਰਿਸ ਵਰਗੇ ਨਾਮੀਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।

ਜਸਕਰਨ ਕਲੇਰ

85913-50550

Posted By: Harjinder Sodhi