ਪੰਜਾਬੀ ਦੇ ਜ਼ਿਆਦਾਤਰ ਗੀਤਕਾਰਾਂ ’ਤੇ ਇਸ ਗੱਲ ਦਾ ਠੱਪਾ ਲੱਗਿਆ ਹੋਇਆ ਹੈ ਕਿ ਉਹ ਲੱਚਰਤਾ, ਹਿੰਸਾ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਦੇ ਗੀਤ ਲਿਖਦੇ ਹਨ ਪਰ ਕੁਝ ਕਲਮਕਾਰ ਇਨ੍ਹਾਂ ਵਿਸ਼ਿਆਂ ਤੋਂ ਹਟ ਕੇ ਸੱਚੀਆਂ-ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਗੀਤ ਲਿਖਦੇ ਹਨ। ਹਾਲਾਂਕਿ ਅਜਿਹੇ ਗੀਤਕਾਰਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੈ। ਇਨ੍ਹਾਂ ’ਚੋਂ ਹੀ ਇਕ ਪ੍ਰਮੁੱਖ ਨਾਂ ਹੈ ਸ਼ਫ਼ੀ ਜਲਬੇੜਾ ਦਾ।

ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜਲਬੇੜਾ ਨੂੰ ਆਪਣੇ ਗੀਤਾਂ ਰਾਹੀਂ ਜਗਤ ਪ੍ਰਸਿੱਧ ਕਰਨ ਵਾਲੇ ਇਸ ਗੀਤਕਾਰ ਦਾ ਜਨਮ 31 ਮਾਰਚ ਨੂੰ ਹੋਇਆ। ਉਸ ਦਾ ਲਿਖਿਆ ਪਹਿਲਾ ਗੀਤ ‘ਜਿਹੜਾ ਰੰਗ ਰਾਂਝਣੇ ਦੀ ਪੱਗ ਦਾ’ ਪੰਜਾਬ ਦੇ ਉੱਘੇ ਗਾਇਕ ਸਤਵਿੰਦਰ ਬੁੱਗਾ ਦੀ ਆਵਾਜ਼ ’ਚ ਰਿਕਾਰਡ ਹੋਇਆ। ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬਾਅਦ ’ਚ ਵੀ ਬੁੱਗੇ ਨੇ ਉਸ ਦੇ ਲਿਖੇ ਕਈ ਗਾਣੇ ਗਾਏ। ਉਸ ਦੇ ਲਿਖੇ ਗੀਤਾਂ ਨੂੰ ਸਤਵਿੰਦਰ ਬੁੱਗਾ, ਦੁਰਗਾ ਰੰਗੀਲਾ, ਰਣਜੀਤ ਰਾਣਾ, ਫ਼ਿਰੋਜ਼ ਖ਼ਾਨ, ਮੁਹੰਮਦ ਇਰਸ਼ਾਦ, ਸਰਬਜੀਤ ਲਵਲੀ ਆਦਿ ਤੋਂ ਇਲਾਵਾ ਹੋਰ ਕਈ ਨਾਮੀ ਕਲਾਕਾਰ ਆਵਾਜ਼ ਦੇ ਚੁੱਕੇ ਹਨ।

ਉਸ ਦੇ ਲਿਖੇ ਧਾਰਮਿਕ ਗੀਤਾਂ ’ਚ ‘ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਰਦਾ’, ‘ਸਾਈਂ ਬੁੱਢਣ ਸ਼ਾਹ ਜੀ ਦਾ ਡੇਰਾ ਨਹਿਰੋਂ ਪਾਰ’, ‘ਮੇਰਾ ਪੀਰ ਗਿਆਰਵੀਂ ਵਾਲਾ ਜੀ ਲਾਉਂਦਾ ਪਾਰ ਜੋ ਡੁੁੱਬਦੇ ਬੇੜਿਆਂ ਨੂੰ’, ‘ਰੋਜ਼ਾ ਦੇਖ ਕੇ ਨਿਗਾਹੇ ਵਾਲੇ ਪੀਰ ਦਾ ਮੱਕੇ ਦਾ ਮੇਰਾ ਹੱਜ ਹੋ ਗਿਆ’, ‘ਮੇਰਾ ਸੌ ਸੌ ਸਲਾਮ’, ‘ਸਾਈਆਂ’, ‘ਰਵਿਦਾਸ ਗੁਰੂ ਪਿਆਰੇ’, ‘ਹਵਾ ਪੀਰਾਂ ਦੇ ਰੋਜ਼ੇ ’ਚੋਂ ਆਈ ਲੰਘ ਕੇ’ ਆਦਿ ਸ਼ੁਮਾਰ ਹਨ।

ਉਸ ਦੇ ਲਿਖੇ ਉਦਾਸ ਲਹਿਜ਼ੇ ਵਾਲੇ ਗੀਤ ਵੀ ਬੇਹੱਦ ਮਕਬੂਲ ਹੋਏ, ਜਿਨ੍ਹਾਂ ’ਚੋਂ ਦੁਰਗਾ ਰੰਗੀਲਾ ਦੀ ਆਵਾਜ਼ ’ਚ ‘ਅਸੀਂ ਲੱਭਣਾ ਨਹੀਂ ਤੈਨੂੰ, ਆਉਂਦੀ-ਜਾਂਦੀ ਸਾਨੂੰ ਰਾਹਾਂ ਵਿੱਚੋਂ ਭਾਲਿਆ ਕਰੇਂਗੀ’ ਤੋਂ ਇਲਾਵਾ ਹੋਰ ਵੀ ਕਈ ਗਾਣੇ ਸ਼ਾਮਲ ਹਨ।

ਉਸ ਦੇ ਲਿਖੇ ਗੀਤ ਸੱਚੇ-ਸੁੱਚੇ ਰਿਸ਼ਤਿਆਂ ਦੀ ਬਾਤ ਪਾਉਂਦੇ ਹਨ। ‘ਆ ਜਾ ਬਾਪੂ ਮੁੜ ਆ, ਚੱਲ ਚੱਲੀਏ ਮੇਲੇ ’ਤੇ’ ਪਿਤਾ ਦੇ ਰਿਸ਼ਤੇ ਬਾਰੇ ਅਜਿਹਾ ਗੀਤ ਹੈ, ਜਿਸ ਦੇ ਬੋਲ ਸੁਣ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ‘ਆਪਣਾ ਪੰਜਾਬ’ ਜਿਹੇ ਉਸ ਦੇ ਲਿਖੇ ਗੀਤ ਪੰਜਾਬੀਅਤ ਦੀ ਬਾਤ ਪਾਉਂਦੇ ਹਨ। ਸਰਬਜੀਤ ਲਵਲੀ ਦਾ ਗਾਇਆ ਗੀਤ ‘ਸੱਚ ਨਾ ਬੋਲੀਂ’ ਪੰਜਾਬ ਦੇ ਸਮਕਾਲੀ ਹਾਲਾਤ ਨੂੰ ਬੜੀ ਬੇਬਾਕੀ ਨਾਲ ਬਿਆਨਦਾ ਹੈ। ਉਸ ਦੇ ਜਨਮ ਦਿਨ ਮੌਕੇ ਇਹੋ ਦੁਆ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦਾ ਰਹੇ।

ਕਵਾਲੀ ਨੇ ਸਿਰਜਿਆ ਇਤਿਹਾਸ

ਦੁਰਗਾ ਰੰਗੀਲਾ ਦੀ ਆਵਾਜ਼ ’ਚ ਰਿਕਾਰਡ ਹੋਈ ਸਾਈਂ ਬੁੱਢਣ ਸ਼ਾਹ ਜੀ ਬਾਰੇ ਸ਼ਫ਼ੀ ਜਲਬੇੜਾ ਦੀ ਲਿਖੀ ਕਵਾਲੀ ‘ਇਕ ਵਾਰ ਸਾਈਂ ਦਾ ਬਣ ਤੇ ਸਹੀ’ ਨੇ ਇਤਿਹਾਸ ਰਚ ਦਿੱਤਾ। ਯੂਟਿਊਬ ’ਤੇ ਇਸ ਕਵਾਲੀ ਨੂੰ ਹੁਣ ਤੱਕ ਕਈ ਕਰੋੜ ਲੋਕ ਸੁਣ ਚੁੱਕੇ ਹਨ। ਇਸ ਤੋਂ ਬਾਅਦ ਦੁਰਗਾ ਰੰਗੀਲਾ ਨੇ ਉਸ ਦੀਆਂ ਲਿਖੀਆਂ ਹੋਰ ਵੀ ਕਈ ਕਵਾਲੀਆਂ ਗਾਈਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਮਣਾਂਮੂੰਹੀ ਪਿਆਰ ਦਿੱਤਾ।

- ਗੁਰਪ੍ਰੀਤ ਖੋਖਰ

Posted By: Harjinder Sodhi