ਆਪਣੀ ਬੁਲੰਦ ਆਵਾਜ਼ ’ਚ ‘ਯਾਰ ਬੋਲਦਾ’, ‘ਦੁਪੱਟਾ ਤੇਰਾ ਸੱਤ ਰੰਗ ਦਾ’, ‘ਜੱਟ ਦੀ ਪਸੰਦ’, ‘ਲੱਕ ਟੁਨੂੰ ਟੁਨੂੰ’, ‘ਮੁੱਖੜਾ ਦੇਖ ਕੇ’, ‘ਕੱਚੇ ਤੰਦਾਂ ਦੀਆਂ’, ‘ਸਾਨੂੰ ਟੇਢਾ-ਟੇਢਾ ਤੱਕਦੀ ਤੂੰ’, ‘ਝਾਂਜਰ ਪਤਲੋ ਦੀ’, ‘ਪੇਕੇ ਹੁੰਦੇ ਮਾਵਾਂ ਨਾਲ’ ਜਿਹੇ ਸਦਾਬਹਾਰ ਤੇ ਸੁਪਰਹਿੱਟ ਗੀਤ ਗਾਉਣ ਵਾਲੇ ਸੁਰਜੀਤ ਬਿੰਦਰਖੀਏ ਦਾ ਜਨਮ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦਰੱਖ ਵਿਖੇ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਭਲਵਾਨ ਦੇ ਘਰ ਹੋਇਆ ਸੀ। ਉਹ ਗਾਉਣ ਤੋਂ ਪਹਿਲਾਂ ਭਲਵਾਨੀ ਕਰਦਾ ਸੀ। ਉਹ ਆਪਣੇ ਆਪ ’ਚ ਇੱਕ ਸੰਸਥਾ ਸੀ। ਬਿੰਦਰਖੀਆ, ਸ਼ਮਸ਼ੇਰ ਸੰਧੂ ਤੇ ਅਤੁਲ ਸ਼ਰਮਾ ਦੀ ਤਿੱਕੜੀ ਦਾ ਕੋਈ ਤੋੜ ਨਹੀਂ ਸੀ। ਆਪਣੇ ਸਮੇਂ ਉਹ ਸਿਖਰ ’ਤੇ ਸੀ ਤੇ ਉਸ ਦੀ ਹਰ ਕੈਸਿਟ ਹਿੱਟ ਹੁੰਦੀ ਸੀ, ਜੋ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦਾ ਹੈ। ਉਸ ਸਮੇਂ ਟਰੈਕਟਰਾਂ ’ਤੇ ਦੂਰ ਆਪਣੇ ਖੇਤਾਂ ’ਚ ਹਲ ਵਾਹੁੰਦੇ ਕਿਸਾਨਾਂ, ਘਰਾਂ ’ਚ ਆਪਣੇ ਕੰਮ ਧੰਦੇ ਕਰਦੀਆਂ ਸੁਆਣੀਆਂ, ਕਾਲਜ ਜਾਣ ਲਈ ਪੱਗਾਂ ਬੰਨ੍ਹਦੇ ਚੋਬਰਾਂ ਤੋਂ ਲੈ ਕੇ ਵੱਡੇ-ਵੱਡੇ ਸ਼ਹਿਰਾਂ ’ਚ ਹੁੰਦੀਆਂ ਪਾਰਟੀਆਂ ’ਚ ਸੁਰਜੀਤ ਬਿੰਦਰਖੀਏ ਦੇ ਗੀਤ ਵੱਜਦੇ ਸਨ।

ਆਪਣੀ ਦਮਦਾਰ ਆਵਾਜ ਕਰਕੇ ਅਖਾੜਿਆਂ ਦੀ ਜ਼ਿੰਦ ਜਾਨ ਮੰਨੇ ਜਾਂਦੇ ਸੁਰਜੀਤ ਬਿੰਦਰਖੀਆ ਦੀ ਲੰਬੀ ਹੇਕ ਦਾ ਰਿਕਾਰਡ ਹੁਣ ਤਕ ਕਾਇਮ ਹੈ ਤੇ ਰਿਕਾਰਡ ਹੁਣ ਤਾਂ ਟੱੁਟਣਾ ਹੀ ਕੀ ਹੈ ਕਿਉਂਕਿ ਅੱਜਕੱਲ੍ਹ ਦੇ ਕੱਚਘਰੜ ਗਾਇਕਾਂ ਦੀ ਤਾਂ ਦੋ ਗੀਤ ਗਾਉਂਦਿਆਂ ਹੀ ਬੱਸ ਹੋ ਜਾਂਦੀ ਹੈ, ਉਹ ਹੇਕ ਕਿੱਥੇ ਲਾ ਲੈਣਗੇ? ਉਹ ਗਾਇਕੀ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ ਤੇ ਸੰਗੀਤ ਉਸ ਲਈ ਇਬਾਦਤ ਸੀ। ਆਪਣੀ ਚੜ੍ਹਾਈ ਦੇ ਦਿਨਾਂ ’ਚ ਉਸ ਕੋਲ ਅਖਾੜਿਆਂ ਲਈ ਵਿਹਲ ਨਹੀਂ ਸੀ ਹੁੰਦੀ। ਮਹੀਨੇ ਦੇ 30-30, 35-35 ਪ੍ਰੋਗਰਾਮ ਵੀ ਉਸ ਦੇ ਹਿੱਸੇ ਆਏ। ਆਪਣੇ ਤੋਂ ਵੱਡੇ ਕਲਾਕਾਰਾਂ ਦੀ ਇੱਜ਼ਤ ਤੇ ਛੋਟਿਆਂ ਨਾਲ ਪਿਆਰ ਕਰਨ ਕਾਰਨ ਕਰੀਬ ਸਾਰੇ ਕਲਾਕਾਰਾਂ ਨਾਲ ਉਸ ਦੀ ਬਹੁਤ ਨੇੜਤਾ ਸੀ। ਗਾਇਕੀ ਦੇ ਸਫ਼ਰ ’ਚ ਟੀਸੀ ’ਤੇ ਹੋਣ ਦੇ ਬਾਵਜੂਦ ਆਪਣੇ ਆਪ ’ਤੇ ਕਦੇ ਹੰਕਾਰ ਹਾਵੀ ਨਹੀਂ ਸੀ ਹੋਣ ਦਿੱਤਾ।

ਸ਼ਾਇਦ ਸ਼ਿਵ ਕੁਮਾਰ ਬਟਾਲਵੀ ਵਾਂਗ ਬਿੰਦਰਖੀਏ ਨੂੰ ਵੀ ਆਪਣੀ ਮੌਤ ਦਾ ਇਲਮ ਪਹਿਲਾਂ ਹੀ ਹੋ ਗਿਆ ਹੋਵੇ ਤਾਂ ਹੀ ਉਸ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ‘ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ’ ਗਾਇਆ, ਜੋ ਉਸ ਦਾ ਆਖ਼ਰੀ ਗੀਤ ਹੋ ਨਿੱਬੜਿਆ। ਭਰ ਜਵਾਨੀ ਦੀ ਉਮਰੇ ਹਾਲੇ ਗਾਇਕੀ ਦੀਆਂ ਸਿਖ਼ਰਾਂ ਮਾਣ ਰਿਹਾ ਸੀ। 18 ਨਵੰਬਰ 2003 ਨੂੰ ਆਪਣੇ ਪਿੱਛੇ ਆਪਣੀ ਪਤਨੀ ਪ੍ਰੀਤ ਕਮਲ, ਪੁੱਤ ਗੀਤਾਜ਼ ਬਿੰਦਰਖੀਆ (ਬੈਂਸ) ਤੇ ਧੀ ਮੀਨਾਜ ਬੈਂਸ ਸਮੇਤ ਲੱਖਾਂ ਚਾਹੁਣ ਵਾਲਿਆਂ ਨੂੰ ਰੋਂਦਿਆਂ ਛੱਡ ਕੇ ਉੱਚੀਆਂ ਹੇਕਾਂ ਲਾਉਣ ਵਾਲਾ ਚੋਟੀ ਦਾ ਗਾਇਕ ਸੁਰਜੀਤ ਬਿੰਦਰਖੀਆ ਇੱਕਦਮ ਖ਼ਾਮੋਸ਼ ਹੋ ਗਿਆ। ਉਹ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਾ ਹੋਣ ਦੇ ਬਾਵਜੂਦ ਆਪਣੇ ਨਾਂ ਵਾਂਗ ਹੀ ਸਦਾ ਲਈ ‘ਸੁਰਜੀਤ’ ਹੈ। ਏਨਾ ਮਾਣ-ਸਨਮਾਣ, ਪਿਆਰ, ਟੀਸੀ, ਚੜ੍ਹਾਈ, ਨਾਂ ਤੇ ਨਾਮਾ ਵਿਰਲੇ ਕਲਾਕਾਰਾਂ ਨੂੰ ਹੀ ਨਸੀਬ ਹੁੰਦਾ ਹੈ। ਉਸ ਦੇ ਗੀਤ ਅੱਜ ਵੀ ਹਵਾ ਦੇ ਬੱੁਲ੍ਹਿਆਂ ਵਾਂਗ ਠੰਡਕ ਦਿੰਦੇ ਹਨ।

- ਅਮਰਬੀਰ ਸਿੰਘ ਚੀਮਾ

Posted By: Harjinder Sodhi