ਅੱਜਕੱਲ੍ਹ ਸਰੋਤਿਆਂ ਦੇ ਸੁਭਾਅ ਵਿਚ ਬੇਹੱਦ ਤਬਦੀਲੀ ਆ ਗਈ ਹੈ। ਅਸਲ 'ਚ ਜਿਸ ਗਾਇਕ ਨੂੰ ਉਨ੍ਹਾਂ ਨੇ ਇਕ ਸਾਲ ਪਹਿਲਾਂ ਹੱਥਾਂ 'ਤੇ ਚੁੱਕਿਆ ਹੁੰਦਾ ਹੈ, ਅਗਲੇ ਸਾਲ ਉਸ ਨੂੰ ਇੰਜ ਮਹਿਸੂਸ ਕਰਾ ਦਿੰਦੇ ਹਨ ਜਿਵੇਂ 'ਤੂੰ ਕੌਣ ਮੈਂ ਕੌਣ'। ਇਸ ਦੇ ਉਲਟ ਕੁਝ ਗਾਇਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਲੋਕਾਂ ਨੇ ਸਦਾਬਹਾਰ ਗਾਇਕ ਦਾ ਮਾਣ ਬਖ਼ਸ਼ਿਆ ਹੁੰਦਾ ਹੈ। ਅਜਿਹੇ ਗਾਇਕਾਂ 'ਚ ਇਕ ਨਾਂ ਆਉਂਦਾ ਹੈ ਬੁਲੰਦ ਆਵਾਜ਼ ਦੇ ਮਾਲਕ ਸੁਰਿੰਦਰ ਛਿੰਦਾ ਦਾ। ਜਦੋਂ ਵੀ ਕਿਤੇ ਚੋਟੀ ਦੇ ਪੰਜਾਬੀ ਫ਼ਨਕਾਰਾਂ ਦਾ ਜ਼ਿਕਰ ਛਿੜਦਾ ਹੈ ਤਾਂ ਛਿੰਦੇ ਦਾ ਨਾਂ ਆਪ ਮੁਹਾਰੇ ਅੱਗੇ ਆ ਜਾਂਦਾ ਹੈ। ਮਾਤਾ ਵਿੱਦਿਆਵਤੀ ਤੇ ਪਿਤਾ ਬੱਚਨ ਰਾਮ ਦੇ ਘਰ ਵਿਖੇ ਜਨਮੇ ਸੁਰਿੰਦਰ ਛਿੰਦੇ ਨੂੰ ਗਾਇਕੀ ਵਿਰਸੇ 'ਚੋਂ ਮਿਲੀ ਹੀ ਆਖ ਸਕਦੇ ਹਾਂ ਕਿਉਂਕਿ ਉਸ ਦੇ ਪਿਤਾ ਵੀ ਪੰਡਿਤ ਗੋਵਰਧਨ ਦਾਸ (ਅੱਪਰੇ ਵਾਲੇ) ਤੋਂ ਸੰਗੀਤ ਸਿੱਖਦੇ ਸਨ। ਇਸ ਲਈ ਉਹ ਘਰ ਵੀ ਰਿਆਜ਼ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਵੇਖ-ਵੇਖ ਸੁਰਿੰਦਰ ਨੂੰ ਵੀ ਗਾਉਣ ਦੀ ਚੇਟਕ ਲੱਗ ਗਈ।

ਗਾਇਕੀ ਸਫ਼ਰ ਦਾ ਆਗ਼ਾਜ਼

ਇਕ ਦਿਨ ਜਦੋਂ ਸੁਰਿੰਦਰ ਆਪਣੇ ਪਿਤਾ ਨਾਲ ਉਸਤਾਦ ਜਸਵੰਤ ਭੰਵਰਾ ਦੇ ਘਰ ਲੱਕੜ ਦਾ ਕੰਮ ਕਰ ਰਿਹਾ ਸੀ ਤਾਂ ਭੰਵਰਾ ਨੇ ਸੁਰਿੰਦਰ ਨੂੰ ਗੁਣ-ਗੁਣਾਉਂਦਿਆਂ ਸੁਣਿਆ। ਉਸ ਦੀ ਆਵਾਜ਼ ਸੁਣ ਉਨ੍ਹਾਂ ਛਿੰਦੇ ਦੇ ਪਿਤਾ ਨੂੰ ਕਿਹਾ ਕਿ 'ਇਹ ਮੁੰਡਾ ਮੈਨੂੰ ਦੇ ਦਿਓ, ਇਕ ਦਿਨ ਇਹ ਗਾਇਕੀ ਦੇ ਖੇਤਰ 'ਚ ਖ਼ੂਬ ਨਾਂ ਚਮਕਾਏਗਾ।' ਫਿਰ ਛਿੰਦਾ ਜਸਵੰਤ ਭੰਵਰਾ ਤੋਂ ਸੰਗੀਤਕ ਤਾਲੀਮ ਲੈਣ ਲੱਗਾ। ਜ਼ਿਕਰਯੋਗ ਹੈ ਕਿ ਸੁਰਿੰਦਰ ਛਿੰਦਾ ਰਾਤੋਂ-ਰਾਤ ਸਟਾਰ ਨਹੀਂ ਬਣਿਆ ਉਸ ਨੂੰ ਇਸ ਪ੍ਰਸਿੱਧੀ ਲਈ ਲੰਬਾ ਸੰਘਰਸ਼ ਕਰਨਾ ਪਿਆ ਹੈ।

ਪ੍ਰਸਿੱਧ ਮਿਊਜ਼ਿਕ ਕੰਪਨੀ ਐੱਚਐੱਮਵੀ ਨੇ ਉਸ ਦਾ ਪਹਿਲਾ ਤਵਾ 'ਘੱਗਰਾ ਸੂਫ਼ ਦਾ' ਮਾਰਕੀਟ 'ਚ ਰਿਲੀਜ਼ ਕੀਤਾ ਸੀ। ਇਸ ਤੋਂ ਬਾਅਦ ਛਿੰਦੇ ਦੀ ਗਾਇਕੀ ਦੇ ਚਰਚੇ ਦਿਨੋਂ-ਦਿਨ ਵਧਦੇ ਹੀ ਚੱਲੇ ਗਏ। ਸੰਗੀਤਕਾਰ ਚਰਨਜੀਤ ਅਹੂਜਾ ਦੇ ਸੰਗੀਤ 'ਚ ਜਦੋਂ ਛਿੰਦਾ ਦਾ ਰਿਕਾਰਡ 'ਨੈਣਾਂ ਦੇ ਵਣਜਾਰੇ' ਐੱਚਐੱਮਵੀ ਲਈ ਵਿਚ ਆਇਆ ਤਾਂ ਉਸ ਦੀ ਪ੍ਰਸਿੱਧੀ ਹੋਰ ਵੀ ਵੱਧ ਗਈ। ਉਸ ਸਮੇਂ ਸੋਲੋ ਗਾਇਕੀ 'ਚ ਕੁਲਦੀਪ ਮਾਣਕ, ਦੋਗਾਣਾ ਗਾਇਕੀ 'ਚ ਮੁਹੰਮਦ ਸਦੀਕ, ਹਰਚਰਨ ਗਰੇਵਾਲ, ਕੇ ਦੀਪ, ਦੀਦਾਰ ਸੰਧੂ ਆਦਿ ਫ਼ਨਕਾਰਾਂ ਦੀ ਚੜ੍ਹਤ ਕਾਇਮ ਸੀ। ਇਸ ਦੇ ਬਾਵਜੂਦ ਸੁਰਿੰਦਰ ਛਿੰਦਾ ਨੇ ਇਨ੍ਹਾਂ ਵੱਡੇ ਫਨਕਾਰਾਂ ਵਿਚਕਾਰ ਆਪਣੀ ਗਾਇਕੀ ਦੇ ਦਮ 'ਤੇ ਖ਼ੁਦ ਨੂੰ ਬੇਹੱਦ ਜਲਦ ਸਥਾਪਤ ਕੀਤਾ।

ਇਕ ਸਮਾਂ ਅਜਿਹਾ ਵੀ ਆਇਆ ਜਦੋਂ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਤਾਂ ਹੱਥੋਂ-ਹੱਥ ਵਿੱਕ ਜਾਂਦਾ ਸੀ। ਉਸ ਦੀ ਗਾਇਕੀ 'ਚ ਇਕ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਹ ਲੋਕ-ਗਾਥਾਵਾਂ ਹੋਣ ਜਾਂ ਦੋਗਾਣੇ ਉਨ੍ਹਾਂ 'ਚ ਉਸ ਨੇ ਆਪਣੇ ਵੱਖਰੇ ਅੰਦਾਜ਼ ਨੂੰ ਜ਼ਰੂਰ ਕਾਇਮ ਰੱਖਿਆ। ਛਿੰਦੇ ਦੇ ਕਈ ਗੀਤ ਤਾਂ ਇੰਨੇ ਮਕਬੂਲ ਹੋਏ ਕਿ ਉਹ ਬੱਚੇ-ਬੱਚੇ ਦੀ ਜ਼ਬਾਨ 'ਤੇ ਜਾ ਚੜ੍ਹੇ ਸਨ। ਇਨ੍ਹਾਂ 'ਚੋਂ 'ਦੋ ਊਠਾਂ ਵਾਲੇ ਨੀਂ', 'ਜੰਝ ਚੜ੍ਹੀ ਅਮਲੀ ਦੀ', 'ਬੱਦਲਾਂ ਨੂੰ ਪੁੱਛ ਗੋਰੀਏ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ', 'ਜਿਉਣਾ ਮੌੜ', 'ਉੱਚਾ ਬੁਰਜ ਲਾਹੌਰ ਦਾ', 'ਜੱਟ ਮਿਰਜ਼ਾ ਖਰਲਾਂ ਦਾ', 'ਸੁੱਚਾ ਸੂਰਮਾ', 'ਤਾਰਾ ਰੋਂਦੀ ਤੇ ਕੁਰਲਾਉਂਦੀ', 'ਮਾਲਵੇ ਦੇ ਜੱਟ', 'ਦਿੱਲੀ ਸ਼ਹਿਰ ਦੀਆਂ ਕੁੜੀਆਂ' ਅਤੇ 'ਯੈਂਕੀ ਲਵ ਯੂ ਲਵ ਯੂ ਕਰਦੇ' ਆਦਿ ਗੀਤ ਜ਼ਿਕਰਯੋਗ ਹਨ।

ਫਿਲਮਾਂ ਕਰਨੀਆਂ

ਸੁਰਿੰਦਰ ਛਿੰਦਾ ਨੇ ਅਨੇਕਾਂ ਪੰਜਾਬੀ ਫਿਲਮਾਂ 'ਚ ਗਾਉਣ ਤੋਂ ਇਲਾਵਾ ਅਦਾਕਾਰੀ ਦਾ ਵੀ ਲੋਹਾ ਮਨਵਾਇਆ। ਛਿੰਦੇ ਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਂਦੇ ਹਨ। ਇਨ੍ਹਾਂ 'ਚੋਂ 'ਬਦਲਾ ਜੱਟੀ ਦਾ', 'ਜਿਊਣਾ ਮੌੜ', 'ਕੀ ਬਣੂ ਦੁਨੀਆ ਦਾ', 'ਪਟੋਲਾ', 'ਦਿਲ ਦਾ ਮਾਮਲਾ', 'ਬਗ਼ਾਵਤ', 'ਅਣਖੀ ਸੂਰਮੇ', 'ਅਣਖ ਜੱਟਾਂ ਦੀ', 'ਗੱਭਰੂ ਪੰਜਾਬ ਦੇ', 'ਟਰੱਕ ਡਰਾਈਵਰ', 'ਇਕ ਜਿੰਦ ਇਕ ਜਾਨ', 'ਰਹਿਮਤਾਂ', 'ਪੰਜਾਬ ਬੋਲਦਾ' ਆਦਿ ਫਿਲਮਾਂ ਜ਼ਿਕਰਯੋਗ ਹਨ। ਫਿਲਮ 'ਜਿਊਣਾ ਮੌੜ' 'ਚ ਤਾਂ ਉਸ ਨੇ ਥਾਣੇਦਾਰ ਦਾ ਯਾਦਗਾਰੀ ਕਿਰਦਾਰ ਨਿਭਾਇਆ ਹੈ।

ਇਹ ਵੀ ਦਿਲਚਸਪ ਗੱਲ ਹੈ ਕਿ ਕੁਝ ਪੰਜਾਬੀ ਫਿਲਮਾਂ 'ਚ ਉਸ ਦੇ ਕਿਰਦਾਰ ਦਾ ਨਾਂ ਵੀ ਛਿੰਦਾ ਹੀ ਰੱਖਿਆ ਗਿਆ। ਦੱਸਣਯੋਗ ਹੈ ਕਿ ਸੁਰਿੰਦਰ ਛਿੰਦਾ ਨੇ ਇਕ ਹਿੰਦੀ ਫਿਲਮ 'ਮੇਰਾ ਮੁਕੱਦਰ' 'ਚ ਹਿੰਦੀ ਗੀਤ ਗਾਉਣ ਦਾ ਮਾਣ ਵੀ ਹਾਸਲ ਕੀਤਾ ਹੈ। ਛਿੰਦੇ ਨੇ ਪੰਜਾਬੀ ਗਾਇਕੀ 'ਚ ਨਵੇਂ ਮਾਪਦੰਡ ਕਾਇਮ ਕੀਤੇ ਜਿਵੇਂ ਉਸ ਵੱਲੋਂ ਰਿਕਾਰਡ ਕੀਤੇ ਉਪੇਰੇ 'ਜਿਊਣਾ ਮੌੜ' ਨੇ ਤਾਂ ਕਈ ਰਿਕਾਰਡ ਕਾਇਮ ਕੀਤੇ ਹਨ। ਇਸ ਤੋਂ ਬਾਅਦ ਕਈ ਫ਼ਨਕਾਰਾਂ ਨੇ ਵੀ ਕੁਝ ਅਜਿਹਾ ਹੀ ਵੱਖਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਛਿੰਦੇ ਜਿੰਨੇ ਸਫਲ ਨਾ ਹੋ ਸਕੇ। ਕੁਝ ਸਮਾਂ ਪਹਿਲਾਂ ਹੀ ਛਿੰਦੇ ਦੀ ਆਵਾਜ਼ 'ਚ ਆਏ 'ਦੁੱਲਾ ਭੱਟੀ' ਦੇ ਕਿੱਸੇ ਨੇ ਵੀ ਚੰਗੀ ਸਫਲਤਾ ਹਾਸਲ ਕੀਤੀ।

ਕਈ ਗਾਇਕਾਵਾਂ ਨਾਲ ਗਾਏ ਗੀਤ

ਸੁਰਿੰਦਰ ਛਿੰਦੇ ਨੇ ਆਪਣੇ ਹੁਣ ਤਕ ਦੇ ਗਾਇਕੀ ਸਫ਼ਰ ਦੌਰਾਨ ਅਨੇਕਾਂ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਹਨ। ਭਾਵੇਂ ਸਮੇਂ-ਸਮੇਂ ਉਸ ਨਾਲ ਗਾਉਣ ਵਾਲੀ ਗਾਇਕਾ ਦਾ ਸਾਥ ਬਦਲਦਾ ਰਿਹਾ ਪਰ ਛਿੰਦੇ ਦੀ ਗਾਇਕੀ 'ਚ ਚੜ੍ਹਤ ਉਵੇਂ ਹੀ ਕਾਇਮ ਰਹੀ। ਉਸ ਨਾਲ ਗਾਉਣ ਵਾਲੀਆਂ ਗਾਇਕਾਵਾਂ 'ਚ ਅਨੁਰਾਧਾ ਪੌਡਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾ ਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਰੰਜਨਾ, ਪਰਮਿੰਦਰ ਸੰਧੂ, ਕੁਲਦੀਪ ਕੌਰ ਆਦਿ ਦੇ ਨਾਂ ਪ੍ਰਮੁੱਖ ਹਨ। ਛਿੰਦੇ ਨੇ ਹੁਣ ਤਕ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਆਪਣੀ ਗਾਇਕੀ ਦਾ ਖ਼ੂਬ ਲੋਹਾ ਮੰਨਵਾਇਆ ਹੈ।

ਮਾਣ ਸਨਮਾਨ

ਪੰਜਾਬੀ ਗਾਇਕੀ 'ਚ ਪਾਏ ਯੋਗਦਾਨ ਸਦਕਾ ਸੁਰਿੰਦਰ ਛਿੰਦਾ ਦੀ ਝੋਲੀ ਸਮੇਂ-ਸਮੇਂ ਕਈ ਮਾਣ-ਸਨਮਾਨ ਪੈ ਚੁੱਕੇ ਹਨ। ਇਨ੍ਹਾਂ 'ਚ 'ਪ੍ਰੋਫੈਸਰ ਮੋਹਨ ਸਿੰਘ ਮੇਲੇ 'ਤੇ ਸ਼ੌਕੀ ਐਵਾਰਡ', 'ਮੁਹਾਲੀ 'ਚ ਧਰਮਿੰਦਰ ਵੱਲੋਂ ਬੈਸਟ ਸਿੰਗਰ ਦਾ ਐਵਾਰਡ', 'ਟੋਰਾਂਟੋ 'ਚ ਵਿਸ਼ੇਸ਼ ਐਵਾਰਡ', 'ਮੁੰਬਈ 'ਚ ਵਿਸਾਖੀ ਮੇਲੇ 'ਤੇ ਬੈਸਟ ਸਿੰਗਰ ਦਾ ਐਵਾਰਡ', 'ਕੈਲੇਫੋਰਨੀਆ 'ਚ ਪੰਜਾਬੀ ਸਾਹਿਤ ਸਭਾ ਵੱਲੋਂ ਐਵਾਰਡ', ਕਲਕੱਤਾ 'ਚ 'ਬਸੰਤ ਮੇਲੇ 'ਤੇ ਵਿਸ਼ੇਸ਼ ਸਨਮਾਨ ਸਮੇਤ ਕਈ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਵੀ ਉਸ ਨੂੰ ਐਵਾਰਡ ਮਿਲ ਚੁੱਕੇ ਹਨ। ਉਸ ਦੇ ਸ਼ਾਗਿਰਦ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਣ ਸਿਕੰਦਰ, ਪ੍ਰਦੀਪ ਸੂਬਾ, ਜਸਵਿੰਦਰ ਅਰਸ਼, ਪਰਸਨ ਨਕੋਦਰ, ਜੱਗਾ ਸੂਰਤੀਆ ਨੇ ਵੀ ਪੰਜਾਬੀ ਗਾਇਕੀ 'ਚ ਚੰਗਾ ਨਾਮਣਾ ਖੱਟਿਆ ਹੈ। ਜਲਦ ਹੀ ਸੁਰਿੰਦਰ ਛਿੰਦਾ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਮੁੜ ਹਾਜ਼ਰ ਹੋਣ ਵਾਲਾ ਹੈ।

ਹਰਮੀਤ ਸਿਵੀਆਂ

80547-57806

Posted By: Harjinder Sodhi