ਜਿਹੜੇ ਸਮੇਂ ’ਚ ਉੱਜਡਤਾ ਪ੍ਰਧਾਨ ਗਾਇਕੀ ਸਿਖ਼ਰਾਂ ’ਤੇ ਹੋਵੇ, ਜਦੋਂ ਗਾਇਕੀ ਦੇ ਨਾਂ ’ਤੇ ਮੂਰਖਮੱਤੀਆਂ ਕਰਨ ਦਾ ਲਾਇਸੈਂਸ ਲੈਣ ਵਾਲਿਆਂ ਦੀ ਘਾਟ ਨਾ ਹੋਵੇ, ਉਸ ਦੌਰ ’ਚ ਚੰਗਾ ਗਾਉਣਾ ਵਿਰਲਿਆਂ ਹਿੱਸੇ ਹੀ ਆਇਆ। ਵੈਸੇ ਵੀ ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀ ਇਬਾਦਤ ਮੰਨਦੇ, ਉਹੀ ਸਫਲਤਾ ਦੀ ਪੌੜੀ ਚੜ੍ਹਦੇ ਹਨ। ਜ਼ਿੰਦਗੀ ਕੁਝ ਵੱਖਰਾ ਕਰਨ ਦਾ ਨਾਂ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ, ‘ਬੇਸ਼ੱਕ ਪਾਣੀ ਦੇ ਬੁਲਬੁਲੇ ਵਰਗਾ ਹਾਂ ਮੈਂ ਪਰ ਜਦੋਂ ਤਕ ਜ਼ਿੰਦਾ ਹਾਂ, ਸਾਗਰ ਦੀ ਹਿੱਕ ’ਤੇ ਨੱਚਣੋਂ ਨਹੀਂ ਹਟਾਂਗਾ।’ ਕੁਝ ਅਜਿਹੇ ਹੀ ਖ਼ਿਆਲਾ ਵਾਲਾ ਸਾਬਿਤ ਹੋਇਐ ਗੁਰਪ੍ਰੀਤ ਚੱਠਾ (Gurpreet Chattha)।
ਸਜ਼ਾ ਵੀ ਮਿਲਦੀ ਸੀ ਗੀਤ ਸੁਣਾਉਣ ਦੀ
ਸੰਗਰੂਰ ਜ਼ਿਲ੍ਹੇ ਦੇ ਪਿੰਡ ਧਰਮਗੜ੍ਹ ’ਚ ਪਿਤਾ ਥੰਮਣ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ ਜਨਮਿਆ ਗੁਰਪ੍ਰੀਤ ਅੱਜ-ਕੱਲ੍ਹ ਚੰਡੀਗੜ੍ਹ ’ਚ ਰਹਿ ਰਿਹਾ ਹੈ। ਗਾਉਣ ਦੇ ਸ਼ੌਕ ਸਬੰਧੀ ਉਸ ਨੇ ਦੱਸਿਆ ਕਿ ਮਾਪਿਆਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤ ਵਧੀਆ ਕਿ੍ਰਕਟਰ ਬਣੇ ਪਰ ਗਾਇਕੀ ਦਾ ਸ਼ੌਕ ਉਸ ਨੂੰ ਸੰਗੀਤਕ ਖੇਤਰ ’ਚ ਲੈ ਆਇਆ। ਇਕ ਵਾਰ ਉਸ ਨੇ ਟੀਵੀ ’ਤੇ ‘ਦੂਲ੍ਹੇ ਕਾ ਸਿਹਰਾ’ ਕੱਵਾਲੀ ਸੁਣੀ ਤਾਂ ਇਹ ਸੁਣਦਿਆਂ ਉਸ ਨੇ ਮਨ ਬਣਾ ਲਿਆ ਕਿ ਗਾਇਕ ਹੀ ਬਣਨੈ। ਸਕੂਲ ’ਚ ਵੀ ਜੇ ਕਿਤੇ ਨਾ ਪੜ੍ਹਨਾ ਤਾਂ ਅਧਿਆਪਕ ਵੀ ਉਸ ਨੂੰ ਸਜ਼ਾ ‘ਗੀਤ ਸੁਣਾਉਣ’ ਦੀ ਹੀ ਦਿੰਦੇ ਸਨ। ਉਨ੍ਹਾਂ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਹੀ ਅੱਜ ਉਹ ਇਸ ਮੁਕਾਮ ਤਕ ਪਹੁੰਚਿਆ ਹੈ।
ਸੰਗੀਤ ਦਾ ਪਾਰਖੂ ਕਲਾਕਾਰ
ਬਹੁਤ ਘੱਟ ਕਲਾਕਾਰ ਹੁੰਦੇ ਹਨ, ਜਿਹੜੇ ਆਪਣੇ ਪਹਿਲੇ ਗੀਤ ਨਾਲ ਨਾਮਵਰ ਕਲਾਕਾਰਾਂ ਦੀਆਂ ਮੂਹਰਲੀਆਂ ਸਫ਼ਾਂ ’ਚ ਆ ਖੜ੍ਹਦੇ ਹਨ। ‘ਛੱਡੀਂ ਨਾ ਛੱਡੀਂ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਏ’ ਗੀਤ ਤੋਂ ਸ਼ੁਰੂ ਹੋਇਆ ਉਸ ਦੀ ਗਾਇਕੀ ਦਾ ਸਫ਼ਰ ਨਿਰੰਤਰ ਜਾਰੀ ਹੈ। ਉਸ ਦੇ ਗਾਏ ਇਸ ਪਹਿਲੇ ਗੀਤ ਨੇ ਗੁਰਪ੍ਰੀਤ (Gurpreet Chattha) ਨੂੰ ਸੰਗੀਤ ਦੇ ਖੇਤਰ ’ਚ ਅੰਬਰੀਂ ਚਾੜ੍ਹ ਦਿੱਤਾ। ਇਹ ਗੀਤ ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹੈ। ਇਸ ਤੋਂ ਇਲਾਵਾ ‘ਮਿੱਟੀ ਪਿੰਡ ਦੀ’, ‘ਕਜਲਾ’, ‘ਸਾਈਆਂ’, ‘ਛੱਲਾ’, ‘ਜੂਨ ਫ਼ੱਕਰਾਂ ਦੀ’ ਗੀਤਾਂ ਨੇ ਸਫਲਤਾ ਪੱਖੋਂ ਨਵੇਂ ਆਯਾਮ ਤੈਅ ਕੀਤੇ ਹਨ। ਉਸ ਦੀ ਗਾਇਕੀ ਦੇ ਸਫ਼ਰ ਵੱਲ ਝਾਤ ਮਾਰਿਆਂ ਪਤਾ ਲੱਗਦਾ ਕਿ ਬਹੁਤ ਥੋੜ੍ਹੇ ਗਾਣਿਆਂ ਨਾਲ ਵੱਡੀ ਪ੍ਰਸਿੱਧੀ ਹਾਸਿਲ ਕਰ ਚੁੱਕੇ ਗੁਰਪ੍ਰੀਤ ਚੱਠਾ (Gurpreet Chattha) ਨੇ ਪੰਜਾਬੀ ਸੰਗੀਤ ਸਨਅਤ ’ਚ ਆਉਣ ਲਈ ਖ਼ੂਬ ਮਿਹਨਤ ਕੀਤੀ ਹੈ, ਤਦ ਜਾ ਕੇ ਉਹ ਸਰੋਤਿਆਂ ਦਾ ਚਹੇਤਾ ਬਣਿਆ। ਪਹਿਲੀ ਹੀ ਮਿਲਣੀ ’ਚ ਦਿਲ ਵਿਚ ਵੱਸ ਜਾਣ ਵਾਲਾ ਇਹ ਗੱਭਰੂ ਸਾਊ ਜਿਹੇ ਸੁਭਾਅ ਦਾ ਹੈ ਤੇ ਸੰਗੀਤ ਦਾ ਪਾਰਖੂ ਕਲਾਕਾਰ ਹੈ।
ਰੌਲਾ ਪਾਉਣ ਵਾਲੀ ਗਾਇਕੀ ਤੋਂ ਰਹਿੰਦਾ ਦੂਰ
ਉਹ ਰੌਲਾ ਪਾਉਣ ਵਾਲੀ ਗਾਇਕੀ ਤੋਂ ਕੋਹਾਂ ਦੂਰ ਹੈ। ਪੰਜਾਬੀ ਗਾਇਕੀ ’ਚ ਅਸ਼ਲੀਲਤਾ ਨੂੰ ਮਨੋਂ ਵਿਸਾਰਨ ਵਾਲੇ ਗਾਇਕ ਗੁਰਪ੍ਰੀਤ ਦਾ ਨਾਂ ਉਨ੍ਹਾਂ ਚੰਦ ਕੁ ਕਲਾਕਾਰਾਂ ’ਚ ਆਉਂਦਾ ਹੈ, ਜੋ ਸਮੇਂ ਦੇ ਵਹਾਅ ਨਾਲ ਵਹਿਣ ਦੀ ਬਜਾਏ ਆਪਣੇ ਲਈ ਅਜਿਹਾ ਪੈਂਡਾ ਚੁਣਦੇ ਹਨ, ਜਿਨ੍ਹਾਂ ’ਤੇ ਤੁਰਨਾ ਔਖਾ ਹੀ ਨਹੀਂ ਸਗੋਂ ਜੋਖਮ ਭਰਿਆ ਹੁੰਦਾ ਹੈ।
ਰੂਹਦਾਰੀ ਵਾਲਾ ਹੈ ਗੀਤ
ਹਾਲ ਹੀ ’ਚ ਉਹ ਗੁਰਪ੍ਰੀਤ ਚੱਠਾ (Gurpreet Chattha) ਦੇ ਬੈਨਰ ਹੇਠ ਰਿਲੀਜ਼ ਹੋਏ ਨਵੇਂ ਗੀਤ ‘ਅੱਲ੍ਹਾ ਰਾਜ਼ੀ’ (Allah Raazi) ਨਾਲ ਸਰੋਤਿਆਂ ਦੇ ਰੂਬਰੂ ਹੋਇਆ ਹੈ। ਇਸ ਗੀਤ ਨੂੰ ਉਸ ਨੇ ਖ਼ੁਦ ਹੀ ਕਲਮਬੱਧ ਕੀਤੈ ਤੇ ਸੰਗੀਤਕ ਧੁਨਾਂ ਵੀ ਆਪ ਹੀ ਤਿਆਰ ਕੀਤੀਆਂ ਹਨ। ਰੱਬ ਦੀ ਉਸਤਤ ’ਚ ਗਾਏ ਇਸ ਗੀਤ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਜਿਸ ਰਜ਼ਾ ’ਚ ਵੀ ਰੱਖੇ, ਅਸਾਂ ਉਸੇ ’ਚ ਖ਼ੁਸ਼ ਹਾਂ। ਸੋ ਗੀਤ ਦਾ ਘੱਟ-ਵੱਧ ਚੱਲਣਾ ਤਾਂ ਆਮ ਗੱਲ ਹੈ ਪਰ ਇਨਸਾਨ ਦਾ ਕਿਰਦਾਰ ਵੱਧ ਅਹਿਮੀਅਤ ਰੱਖਦਾ ਹੈ। ਉਸ ਵੱਲੋਂ ਗਾਇਆ ਹਰ ਗੀਤ ਉਸ ਦਾ ਕਿਰਦਾਰ ਹੈ। ਇਸ ਖੇਤਰ ’ਚ ਸਥਾਪਿਤ ਹੋਣ ਲਈ ਵਪਾਰਕ ਹੋਣਾ ਜ਼ਰੂਰੀ ਹੈ ਪਰ ਕਦਰਾਂ-ਕੀਮਤਾਂ ਨੂੰ ਹੇਠਾਂ ਸੁੱਟਣਾ ਮੈਨੂੰ ਚੰਗਾ ਨਹੀਂ ਲੱਗਦਾ। ਇਹ ਵੀ ਨਹੀਂ ਕਿ ਵਪਾਰਕ ਹੋਣ ਲਈ ਰੌਲੇ ਵਾਲੇ ਗੀਤ ਗਾਏ ਜਾਣ, ਸਿਰਫ਼ ਤੁਹਾਡੇ ਅਲਫਾਜ਼ਾਂ ’ਚ ਜ਼ੋਰ ਹੋਣਾ ਚਾਹੀਦੈ। ਜਲਦੀ ਹੀ ਉਸ ਦਾ ਲਹਿੰਦੇ ਪੰਜਾਬ ਦੇ ਗਾਇਕ ਇਮਰਾਨ ਖ਼ਾਨ ਨਾਲ ਇਕੱਠਿਆਂ ਗੀਤ ਆ ਰਿਹਾ। ਪੰਜਾਬੀ ਗਾਇਕੀ ’ਚ ਗੁਰਪ੍ਰੀਤ (Gurpreet Chattha) ਵਰਗੇ ‘ਸੁਰ ਦੇ ਧਨੀ’ ਹੋਣਾ ਕਲਾਕਾਰਾਂ ਲਈ ਸ਼ੁੱਭ ਸ਼ਗਨ ਹੈ। ਅਸੀਂ ਉਸ ਦੇ ਭਵਿੱਖ ਲਈ ਹਰ ਪਲ ਦੁਆ ਕਰਦੇ ਹਾਂ।
- ਨੀਤਿਨ
Posted By: Harjinder Sodhi